ਜਨਵਰੀ 9, 2008
ਸਾਡੀਆਂ ਆਦਤਾਂ, ਸਾਡੇ ਸੁਭਾਅ: ਬੇਈਮਾਨੀ, ਚੋਰ ਬਜ਼ਾਰੀ ਅਤੇ ਹੇਰਾ ਫੇਰੀ
-ਬਰਜਿੰਦਰ ਕੌਰ ਢਿੱਲੋਂ
ਗੁਰਬਾਣੀ ਵਿੱਚ ਲਿਖਿਆ ਹੈ:
"ਅਸੰਖ ਮੂਰਖ ਅੰਧ ਘੋਰ।।
ਅਸੰਖ ਚੋਰ ਹਰਾਮਖੋਰ।।
...
ਅਸੰਖ ਮਲੇਛ ਮਲੁ ਭਖਿ ਖਾਹਿ।।"
ਗੁਰੂ ਨਾਨਕ ਦੇਵ ਜੀ ਨੇ 'ਜਪੁਜੀ ਸਾਹਿਬ' ਵਿੱਚ ਕਿੰਨਾ ਸੋਹਣਾ ਲਿਖਿਆ ਹੈ। ਅਸੀਂ ਹਰ ਰੋਜ਼ ਪਾਠ ਕਰਦੇ ਹਾਂ ਪਰ ਫਿਰ ਵੀ ਬੇਈਮਾਨੀ, ਚੋਰ ਬਾਜ਼ਾਰੀ ਅਤੇ ਹੇਰਾ ਫੇਰੀ ਕਰਦੇ ਡਰਦੇ ਨਹੀਂ।
ਬੇਈਮਾਨੀ ਤੇ ਚੋਰ ਬਾਜ਼ਾਰੀ ਦੀ ਇਹ ਬਿਮਾਰੀ ਗਰੀਬ ਮੁਲਕਾਂ ਵਿੱਚ ਅਕਸਰ ਦੇਖੀ ਜਾਂਦੀ ਹੈ, ਪਰ ਅੱਜ ਕੱਲ ਕੈਨੇਡਾ, ਅਮਰੀਕਾ ਵਿੱਚ ਵੀ ਬਹੁਤ ਹੈ। ਇੰਗਲੈਂਡ ਤਾਂ ਪਹਿਲਾਂ ਤੋਂ ਹੀ ਜੇਬ ਕਤਰਿਆਂ ਨਾਲ ਭਰਿਆ ਹੋਇਆ ਹੈ। ਕੈਨੇਡਾ ਵਿੱਚ ਬਹੁਤ ਸਾਰੇ ਲੋਕ ਕਾਰਾਂ ਦੀਆਂ ਇੰਨਸ਼ੋਰੈਂਸ ਕੰਪਨੀਆਂ ਨਾਲ ਹੇਰਾ ਫੇਰੀ ਕਰਨ ਦੇ ਚੱਕਰ ਵਿੱਚ ਫੜੇ ਜਾਣ ਤੇ ਅਖ਼ਬਾਰਾਂ ਦੀਆਂ ਖ਼ਬਰਾਂ ਵਿੱਚ ਪੜ੍ਹਨ ਲਈ ਮਿਲਦੇ ਹਨ। ਇਕ ਵਾਰੀ ਇਕ ਵੈਨ ਹਾਈਵੇਅ ਤੇ ਇਕ ਖੱਡ ਜਿਹੀ ਵਿੱਚ ਜਾ ਪਈ। ਡਰਾਈਵਰ ਨੇ ਸਾਰੀਆਂ ਸਵਾਰੀਆਂ ਨੂੰ (ਜਿਹੜੇ ਕਿ ਉਸਦੇ ਘਰ ਦੇ ਹੀ ਮੈਂਬਰ ਸਨ) ਬਾਹਰ ਲੰਮੇ ਪੈ ਜਾਣ ਲਈ ਕਿਹਾ ਤੇ ਫਿਰ ਆਪ ਆਪਣੀ ਗਰਦਨ ਫੜਕੇ ਬੈਠ ਗਿਆ। ਪੁਲੀਸ ਆਈ, ਐਕਸੀਡੈਂਟ ਦਾ ਹਾਲ ਲਿਖਿਆ ਗਿਆ, ਪਰ ਬੇਈਮਾਨੀ ਉਸ ਵੇਲੇ ਫੜੀ ਗਈ ਜਦੋਂ ਕਿ ਕਿਸੇ ਵੀ ਮੁਸਾਫ਼ਰ ਦੇ ਕੱਪੜਿਆਂ ਤੇ ਕੋਈ ਮਿੱਟੀ ਜਾਂ ਘਾਹ ਦਾ ਦਾਗ ਨਹੀਂ ਸੀ ਦੇਖਿਆ ਗਿਆ।
ਕਈ ਵਾਰੀ ਲੋਕੀਂ ਆਪਣੇ ਸਟੋਰਾਂ ਨੂੰ ਆਪੇ ਹੀ ਅੱਗ ਲਗਵਾ ਕੇ ਇੰਨਸ਼ੋਰੈਂਸ ਕੰਪਨੀਆਂ ਤੋਂ ਕਲੇਮ ਕਰਦੇ ਵੀ ਫੜੇ ਗਏ ਹਨ। ਦੀਵਾਲੇ (ਬੈਂਕਰਪਟਸੀ) ਦੇ ਕਿੱਸੇ ਤਾਂ ਕਿਸੇ ਕੋਲੋਂ ਵੀ ਨਹੀਂ ਗੁੱਝੇ ਹੋਏ। ਸਟੋਰਾਂ ਵਿੱਚੋਂ ਕੰਮ ਦਾ ਮਾਲ ਪਹਿਲਾਂ ਹੀ ਕੱਢ ਲੈਂਦੇ ਹਨ ਅਤੇ ਫਿਰ ਦੀਵਾਲਾ ਕੱਢ ਦਿੰਦੇ ਹਨ। ਇਕ ਦਿਨ ਅਸੀਂ ਇਕ ਗਰਾਸਰੀ ਤੇ ਵੀਡੀਓ ਦੀ ਇਕ ਵੱਡੀ ਦੁਕਾਨ ਵਿੱਚ ਗਏ। ਇਕ ਆਦਮੀ ਕੋਈ ਪੰਜ ਸੱਤ ਹਜ਼ਾਰ ਦਾ ਸਮਾਨ ਸਟੋਰ ਦੇ ਮਾਲਕ ਕੋਲ ਵੇਚਣ ਲਈ ਲੈ ਕੇ ਆਇਆ। ਮਾਲਕ ਨੇ ਸਾਰਾ ਸਮਾਨ ਲੈ ਲਿਆ ਪਰ ਪੈਸੇ ਅਗਲੇ ਹਫ਼ਤੇ ਦੇਣ ਦਾ ਵਾਅਦਾ ਕੀਤਾ। ਅਸੀਂ ਦੇਖ ਰਹੇ ਸੀ। ਦੋ ਦਿਨਾਂ ਬਾਅਦ ਜਦੋਂ ਅਸੀਂ ਫਿਰ ਉਸ ਸਟੋਰ ਵਿੱਚ ਕੁਝ ਲੈਣ ਲਈ ਗਏ ਤਾਂ ਦੁਕਾਨ ਨੂੰ ਸਰਕਾਰੀ ਨੋਟਿਸ ਲੱਗਾ ਹੋਇਆ ਸੀ। ਮਾਲਕ ਨੇ ਦਿਵਾਲਾ ਕੱਢ ਦਿੱਤਾ ਸੀ, ਪਰ ਉਸ ਆਦਮੀ ਨੂੰ ਜਿਸਨੇ ਦੋ ਦਿਨ ਪਹਿਲਾਂ ਹੀ ਮਾਲਕ ਨੂੰ ਸਮਾਨ ਵੇਚਿਆ ਸੀ ਕੋਈ ਪੈਸਾ ਨਹੀਂ ਸੀ ਮਿਲਿਆ। ਵਿਚਾਰਾ ਰੋ ਰਿਹਾ ਸੀ ਤੇ ਨਾਲੇ ਗਾਲ਼ਾਂ ਕੱਢ ਰਿਹਾ ਸੀ। ਕੰਮ ਕਰਨ ਵਾਲਿਆਂ ਨੂੰ ਤਨਖ਼ਾਹਾਂ ਵੀ ਨਹੀਂ ਸਨ ਮਿਲੀਆਂ। ਪਰ ਥੋੜ੍ਹੇ ਹੀ ਮਹੀਨਿਆਂ ਬਾਅਦ ਇਸ ਮਾਲਕ ਨੇ ਇਕ ਹੋਰ ਵਪਾਰਕ ਧੰਦਾ ਕਿਸੇ ਹੋਰ ਨਾਂ ਹੇਠਾਂ ਖੋਲ੍ਹ ਲਿਆ ਸੀ। ਦੇਖਣ ਵਿੱਚ ਆਇਆ ਹੈ ਕਿ ਇਹੋ ਜਿਹੀਆਂ ਹੇਰਾ ਫੇਰੀਆਂ ਕਰਨ ਵਾਲੇ ਅਕਸਰ ਪਾਠ ਪੂਜਾ ਵੀ ਬਹੁਤ ਕਰਦੇ ਹਨ।
ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਾਹਲੀ ਕਹਾਣੀਆਂ ਬਣਾ ਕੇ ਕੈਨੇਡਾ ਅਮਰੀਕਾ ਪਹੁੰਚ ਗਏ ਹਨ। ਬਾਹਰ ਆ ਕੇ ਰਿਫ਼ਿਊਜੀ ਸਟੈਟਸ ਕਲੇਮ ਕਰਕੇ ਸਰਕਾਰ ਕੋਲੋਂ ਕਾਫੀ ਪੈਸਾ ਲੁੱਟ ਲੈਂਦੇ ਹਨ। ਹਿੰਦੁਸਤਾਨ ਵਿੱਚੋਂ 1984 ਦੇ ਦੰਗਿਆਂ ਦੇ ਸੰਬੰਧ ਵਿੱਚ ਬਹੁਤ ਲੋਕ ਕੈਨੇਡਾ ਆਏ ਸਨ ਪਰ ਹੁਣ 2008 ਵਿੱਚ ਵੀ ਝੂਠੀਆਂ ਕਹਾਣੀਆਂ ਬਣਾ ਕੇ ਲੋਕੀਂ ਪਹੁੰਚ ਰਹੇ ਹਨ ਭਾਵੇਂ ਇਨ੍ਹਾਂ ਲੋਕਾਂ ਨੂੰ ਹਿੰਦੁਸਤਾਨ ਵਿੱਚ ਕੋਈ ਵੀ ਖ਼ਤਰਾ ਨਹੀਂ।
ਹਿੰਦੁਸਤਾਨ ਵਿੱਚ ਪੈਸੇ ਦੀ ਭੁੱਖ ਐਨੀ ਵੱਧ ਗਈ ਹੈ ਕਿ ਹਰ ਕੋਈ ਤੁਹਾਡੇ ਕੱਪੜੇ ਲਾਉਣ ਨੂੰ ਫਿਰਦਾ ਹੈ। ਕਈ ਵਾਰੀ ਤਾਂ ਤੁਹਾਡੇ ਰਿਸ਼ਤੇਦਾਰ ਕੈਨੇਡਾ ਵਾਪਸ ਆਉਣ ਲੱਗਿਆਂ ਤੁਹਾਡੀਆਂ ਜੇਬਾਂ ਵੀ ਖਾਲੀ ਕਰ ਲੈਂਦੇ ਹਨ। ਉਨ੍ਹਾਂ ਦਾ ਖਿਆਲ ਹੁੰਦਾ ਹੈ ਕਿ, ''ਕੈਨੇਡਾ ਵਿੱਚ ਤਾਂ ਤੁਹਾਨੂੰ ਇਨ੍ਹਾਂ ਬਚੇ ਹੋਏ ਰੁਪਈਆਂ ਦੀ ਲੋੜ ਨਹੀਂ।"
ਇਕ ਵਾਰੀ ਅਸੀਂ ਇਕ ਦੋਸਤ ਨੂੰ ਕੈਨੇਡਾ ਆਉਣ ਲੱਗਿਆਂ ਬਚੇ ਹੋਏ 10,000 ਰੁਪਏ ਇਹ ਸੋਚ ਕੇ ਫੜਾ ਆਏ ਕਿ ਅਗਲੀ ਵਾਰੀ ਆਇਆਂ ਤੇ ਅਸੀਂ ਲੈ ਲਵਾਂਗੇ। ਪਰ ਜਦੋਂ ਅਸੀਂ ਚਾਰ ਮਹੀਨਿਆਂ ਬਾਅਦ ਦੇਸ ਨੂੰ ਵਾਪਸ ਗਏ ਤਾਂ ਉਸ ਭਾਈ ਸਾਹਿਬ ਨੂੰ ਚਿੱਤ ਚੇਤਾ ਵੀ ਨਹੀਂ ਸੀ ਜਾਂ ਵਾਪਸ ਕਰਨ ਦੀ ਜ਼ਰੂਰਤ ਹੀ ਨਹੀਂ ਸੀ ਸਮਝੀ। ਅਸੀਂ ਵੀ ਇਹ ਸੋਚ ਕੇ ਪੈਸਿਆਂ ਬਾਰੇ ਕੋਈ ਗੱਲ ਨਾ ਕੀਤੀ ਕਿ ਸਾਨੂੰ ਪੈਸਿਆਂ ਨਾਲੋਂ ਉਸਦੀ ਦੋਸਤੀ ਜ਼ਿਆਦਾ ਚੰਗੀ ਸੀ। ਥੋੜ੍ਹੇ ਜਿਹੇ ਪੈਸਿਆਂ ਪਿੱਛੇ ਸਾਲਾਂ ਦੀ ਦੋਸਤੀ ਕਿਉਂ ਗਵਾਉਂਦੇ।
ਇੱਕ ਦਿਨ ਅਸੀਂ ਜਲੰਧਰ ਤੋਂ ਸ਼ਤਾਬਦੀ ਲੈ ਕੇ ਦਿੱਲੀ ਪਹੁੰਚੇ ਤਾਂ ਅਸੀਂ ਟੈਕਸੀ ਕਰਨੀ ਸੀ। ਜਦੋਂ ਟੈਕਸੀ ਦੀ ਪਰੀ-ਪੇਡ ਰਸੀਦ ਲੈਣ ਲਈ ਖਿੜਕੀ ਅੱਗੇ ਖੜੇ ਹੋਣ ਲੱਗੇ ਤਾਂ ਇਕ ਟੈਕਸੀ ਵਾਲਾ ਆ ਕੇ ਕਹਿਣ ਲੱਗਾ ਕਿ ਰਸੀਦ ਦੀ ਕੋਈ ਲੋੜ ਨਹੀਂ। ਉਸਦੀ ਟੈਕਸੀ ਵਿੱਚ ਮੀਟਰ ਲੱਗਾ ਹੋਇਆ ਸੀ। ਸੋ ਸੋਚਿਆ ਕਿ ਐਵੇਂ ਕਿਉਂ ਅਸੀਂ ਗਰਮੀ ਵਿੱਚ ਆਪਣਾ ਵਕਤ ਖ਼ਰਾਬ ਕਰਨਾ ਹੈ॥ ਅਸੀਂ ਉਸਦੇ ਕਹਿਣ ਤੇ ਉਸਦੀ ਟੈਕਸੀ ਵਿੱਚ ਬੈਠ ਗਏ। ਉਸਦਾ ਮੀਟਰ ਵੀ ਚੱਲਣ ਲੱਗ ਪਿਆ। ਹਾਲੇ ਅਸੀਂ ਸਟੇਸ਼ਨ ਤੋਂ ਥੋੜ੍ਹੀ ਦੂਰ ਹੀ ਗਏ ਸੀ ਕਿ ਮੀਟਰ ਤੇ 357 ਰੁਪਏ ਦਿਸਣ ਲੱਗੇ। ਜਦੋਂ ਮੈਂ ਟੈਕਸੀ ਵਾਲੇ ਨੂੰ ਉਸਦਾ ਨਾਉਂ ਤੇ ਟੈਕਸੀ ਦਾ ਨੰਬਰ ਪੁੱਛਿਆ ਤਾਂ ਉਹ ਡਰ ਗਿਆ ਤੇ ਉਸਨੇ ਮੀਟਰ ਬੰਦ ਕਰ ਦਿੱਤਾ। ਕਹਿਣ ਲੱਗਾ, ''ਜੋ ਮਰਜ਼ੀ ਦੇ ਦੇਣਾ, ਇਹ ਸਭ ਟੈਕਸੀ ਵਾਲੇ ਦਲਾਲ ਦਾ ਕੰਮ ਹੈ। ਬਾਹਰੋਂ ਆਏ ਲੋਕਾਂ ਤੋਂ ਇਸੇ ਤਰ੍ਹਾਂ ਹੀ ਪੈਸੇ ਠੱਗਦਾ ਹੈ।" ਆਪਣੇ ਟਿਕਾਣੇ ਤੇ ਪਹੁੰਚ ਕੇ ਅਸੀਂ ਉਸਨੂੰ 200 ਰੁਪਏ ਦਿੱਤੇ ਤੇ ਉਹ ਚਲਾ ਗਿਆ। ਵੈਸੇ ਵੀ ਟੈਕਸੀ ਦਾ ਰੇਟ 200 ਰੁਪਏ ਹੀ ਸੀ। ਹੇਰਾ ਫੇਰੀ ਤਾਂ ਇਕ ਆਦਤ ਜਿਹੀ ਹੋ ਗਈ ਹੈ ਲੋਕਾਂ ਦੀ। ਕੋਈ ਵੀ ਪੈਸੇ ਲਏ ਬਿਨਾ ਕੰਮ ਨਹੀਂ ਕਰਦਾ।
ਇਹ ਤਾਂ ਪੈਸੇ ਦੀ ਗੱਲ ਏ। ਸਾਡਾ ਇਕ ਪਲਾਟ ਸੀ ਦਿੱਲੀ। ਅਸੀਂ ਉਸ ਉੱਤੇ ਆਪਣੇ ਪੈਸੇ ਲਾ ਕੇ ਘਰ ਪਾਇਆ ਕਿ ਜਿੰਨੀ ਦੇਰ ਮਾਂ ਬਾਪ ਜ਼ਿੰਦਾ ਹਨ ਉਹ ਰਹੀ ਜਾਣਗੇ। ਉਨ੍ਹਾਂ ਤੋਂ ਬਾਅਦ ਅਸੀਂ ਆਪਣਾ ਘਰ ਸਾਂਭ ਲਵਾਂਗੇ। ਉਸ ਘਰ ਵਿੱਚ ਮੇਰੇ ਪਤੀ ਦਾ ਛੋਟਾ ਭਰਾ ਵੀ ਆਪਣੇ ਪਰਵਾਰ ਨਾਲ ਰਹਿ ਰਿਹਾ ਸੀ। ਅਸੀਂ ਦੋਨੋ ਮਾਂ ਬਾਪ ਦੀ ਮੌਤ ਤੋਂ ਬਾਅਦ ਜਦੋਂ ਕੁਝ ਦਿਨ ਕੱਟਣ ਲਈ ਦਿੱਲੀ ਗਏ ਤਾਂ ਘਰ ਦੇ ਗੇਟ ਤੇ ਵੱਡਾ ਸਾਰਾ ਤਾਲਾ ਲੱਗਾ ਹੋਇਆ ਸੀ। ਅਸੀਂ ਬਥੇਰਾ ਦਰਵਾਜ਼ਾ ਖੜਕਾਇਆ ਪਰ ਉਨ੍ਹਾਂ ਨਹੀਂ ਖੋਲ੍ਹਿਆ। ਇਥੋਂ ਤੱਕ ਕਿ ਟੈਲੀਫੋਨ ਵੀ ਲਾਹ ਕੇ ਰੱਖਿਆ ਹੋਇਆ ਸੀ ਤਾਂ ਕਿ ਅਸੀਂ ਫੋਨ ਨਾ ਕਰ ਸਕੀਏ। ਰਾਤ ਦਾ ਵਕਤ ਸੀ। ਅਸੀਂ ਟੈਕਸੀ ਲੈ ਕੇ ਆਪਣੇ ਇਕ ਦੋਸਤ ਦੇ ਘਰ ਚਲੇ ਗਏ। ਅਗਲੇ ਦਿਨ ਦੋਸਤ ਨੇ ਮੇਰੇ ਪਤੀ ਦੇ ਛੋਟੇ ਭਰਾ ਨਾਲ ਉਸਦੇ ਮੋਬਾਈਲ ਫੋਨ ਤੇ ਗੱਲ ਕੀਤੀ ਤਾਂ ਉਹ ਕਹਿੰਦਾ, ''ਮੈਂ ਹੁਣੇ ਆਇਆ।" ਜਦੋਂ ਉਹ ਦੋਸਤ ਦੇ ਘਰ ਆਇਆ ਤਾਂ ਉਸਨੇ ਹੱਥ ਵਿੱਚ ਕੁਝ ਪੇਪਰ ਫੜੇ ਹੋਏ ਸਨ। ਉਸਨੇ ਸਾਡੇ ਨਾਲ ਤਾਂ ਕੋਈ ਗੱਲ ਨਾਂ ਕੀਤੀ ਪਰ ਸਾਡੇ ਦੋਸਤ ਨੂੰ ਕਹਿਣ ਲੱਗਾ, ''ਭਾ ਜੀ, ਵੀਰ ਜੀ ਨੂੰ ਕਹੋ ਕਿ ਇਨ੍ਹਾਂ ਕਾਗ਼ਜ਼ਾਂ ਤੇ ਦਸਖ਼ਤ ਕਰ ਦੇਣ। ਫਿਰ ਹੀ ਮੈਂ ਇਨ੍ਹਾਂ ਨੂੰ ਘਰ ਦੇ ਅੰਦਰ ਵੜਨ ਦਿਆਂਗਾ।" ਉਹ ਕਾਗ਼ਜ਼ ਕੀ ਸਨ? ਪਰਿੰਟ ਕੀਤੇ ਹੋਏ ਕਾਗ਼ਜ਼ ਬੋਲ ਰਹੇ ਸਨ ਕਿ ਮੇਰੇ ਪਤੀ ਆਪਣਾ ਦਿੱਲੀ ਵਾਲਾ ਘਰ ਪਿਆਰ ਦੇ ਤੋਹਫ਼ੇ ਦੇ ਤੌਰ ਤੇ ਉਸਨੂੰ ਲਿਖ ਦੇਣ। ਮੇਰੇ ਪਤੀ ਹੈਰਾਨ ਹੋ ਗਏ ਕਿ ਜਿਸ ਭਰਾ ਨੂੰ ਪੜ੍ਹਾਇਆ ਲਿਖਾਇਆ, ਅੱਜ ਉਹ ਐਨਾ ਭੁੱਖਾ ਹੋ ਗਿਆ ਏ ਕਿ ਵੱਡੇ ਭਰਾ ਨੂੰ ਜੀ ਆਇਆਂ ਕਹਿਣ ਦੀ ਬਜਾਏ ਉਸਦੇ ਘਰ ਤੇ ਕਬਜ਼ਾ ਕਰ ਰਿਹਾ ਏ? ਉਸਨੂੰ ਆਪਣੇ ਹੀ ਘਰ ਦੇ ਅੰਦਰ ਨਹੀਂ ਵੜਨ ਦਿੱਤਾ? ਹੱਦ ਦੀ ਵੀ ਕੋਈ ਹੱਦ ਹੁੰਦੀ ਏ। ਭਰਾ ਕਾਗ਼ਜ਼ ਛੱਡ ਕੇ ਚਲਾ ਗਿਆ। ਫਿਰ ਉਸਦਾ ਕੋਈ ਸੁਨੇਹਾ ਨਹੀਂ ਆਇਆ। ਮੁਸ਼ਕਲ ਦੀ ਗੱਲ ਇਹ ਸੀ ਕਿ ਮਕਾਨ ਦੇ ਸਾਰੇ ਕਾਗ਼ਜ਼ ਉਸਦੇ ਕੋਲ ਸਨ।
ਅਸੀਂ ਇਹੋ ਜਿਹੀਆਂ ਕਹਾਣੀਆਂ ਬਹੁਤ ਸੁਣੀਆਂ ਸਨ ਪਰ ਜਦੋਂ ਤੱਕ ਆਪਣੇ ਉੱਤੇ ਨਹੀਂ ਵਾਪਰਦੀ ਸਾਨੂੰ ਯਕੀਨ ਨਹੀਂ ਹੁੰਦਾ। ਖੈਰ ਸਾਡੇ ਦੋਸਤ ਨੇ ਕਿਸੇ ਵਾਕਫ਼ ਕੋਲ ਗੱਲ ਕੀਤੀ। ਉਹ ਕਹਿਣ ਲੱਗਾ, ''ਭਾ ਜੀ, ਫਿਕਰ ਦੀ ਕੋਈ ਗੱਲ ਨਹੀਂ। ਮੇਰੇ ਡੀ.ਡੀ.ਏ. ਦੇ ਦਫ਼ਤਰ ਵਿੱਚ ਕੁਝ ਆਦਮੀ ਮੇਰੇ ਵਾਕਫ਼ ਹਨ। ਮੈਂ ਸਾਰੇ ਪੇਪਰ ਡੀ.ਡੀ.ਏ. ਦੇ ਦਫ਼ਤਰ ਤੋਂ ਕਢਵਾ ਲਵਾਂਗਾ। ਮੈਨੂੰ 28,000 ਰੁਪਏ ਖਰਚੇ ਲਈ ਦੇ ਦਿਉ ਤੇ ਕੰਮ ਤਸੱਲੀ ਨਾਲ ਮੇਰੇ ਤੇ ਛੱਡ ਦਿਓ। ਫਿਕਰ ਦੀ ਕੋਈ ਲੋੜ ਨਹੀ।" ਅਸੀਂ ਖੁਸ਼ ਹੋ ਗਏ ਕਿ ਜੇ 28,000 ਰੁਪਏ ਨਾਲ ਕੰਮ ਹੋ ਜਾਵੇ ਤਾਂ ਠੀਕ ਹੈ, ਭਾਵੇਂ ਮੈਂ ਰਿਸ਼ਵਤ ਦੇ ਸਖ਼ਤ ਖ਼ਿਲਾਫ਼ ਹਾਂ। ਪਰ ਜਿਸ ਦੇਸ਼ ਵਿੱਚ ਸਿਸਟਮ ਹੀ ਖ਼ਰਾਬ ਹੋਵੇ ਉੱਥੇ ਕੌਣ ਕਿਸੇ ਦੀ ਸੁਣਦਾ ਹੈ, ਬੱਸ ਪੈਸਾ ਹੀ ਹਰ ਜਗ੍ਹਾ ਬੋਲਦਾ ਹੈ। ਮੇਰੇ ਪਤੀ ਨੇ ਝੱਟ ਆਪਣੀ ਚੈੱਕ ਬੁੱਕ ਕੱਢੀ ਤੇ ਚੈੱਕ ਲਿਖਣ ਹੀ ਲੱਗੇ ਸਨ ਕਿ ਉਹ ਕਹਿਣ ਲੱਗਾ, ''ਨਹੀਂ ਭਾਈ ਸਾਹਿਬ, ਕੈਸ਼ ਪੈਸੇ ਦਿਉ ਤਾਂ ਚੰਗਾ ਹੋਵੇਗਾ।" ਮੇਰੇ ਪਤੀ ਨੇ ਕਿਹਾ, ''ਨਹੀਂ, ਚੈੱਕ ਹੀ ਠੀਕ ਰਹੇਗਾ।'' ਅੱਗਿਓਂ ਉਹ ਕਹਿਣ ਲੱਗਾ, ''ਚੰਗਾ ਫਿਰ ਚੈੱਕ ਆਪਣੇ-ਆਪ ਨੂੰ ਲਿਖ ਦਿਉ।" ਮੇਰੇ ਪਤੀ ਨੂੰ ਉਦੋਂ ਹੀ ਸੁੱਝ ਗਈ ਕਿ ਕੋਈ ਗੜਬੜ ਜ਼ਰੂਰ ਹੈ, ਪਰ ਉਸ ਆਦਮੀ ਦਾ ਬਾਰੇ ਇਕ ਆਪਣੇ ਦੋਸਤ ਨੇ ਦੱਸਿਆ ਸੀ, ਇਸ ਲਈ ਚੈੱਕ ਆਪਣੇ ਨਾਂ ਤੇ ਲਿਖ ਕੇ ਉਸਨੂੰ ਦੇ ਦਿੱਤਾ। ਉਹ ਕਹਿਣ ਲੱਗਾ, ''ਤੁਸੀਂ ਬੇਸ਼ਕ ਪੰਜਾਬ ਜਾ ਕੇ ਘੁੰਮ ਫਿਰ ਆਉ, ਮੈ ਸਾਰਾ ਕੰਮ ਸਾਂਭ ਲਵਾਂਗਾ।" ਮੇਰੇ ਪਤੀ ਨੇ ਪੁੱਛਿਆ, ''ਕਿਸੇ ਪੇਪਰ ਤੇ ਮੇਰੇ ਦਸਖ਼ਤ ਨਹੀਂ ਹੋਣੇ?" ਅੱਗਿਓਂ ਜਵਾਬ ਸੀ, ''ਨਹੀਂ ਮੈ ਸਭ ਕੁਝ ਕਰ ਲਵਾਂਗਾ। ਸਿਰਫ਼ ਆਪਣੀ ਪਾਵਰ ਆਫ਼ ਅਟਾਰਨੀ ਦੇ ਜਾਵੋ।" ਅਸੀਂ ਉਸ ਆਦਮੀ ਦੀਆਂ ਗੱਲਾਂ ਵਿੱਚ ਆ ਕੇ ਬੰਗਲੌਰ ਚਲੇ ਗਏ। ਕੋਈ ਦਸਾਂ ਦਿਨਾਂ ਬਾਦ ਅਸੀਂ ਵਾਪਸ ਆਏ ਤਾਂ ਹਾਲੇ ਉਸ ਮਾਂ ਦੇ ਪੁੱਤਰ ਨੇ ਕੁਝ ਵੀ ਨਹੀਂ ਸੀ ਕੀਤਾ। ਬੰਗਲੌਰ ਤੋਂ ਹਰ ਰੋਜ਼ ਟੈਲੀਫੋਨ ਤੇ ਉਸ ਨਾਲ ਗੱਲ ਹੁੰਦੀ ਸੀ, ਹਰ ਵਾਰੀ ਕਹਿੰਦਾ 'ਫਿਕਰ ਨਾ ਕਰੋ'। ਬੰਗਲੌਰ ਤੋਂ ਜਦੋਂ ਵਾਪਸ ਆਏ ਤਾਂ ਉਹ ਕਹਿਣ ਲੱਗਾ ਕਿ ਕਿਸੇ ਪੇਪਰ ਤੇ ਮੇਰੇ ਪਤੀ ਨੇ ਸਾਈਨ ਕਰਨੇ ਹਨ। ਉਹ ਪਹਿਲਾਂ ਕਿਉਂ ਕਹਿੰਦਾ ਸੀ ਕਿ ਫਿਕਰ ਦੀ ਲੋੜ ਨਹੀਂ? ਜਾਣ ਲੱਗਾ ਕਹਿਣ ਲੱਗਾ ਕਿ ਮੈ ਹੁਣੇ ਹੀ ਡੀ.ਡੀ.ਏ. ਦੇ ਦਫ਼ਤਰ ਤੁਹਾਡੇ ਕਾਗ਼ਜ਼ ਲੈ ਕੇ ਜਾਵਾਂਗਾ ਤੇ ਇਸ ਦੇ ਮੁਤਲਕ ਸ਼ਾਮ ਨੂੰ ਫੋਨ ਕਰਾਂਗਾ। ਸ਼ਾਮ ਨੂੰ ਕੋਈ ਫੋਨ ਨਾ ਆਇਆ। ਅਗਲੇ ਦਿਨ ਵੀਕ-ਐਂਡ ਹੋਣ ਕਰਕੇ ਸਭ ਕੁਝ ਬੰਦ ਸੀ। ਉਸਦਾ ਫੋਨ ਸੋਮਵਾਰ, ਮੰਗਲਵਾਰ ਵੀ ਨਾ ਆਇਆ। ਜਦੋਂ ਉਸਦੇ ਮੋਬਾਈਲ ਫੋਨ ਤੇ ਫੋਨ ਕੀਤਾ ਤਾਂ ਜਨਾਬਆਲੀ ਰਾਂਚੀ ਗਏ ਹੋਏ ਸੀ। ਮੈਨੂੰ ਇਹ ਪਤਾ ਸੀ ਕਿ ਮੇਰੇ ਪਤੀ ਦਾ ਉਸ ਆਦਮੀ ਤੋਂ ਵਿਸ਼ਵਾਸ ਉੱਠ ਗਿਆ ਸੀ। ਆਖਿਰ ਉਹ ਆਦਮੀ ਕਹਿਣ ਲੱਗਾ ਕਿ ਡੀ.ਡੀ.ਏ. ਦੇ ਦਫ਼ਤਰ ਵਿੱਚ ਸਾਡੀ ਪ੍ਰਾਪਰਟੀ ਦੇ ਪੇਪਰ ਹੈ ਹੀ ਨਹੀਂ। ਜੇ ਪੇਪਰ ਉੱਥੇ ਨਹੀਂ ਤਾਂ ਕੌਣ ਖਾ ਗਿਆ ਪੇਪਰਾਂ ਨੂੰ? 28,000 ਰੁਪਏ ਦਾ ਕੀ ਬਣਿਆ? ਕੀ ਉਹ ਹੋਰ ਪੈਸੇ ਮੰਗਦਾ ਸੀ? ਅਸਲ ਵਿੱਚ ਉਹ ਆਦਮੀ ਉਸ ਗਰੁੱਪ ਦਾ ਮੈਂਬਰ ਸੀ ਜਿਹੜੇ ਕਿ ਝਗੜੇ ਵਾਲੀ ਪ੍ਰਾਪਰਟੀ ਨੂੰ ਬਿਨਾ ਕਿਸੇ ਪੇਪਰ ਦੇ ਕੌਡੀਆਂ ਦੇ ਭਾ ਵੇਚਦੇ ਹਨ। ਚਾਰ ਕਰੋੜ ਦੀ ਪ੍ਰਾਪਰਟੀ ਲੈ ਕੇ ਤੁਹਾਨੂੰ ਕੋਈ 40-50 ਲੱਖ ਰੁਪਏ ਦੇ ਦਿੰਦੇ ਹਨ। ਉਸਦਾ ਖਿਆਲ ਸੀ ਕਿ ਅਸੀਂ ਆਪਣੀ ਪ੍ਰਾਪਰਟੀ ਉਸਨੂੰ ਫੜਾ ਦਿਆਂਗੇ। ਇਹੋ ਜਿਹੇ ਦਿਨ ਦਿਹਾੜੇ ਦੇ ਚੋਰ ਹੀ ਹਿੰਦੁਸਤਾਨ ਨੂੰ ਬਦਨਾਮ ਕਰਦੇ ਹਨ। ਇਨ੍ਹਾਂ ਨੇ ਹੀ ਸੋਨੇ ਦੀ ਚਿੜੀ ਨੂੰ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਹੈ। ਇਹੋ ਜਿਹੇ ਲੋਕਾਂ ਨੂੰ ਰੱਬ ਦਾ ਕੋਈ ਡਰ ਨਹੀਂ।
''ਆਪਾਂ ਦੇਸ ਦੇ ਸਿਸਟਮ ਨੂੰ ਬਦਲ ਨਹੀਂ ਸਕਦੇ। ਇਹ ਇਨ੍ਹਾਂ ਦੀ ਰਗ ਰਗ ਵਿੱਚ ਕੈਂਸਰ ਵਾਂਗੂੰ ਸਮਾਇਆ ਹੋਇਆ ਹੈ।" ਮੇਰੇ ਪਤੀ ਦਾ ਕਹਿਣਾ ਸੀ।
''ਚੰਗਾ ਹੋਇਆ ਆਪਾਂ ਕੈਨੇਡਾ ਨੂੰ ਚਲੇ ਗਏ ਵਰਨਾ ਆਪਾਂ ਵੀ ਇਸ ਸਿਸਟਮ ਦੀ ਮਾਰ ਵਿੱਚ ਆ ਜਾਣਾ ਸੀ।"
''ਏਸੇ ਲਈ ਤਾਂ ਹਰ ਕੋਈ ਕੈਨੇਡਾ ਅਮਰੀਕਾ ਹੀ ਜਾਣਾ ਚਾਹੁੰਦਾ ਏ। ਜੇ ਇਹੋ ਜਿਹੇ ਰਿਸ਼ਵਤ ਦੀ ਬਿਮਾਰੀ ਦੇ ਖਾਧੇ ਹੋਏ ਲੋਕ ਉੱਥੇ ਪਹੁੰਚ ਗਏ ਤਾਂ ਜਲਦੀ ਹੀ ਇਹ ਬਿਮਾਰੀ ਉੱਥੇ ਵੀ ਫੈਲ ਜਾਵੇਗੀ।" ਮੇਰੇ ਪਤੀ ਨੇ ਹੁੰਗਾਰਾ ਭਰਿਆ।
''ਅੰਗਰੇਜ਼ ਲੋਕ ਸਿਆਣੇ ਹਨ। ਉਨ੍ਹਾਂ ਦੇ ਕਾਨੂੰਨ ਸਖ਼ਤ ਹਨ। ਹਿੰਦੁਸਤਾਨ ਵਿੱਚ ਤਾਂ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਏਜੰਟਾਂ ਦੇ ਘਰ ਭਰਦੇ ਹਾਂ ਤੇ ਕੰਮ ਫਿਰ ਵੀ ਨਹੀਂ ਹੁੰਦੇ। ਕਹਿੰਦੇ ਹਨ 'ਦੂਧ ਕਾ ਦੂਧ ਪਾਣੀ ਕਾ ਪਾਣੀ'। ਪਰ ਕਦੋਂ?"
''ਦੇਸ ਵਿੱਚ ਕਾਲਾ ਧੰਨ ਬਹੁਤ ਹੈ। ਉਹੀ ਹਾਲਾਤ ਖ਼ਰਾਬ ਕਰਦਾ ਹੈ। ਜਦੋਂ ਲੋਕਾਂ ਨੂੰ ਤਨਖ਼ਾਹਾਂ ਮਿਲਦੀਆਂ ਹਨ ਤਾਂ ਰਿਸ਼ਵਤ ਕਿਉਂ ਲੈਂਦੇ ਹਨ। ਨਾਲੇ ਇਹ ਲੋਕ ਦਫ਼ਤਰਾਂ ਵਿੱਚ ਕੰਮ ਵੀ ਕਿੰਨਾ ਕੁ ਕਰਦੇ ਨੇ। ਜਦੋਂ ਵੀ ਕਿਸੇ ਦਫ਼ਤਰ ਵਿੱਚ ਜਾਉ ਬਾਬੂ ਜੀ ਉੱਥੇ ਹੁੰਦੇ ਹੀ ਨਹੀਂ। ਕਹਿਣਗੇ 'ਕੱਲ ਨੂੰ ਆਇਓ'। ਕੱਲ ਕੱਲ ਕਰਦਿਆਂ ਕਈ ਮਹੀਨੇ ਲੰਘ ਜਾਂਦੇ ਹਨ। ਭਲਾ ਤੁਸੀਂ ਦੱਸੋ ਇਹ ਵੀ ਕੋਈ ਕੰਮ ਕਰਨ ਦਾ ਤਰੀਕਾ ਏ। ਇਹ ਤਨਖ਼ਾਹਾਂ ਵੀ ਮੁਫ਼ਤੀ ਦੀਆਂ ਲੈਂਦੇ ਨੇ।" ਮੈਨੂੰ ਵੀ ਗੁੱਸਾ ਚੜ੍ਹ ਰਿਹਾ ਸੀ।'
''ਚੱਲ ਮਾਰ ਝਾੜੂ, ਆਪਾਂ ਕੀ ਲੈਣਾ ਏ। ਆਪਣਾ ਕੰਮ ਹੋ ਜਾਏ ਫਿਰ ਪਤਾ ਨਹੀਂ ਅਸਾਂ ਵਾਪਸ ਦੇਸ ਨੂੰ ਆਉਣਾ ਵੀ ਏ ਕਿ ਨਹੀਂ।"
ਦਫ਼ਤਰਾਂ ਦਾ ਇਹ ਹਾਲ ਹੈ ਕਿ ਤੁਹਾਡੀ ਫਾਈਲ ਇਕ ਅਫਸਰ ਦੀ ਮੇਜ਼ ਤੋਂ ਦੂਜੇ ਅਫਸਰ ਦੀ ਮੇਜ਼ ਤੇ ਪਹੁੰਚਦਿਆਂ ਵੀ ਕਈ ਹਫਤੇ ਅਤੇ ਕਈ ਵਾਰੀ ਮਹੀਨੇ ਲੱਗ ਜਾਂਦੇ ਹਨ, ਪਰ ਜੇ ਚਪੜਾਸੀਆਂ ਅਤੇ ਅਫਸਰਾਂ ਦੀਆਂ ਜੇਬਾਂ ਭਰ ਦੇਵੋ ਤਾਂ ਕੰਮ ਜ਼ਰਾ ਅੱਗੇ ਚਲਦਾ ਹੈ। ਕਈ ਲੋਕਾਂ ਨੇ ਸਾਨੂੰ ਸੁਝਾਉ ਦਿੱਤਾ ਕਿ 'ਗਾਂਧੀ ਦੀ ਤਸਵੀਰ ਦਿਖਾਉ ਤਾਂ ਕੰਮ ਛੇਤੀ ਹੋ ਜਾਂਦਾ ਹੈ।' ਦਫ਼ਤਰਾਂ ਦੀਆਂ ਕੰਧਾਂ ਤੇ ਪੋਸਟਰ ਲੱਗੇ ਹੋਏ ਹਨ 'ਰਿਸ਼ਵਤ ਲੈਣਾ ਅਤੇ ਦੇਣਾ ਗੁਨਾਹ ਹੈ।' ਸੱਚ ਪੁੱਛੋ ਤਾਂ ਇਹ ਪੋਸਟਰ ਕੰਧਾਂ ਦੀ ਸਜਾਵਟ ਤੋਂ ਸਿਵਾ ਕੁਝ ਨਹੀਂ। ਦਫ਼ਤਰਾਂ ਵਿੱਚ ਹਰ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਰਿਸ਼ਵਤ ਲੈਂਦਾ ਹੈ। ਥੋੜੇ ਹੀ ਮੁਲਾਜ਼ਮ ਹਨ ਜੋ ਇਸ ਬਿਮਾਰੀ ਤੋਂ ਬਚੇ ਹੋਏ ਹਨ। ਰਿਸ਼ਵਤ ਲੈ ਲੈ ਕੇ ਇਨ੍ਹਾਂ ਲੋਕਾਂ ਦਾ ਪੇਟ ਨਹੀਂ ਭਰਦਾ। ਇਹ ਲੋਕ ਪਰਮਾਤਮਾ ਤੋਂ ਵੀ ਨਹੀਂ ਡਰਦੇ।
ਹਰ ਕੋਠੀ ਦੇ ਗਰਾਜ ਉੱਤੇ ਤਕਰੀਬਨ ਪੰਜ ਛੇ ਛੋਟੇ ਛੋਟੇ ਅਪਾਰਟਮੈਂਟ ਬਣੇ ਹੋਏ ਨੇ। ਇਹ ਅਪਾਰਟਮੈਂਟ ਕਿਸੇ ਜੇਲ੍ਹ ਦੇ ਕਮਰੇ ਤੋਂ ਇਲਾਵਾ ਕੁਝ ਨਹੀਂ। ਮਾਲਕ ਕਿਰਾਇਆ ਵੀ ਕੈਸ਼ ਮੰਗਦੇ ਹਨ । ਅਸਲ ਵਿੱਚ ਕਮਰਾ ਕਿਰਾਏ ਤੇ ਚੜ੍ਹਾਉਣ ਲੱਗਿਆਂ ਗਾਹਕ ਦੀ ਸਹੂਲਤ ਦਾ ਵੀ ਖਿਆਲ ਹੋਣਾ ਚਾਹੀਦਾ ਹੈ। ਪਰ ਗਾਹਕ ਦੀ ਤਾਂ ਕੋਈ ਕੀਮਤ ਹੀ ਨਹੀਂ। ਮਾਲਕ ਨੂੰ ਮੂੰਹ ਮੰਗੇ ਪੈਸੇ ਮਿਲ ਜਾਣ ਤਾਂ ਸਹੂਲਤ ਗਈ ਜਹੰਨਮ ਵਿੱਚ। ਕੋਈ ਕਨੂੰਨ ਨਹੀਂ ਜੋ ਕਿਰਾਏਦਾਰ ਦੀ ਮਦਦ ਕਰੇ।
ਹੇਰਾ ਫੇਰੀ ਤਾਂ ਅਮੀਰ ਲੋਕ ਵੀ ਕਰਦੇ ਹਨ, ਅਤੇ ਕਈ ਵਾਰੀ ਗਰੀਬਾਂ ਨਾਲੋਂ ਜ਼ਿਆਦਾ। ਇਕ ਬਹੁਤ ਵੱਡੇ ਫ਼ਿਲਮ ਸਟਾਰ ਨੇ ਇਕ ਫ਼ਿਲਮ ਵਿੱਚ ਮੁਫ਼ਤ ਕੰਮ ਕੀਤਾ ਪਰ ਫ਼ਿਲਮ ਡਾਇਰੈਕਟਰ ਨੇ ਤਿੰਨ ਕਰੋੜ ਦੀ ਕਾਰ ਗਿਫਟ ਵਲੋਂ ਫ਼ਿਲਮ ਸਟਾਰ ਨੂੰ ਭੇਂਟ ਕੀਤੀ। ਇਸਦਾ ਮਤਲਬ ਇਹ ਸੀ ਕਿ ਜੇ ਉਹ ਫ਼ਿਲਮ ਵਿੱਚ ਕੰਮ ਕਰਨ ਦੇ ਪੈਸੇ ਲੈਂਦਾ ਤਾਂ ਟੈਕਸ ਦੇਣਾ ਪੈਣਾ ਸੀ।
ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਪੁਲੀਸ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ, ਪਰ ਹਿੰਦੁਸਤਾਨ ਵਿੱਚ ਤਾਂ ਪੈਸੇ ਤੋਂ ਬਿਨਾਂ ਇਹ ਦਰਵਾਜ਼ਾ ਖੁੱਲ੍ਹਦਾ ਹੀ ਨਹੀਂ। ਅਸੀ ਕਈ ਵਾਰੀ ਦੇਖਿਆ ਕਿ ਪੁਲੀਸ ਵਾਲੇ ਸੜਕਾਂ ਤੇ ਨਾਕੇ ਲਾ ਕੇ ਆਉਂਦੀਆਂ ਜਾਂਦੀਆਂ ਕਾਰਾਂ ਟੈਕਸੀਆਂ ਨੂੰ ਰੋਕ ਲੈਂਦੇ ਹਨ। ਕਸੂਰ ਨਾ ਵੀ ਹੋਵੇ ਤਾਂ ਫਿਰ ਵੀ ਕਹਿ ਦਿੰਦੇ ਹਨ ਕਿ ਉਹ ਕਸੂਰਵਾਰ ਹਨ। ਡਰਾਈਵਰ ਵੀ ਚੁਸਤ ਹਨ, ਪੁਲੀਸ ਵਾਲੇ ਦੀ ਮੁੱਠੀ ਗਰਮ ਕਰਕੇ ਚਲੇ ਜਾਂਦੇ ਹਨ। ਇਸ ਪੈਸੇ ਵਿੱਚੋਂ ਕਿੰਨਾ ਕੁ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਜਮਾਂ ਹੁੰਦਾ ਹੋਵੇਗਾ? ਕੋਈ ਨਹੀਂ ਜਾਣਦਾ।
ਇਕ ਦਿਨ ਅਸੀਂ ਟੈਕਸੀ ਲੈ ਕੇ ਏਅਰਪੋਰਟ ਜਾ ਰਹੇ ਸੀ ਕਿ ਇਕ ਪੁਲੀਸ ਵਾਲੇ ਨੇ ਟੈਕਸੀ ਰੋਕ ਲਈ। ਟੈਕਸੀ ਵਾਲਾ ਪੈਸੇ ਦੇ ਕੇ ਟੈਕਸੀ ਵਿੱਚ ਆ ਬੈਠਾ। ਮੇਰੇ ਪੁੱਛਣ ਤੇ ਉਹ ਕਹਿਣ ਲੱਗਾ ਕਿ ਉਸਨੇ 800 ਰੁਪਏ ਪੁਲੀਸਮੈਨ ਨੂੰ ਦਿੱਤੇ ਹਨ। ਮੈਨੂੰ ਤਰਸ ਆ ਗਿਆ ਤੇ ਮੈ ਆਪਣੇ ਪਰਸ ਵਿੱਚੋਂ 800 ਰੁਪਏ ਉਸ ਟੈਕਸੀ ਵਾਲੇ ਨੂੰ ਦੇ ਦਿੱਤੇ ਕਿ ਉਸ ਨਾਲ ਗਰੀਬ-ਮਾਰ ਹੋਈ ਹੈ। ਬਾਦ ਵਿੱਚ ਪਤਾ ਲੱਗਿਆ ਕਿ ਪੁਲੀਸ ਵਾਲੇ ਹਰ ਟੈਕਸੀ ਵਾਲੇ ਤੋਂ ਇਸ ਤਰ੍ਹਾਂ 200 ਰੁਪਏ ਲੈਂਦੇ ਹਨ। ਇਸ ਵਿੱਚ ਮੇਰਾ ਹੀ ਨੁਕਸਾਨ ਹੋਇਆ। ਇਸ ਹੇਰਾ ਫੇਰੀ ਦੀ ਦੁਨੀਆਂ ਵਿੱਚ ਮੇਰੇ ਵਰਗਾ ਹੀ ਮਾਰਿਆ ਜਾਂਦਾ ਹੈ।
ਹਿੰਦੁਸਤਾਨ ਵਿੱਚ ਹੇਰਾ ਫੇਰੀ, ਰਿਸ਼ਵਤ ਲੈਣਾ ਤੇ ਦੇਣਾ ਲੋਕਾਂ ਦੀ ਆਦਤ ਹੀ ਬਣ ਗਈ ਹੈ। ਇਕ ਦਿਨ ਕਿਸੇ ਦੇ ਘਰ ਅਸੀਂ ਪਾਰਟੀ ਤੇ ਗਏ। ਪੰਜ ਛੇ ਕਾਲਜ ਦੇ ਬੱਚੇ ਗੱਲਾਂ ਕਰ ਰਹੇ ਸਨ। ਬਹੁਤੇ ਬੱਚੇ ਕਹਿ ਰਹੇ ਸਨ ਕਿ ਕਾਲਜ ਦੀ ਪੜ੍ਹਾਈ ਤੋਂ ਬਾਅਦ ਉਹ ਉੱਥੇ ਕੰਮ ਕਰਨਗੇ ਜਿੱਥੇ ਜ਼ਿਆਦਾ ਰਿਸ਼ਵਤ ਮਿਲੇਗੀ। ਮੈਂ ਹੈਰਾਨ ਹੋ ਗਈ ਕਿ ਜੇ ਅੱਜ ਦੇ ਬੱਚੇ ਇਹ ਸੋਚ ਰਹੇ ਹਨ ਤਾਂ ਹਿੰਦੁਸਤਾਨ ਦਾ ਭਵਿੱਖ ਕੀ ਹੋਵੇਗਾ।
ਹਿੰਦੁਸਤਾਨ ਨੇ ਤਰੱਕੀ ਵੀ ਬਹੁਤ ਕੀਤੀ ਹੈ, ਪਰ ਜੇ ਦੇਸ਼ ਵਿਚੋਂ ਚੋਰ ਬਾਜ਼ਾਰੀ, ਰਿਸ਼ਵਤ ਤੇ ਹੇਰਾ ਫੇਰੀ ਨੂੰ ਜੜ੍ਹੋਂ ਹੀ ਕੱਟ ਦਿੱਤਾ ਜਾਵੇ ਤਾਂ ਹਿੰਦੁਸਤਾਨ ਫਿਰ ਸੋਨੇ ਦੀ ਚਿੜੀ ਬਣ ਜਾਵੇਗਾ। ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਉਨ੍ਹਾਂ ਕਨੂੰਨਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
|