ਸਾਡੀਆਂ ਆਦਤਾਂ, ਸਾਡੇ ਸੁਭਾਅ: ਚਾਪਲੂਸੀ ਅਤੇ ਖੁਸ਼ਾਮਦ
-ਬਰਜਿੰਦਰ ਕੌਰ ਢਿੱਲੋਂ
ਇਕ ਦਿਨ ਜਦੋਂ ਮੇਰੀ ਦੋਹਤੀ ਮੈਨੂੰ ਮਿਲੀ ਤਾਂ ਉਹ ਮੈਨੂੰ ਬਹੁਤ ਪਿਆਰ ਜਿਤਾ ਰਹੀ ਸੀ। ਕਦੀ ਮੈਨੂੰ ਜੱਫੀ ਪਾਵੇ ਤੇ ਕਦੀ ਮੇਰਾ ਮੂੰਹ ਚੁੰਮੇ। ਇਹ ਸਭ ਕੁਝ ਮੈਨੂੰ ਚੰਗਾ ਲੱਗ ਰਿਹਾ ਸੀ। ਮੈ ਸਮਝ ਗਈ ਕਿ ਉਸਨੂੰ ਕੁਝ ਚਾਹੀਦਾ ਹੈ।
''ਡਿੰਪਲ, ਤੈਨੂੰ ਕੀ ਚਾਹੀਦਾ ਹੈ ਮੇਰੇ ਕੋਲੋਂ?"
''ਕੁਝ ਨਹੀਂ।"
ਮੇਰੇ ਬਾਰ ਬਾਰ ਪੁੱਛਣ ਤੇ ਕਹਿਣ ਲੱਗੀ, ''ਮੇਰਾ ਸਕੂਲ ਦਾ ਟਰਿਪ ਜਰਮਨੀ ਚਲਿਆ ਹੈ। ਮੇਰਾ ਵੀ ਦਿਲ ਕਰਦਾ ਹੈ ਜਾਣ ਨੂੰ।"
ਉਸਦੀ ਚਾਪਲੂਸੀ ਵਿੱਚ ਆ ਕੇ ਮੈਂ ਝੱਟ ਕਰਕੇ ਜਿੰਨੇ ਪੈਸੇ ਉਸ ਮੰਗੇ ਦੇ ਦਿੱਤੇ। ਇਹ ਸਾਡੀ ਆਦਤ ਹੈ ਕਿ ਅਸੀਂ ਬਹੁਤ ਵਾਰੀ ਚਾਪਲੂਸੀ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ। ਸਭ ਨੂੰ ਚਾਪਲੂਸੀ ਕਿਸੇ ਹੱਦ ਦੇ ਅੰਦਰ ਚੰਗੀ ਲੱਗਦੀ ਹੈ।
ਖੁਸ਼ਾਮਦ ਕਰਨਾ ਇਕ ਤਰ੍ਹਾਂ ਨਾਲ ਆਪਣਾ ਮਤਲਬ ਕੱਢਣ ਲਈ ਦੂਜਿਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣੇ ਹਨ। ਖੁਸ਼ਾਮਦ, ਚਾਪਲੂਸੀ, ਝੋਲੀ ਚੁੱਕਣਾ, ਫੂਕ ਦੇਣਾ ਜਾਂ ਫੂਕ ਛਕਾਉਣਾ ਆਦਿ ਸਭ ਇਕੋ ਹੀ ਮਤਲਬ ਦੱਸਦੇ ਹਨ ਕਿ ਆਪਣਾ ਉੱਲੂ ਸਿੱਧਾ ਕਰਨ ਲਈ ਕਿਸੇ ਦੀ ਤਾਰੀਫ਼ ਕਰੀ ਜਾਣਾ। ਕਈ ਵਾਰੀ ਜਿਸਦੀ ਤਾਰੀਫ਼ ਕੀਤੀ ਜਾਂਦੀ ਹੈ ਉਹ ਕੁਝ ਝੇਪ ਜਾਂਦਾ ਹੈ ਕਿਉਂਕਿ ਉਸਦੀ ਤਾਰੀਫ਼ ਦੀਆਂ ਕੀਤੀਆਂ ਗੱਲਾਂ ਸੱਚ ਨਹੀਂ ਹੁੰਦੀਆਂ। ਖੁਸ਼ਾਮਦ ਕਰਨ ਵਾਲਾ ਅਕਸਰ ਆਪਣਾ ਮੰਤਵ ਜ਼ਾਹਰ ਨਹੀਂ ਹੋਣ ਦਿੰਦਾ, ਪਰ ਉਸਦੀ ਕੀਤੀ ਹੋਈ ਖੁਸ਼ਾਮਦ ਬਹੁਤ ਵਾਰੀ ਉਸਦੇ ਕੰਮ ਆ ਹੀ ਜਾਂਦੀ ਹੈ।
ਇਸ ਧਰਤੀ ਤੇ ਸਭ ਜੀਵ ਜੰਤੂ ਖੁਸ਼ਾਮਦ ਤੇ ਚਾਪਲੂਸੀ ਕਰਦੇ ਹੀ ਹਨ। ਕੀ ਮੋਰ ਦਾ ਆਪਣੀ ਮੋਰਨੀ ਅੱਗੇ ਆਪਣੇ ਰੰਗੀਨ ਖੰਭ ਖਿਲਾਰ ਕੇ ਪੈਲਾਂ ਪਾਉਣੀਆਂ ਚਾਪਲੂਸੀ ਨਹੀਂ? ਹਾਲਾਂ ਕਿ ਮੋਰਨੀ ਮੋਰ ਦੇ ਮੁਕਾਬਲੇ ਵਿੱਚ ਸੋਹਣੀ ਵੀ ਨਹੀਂ, ਪਰ ਮੋਰ ਦੀਆਂ ਪੈਲਾਂ ਪਿੱਛੇ ਇਕ ਛੁਪਿਆ ਹੋਇਆ ਮੰਤਵ ਹੈ। ਬਿਜੜਾ ਆਪਣੀ ਬਿਜੜੀ ਨੂੰ ਖੁਸ਼ ਕਰਨ ਲਈ ਕਈ ਆਲ੍ਹਣੇ ਬਣਾਉਂਦਾ ਹੈ। ਇਹ ਵੀ ਤਾਂ ਖੁਸ਼ਾਮਦ ਹੀ ਹੈ। ਇਕ ਪ੍ਰੇਮੀ ਆਪਣੀ ਮਸ਼ੂਕਾ ਨੂੰ ਕਹਿੰਦਾ ਹੈ, ''ਮੈਂ ਤੇਰੇ ਲਈ ਅਸਮਾਨ ਦੇ ਤਾਰੇ ਤੋੜ ਕੇ ਲਿਆ ਸਕਦਾ ਹਾਂ।" ਮਸ਼ੂਕਾ ਦੀ ਝੂਠੀ ਤਾਰੀਫ਼ ਦੇ ਪੁਲ ਬੰਨ੍ਹੀ ਜਾਵੇਗਾ। ਮਾਸ਼ੂਕਾ ਵੀ ਖੁਸ਼ ਹੋ ਕੇ ਆਪਣਾ ਸਭ ਕੁਝ ਆਪਣੇ ਪ੍ਰੇਮੀ ਦੇ ਹਵਾਲੇ ਕਰ ਦਿੰਦੀ ਹੈ। ਭੰਵਰਾ ਆਪਣੇ ਆਪ ਨੂੰ ਸ਼ਮ੍ਹਾ ਤੋਂ ਕੁਰਬਾਨ ਕਰ ਬੈਠਦਾ ਹੈ। ਇਨਸਾਨ ਵੀ ਆਪਣੇ ਪਰਮੇਸ਼ਰ ਦੀ ਤਾਰੀਫ਼ ਦੇ ਗੀਤ ਗਾਉਂਦਾ ਹੈ। ਪਰਮੇਸ਼ਰ ਨੂੰ ਇਨਸਾਨ ਨੇ ਦੇਖਿਆ ਨਹੀਂ, ਸੁਣਿਆ ਨਹੀਂ, ਉਹ ਸ਼ਾਇਦ ਮੌਤ ਦੇ ਡਰ ਦੇ ਕਾਰਨ ਹੀ ਪੂਜਾ ਕਰਦਾ ਹੈ। ਪਰਮਾਤਮਾ ਦੀ ਖੁਸ਼ਾਮਦ ਦਾ ਇਕ ਚੁਟਕਲਾ ਮੈਨੂੰ ਯਾਦ ਆ ਗਿਆ ਹੈ ਜੋ ਕੁਝ ਇਸ ਤਰ੍ਹਾਂ ਹੈ:
ਦਿੱਲੀ ਵਿੱਚ ਇਕ ਆਦਮੀ ਨੇ ਕਿਸੇ ਬਹੁਤ ਹੀ ਜ਼ਰੂਰੀ ਇੰਟਰਵੀਊ ਤੇ ਜਾਣਾ ਸੀ ਪਰ ਉਸਨੂੰ ਬਹੁਤ ਫਿਕਰ ਸੀ ਕਿ ਉਸਨੂੰ ਕਾਰ ਪਾਰਕ ਕਰਨ ਦੀ ਜਗ੍ਹਾ ਨਹੀਂ ਲੱਭਣੀ। ਉਹ ਲੱਗਾ ਰੱਬ ਦੀ ਖੁਸ਼ਾਮਦ ਕਰਨ, ''ਹੇ ਪਰਮਾਤਮਾ, ਜੇ ਅੱਜ ਮੈਨੂੰ ਕਾਰ ਪਾਰਕ ਕਰਨ ਦੀ ਜਗ੍ਹਾ ਮਿਲ ਗਈ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੈ ਸ਼ਰਾਬ ਪੀਣੀ ਛੱਡ ਦਿਆਂਗਾ। ਮੈ ਇਹ ਵੀ ਵਾਅਦਾ ਕਰਦਾ ਹਾਂ ਕਿ ਮੈਂ ਹਰ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਇਆ ਕਰਾਂਗਾ।" ਅਚਾਨਕ ਕਾਰ ਚਲਾਉਂਦਿਆਂ ਚਲਾਉਂਦਿਆਂ ਇਕ ਕਾਰ ਪਾਰਕ ਕਰਨ ਦਾ ਸਪਾਟ ਉਸਦੀ ਨਜ਼ਰ ਪੈ ਜਾਂਦਾ ਹੈ। ਉਹ ਫਿਰ ਪਰਮਾਤਮਾ ਨੂੰ ਕਹਿੰਦਾ ਹੈ, ''ਪਰਮਾਤਮਾ ਜੀ, ਫਿਕਰ ਵਾਲੀ ਕੋਈ ਗੱਲ ਨਹੀਂ, ਮੈਨੂੰ ਕਾਰ ਪਾਰਕ ਕਰਨ ਦੀ ਜਗ੍ਹਾ ਆਪੇ ਹੀ ਮਿਲ ਗਈ ਏ।"
ਬਹੁਤ ਵਾਰੀ ਖੁਸ਼ਾਮਦੀ ਆਪਣਾ ਕੰਮ ਹੋ ਜਾਣ ਤੇ ਕੰਮ ਕਰਨ ਵਾਲੇ ਨੂੰ ਭੁੱਲ ਜਾਂਦਾ ਹੈ। ਜਦੋਂ ਵੀ ਅਸੀਂ ਦੇਸ ਨੂੰ ਜਾਂਦੇ ਸੀ ਤਾਂ ਕਈ ਵਾਕਫ਼ਾਂ ਨੇ ਸਾਡੀ ਬੜੀ ਚਾਪਲੂਸੀ ਕਰਨੀ ਕਿ ਅਸੀਂ ਉਨ੍ਹਾਂ ਦੇ ਇਕ ਬੱਚੇ ਨੂੰ ਕੈਨੇਡਾ ਮੰਗਵਾ ਲਈਏ। ਅਸੀਂ ਕਈਆਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀ ਮਦਦ ਵੀ ਕੀਤੀ, ਪਰ ਬਹੁਤ ਸਾਰੇ ਪਿਛੋਂ ਕਹਿਣ ਲੱਗ ਜਾਂਦੇ ਹਨ, ''ਕੈਨੇਡਾ ਤਾਂ ਅਸੀਂ ਆਪੇ ਹੀ ਪਹੁੰਚ ਜਾਣਾ ਸੀ, ਤੁਸੀਂ ਕੀ ਕੀਤਾ।"
ਖੈਰ ਆਪਣਾ ਉੱਲੂ ਸਿੱਧਾ ਕਰਨ ਲਈ ਸਾਡੇ ਸਭ ਦੇ ਅੰਦਰ ਕਿਸੇ ਨਾ ਕਿਸੇ ਸ਼ਕਲ ਅਤੇ ਮਿਕਦਾਰ ਵਿੱਚ ਚਾਪਲੂਸੀ ਭਰੀ ਪਈ ਏ। ਕਈ ਲੋਕਾਂ ਵਿੱਚ ਤਾਂ ਖੁਸ਼ਾਮਦ ਕੁੱਟ ਕੁੱਟ ਕੇ ਭਰੀ ਹੁੰਦੀ ਹੈ। ਜੇ ਚਾਪਲੂਸੀ ਇਨਸਾਨ ਦੀ ਫਿਤਰਤ ਵਿੱਚ ਨਾ ਹੁੰਦੀ ਤਾਂ ਜ਼ਿੰਦਗੀ ਕੁਝ ਰੁੱਖੀ ਰੁੱਖੀ ਹੋ ਜਾਣੀ ਸੀ। ਜ਼ਿੰਦਗੀ ਕਿਸ ਤਰਾਂ ਦੀ ਹੋਵੇਗੀ ਜੇ ਅਸੀਂ ਚਾਪਲੂਸ ਨਹੀਂ ਬਲਕਿ ਮੂੰਹ ਫੱਟ ਹੋਈਏ। ਮੇਰੇ ਭੂਆ ਜੀ ਹਰ ਕਿਸੇ ਨਾਲ, ਭਾਵੇਂ ਬੱਚਾ ਹੋਵੇ ਜਾਂ ਵੱਡਾ, ਬਹੁਤ ਹੀ ਮਿਠਬੋਲੜੇ ਸਨ ਪਰ ਚਾਪਲੂਸ ਨਹੀਂ ਸਨ। ਕਈ ਵਾਰੀ ਲਗਦਾ ਸੀ ਕਿ ਉਹ ਹੱਦ ਨਾਲੋਂ ਥੋੜ੍ਹੇ ਜ਼ਿਆਦਾ ਹੀ ਮਿੱਠੇ ਸਨ। ਉਹ ਹਮੇਸ਼ਾਂ ਸਭ ਨੂੰ ''ਬੇਟਾ ਜੀ, ਕਾਕਾ ਜੀ, ਭਾਜੀ, ਬੀਬੀ ਜੀ" ਵਗੈਰਾ ਨਾਲ ਹੀ ਸੰਬੋਧਨ ਕਰਦੇ ਸਨ। ਕਈ ਵਾਰੀ ਮੇਰੀ ਮਾਂ ਨੇ ਕਹਿਣਾ, ''ਥੋਡੀ ਭੂਆ ਬੜੀ ਫਫੇ-ਕੁੱਟਣੀ ਹੈ।"
ਅਸੀਂ ਕਈ ਵਾਰੀ ਸੋਚਦੇ ਹਾਂ ਕਿ ਖੁਸ਼ਾਮਦ ਕਰਨਾ ਅਤੇ ਕਰਾਉਣਾ ਸਾਡਾ ਜੱਦੀ ਹੱਕ ਹੈ। ਖੁਸ਼ਾਮਦ ਕਰਾਉਣਾ ਵੀ ਇਕ ਤਰ੍ਹਾਂ ਦੀ ਰਿਸ਼ਵਤ ਲੈਣ ਵਾਲੀ ਹੀ ਗੱਲ ਹੈ ਕਿਉਂਕਿ ਚਾਪਲੂਸੀ ਦੇ ਸ਼ਿਕਾਰ ਹੋਏ ਅਸੀਂ ਚਾਪਲੂਸੀ ਕਰਨ ਵਾਲੇ ਦਾ ਮੁਸ਼ਕਲ ਅਤੇ ਕਈ ਵਾਰੀ ਨਾਜਾਇਜ਼ ਕੰਮ ਵੀ ਕਰਨ ਤੇ ਮਜਬੂਰ ਹੋ ਜਾਂਦੇ ਹਾਂ। ਖੁਸ਼ਾਮਦੀ ਹਮੇਸ਼ਾ ਹੀ ਖੁਸ਼ਾਮਦ ਦੀ ਨਕਾਬ ਪਾ ਕੇ ਆਪਣਾ ਅਸਲੀ ਚਿਹਰਾ ਛੁਪਾਈ ਰੱਖਦਾ ਹੈ। ਜਦੋਂ ਚਾਪਲੂਸ ਦਾ ਕੰਮ ਹੋ ਜਾਂਦਾ ਹੈ ਤਾਂ ਉਹ ਬਦਲ ਵੀ ਜਾਂਦਾ ਹੈ। ਹਿੰਦੁਸਤਾਨ ਵਿੱਚ ਸਾਡੇ ਸਿਆਸਤੀ ਲੀਡਰਾਂ ਨੂੰ ਚਾਪਲੂਸੀ ਦੇ ਨਾਲ ਨਾਲ ਰਿਸ਼ਵਤਖੋਰੀ ਦੀ ਵੀ ਆਦਤ ਹੈ। ਹਰ ਚਾਪਲੂਸੀ ਦੇ ਪਿੱਛੇ ਕੋਈ ਨਾ ਕੋਈ ਮੰਤਵ ਜ਼ਰੂਰ ਹੁੰਦਾ ਹੈ। ਸਕੂਲ ਵਿੱਚ ਕੰਮ ਕਰਦਿਆਂ ਮੈਨੂੰ ਅਨੁਭਵ ਹੋਇਆ ਹੈ ਕਿ ਵਿਦਿਆਰਥੀ ਹਮੇਸ਼ਾ ਚਾਪਲੂਸੀ ਕਰਦੇ ਹਨ। ਮੈ ਕਈ ਵਾਰੀ ਸੁਣਿਆ, ''ਮੈਡਮ ਜੀ, ਥੋਡੇ ਵਾਲ ਬਹੁਤ ਸੋਹਣੇ ਹਨ।" ''ਥੋਨੂੰ ਸਫ਼ੈਦ ਰੰਗ ਬਹੁਤ ਸੋਹਣਾ ਲੱਗਦਾ ਹੈ।" ਹੈਰਾਨੀ ਦੀ ਗੱਲ ਹੈ ਕਿ ਮੈਂ ਵੀ ਚਾਪਲੂਸੀ ਵਿੱਚ ਆ ਜਾਂਦੀ ਹਾਂ। ਜੇ ਸਫ਼ੈਦ ਰੰਗ ਕਿਹਾ ਜਾਂ ਗੁਲਾਬੀ ਰੰਗ ਕਿਹਾ ਤਾਂ ਮੈਂ ਝੱਟ ਉਸ ਰੰਗ ਦੇ ਕੱਪੜੇ ਹੋਰ ਖਰੀਦ ਲੈਂਦੀ ਹਾਂ।
ਸ਼ੇਕਸਪੀਅਰ ਨੇ ਵੀ ਆਪਣੀਆਂ ਲਿਖਤਾਂ ਵਿੱਚ ਚਾਪਲੂਸੀ ਬਾਰੇ ਲਿਖਿਆ ਹੈ। ਜੂਲੀਅਸ ਸੀਜ਼ਰ ਵਿੱਚ ਉਸਨੇ ਲਿਖਿਆ ਹੈ ਕਿ ਬਰੂਟਸ, ਕੈਸੀਅਸ ਦੀ ਚਾਪਲੂਸੀ ਹੇਠਾਂ ਆ ਕੇ, ਸੀਜ਼ਰ ਦੇ ਰੋਮ ਦਾ ਲੀਡਰ ਬਣਨ ਤੋਂ ਪਹਿਲਾਂ ਹੀ ਇਕ ਸ਼ੜਯੰਤਰ ਵਿੱਚ ਉਸਦੀ ਹੱਤਿਆ ਕਰਵਾ ਦਿੰਦਾ ਹੈ ਕਿਉਂਕਿ ਕੈਸੀਅਸ ਦੇ ਮੁਤਾਬਕ ਸੀਜ਼ਰ ਇਕ ਚੰਗਾ ਰਾਜਾ ਨਹੀਂ ਸੀ ਹੋ ਸਕਦਾ। ਇਸੇ ਤਰ੍ਹਾਂ ਕਈ ਪ੍ਰੇਮੀ ਆਪਣੀ ਮਸ਼ੂਕਾ ਜਾਂ ਮਸ਼ੂਕ ਦੀ ਚਾਪਲੂਸੀ ਦੇ ਕਾਰਣ ਉਸ ਕੋਲੋਂ ਮੁਸ਼ਕਲ ਤੋਂ ਮੁਸ਼ਕਲ ਕੰਮ ਕਰਵਾ ਲੈਂਦੇ ਹਨ। ਇਹੋ ਜਿਹੀਆਂ ਘਟਨਾਵਾਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਸੁਣਨ ਵਿੱਚ ਆਉਂਦੀਆਂ ਹੀ ਹਨ।
ਚਾਪਲੂਸੀ ਵਿੱਚ ਅਕਸਰ ਵਧਾ ਚੜਾ ਕੇ ਗੱਲ ਕੀਤੀ ਜਾਂਦੀ ਹੈ। ਕਿਸੇ ਦੀ ਤਾਰੀਫ਼ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਤਾਰੀਫ਼ ਦੀ ਵੀ ਹੱਦ ਹੁੰਦੀ ਹੈ। ਇਕ ਕਵੀ ਨੂੰ ਜੇਕਰ ਉਸਦੀ ਰਚਨਾ ਦੀ ਦਾਦ ਨਾ ਦਿੱਤੀ ਜਾਵੇ ਤਾਂ ਉਹ ਥੋੜ੍ਹਾ ਡੋਲ ਜਾਂਦਾ ਹੈ ਪਰ ਹਾਲ ਵਿੱਚ ਜ਼ਿਆਦਾ ਤਾੜੀਆਂ ਵੀ ਠੀਕ ਨਹੀਂ। ਕਈ ਵਾਰੀ ਲਿਖਾਰੀਆਂ ਦੀ ਸਭਾ ਵਿੱਚ ਕੋਈ ਕਵੀ ਆਪਣੇ ਆਪ ਨੂੰ ਬਹੁਤ ਉੱਚਾ ਲਿਖਾਰੀ ਸਮਝਦਾ ਹੈ ਤੇ ਜੇ ਉਸਦੀ ਨੁਕਤਾਚੀਨੀ ਕੀਤੀ ਜਾਵੇ ਤਾਂ ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾ। ਦੂਜੇ ਲਿਖਾਰੀ ਅੱਗੋਂ ਤੋਂ ਉਸਦੀ ਅਲੋਚਨਾ ਕਰਨ ਤੋਂ ਡਰਦੇ ਹਨ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਇਹੋ ਜਿਹਾ ਲਿਖਾਰੀ ਕੁਝ ਸਿੱਖਦਾ ਹੀ ਨਹੀਂ ਤੇ ਆਪਣੀ ਤੂਤਣੀ ਵਜਾਈ ਹੀ ਜਾਂਦਾ ਹੈ। ਪ੍ਰਸੰਸਾ ਕਰਨਾ ਮਾੜਾ ਕੰਮ ਨਹੀਂ ਪਰ ਝੂਠੀ ਪ੍ਰਸੰਸਾ ਵੀ ਠੀਕ ਨਹੀਂ।
ਕਿਸੇ ਨੂੰ ਹਲਾਸ਼ੇਰੀ ਦੇਣਾ ਅਤੇ ਚਾਪਲੂਸੀ ਕਰਨਾ ਦੋ ਵੱਖਰੀਆਂ ਗੱਲਾਂ ਹਨ। ਚਾਪਲੂਸੀ ਵਿੱਚ ਪ੍ਰਸੰਸਾ ਕਰਨ ਵਾਲਾ ਕਿਸੇ ਛੁਪੇ ਹੋਏ ਮੰਤਵ ਦਾ ਮੁਥਾਜ ਹੁੰਦਾ ਹੈ ਪਰ ਹਲਾਸ਼ੇਰੀ ਵਿੱਚ ਕੋਈ ਛੁਪਿਆ ਹੋਇਆ ਮਤਲਬ ਨਹੀਂ ਹੁੰਦਾ ਬਲਕਿ ਹਲਾਸ਼ੇਰੀ ਦੂਸਰਿਆਂ ਨੂੰ ਆਪਣੇ ਅੰਦਰ ਸੁਧਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ। ਜੇ ਕੋਈ ਤੁਹਾਡੀ ਚਾਪਲੂਸੀ ਕਰਦਾ ਹੈ ਤਾਂ ਉਸਦਾ ਮਤਲਬ ਹੈ ਕਿ ਉਸਨੂੰ ਤੁਹਾਡੇ ਕੋਲੋਂ ਕੁਝ ਚਾਹੀਦਾ ਹੈ। ਭਾਵੇਂ ਕੋਈ ਕੁਝ ਵੀ ਕਹੇ ਚਾਪਲੂਸੀ ਵਿੱਚ ਇਨਸਾਨ ਆ ਹੀ ਜਾਂਦਾ ਹੈ।
ਡਾ. ਮਹਿੰਦਰ ਸਿੰਘ ਰੰਧਾਵਾ ਹਿੰਦੁਸਤਾਨ ਦੀ ਇਕ ਮੰਨੀ ਪਰਮੰਨੀ ਹਸਤੀ ਸਨ ਅਤੇ ਸਾਡੇ ਪਰਵਾਰ ਦੇ ਚੰਗੇ ਮਿੱਤ੍ਰ ਵੀ ਸਨ। ਜਦੋਂ ਵੀ ਉਨ੍ਹਾਂ ਕੋਲ ਜਾ ਕੇ ਕੋਈ ਚਾਪਲੂਸੀ ਕਰਨ ਲਗਦਾ ਤਾਂ ਉਹ ਉਸਨੂੰ ਪਹਿਲਾਂ ਹੀ ਕਹਿ ਦਿੰਦੇ, ''ਭਾਈ ਕੰਮ ਦੱਸ, ਕਿਹੜੀ ਭਾਜੜ ਪੈ ਗਈ ਏ ਤੈਨੂੰ? ਇਹ ਖੁਸ਼ਾਮਦ ਮੈਨੂੰ ਚੰਗੀ ਨਹੀਂ ਲਗਦੀ। ਜੇ ਚਾਪਲੂਸੀ ਨਾਲ ਕੰਮ ਕਰਵਾਉਣਾ ਹੈ ਤਾਂ ਉਸ ਦਰਵਾਜ਼ੇ ਵਿੱਚੋਂ ਬਾਹਰ ਹੋ ਜਾ।"
ਹਰ ਦੇਸ ਵਿੱਚ ਲੋਕੀਂ ਸਿਆਸਤਦਾਨਾਂ ਦੀ ਚਾਪਲੂਸੀ ਕਰਦੇ ਹਨ, ਹਾਂ ਕਿਸੇ ਦੇਸ ਵਿੱਚ ਘੱਟ ਅਤੇ ਕਿਸੇ ਵਿੱਚ ਵੱਧ ਹੁੰਦੀ ਹੋਵੇਗੀ ਪਰ ਹੈ ਜ਼ਰੂਰ। ਬਾਰਾਂ ਅਪਰੈਲ 2008 ਨੂੰ ਸਰੀ ਵਿੱਚ ਵਿਸਾਖੀ ਦਾ ਭਾਰਾ ਜਲੂਸ ਨਿਕਲਿਆ। ਕੋਈ 100,000 ਔਰਤਾਂ ਅਤੇ ਮਰਦ ਇਸ ਜਲੂਸ ਵਿੱਚ ਸ਼ਾਮਲ ਸਨ। ਬਹੁਤ ਸਾਰੀਆਂ ਗੋਰੀਆਂ ਜੋ ਸਿਆਸਤੀ ਲੀਡਰ ਹਨ ਬਹੁਤ ਹੀ ਸੋਹਣੇ ਸਲਵਾਰ ਕਮੀਜ਼ ਤੇ ਦੁਪੱਟੇ ਪਹਿਨ ਕੇ ਜਲੂਸ ਵਿੱਚ ਸ਼ਾਮਲ ਹੋਈਆਂ। ਵੋਟਾਂ ਲੈਣ ਲਈ ਇਹ ਵੀ ਕਮਊਨਿਟੀ ਦੀ ਚਾਪਲੂਸੀ ਸੀ।
ਚਾਪਲੂਸੀ ਕਿਸੇ ਹੱਦ ਅੰਦਰ ਮਾੜੀ ਗੱਲ ਨਹੀਂ ਪਰ ਐਨੀ ਚੰਗੀ ਵੀ ਨਹੀਂ ਕਿ ਜ਼ਿਆਦਾ ਹੀ ਫੂਕ ਲੈ ਲਈ ਜਾਵੇ। ਇਕ ਲੂੰਬੜੀ ਦੀ ਕਹਾਣੀ ਇਸ ਗੱਲ ਦੀ ਮਿਸਾਲ ਹੈ। ਇਕ ਭੁੱਖੀ ਲੂੰਬੜੀ ਇਕ ਦਰਖ਼ਤ ਤੇ ਬੈਠੇ ਇਕ ਕਾਂ ਦੇ ਮੂੰਹ ਵਿੱਚ ਇਕ ਪਨੀਰ ਦਾ ਟੁਕੜਾ ਦੇਖ ਕੇ ਉਸਦੀ ਤਾਰੀਫ਼ ਕਰਨ ਲੱਗੀ। ਉਹ ਕਾਂ ਦੇ ਸੁਰੀਲੀ ਆਵਾਜ਼ ਵਿੱਚ ਗਾਉਣ ਦੀ ਤਾਰੀਫ਼ ਕਰਨ ਲੱਗੀ। ਉਹ ਕਾਂ ਨੂੰ ਬਾਰ ਬਾਰ ਗਾਉਣ ਲਈ ਕਹਿਣ ਲੱਗੀ। ਵਿਚਾਰਾ ਕਾਂ ਝੂਠੀ ਤਾਰੀਫ਼ ਵਿੱਚ ਆ ਗਿਆ। ਜਿਉਂ ਹੀ ਉਹ ਮੂੰਹ ਖੋਲ ਕੇ ਗਾਉਣ ਦੀ ਕੋਸ਼ਿਸ਼ ਕਰਨ ਲੱਗਾ, ਪਨੀਰ ਦਾ ਟੁਕੜਾ ਹੇਠਾਂ ਡਿਗ ਪਿਆ। ਲੂੰਬੜੀ ਪਨੀਰ ਚੁੱਕ ਕੇ ਭੱਜ ਗਈ।
|