| |
ਸਾਡੀਆਂ ਆਦਤਾਂ, ਸਾਡੇ ਸੁਭਾਅ: ਅਸੂਲ।
-ਅਜੀਤ ਸਿੰਘ
ਸਾਡੀਆਂ ਆਦਤਾਂ, ਸੁਭਾਅ ਅਤੇ ਅਸੂਲਾਂ ਦਾ ਮਤਲਬ ਹੈ ਮੇਰੀਆਂ ਆਦਤਾਂ, ਸੁਭਾਅ ਅਤੇ ਅਸੂਲ। ਜੋ ਵੀ ਮੇਰੀਆਂ ਆਦਤਾਂ, ਸੁਭਾਅ ਅਤੇ ਅਸੂਲ ਬਣੇ ਹਨ ਉਨ੍ਹਾਂ ਦਾ ਮੇਰੇ ਆਲੇ-ਦੁਆਲੇ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਕੁਦਰਤ ਵਿੱਚ ਇਹ ਗਲ ਆਮ ਦੇਖਣ ਨੂੰ ਮਿਲੇਗੀ ਕਿ ਹਰ ਇਕ ਜਾਨਦਾਰ ਚੀਜ਼ ਆਪਣੀ ਹੋਂਦ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੁੰਦੀ ਹੈ। ਸੋ ਇਹ ਹੀ ਹੈ ਮੇਰਾ ਸਭ ਤੋ ਪਹਿਲਾ ਸੁਭਾਅ ਜਾਂ ਅਸੂਲ। ਇਸ ਅਸੂਲ ਤੇ ਚਲਦਿਆਂ ਜਦੋਂ ਵੀ ਮੈਨੂੰ ਮੇਰੇ ਆਲੇ-ਦੁਆਲੇ ਵਿੱਚ ਨਫ਼ਰਤ, ਈਰਖਾ, ਕਠੋਰਤਾ, ਕੁੜੱਤਣ, ਅੱਖੜ-ਪੁਣਾ, ਬਦਤਮੀਜ਼ੀ ਤੇ ਬੇਹੂਦਗੀ ਨਜ਼ਰ ਆਈ ਹੈ, ਮੇਰਾ ਰਵਈਆ ਵੀ ਉਸ ਦਾ ਟਾਕਰਾ ਕਰਦਿਆਂ ਹੋਇਆਂ ਕਿਸੇ ਹੱਦ ਤਕ ਉਸ ਦੇ ਅਨੁਕੂਲ ਬਣ ਗਿਆ। ਅਤੇ ਜੇ ਮੈਨੂੰ ਮੇਰੇ ਆਲੇ-ਦੁਆਲੇ ਵਿੱਚ ਸੰਤੁਸ਼ਟ, ਨਿਸ਼ਚਿੰਤ, ਭਰੋਸੇਯੋਗ, ਨਿੱਘਾ, ਸਨੇਹੀ, ਪ੍ਰੇਮੀ, ਰਹਿਮ-ਦਿਲ, ਸ਼ਰੀਫ਼, ਸਾਊ, ਬੀਬਾ, ਦਿਆਲੂ, ਮਿਲਣਸਾਰ ਇਨਸਾਨ ਮਿਲਿਆ ਤਾਂ ਮੇਰਾ ਦਿਲ ਵੀ ਕੀਤਾ ਕਿ ਮੈਂ ਉਸ ਵਰਗਾ ਇਨਸਾਨ ਬਣਾਂ। ਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੇਰੇ ਵਿੱਚ ਵੀ ਉਹ ਸਾਰੇ ਗੁਣ ਅਤੇ ਔਗੁਣ ਮੌਜੂਦ ਹਨ ਜੋ ਮੇਰੇ ਆਲੇ-ਦੁਆਲੇ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦੇ ਹਨ ਅਤੇ ਮੇਰੀਆਂ ਆਦਤਾਂ, ਸੁਭਾਅ ਅਤੇ ਅਸੂਲ ਵੀ ਤਕਰੀਬਨ ਓਹੀ ਹਨ ਜੋ ਮੇਰੇ ਆਲੇ-ਦੁਆਲੇ ਦੇ ਲੋਕਾਂ ਦੇ ਹਨ।
ਕਿਸੇ ਵਜ੍ਹਾ ਕਰਕੇ ਅਸੀਂ ਹਰ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਿਸ ਕਾਰਨ ਅਸੀਂ ਆਪਣੇ ਆਪ ਨੂੰ ਖਾਲੀ ਖਾਲੀ ਮਹਿਸੂਸ ਕਰਦੇ ਰਹਿੰਦੇ ਹਾਂ। ਸੋ ਸੰਤੁਸ਼ਟ ਨਾ ਰਹਿਣਾ ਸਾਡੇ ਸੁਭਾਅ ਦਾ ਅੰਗ ਬਣ ਚੁੱਕਿਆ ਹੈ। ਅਸੀਂ ਹਰ ਵੇਲੇ ਤੁਰਦੇ ਫਿਰਦੇ ਆਪਣੇ ਆਲੇ-ਦੁਆਲੇ ਨੂੰ ਨਾਪਦੇ, ਤੋਲਦੇ, ਅਤੇ ਪਰਖਦੇ ਰਹਿੰਦੇ ਹਾਂ ਅਤੇ ਜੀਵਨ ਦੇ ਹਰ ਅਨੁਭਵ ਨੂੰ ਅਸੀਂ ਡਰ ਅਤੇ ਅਨੰਦ (Fear and Pleasure) ਦੇ ਦੋ ਪਹਿਲੂਆਂ ਰਾਹੀਂ ਵੇਖਦੇ ਹਾਂ। ਕਈ ਤਰ੍ਹਾਂ ਦੇ ਸਦਮੇ (Hurt feelings) ਸਾਡੇ ਸੀਨੇ ਅੰਦਰ ਯਾਦਦਾਸ਼ਤ ਵਿੱਚ ਦਬੇ ਪਏ ਹਨ ਕਿਉਂਕਿ ਹਰ ਅਨੁਭਵ ਡਰ ਜਾਂ ਅਨੰਦ ਦੋਨਾਂ ਵਿੱਚੋਂ ਇਕ ਛਾਪ ਸਾਡੀ ਯਾਦਦਾਸ਼ਤ ਵਿਚ ਛੱਡ ਜਾਂਦਾ ਹੈ। ਇਸ ਯਾਦਦਾਸ਼ਤ ਨੂੰ ਅਸੀ ਭਵਿੱਖ ਵਿੱਚ ਨਿਰਣਾ ਲੈਣ ਲਈ ਵਰਤਦੇ ਹਾਂ। ਸੋ ਸੂਝ, ਅਨੁਭਵ ਜਾਂ ਗਿਆਨ ਇਕੱਠਾ ਕਰਨਾ ਅਤੇ ਭਵਿੱਖ ਵਿੱਚ ਇਸ ਨੂੰ ਨਿਰਣਾ ਲੈਣ ਲਈ ਵਰਤਣਾ ਸਾਡੀ ਆਦਤ ਜਾਂ ਸੁਭਾਅ ਬਣ ਚੁੱਕਿਆ ਹੈ। ਮੈਂ ਪਹਿਲਾਂ ਵੀ ਇਹ ਲਿਖ ਚੁੱਕਿਆ ਹਾਂ ਕਿ ਅੱਜ ਦੀ ਨਵੀਂ ਸਮੱਸਿਆ ਅਸੀਂ ਕੱਲ ਦੇ ਪੁਰਾਣੇ ਗਿਆਨ ਦੇ ਰੀਐਕਸ਼ਨ ਨਾਲ ਹੱਲ ਨਹੀਂ ਕਰ ਸਕਦੇ।
ਜਦੋਂ ਵੀ ਕੋਈ ਨਵਾਂ ਮੌਕਾ, ਹਾਲਾਤ ਜਾਂ ਸਥਿਤੀ ਸਾਡੇ ਸਾਹਮਣੇ ਆਉਂਦੀ ਹੈ, ਅਸੀਂ ਉਸ ਨੂੰ ਦਵੈਤ ਵਾਲੀ ਇਕੱਠੀ ਕੀਤੀ ਹੋਈ ਸੋਝੀ, ਭਾਵ ਪੁਰਾਣੀ ਅਨੁਭਵੀ ਯਾਦਦਾਸ਼ਤ ਦੇ ਚਿਨਾਂ, ਦੁੱਖ-ਸੁਖ, ਖੁਸ਼ੀ-ਗਮੀ, ਠੀਕ-ਗਲਤ, ਚੰਗੀ-ਮੰਦੀ, ਨੈਗੇਟਿਵ-ਪੌਜੇਟਿਵ, ਲਾਭ-ਨੁਕਸਾਨ ਵਗੈਰਾ ਦੀ ਨਿਗਾਹ ਰਾਹੀਂ ਵੇਖਦੇ ਹਾਂ ਅਤੇ ਸਾਡਾ ਧਿਆਨ ਸਥਿਤੀ ਦੀ ਹਕੀਕਤ ਜਿਵੇਂ ਉਹ ਹੈ ਉਸ ਨੂੰ ਉਵੇਂ ਹੀ ਸਮਝਣ ਦੀ ਬਜਾਏ, ਉਲਟਾ ਇਹ ਜਾਣਨ ਵਿੱਚ ਲੱਗਾ ਰਹਿੰਦਾ ਹੈ ਕਿ, ਕੀ ਇਸ ਵਿੱਚ ਮੇਰਾ ਕੋਈ ਫ਼ਾਇਦਾ ਹੋਵੇਗਾ ਜਾਂ ਨੁਕਸਾਨ? ਇਸ ਤਰਾਂ ਕੀਤਾ ਹਰ ਇਕ ਕਾਰਜ ਸਥਿਤੀ ਦੇ ਅਨੁਕੂਲ ਨਹੀਂ ਹੁੰਦਾ, ਸਗੋਂ ਸਾਡੀ ਹਉਮੈ ਦੇ ਅਨੁਕੂਲ ਹੁੰਦਾ ਹੈ ਕਿਉਂਕਿ ਸਾਡੇ ਸਾਰੇ ਪੁਰਾਣੇ ਅਨੁਭਵ ਜਾਂ ਯਾਦਦਾਸ਼ਤ ਵਿੱਚ ਇਕੱਠਾ ਕੀਤਾ ਗਿਆਨ ਹੀ ਤਾਂ ਸਾਡੀ ਹਉਮੈ ਹੈ। ਹਉਮੈ ਦੇ ਰੀਐਕਸ਼ਨ ਨਾਲ ਕੀਤੇ ਕੰਮਾਂ ਵਿੱਚੋਂ ਸਾਨੂੰ ਸੰਤੁਸ਼ਟੀ ਜਾਂ ਪੂਰਤੀ ਨਹੀਂ ਮਿਲ ਸਕਦੀ। ਹਾਂ ਨਫ਼ਾ ਭਾਵੇਂ ਹੋ ਜਾਵੇ। ਡਰ ਤੋਂ ਭਾਵੇਂ ਕਿਨਾਰਾ ਕਰਕੇ ਦੂਰ ਦੂਰ ਭਜਣ ਦੀ ਕੋਸ਼ਿਸ਼ ਵਿੱਚ ਸਫ਼ਲ ਹੋ ਜਾਈਏ ਪਰ ਡਰ ਹਮੇਸ਼ਾ ਸਾਡੇ ਨਾਲ ਸਾਡੇ ਅੰਦਰ ਰਹਿੰਦਾ ਹੈ। ਇਸ ਤਰ੍ਹਾਂ ਅਨੁਭਵਾਤਮਕ ਸੂਝ ਦੀ ਤਰੱਕੀ (Experiential growth of knowledge) ਜੋ ਅਸੀਂ ਹਰ ਵੇਲੇ ਕਰਦੇ ਰਹਿੰਦੇ ਹਾਂ ਸਾਡੇ ਹਉਮੈ ਤੇ ਦੁੱਖ ਦਾ ਕਾਰਨ ਬਣਦੀ ਹੈ, ਜਦੋਂ ਅਗਲਾ ਕੰਮ ਅਸੀਂ ਫਿਰ ਇਸ ਸਮਝ ਦੇ ਜ਼ੋਰ ਤੇ ਕਿਸੇ ਦੂਸਰੇ ਨਫ਼ੇ ਲਈ ਜਾਂ ਡਰ ਤੋਂ ਬਚਣ ਲਈ ਕਰ ਬੈਠਦੇ ਹਾਂ। ਇਸ ਤਰ੍ਹਾਂ ਅਕਲ ਅਤੇ ਅਨੁਭਵੀ ਗਿਆਨ ਦੀ ਤਰੱਕੀ ਕਰਦਿਆਂ ਕਰਦਿਆਂ ਕਈ ਪ੍ਰਕਾਰ ਦੇ ਨਫ਼ੇ ਕਰਦਿਆਂ ਕਰਦਿਆਂ ਅਤੇ ਡਰ ਤੋਂ ਭਜਦਿਆਂ ਭਜਦਿਆਂ ਸਾਡਾ ਬੁਰਾ ਹਾਲ ਹੋ ਚੁੱਕਿਆ ਹੈ ਪਰ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਆਈ। ਕੀ ਇਹ ਹੋ ਸਕਦਾ ਹੈ ਕਿ ਅਸੀਂ ਹਰ ਸਥਿਤੀ ਨੂੰ ਬਿਨਾਂ ਕਿਸੇ ਤੁਲਨਾ ਕੀਤੇ ਅਪਣੀ ਅਨੁਭਵਾਤਮਕ ਸੂਝ ਨਾਲ ਵੇਖਣ ਦੀ ਬਜਾਏ ਜਿਵੇਂ ਵੀ ਉਹ ਹੈ ਉਵੇਂ ਹੀ ਵੇਖ ਸਕੀਏ ਅਤੇ ਹਕੀਕਤ ਨੂੰ ਸਮਝਦਿਆਂ ਹੋਇਆਂ ਹਰ ਕਾਰਜ ਸਥਿਤੀ ਦੇ ਅਨੁਕੂਲ ਕਰ ਸਕੀਏ ਨਾ ਕਿ ਕੇਵਲ ਆਪਣੇ ਮਾਲੀ ਨਫ਼ੇ ਲਈ ਜਾਂ ਕਿਸੇ ਕਾਲਪਨਿਕ ਡਰ ਤੋਂ ਬਚਣ ਲਈ ਕਰੀਏ? ਜੇ ਇਹ ਨਹੀਂ ਹੋ ਸਕਦਾ ਤਾਂ ਸਾਨੂੰ ਜ਼ਿੰਦਗੀ ਵਿੱਚ ਸੰਤੁਸ਼ਟੀ ਜਾਂ ਪੂਰਤੀ ਜਾਂ ਆਤਮਿਕ ਸੁੱਖ ਕਦੇ ਨਹੀਂ ਮਿਲ ਸਕਦਾ।
ਸਾਡੀ ਦੂਸਰੀ ਆਦਤ ਹੈ ਕਿ ਅਸੀਂ ਜ਼ਿੰਦਗੀ ਜੀਵਣ ਲਈ ਬਹੁਤ ਸਾਰੇ ਆਪਣੇ ਅਨੁਭਵੀ ਅਸੂਲ, ਸਿਧਾਂਤ, ਸੂਤਰ ਅਤੇ ਆਦਰਸ਼ ਬਣਾਈ ਬੈਠੇ ਹਾਂ ਜਿਨ੍ਹਾਂ ਨੂੰ ਅਸੀਂ ਅਚੇਤ ਰੂਪ ਵਿੱਚ ਵਰਤਦੇ ਰਹਿੰਦੇ ਹਾਂ। ਜਦੋਂ ਕਈ ਵਾਰ ਸਥਿਤੀ ਐਸੀ ਹੋ ਜਾਵੇ ਕਿ ਕੋਈ ਦੂਸਰਾ ਇਨਸਾਨ ਸਾਡੇ ਬਣਾਏ ਅਸੂਲਾਂ ਦੀ ਉਲੰਘਣਾ ਕਰ ਦੇਵੇ ਤਾਂ ਸਾਨੂੰ ਇਕ ਦਮ ਚੋਟ ਲਗਦੀ ਹੈ ਅਤੇ ਅਸੀਂ ਅਨਜਾਣੇ ਵਿੱਚ ਉਲਟੀ ਹਰਕਤ ਭਾਵ (Reaction) ਕਰ ਬੈਠਦੇ ਹਾਂ।
ਇਕ ਉਦਾਹਰਣ ਜਾਂ ਤਹਿਕੀਕਾਤ:
ਕਾਰ ਚਲਾਉਂਦੇ ਚਲਾਉਂਦੇ ਇਕ ਦਮ ਕੱਸ ਕੇ ਬਰੇਕ ਮਾਰੀ ਤੇ ਬੜੀ ਮੁਸ਼ਕਿਲ ਨਾਲ ਲਾਈਟ ਤੇ ਰੁਕਿਆ, ਨਾਲ ਹੀ ਮੂੰਹ ਵਿੱਚੋਂ ਹਲਕੀ ਜਿਹੀ ਗਾਲ ਨਿਕਲ ਗਈ। ਇਸ ਤਰ੍ਹਾਂ ਕਈ ਵਾਰ ਅਨਜਾਣੇ ਵਿੱਚ ਮੇਰੇ ਨਾਲ ਹੋ ਜਾਂਦਾ ਹੈ। ਕੀ ਇਹ ਮੇਰੀ ਆਦਤ ਹੈ? ਜੇ ਹੈ ਤਾਂ ਕਿਵੇਂ ਬਣੀ ਇਹ ਆਦਤ? ਇਸ ਦੀ ਜੜ੍ਹ ਕੀ ਹੈ? ਆਟੋਮੈਟਿਕ ਰੀਐਕਸ਼ਨ ਦਾ ਮੂਲ, ਜੜ੍ਹ, ਸੋਮਾ ਮੇਰੇ ਅੰਦਰ ਕਿੱਥੇ ਹੈ? ਆਮ ਤੌਰ ਤੇ ਜਦੋਂ ਮੈਂ ਸੁਚੇਤ ਹੋਵਾਂ ਤਾਂ ਜੋ ਵੀ ਮੇਰੇ ਮੂੰਹ ਵਿੱਚੋਂ ਨਿਕਲਦਾ ਹੈ ਉਸ ਪਿੱਛੇ ਦਿਮਾਗ਼ੀ ਸੋਚ, ਯਾਦਦਾਸ਼ਤ ਅਤੇ ਕੋਈ ਨਾ ਕੋਈ ਯੋਜਨਾ ਹੁੰਦੀ ਹੈ, ਜਿਸ ਲਈ ਸਮਾਂ ਤੇ ਊਰਜਾ ਦੀ ਲੋੜ ਹੁੰਦੀ ਹੈ। ਪਰ ਆਟੋਮੈਟਿਕ ਰੀਐਕਸ਼ਨ ਨੂੰ ਊਰਜਾ ਕਿੱਥੋਂ ਮਿਲਦੀ ਹੈ ਤੇ ਇਸ ਵਿੱਚ ਕੋਈ ਸਮਾਂ ਵੀ ਨਹੀਂ ਲਗਦਾ? ਜੇ ਮੇਰੀ ਯਾਦਦਾਸ਼ਤ ਨਾ ਹੋਵੇ ਤਾਂ ਕੀ ਮੇਰਾ ਰੀਐਕਸ਼ਨ ਹੋਵੇਗਾ? ਜੇ ਜੋ ਜੋ ਅਨੁਭਵ ਮੈਂ ਆਪਣੀ ਯਾਦਦਾਸ਼ਤ ਵਿੱਚ ਇਕੱਠੇ ਕੀਤੇ ਹੋਏ ਹਨ ਉਹ ਨਾ ਹੋਣ ਤਾਂ ਕੀ ਮੇਰੀ ਹਉਮੈ ਜਾਂ ਉਸ ਦਾ ਰੀਐਕਸ਼ਨ ਹੋਵੇਗਾ? ਜ਼ਾਹਰ ਹੈ ਕਿ ਨਹੀਂ ਹੋਵੇਗਾ।
ਮੇਰੀ ਹਉਮੈ ਤੇ ਇਸ ਦਾ ਰੀਐਕਸ਼ਨ, ਦੋਹਾਂ ਦੀ ਹੋਂਦ ਦਾ ਕਾਰਨ ਹੈ ਮੇਰੀ ਯਾਦਦਾਸ਼ਤ ਵਿੱਚ ਇਕੱਠਾ ਕੀਤਾ ਹੋਇਆ ਅਨੁਭਵੀ ਗਿਆਨ। ਜੇ ਮੇਰੀ ਯਾਦਦਾਸ਼ਤ ਵਿੱਚ ਦਵੈਤ ਦਾ ਗਿਆਨ ਨਾ ਹੋਵੇ ਤਾਂ ਮੇਰੀ ਹਉਮੈ ਨੂੰ ਰੀਐਕਸ਼ਨ ਕਰਨ ਦੀ ਸੋਚ ਵੀ ਨਾ ਆਵੇ। ਕਿਉਂਕਿ ਮੈਂ ਜ਼ਿੰਦਗੀ ਇਸ ਦਵੈਤ ਦੇ ਗਿਆਨ ਨਾਲ ਨਾਪ ਤੋਲ ਕੇ ਜਿਉਂਦਾ ਹਾਂ ਜਿਸ ਕਾਰਨ ਹਰ ਰੀਐਕਸ਼ਨ ਦਾ ਅਨੁਭਵ ਮੇਰੀ ਯਾਦਦਾਸ਼ਤ ਵਿੱਚ ਦਵੈਤ ਨੂੰ ਵਧਾਉਂਦਾ ਹੀ ਤੁਰਿਆ ਜਾਂਦਾ ਹੈ। ਮੇਰੀ ਸਾਰੀ ਜ਼ਿੰਦਗੀ ਅਗਿਆਨਤਾ ਜਾਂ ਇਸ ਅਚੇਤ ਅਵਸਥਾ ਵਿੱਚ ਦੁੱਖ ਅਤੇ ਤਕਲੀਫ਼ਾਂ ਝੱਲਦਿਆਂ ਹੀ ਕੱਟ ਰਹੀ ਹੈ । ਇਸ ਗੱਲ ਦੀ ਸਮਝ ਆਉਣ ਤੋਂ ਬਾਅਦ ਹੀ ਸੁਚੇਤ ਅਵਸਥਾ ਦਾ ਆਰੰਭ ਹੁੰਦਾ ਹੈ ਜਿਸ ਵਿੱਚ ਦਵੈਤ ਨਹੀਂ ਹੈ।
ਸੋ ਮੈਂ ਤੇ ਮੇਰਾ ਰੀਐਕਸ਼ਨ, ਮੈਂ ਤੇ ਮੇਰਾ ਕ੍ਰੋਧ, ਮੈਂ ਤੇ ਮੇਰਾ ਡਰ, ਮੈਂ ਤੇ ਮੇਰੇ ਸ਼ਿਕਵੇ, ਸ਼ਕਾਇਤਾਂ ਜਾਂ ਗਿਲੇ, ਮੈਂ ਤੇ ਮੇਰੀ ਹਰ ਇਕ ਸੋਚ, ਮੈਂ ਤੇ ਮੇਰੀ ਹਰ ਇਕ ਇੱਛਾ, ਮੈਂ ਤੇ ਮੇਰੀਆਂ ਆਦਤਾਂ, ਸੁਭਾਅ, ਅਸੂਲ, ਫ਼ੈਸਲੇ ਅਤੇ ਨਿਰਣੇ ਸਾਰਾ ਕੁਝ ਮੇਰੀ ਹਉਮੈ ਦੇ ਪਰਛਾਵੇਂ ਹਨ ਅਤੇ ਮੇਰੀ ਯਾਦਦਾਸ਼ਤ ਵਿਚ ਛੁਪ ਕੇ ਬੈਠੇ ਹਨ ਅਤੇ ਸੋਚ ਰਾਹੀਂ ਮੇਰੇ ਹਰ ਇਕ ਰੀਐਕਸ਼ਨ ਨੂੰ ਜਗਾ ਦਿੰਦੇ ਹਨ। ਹਉਮੈ ਅਤੇ ਇਸ ਦੇ ਪਰਛਾਵਿਆਂ ਦੀ ਆਪਣੀ ਕੋਈ ਨਿੱਜੀ, ਜ਼ਾਤੀ ਜਾਂ ਨਿਰੰਕੁਸ਼ ਹੋਂਦ ਨਹੀਂ ਹੈ ਬਲਕੇ ਇਕ ਬਹੁਤ ਵੱਡਾ ਵਹਿਮ, ਛਲ ਤੇ ਭੁਲੇਖਾ (Illusion) ਹੈ।
ਮੈਂ (ਮੇਰੀ ਹਉਮੈ) ਇਹ ਮੰਨਣ ਤੋਂ ਸਾਫ਼ ਇਨਕਾਰ ਕਰਦਾ ਹਾਂ ਕਿ ਮੇਰੇ ਵਿਚ ਕੋਈ ਕਮੀ ਹੈ। ਮੈਂ (ਮੇਰੀ ਹਉਮੈ) ਆਪਣੇ ਆਪ ਨੂੰ ਨੇਕ ਅਤੇ ਸਾਫ਼ ਸੁਥਰਾ ਦਿਖਾਉਣ ਲਈ ਆਪਣੇ ਆਪ ਨੂੰ ਦੋ ਹਿੱਸਿਆ ਵਿੱਚ ਵੰਡ ਲੈਂਦਾ ਹਾਂ; ਇਕ ਮੈਂ (ਮੇਰੀ ਹਉਮੈ) ਅਤੇ ਦੂਸਰਾ ਮੇਰੀ ਹਉਮੈ ਦੇ ਪਰਛਾਵੇਂ ਜਾਂ ਰੀਐਕਸ਼ਨ। ਸੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਡਰ, ਗਿਲੇ, ਸ਼ਿਕਵੇ, ਸ਼ਕਾਇਤਾਂ, ਆਦਤਾਂ, ਸੁਭਾਅ, ਅਸੂਲ, ਨਿਰਣੇ, ਫ਼ੈਸਲੇ, ਸੋਚਾਂ, ਇੱਛਾਵਾਂ ਵਗੈਰਾ ਵਗੈਰਾ ਸਭ ਹਉਮੈ ਦੇ ਪਰਛਾਵੇਂ ਜਾਂ ਰੀਐਕਸ਼ਨ ਹਨ। ਮੈਂ (ਮੇਰੀ ਹਉਮੈ) ਆਪਣੇ ਆਪ ਨੂੰ ਚੰਗਾ ਅਤੇ ਮੇਰੇ ਰੀਐਕਸ਼ਨਾਂ ਨੂੰ ਮਾੜਾ ਕਰਾਰ ਦੇ ਕੇ ਇਨ੍ਹਾਂ ਨਾਲ ਸਾਰੀ ਉਮਰ ਲੜਾਈ ਕਰਦਾ ਰਹਿੰਦਾ ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਕ ਚਿੜੀ ਸ਼ੀਸ਼ੇ ਵਿੱਚ ਆਪਣੇ ਪਰਛਾਵੇਂ ਨਾਲ ਲੜਾਈ ਕਰਦੀ ਰਹਿੰਦੀ ਹੈ। ਇਸ ਗੱਲ ਦਾ ਸਮਝ ਆਉਣਾ ਹੀ ਅਗਿਆਨਤਾ ਦਾ ਨਾਸ਼ ਹੈ ਅਤੇ ਇਹ ਹੀ ਹੈ ਰੁਹਾਨੀਅਤ ਅਤੇ ਧਾਰਮਿਕ ਰਸਤੇ ਦਾ ਪਹਿਲਾ ਤੇ ਆਖਰੀ ਕਦਮ। ਇਸ ਕਦਮ ਦੇ ਪੁੱਟਦਿਆਂ ਹੀ ਦਵੈਤ ਅਲੋਪ ਹੋ ਜਾਂਦੀ ਹੈ ਅਤੇ ਰੁਹਾਨੀਅਤ ਸ਼ੁਰੂ ਹੋ ਜਾਂਦੀ ਹੈ।
ਜੋ ਹੈ ਉਹੀ ਸੱਚ ਹੈ, ਇਸ ਨੂੰ ਮੰਨ ਲੈਣਾ ਹੀ ਰੁਹਾਨੀਅਤ ਹੈ ਅਤੇ ਇਵੇਂ ਨਾ ਕਰ ਸਕਣਾ ਅਗਿਆਨਤਾ ਹੈ। ਇਸ ਅਗਿਆਨਤਾ ਕਾਰਨ ਹੀ ਅਸੀਂ ਅਸ਼ਾਂਤ ਹਾਂ ਅਤੇ ਤਰ੍ਹਾਂ ਤਰ੍ਹਾਂ ਦੇ ਗਲਤ ਆਸਰੇ ਲੱਭਦੇ ਫਿਰਦੇ ਹਾਂ। ਸਚਾਈ ਦੇ ਰਸਤੇ ਤੇ ਚਲਣ ਲਈ ਕੋਈ ਵੀ ਯਕੀਨ, ਵਿਸ਼ਵਾਸ, ਆਸਰਾ, ਸਹਾਰਾ, ਗੁਰੂ, ਫ਼ਾਰਮੂਲਾ, ਰੀਤੀ, ਰਿਵਾਜ, ਸੁਚੱਜਾ ਢੰਗ, ਡਿਸਿਪਲਨ, ਅਨੁਸ਼ਾਸਨ ਜਾਂ ਦਿਖਾਵੇ ਦੀ ਲੋੜ ਨਹੀਂ ਹੈ ਬਲਕਿ ਇਹ ਸਭ ਕੁਝ ਛੱਡ ਕੇ ਇਕੱਲੇ ਹੋ ਕੇ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ। ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਤਹਿਕੀਕਾਤ ਤੇ ਖੋਜ ਕਰਨ ਦੀ ਲੋੜ ਹੈ। ਅਤੇ ਇਕ ਹੀ ਤਹਿਕੀਕਾਤ ਕਾਫ਼ੀ ਹੈ ਆਪਣੇ ਆਪ ਨੂੰ ਜਾਣਨ ਲਈ, ਅਗਿਆਨਤਾ ਖ਼ਤਮ ਕਰਨ ਲਈ ਜਾਂ ਗਿਆਨ-ਪ੍ਰਾਪਤੀ ਕਰਨ ਲਈ।
ਜਦੋਂ ਕਿਸੇ ਰੂਹਾਨੀ ਇਨਸਾਨ ਵਿੱਚ ਸਾਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨਜ਼ਰ ਨਹੀਂ ਆਉਂਦੇ ਤਾਂ ਸਾਡਾ ਹਉਮੈ ਇਸ ਤੋਂ ਕੀ ਅਰਥ ਕੱਢਦਾ ਹੈ? ਜਾਂ ਹਉਮੈ ਰੀਐਕਸ਼ਨ ਵਿੱਚ ਆ ਕੇ ਕੀ ਕਹਿੰਦਾ ਹੈ? ਇਹੀ ਕਿ ਜੇ ਅਸੀਂ ਅਪਣੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਖ਼ਤਮ ਕਰ ਲਈਏ ਤਾਂ ਅਸੀਂ ਵੀ ਰੂਹਾਨੀ ਇਨਸਾਨ ਬਣ ਸਕਦੇ ਹਾਂ। ਹਉਮੈ ਦਾ ਇਹ ਰੀਐਕਸ਼ਨ ਬਿਲਕੁਲ ਗ਼ਲਤ ਹੈ ਅਤੇ ਦਵੈਤ ਬੱਧੀ ਦਾ ਹੈ। ਇਸ ਸੋਚ ਦੇ ਆਉਂਦਿਆਂ ਹੀ ਸਾਡੇ ਕਦਮ ਗ਼ਲਤ ਪਾਸੇ ਉੱਠ ਪੈਂਦੇ ਹਨ ਅਤੇ ਅਸੀਂ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾ। ਇਸ ਸੋਚ ਦੀ ਜੜ੍ਹ ਹੈ ਸਾਡੀ ਅਗਿਆਨਤਾ। ਇਹ ਸੋਚ ਕਿਸੇ ਐਸੇ ਇਨਸਾਨ ਦੀ ਨਹੀਂ ਹੈ ਜੋ ਕਿ ਰੁਹਾਨੀ ਹੈ ਜਾਂ ਰੁਹਾਨੀਅਤ ਦੇ ਰਸਤੇ ਤੇ ਚਲਣਾ ਚਾਹੁੰਦਾ ਹੈ। ਓਹੀ ਇਨਸਾਨ ਰੂਹਾਨੀ ਬਣੇਗਾ ਜਾਂ ਬਣ ਸਕਦਾ ਹੈ ਜੋ ਇਹ ਮੰਨਦਾ ਹੈ ਕਿ ਉਹ ਖੋਟਾ ਹੈ ਨਾ ਕਿ ਉਸ ਵਿਚ ਖੋਟ ਹੈ ਅਤੇ ਉਹ ਖੋਟ ਨੂੰ ਕੂਚ ਕੂਚ ਕੇ ਦੂਰ ਕਰ ਦੇਵੇਗਾ। ਅਜਿਹਾ ਇਨਸਾਨ, ਮੈਂ ਖੋਟਾ ਹਾਂ ਨੂੰ ਆਪਣੀ ਚੇਤਨਾ ਵਿੱਚ ਉਤਾਰ ਲੈਂਦਾ ਹੈ ਜਿਸ ਕਾਰਨ ਉਸ ਦਾ ਖੋਟਾ-ਪਣ ਪਿਘਲ ਪਿਘਲ ਕੇ ਆਪਣੇ ਆਪ ਸੋਨਾ ਬਣ ਸਕੇ।
ਹੇਠਾਂ ਲਿਖੇ ਸਲੋਕ ਇਕ ਰੂਹਾਨੀ ਇਨਸਾਨ ਦੀ ਚੇਤਨਾ ਵਿੱਚ ਵਸੇ ਹੋਏ ਹਨ:
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਂਡਾ ਵੇਸੁ॥
ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ॥
It is immoral to try to be moral because trying is the result of our ego. Why do we want to become virtuous in spite of knowing the reality that we are not so? By consciously trying to achieve the opposite state of what we are keeps us non-virtuous.
Just staying aware of the fact that we are not virtuous and never pretending to become the opposite of that makes us virtuous.
Due to a reaction of our ego, which does not want to accept the fact present in front of it, it generates an idea to be the opposite of what it is and starts chasing that idea and that reaction keeps us non-virtuous.
ਹੇਠਾਂ ਕੁਝ ਸਲੋਕ ਲਿਖ ਰਿਹਾ ਹਾਂ ਜੋ ਇਹ ਦੱਸਦੇ ਹਨ ਕਿ ਦਵੈਤ ਝੂਠ ਹੈ:
ਜੀਵਨ ਮਿਰਤੁ ਨ ਦੁਖ ਸੁਖ ਬਿਆਪੈ ਸੁੰਨ ਸਮਾਧੀ ਦੋਊ ਤਹ ਨਾਹੀ ॥
There is no life or death, no pain or pleasure (no duality) in the Primal Trance of Samaadhi.
ਸੁਰਗ ਬਾਸੁ ਨ ਬਾਛੀਐ ਡਰੀਏ ਨ ਨਰਕਿ ਨਿਵਾਸੁ
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥
Do not wish for heaven and be afraid of hell.
Whatever will happen let it happen and do not choose one over the other.
ਆਖਿਰ ਵਿੱਚ ਇਕ ਪਹਿਰਾ ਜੋ J. Krishnamurti ਨੇ ਲਿਖਿਆ ਹੈ ਹੇਠਾਂ ਦੇ ਰਿਹਾ ਹਾਂ। ਖਿਆਲ ਰੱਖਣਾ, observer ਹੈ ਮੈਂ, ਭਾਵ ਮੇਰੀ ਹਉਮੈ; ਅਤੇ observed ਹੈ a fact, in this case violent. ਸਵਾਲ ਹੈ ਕੀ ਮੈਂ ਅਤੇ violent ਇਕ ਹਨ ਜਾਂ ਅਲੱਗ ਅਲੱਗ ਦੋ ਹਨ?
But when we are dealing with the psychological facts, is the observer different from the thing observed? When I say, I am violent, is the observer, the see-er who says, “I am violent,” different from that which it calls violent? Obviously not. Therefore, when it separates itself from the fact (violent) as the observer, it creates a duality, a conflict and it tries to escape from that conflict through various means, so the observer is not capable of meeting that fact of violence.
-This Light in Oneself by J. Krishnamurti (1895-1986). Page 68
|