ਜਨਵਰੀ 2008:  ਕੀ ਅਸੀਂ ਠੀਕ ਰਾਹ ਤੇ ਜਾ ਰਹੇ ਹਾਂ?

             

   
                     

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਅਜੀਤ ਸਿੰਘ

        

   
                    
   

   ਜਨਵਰੀ 4, 2008 

      

 

ਕੀ ਅਸੀਂ ਠੀਕ ਰਾਹ ਤੇ ਜਾ ਰਹੇ ਹਾਂ?

                                                           -ਪ੍ਰੇਮ ਮਾਨ

ਇਕ ਵਰ੍ਹਾ ਹੋਰ ਲੰਘ ਗਿਆ ਹੈ। ਕੀ ਸੰਸਾਰ ਠੀਕ ਰਸਤੇ ਤੇ ਚੱਲ ਰਿਹਾ ਹੈ ਜਾਂ ਗਲਤ ਰਸਤੇ ਤੇ ਜਾ ਰਿਹਾ ਹੈ? ਵੱਖ ਵੱਖ ਇਨਸਾਨਾਂ ਦੇ ਵੱਖ ਵੱਖ ਜਵਾਬ ਹੋਣਗੇ। ਸਭ ਦਾ ਇਕ ਵਿਚਾਰ ਨਾਲ ਸਹਿਮਤ ਹੋਣਾ ਸੰਭਵ ਨਹੀਂ। ਸੰਸਾਰ ਵਿੱਚ ਬਹੁਤ ਕੁਝ ਠੀਕ ਹੋ ਰਿਹਾ ਹੈ। ਬਹੁਤ ਲੋਕ ਠੀਕ ਰਾਹਾਂ ਤੇ ਤੁਰ ਰਹੇ ਹਨ ਅਤੇ ਠੀਕ ਪਾਸੇ ਜਾਣ ਦੀ ਕੋਸ਼ਿਸ਼ ਵਿੱਚ ਹਨ। ਕੁਝ ਇਨਸਾਨ, ਜਿਨ੍ਹਾਂ ਦੀ ਗਿਣਤੀ ਵੀ ਬਹੁਤ ਹੈ, ਗਲਤ ਰਾਹਾਂ ਤੇ ਤੁਰੇ ਹੋਏ ਹਨ ਅਤੇ ਗਲਤ ਪਾਸੇ ਨੂੰ ਤੁਰੇ ਜਾ ਰਹੇ ਹਨ। ਪਰ ਜੇ ਉਨ੍ਹਾਂ ਨੂੰ ਪੁੱਛੀਏ ਤਾਂ ਉਹ ਇਹੋ ਕਹਿਣਗੇ ਕਿ ਉਨ੍ਹਾਂ ਦਾ ਰਾਹ ਹੀ ਠੀਕ ਰਾਹ ਹੈ। ਗੱਲ ਸਿਰਫ਼ ਸਮਝਣ ਦੀ ਹੈ ਅਤੇ ਦਿਮਾਗ਼ ਦੇ ਸੋਚਣ ਦੀ ਹੈ। ਵੈਸੇ ਵੀ ਵੱਖ ਵੱਖ ਲੋਕ ਵੱਖ ਵੱਖ ਗੱਲਾਂ ਨੂੰ ਸਹੀ ਅਤੇ ਗਲਤ ਸਮਝਦੇ ਹਨ।

            

             ਪਿਛਲੇ ਕੁਝ ਦਹਾਕਿਆਂ ਵਿੱਚ ਸੰਸਾਰ ਵਿੱਚ ਬਹੁਤ ਉੱਨਤੀ ਹੋਈ ਹੈ। ਸਭ ਤੋਂ ਵੱਧ ਤਰੱਕੀ ਟੈਕਨੌਲੋਜੀ ਦੇ ਖੇਤਰ ਵਿੱਚ ਹੋਈ ਹੈ। ਟੈਲੀਵੀਜ਼ਨ, ਕੰਪਿਊਟਰ, ਫ਼ੋਨ, ਇੰਟਰਨੈੱਟ, ਈ ਮੇਲ, ਪਹਿਲਾਂ ਵੀ.ਸੀ.ਆਰ. ਅਤੇ ਫਿਰ ਡੀ.ਵੀ.ਡੀ. ਅਤੇ ਡੀ.ਵੀ.ਡੀ. ਪਲੇਅਰ, ਡਿਜੀਟਲ ਕੈਮਰਾ, ਕੈਮਕਾਰਡਰ, ਆਈ-ਪਾਡ, ਆਈ-ਫ਼ੋਨ ਆਦਿ ਕੁਝ ਕੁ ਖਾਸ ਚੀਜ਼ਾਂ ਹਨ ਜਿਨ੍ਹਾਂ ਦੀ ਕਾਢ ਨਾਲ ਜ਼ਿੰਦਗੀ ਕਈ ਪਹਿਲੂਆਂ ਤੋਂ ਬਹੁਤ ਸੌਖੀ ਹੋ ਗਈ ਹੈ। ਜਦੋਂ ਮੈ 1975 ਵਿੱਚ ਹਿੰਦੁਸਤਾਨ ਛੱਡਿਆ ਸੀ ਤਾਂ ਇੰਗਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਬਹੁਤ ਘੱਟ ਲੋਕਾਂ ਕੋਲ ਫ਼ੋਨ ਸਨ। ਇਨ੍ਹਾਂ ਮੁਲਕਾਂ ਤੋਂ ਹਿੰਦੁਸਤਾਨ ਵਸਦੇ ਮਾਂ-ਪਿਓ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ, ਅਤੇ ਦੋਸਤਾਂ ਨਾਲ ਖ਼ਤ ਲਿਖਕੇ ਹੀ ਸੰਪਰਕ ਰੱਖਿਆ ਜਾਂਦਾ ਸੀ। ਕਈ ਵਾਰੀ ਕਈ ਕਈ ਮਹੀਨੇ ਖ਼ਤ ਲਿਖਣ ਦਾ ਮੌਕਾ ਹੀ ਨਾ ਮਿਲਣਾ। ਫਿਰ ਦੋ-ਤਿੰਨ ਮਹੀਨੇ ਖ਼ਤ ਦਾ ਜਵਾਬ ਆਉਣ ਨੂੰ ਲੱਗ ਜਾਣੇ। ਕੋਈ ਘਟਨਾ ਵਾਪਰ ਜਾਵੇ ਤਾਂ ਕਈ ਵਾਰੀ ਕਈ ਕਈ ਮਹੀਨੇ ਪਤਾ ਹੀ ਨਾ ਲੱਗਣਾ। ਟੈਲੀਗਰਾਮ ਹੀ ਇਕ ਵਸੀਲਾ ਸੀ ਜੋ ਅਜਿਹੇ ਮੌਕੇ ਵਰਤਿਆ ਜਾ ਸਕਦਾ ਸੀ। ਹੁਣ ਅਸੀਂ ਆਪਣੇ ਮਾਂ-ਪਿਓ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ, ਅਤੇ ਦੋਸਤਾਂ ਨਾਲ ਫ਼ੋਨ ਜਾਂ ਈ ਮੇਲ ਤੇ ਝੱਟ ਗੱਲ ਕਰ ਸਕਦੇ ਹਾਂ ਭਾਵੇ ਜਿੰਨੀ ਦੂਰ ਮਰਜ਼ੀ ਵਸਦੇ ਹੋਈਏ। ਦੂਰੀਆਂ ਅਤੇ ਫ਼ਾਸਲੇ ਸੁੰਗੜ ਕੇ ਬਿਲਕੁਲ ਮਾਮੂਲੀ ਜਿਹੇ ਹੋ ਗਏ ਹਨ। ਈ ਮੇਲ ਰਾਹੀਂ ਅਸੀਂ ਇਕੋ ਵੇਲੇ ਸੈਂਕੜੇ ਲੋਕਾਂ ਨੂੰ ਸੁਨੇਹੇ, ਲਿਖਤਾਂ, ਫੋਟੋ, ਫ਼ਿਲਮਾਂ ਆਦਿ ਭੇਜ ਸਕਦੇ ਹਾਂ ਜੋ ਸਕਿੰਟਾਂ ਵਿੱਚ ਦੂਜੇ ਪਾਸੇ ਪਹੁੰਚ ਜਾਂਦੀਆਂ ਹਨ। ਕੰਪਿਊਟਰ ਦੀ ਸਹੂਲਤ ਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਇੰਟਰਨੈੱਟ ਉੱਤੇ ਕਰੋੜਾਂ ਤਰ੍ਹਾਂ ਦੀ ਜਾਣਕਾਰੀ ਝੱਟ ਮਿਲ ਜਾਂਦੀ ਹੈ। ਮੋਬਾਈਲ (ਜਾਂ ਸੈਲ) ਫ਼ੋਨ ਨਾਲ ਕਿਤਿਓਂ ਵੀ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਹਾਂ। ਔਕੜ ਵੇਲੇ ਜਿੰਨਾ ਮੋਬਾਈਲ ਫ਼ੋਨ ਕੰਮ ਆ ਸਕਦਾ ਹੈ ੳਤਨਾਂ ਹੋਰ ਕੁਝ ਵੀ ਨਹੀਂ ਆ ਸਕਦਾ। ਦੋ ਕੁ ਸਾਲ ਪਹਿਲਾਂ ਹੋਈ ਆਈ-ਪਾਡ ਦੀ ਕਾਢ ਕਮਾਲ ਦੀ ਸੀ। ਹਥੇਲੀ ਤੋਂ ਵੀ ਤੀਜੇ ਹਿੱਸੇ ਜਿੰਨੇ ਮੋਬਾਈਲ ਫ਼ੋਨ ਵਰਗੇ ਆਈ-ਪਾਡ ਤੇ ਲੱਖਾਂ ਹੀ ਗਾਣੇ ਅਤੇ ਫ਼ਿਲਮਾਂ ਪਾਈਆਂ ਜਾ ਸਕਦੀਆਂ ਹਨ ਜੋ ਤੁਸੀਂ ਕਿਤੇ ਵੀ ਸੁਣ ਅਤੇ ਦੇਖ ਸਕਦੇ ਹੋ। ਹੁਣ ਆਈ-ਫ਼ੋਨ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਹਥੇਲੀ ਤੋਂ ਵੀ ਛੋਟੇ ਇਸ ਫ਼ੋਨ ਤੇ ਤੁਸੀਂ ਇੰਟਰਨੈੱਟ ਮਿਲਾ ਸਕਦੇ ਹੋ, ਮੌਸਮ ਦੇਖ ਸਕਦੇ ਹੋ, ਸਟਾਕ ਮਾਰਕੀਟ ਬਾਰੇ ਜਾਣਕਾਰੀ ਲੈ ਸਕਦੇ ਹੋ, ਇੰਟਰਨੈੱਟ ਤੇ ਮਿਲਣ ਵਾਲੀ ਹਰ ਚੀਜ਼ ਦੇਖ ਸਕਦੇ ਹੋ, ਫੋਟੋ ਵੀ ਖਿੱਚ ਸਕਦੇ ਹੋ, ਅਤੇ ਇਸ ਵਿੱਚ ਗਾਣੇ ਵੀ ਭਰ ਸਕਦੇ ਹੋ। ਮੇਰੇ ਆਈ-ਪਾਡ ਅਤੇ ਆਈ-ਫ਼ੋਨ ਵਿੱਚ 2000 ਤੋਂ ਵੀ ਵੱਧ ਗਾਣੇ ਹਨ ਜੋ ਹਮੇਸ਼ਾ ਮੇਰੀ ਜੇਬ ਵਿੱਚ ਰਹਿੰਦੇ ਹਨ। ਇਹ ਗਾਣੇ ਨੁਸਰਤ ਤੋਂ ਲੈ ਕੇ ਅਬੀਦਾ ਪ੍ਰਵੀਨ, ਮੁੰਨੀ ਬੇਗਮ, ਗ਼ੁਲਾਮ ਅਲੀ, ਸ਼ਮਸ਼ਾਦ ਬੇਗਮ, ਪੁਰਾਣੀਆਂ ਹਿੰਦੀ ਫ਼ਿਲਮਾਂ ਦੇ ਗੀਤ, ਹੰਸ, ਗੁਰਦਾਸ ਮਾਨ, ਅਤੇ ਇਨਾਇਅਤ ਭੁੱਟੋ ਦੀ ਗਾਈ ਖ਼ੂਬਸੂਰਤ ਹੀਰ ਤੱਕ ਦੇ ਹਨ ਜਿਨ੍ਹਾਂ ਨੂੰ ਮੈਂ ਜਦੋਂ ਚਾਹਾਂ ਕਿਸੇ ਥਾਂ ਤੇ ਵੀ ਸੁਣ ਸਕਦਾ ਹਾਂ। ਆਈ-ਪਾਡ ਅਤੇ ਆਈ-ਫ਼ੋਨ ਉੱਤੇ ਫਿਲਮਾਂ ਵੀ ਪਾਈਆਂ ਜਾ ਸਕਦੀਆਂ ਹਨ। ਡੀ.ਵੀ.ਡੀ. ਅਤੇ ਡਿਜੀਟਲ ਕੈਮਰੇ ਦੀਆਂ ਕਾਢਾਂ ਵੀ ਕਮਾਲ ਦੀਆਂ ਹਨ। ਇਨ੍ਹਾਂ ਸਾਰੀਆਂ ਕਾਢਾਂ ਨੇ ਜਿੱਥੇ ਜ਼ਿੰਦਗੀ ਨੂੰ ਅਨੇਕਾਂ ਸਹੂਲਤਾਂ ਬਖ਼ਸ਼ੀਆਂ ਹਨ ਅਤੇ ਜ਼ਿੰਦਗੀ ਨੂੰ ਅਸਾਨ ਬਣਾਉਣ ਵਿੱਚ ਮਦਦ ਕੀਤੀ ਹੈ ਉੱਥੇ ਇਨ੍ਹਾਂ ਚੀਜ਼ਾਂ ਨੇ ਸਾਨੂੰ ਥੋੜੇ ਜਿਹੇ ਨੁਕਸਾਨ ਵੀ ਪਹੁੰਚਾਏ ਹਨ। ਪਰ ਇਹ ਨੁਕਸਾਨ ਬਹੁਤ ਥੋੜੇ ਹਨ ਅਤੇ ਜ਼ਿਆਦਾਤਰ ਸਾਡੀ ਆਪਣੀ ਬੇਸਮਝੀ ਕਰਕੇ ਹੀ ਇਹ ਨੁਕਸਾਨ ਵਾਪਰਦੇ ਹਨ। ਸਾਡੇ ਵਿੱਚੋਂ ਕਾਫ਼ੀ ਲੋਕ ਇਨ੍ਹਾਂ ਮਸ਼ੀਨਾਂ ਨਾਲ ਮਿਲ ਕੇ ਮਸ਼ੀਨਾਂ ਹੀ ਬਣ ਗਏ ਹਨ ਅਤੇ ਉਨ੍ਹਾਂ ਵਿੱਚੋਂ ਇਨਸਾਨੀਅਤ ਵਾਲੇ ਗੁਣ ਜਾਂਦੇ ਰਹੇ ਹਨ। ਪਰ ਜੇ ਅਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਸੋਚ-ਸਮਝ ਕੇ ਕਰੀਏ ਤਾਂ ਇਨ੍ਹਾਂ ਤੋਂ ਮਿਲੀਆਂ ਸਹੂਲਤਾਂ ਨਾਲ ਅਸੀਂ ਆਪਣੀ ਜ਼ਿੰਦਗੀ ਬਹੁਤ ਸੌਖੀ ਕਰ ਸਕਦੇ ਹਾਂ।

            

             ਪਿਛਲੇ ਕੁਝ ਦਹਾਕਿਆਂ ਵਿੱਚ ਕਈ ਕਿਸਮ ਦੀਆਂ ਨਵੀਆਂ ਬਿਮਾਰੀਆਂ ਵੀ ਹੋਂਦ ਵਿੱਚ ਆਈਆਂ ਹਨ ਅਤੇ ਬਹੁਤ ਸਾਰੀਆਂ ਪੁਰਾਣੀਆਂ ਬਿਮਾਰੀਆਂ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਪਰ ਇਸਦੇ ਨਾਲ ਨਾਲ ਬਿਮਾਰੀਆਂ ਦੇ ਇਲਾਜ ਲਈ ਦੁਆਈਆਂ ਅਤੇ ਹੋਰ ਇਲਾਜਾਂ ਦੀ ਕਾਢ ਵਿੱਚ ਵੀ ਅਸੀਂ ਬਹੁਤ ਅੱਗੇ ਵਧੇ ਹਾਂ। ਜਿੱਥੇ ਖਾਦਾਂ, ਕੀੜੇ-ਮਾਰ ਦੁਆਈਆਂ, ਅਤੇ ਹੋਰ ਬਹੁਤ ਸਾਰੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਨੇ ਕਈ ਨਵੀਆਂ ਅਤੇ ਪੁਰਾਣੀਆਂ ਬਿਮਾਰੀਆਂ ਵਿੱਚ ਵਾਧਾ ਕੀਤਾ ਹੈ ਉੱਥੇ ਸਟੈਮ-ਸੈਲ ਵਰਗੇ ਇਲਾਜਾਂ ਤੇ ਹੋ ਰਹੀ ਖੋਜ ਨੇ ਇਨ੍ਹਾਂ ਬਿਮਾਰੀਆਂ ਨੂੰ ਰੋਕਣ ਦੀ ਆਸ ਵੀ ਵਧਾ ਦਿੱਤੀ ਹੈ।

            

             ਹੋਰ ਪੱਖਾਂ ਤੋਂ ਵੀ ਸੰਸਾਰ ਵਿੱਚ ਬਹੁਤ ਕੁਝ ਚੰਗਾ ਅਤੇ ਮਾੜਾ ਹੋ ਰਿਹਾ ਹੈ। ਇਕ ਪਾਸੇ ਬਹੁਤ ਸਾਰੇ ਲੋਕਾਂ ਵਿੱਚ ਪਿਆਰ, ਸਹਿਣਸ਼ੀਲਤਾ, ਇਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਆਦਿ ਦਾ ਵਿਕਾਸ ਹੋਇਆ ਹੈ ਅਤੇ ਦਿਨ-ਬ-ਦਿਨ ਹੋਰ ਵਿਕਾਸ ਹੋ ਰਿਹਾ ਹੈ। ਕੁਝ ਦੇਰ ਪਹਿਲਾਂ ਵਾਪਰੀ ਸੁਨਾਮੀ ਦੀ ਘਟਨਾ ਵੇਲੇ ਸਾਰੀ ਦੁਨੀਆਂ ਤੋਂ ਜਿਸ ਤਰ੍ਹਾਂ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ ਸੀ ਉਸਦੀ ਦਾਦ ਦਿੱਤੇ ਬਗੈਰ ਨਹੀਂ ਰਿਹਾ ਜਾ ਸਕਦਾ। ਇਸੇ ਤਰ੍ਹਾਂ ਦੀਆਂ ਸੰਸਾਰ ਵਿੱਚ ਵਾਪਰੀਆਂ ਹੋਰ ਆਫ਼ਤਾਂ ਵੇਲੇ ਵੀ ਸਾਰੇ ਸੰਸਾਰ ਤੋਂ ਲੋਕ ਦਿਲ ਖੋਲ ਕੇ ਮਦਦ ਕਰਦੇ ਹਨ। ਪਰ ਦੂਜੇ ਪਾਸੇ ਸੰਸਾਰ ਵਿੱਚ ਅਨੇਕਾਂ ਥਾਂਵਾਂ ਤੇ ਹਜ਼ਾਰਾਂ (ਅਤੇ ਕਈ ਵਾਰੀ ਲੱਖਾਂ) ਮਾਸੂਮ ਲੋਕ ਰੋਜ਼ਾਨਾ ਮਾਰੇ ਜਾਂਦੇ ਹਨ। ਅਨੇਕਾਂ ਮੁਲਕਾਂ ਵਿੱਚ ਲੜਾਈਆਂ ਲਗਾਤਾਰ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਕਈ ਮੁਲਕਾਂ ਵਿੱਚ ਰੋਜ਼ ਹੀ ਦੰਗੇ-ਫ਼ਸਾਦ ਹੋ ਰਹੇ ਹਨ ਜਿਨ੍ਹਾਂ ਦਾ ਅਧਾਰ ਜ਼ਾਤ, ਨਸਲ, ਧਰਮ, ਰਾਜਨੀਤੀ ਆਦਿ ਕੁਝ ਵੀ ਹੋ ਸਕਦਾ ਹੈ। ਹੁਣੇ ਹੁਣੇ ਪਾਕਿਸਤਾਨ ਵਿੱਚ ਬੇਨਜ਼ੀਰ ਭੁੱਟੋ ਦੀ ਜਿਸ ਤਰ੍ਹਾਂ ਹੱਤਿਆ ਹੋਈ ਹੈ ਉਸਨੂੰ ਦੇਖ ਕੇ ਪਾਕਿਸਤਾਨ ਵਰਗੇ ਮੁਲਕਾਂ ਦਾ ਭਵਿੱਖ ਬਿਲਕੁਲ ਹਨੇਰਾ ਦਿਸਦਾ ਹੈ। ਕੀਨੀਆ ਵਿੱਚ ਪਹਿਲੀ ਜਨਵਰੀ ਨੂੰ ਲੋਕਾਂ ਦੇ ਹਜੂਮ ਨੇ ਬਹੁਤ ਸਾਰੇ ਮਾਸੂਮ ਲੋਕਾਂ ਨੂੰ ਜੋ ਗਿਰਜੇ-ਘਰਾਂ ਵਿੱਚ ਲੁਕੇ ਹੋਏ ਸਨ ਅੱਗਾਂ ਲਾ ਕੇ ਜਿਉਂਦੇ ਹੀ ਸਾੜ ਦਿੱਤਾ। ਖ਼ਬਰਾਂ ਅਨੁਸਾਰ ਇਸ ਤਰ੍ਹਾਂ ਮਾਰੇ ਲੋਕਾਂ ਦੀ ਗਿਣਤੀ ਸਿਰਫ਼ ਉਸ ਇਕ ਦਿਨ ਵਿੱਚ 300 ਤੱਕ ਦੀ ਸੀ। ਇਨ੍ਹਾਂ ਦੰਗੇ-ਫ਼ਸਾਦਾਂ ਦਾ ਅਧਾਰ ਕੀਨੀਆ ਵਿੱਚ ਹੁਣੇ ਹੁਣੇ ਹੋਈਆਂ ਚੋਣਾਂ ਵਿੱਚ ਹੋਈ ਹੇਰਾ-ਫੇਰੀ ਸੀ। ਜੋ ਅਫ਼ਗਾਨਿਸਤਾਨ ਅਤੇ ਇਰਾਕ ਦੇ ਹਾਲਾਤ ਹਨ, ਉਸ ਤੋਂ ਅਸੀਂ ਸਾਰੇ ਹੀ ਜਾਣੂੰ ਹਾਂ। ਵੈਸੇ ਇਸ ਵੇਲੇ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਮੁਲਕ ਪਾਕਿਸਤਾਨ ਸਮਝਿਆ ਜਾਂਦਾ ਹੈ। ਅਫ਼ਰੀਕਾ ਦੇ ਕਈ ਮੁਲਕ ਵੀ ਇਹੋ ਜਿਹੀਆਂ ਹਾਲਤਾਂ ਵਿੱਚੋਂ ਪਿਛਲੇ ਕੁਝ ਸਾਲਾਂ ਵਿੱਚ ਲੰਘੇ ਹਨ ਜਾਂ ਹੁਣ ਲੰਘ ਰਹੇ ਹਨ ਜਿਨ੍ਹਾਂ ਵਿੱਚ ਸੁਡਾਨ, ਨਾਈਜੀਰੀਆ, ਰਵਾਂਡਾ, ਲਾਈਬੇਰੀਆ, ਇਥੋਪੀਆ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਨ੍ਹਾਂ ਮੁਲਕਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮਾਸੂਮ ਲੋਕ ਰਾਜਨੀਤਕ ਕਾਰਨਾਂ ਕਰਕੇ ਜਾਂ ਰਾਜਨੀਤਕ ਲੀਡਰਾਂ ਵਲੋਂ ਬਨਾਵਟੀ ਕਾਲ ਪੈਦਾ ਕਰ ਕੇ ਭੁੱਖਾਂ ਨਾਲ ਮਾਰੇ ਜਾਂਦੇ ਹਨ।

            

             ਜਿੱਥੇ ਬਹੁਤ ਸਾਰੇ ਲੋਕ ਆਪਣਾ ਸਭ ਕੁਝ ਹੀ ਦੂਜਿਆਂ ਦੀ ਮਦਦ ਲਈ ਨਿਛਾਵਰ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਉੱਥੇ ਬਹੁਤ ਸਾਰੇ ਲੋਕ ਦੂਜਿਆਂ ਨੂੰ ਹਰ ਤਰ੍ਹਾਂ ਨਾਲ ਹੜੱਪਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਅਮਰੀਕਾ ਦੇ ਧਨਾਢ ਬਿੱਲ ਅਤੇ ਮਲਿੰਡਾ ਗੇਟਸ ਨੇ ਸਿਰਫ਼ ਪਿਛਲੇ ਪੰਜ ਸਾਲਾਂ ਵਿੱਚ ਹੀ ਛੇ ਬਿਲੀਅਨ ਡਾਲਰ ਆਪਣੀ ਫਾਉਂਡੇਸ਼ਨ ਰਾਹੀਂ ਗਰੀਬਾਂ ਲਈ ਦਿੱਤਾ ਹੈ। ਪਿੱਛੇ ਜਿਹੇ ਅਮਰੀਕਾ ਦੇ ਇਕ ਹੋਰ ਧਨਾਢ ਵਾਰਨ ਬਫ਼ਿਟ ਨੇ ਆਪਣੀ 46 ਬਿਲੀਅਨ ਡਾਲਰ ਪੂੰਜੀ ਚੋਂ 35 ਬਿਲੀਅਨ ਡਾਲਰ ਤੋਂ ਵੱਧ ਬਿੱਲ ਅਤੇ ਮਲਿੰਡਾ ਗੇਟਸ ਫਾਉਂਡੇਸ਼ਨ ਰਾਹੀਂ ਗਰੀਬਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ। ਅਮਰੀਕਾ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਗਰੀਬਾਂ ਦੀ ਮਦਦ ਕਰਨ ਲਈ ਬੇਹੱਦ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਰੈੱਡ ਕਰਾਸ, ਯੁਨਾਈਟਡ ਵੇਅ, ਸਾਲਵੇਸ਼ਨ ਆਰਮੀ, ਹੈਬੀਟੈਟ ਫਾਰ ਹੁਮੈਨਿਟੀ, ਫੂਡ ਬੈਂਕ ਆਦਿ ਕਾਫੀ ਸਰਗਰਮ ਹਨ। ਅਮਰੀਕਾ ਦਾ ਰਹਿ ਚੁੱਕਾ ਪ੍ਰਧਾਨ ਜਿੰਮੀ ਕਾਰਟਰ ਖ਼ੁਦ ਹੈਬੀਟੈਟ ਫਾਰ ਹੁਮੈਨਿਟੀ ਨਾਲ ਰਲ ਕੇ ਗਰੀਬ ਲੋਕਾਂ ਲਈ ਘਰ ਬਣਾਉਣ ਵਿੱਚ ਮਦਦ ਕਰਦਾ ਹੈ। ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਦੂਜਿਆਂ ਦਾ ਹਿੱਸਾ ਹੜੱਪਣ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਹਿੰਦੁਸਤਾਨ ਵਰਗੇ ਮੁਲਕਾਂ ਦੀ ਗੱਲ ਤਾਂ ਛੱਡ ਦਿਓ, ਅਮਰੀਕਾ ਵਿੱਚ ਵੀ ਕਾਫੀ ਲੋਕ ਹੇਰਾ ਫੇਰੀ ਕਰਨ ਦੇ ਦੋਸ਼ਾਂ ਵਿੱਚ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ। ਕਈ ਲੋਕ ਦੂਜਿਆਂ ਨੂੰ ਗੁਲਾਮਾਂ ਵਾਂਗ ਰੱਖਦੇ ਹਨ। ਹਿੰਦੁਸਤਾਨ ਵਰਗੇ ਮੁਲਕਾਂ ਵਿੱਚ ਇਹੋ ਜਿਹੀਆਂ ਗੱਲਾਂ ਆਮ ਦਿਸਦੀਆਂ ਹਨ। ਇਨ੍ਹਾਂ ਮੁਲਕਾਂ ਵਿੱਚ ਤਾਂ ਅਫ਼ਸਰ ਵੀ ਆਪਣੇ ਤੋਂ ਹੇਠਲੇ ਮੁਲਾਜ਼ਮਾਂ ਨੂੰ ਗੁਲਾਮ ਹੀ ਸਮਝਦੇ ਹਨ ਅਤੇ ਉਨ੍ਹਾਂ ਨਾਲ ਬਹੁਤ ਭੈੜਾ ਸਲੂਕ ਕਰਦੇ ਹਨ ਜਿਹੜਾ ਸਾਨੂੰ ਅਮਰੀਕਾ ਵਰਗੇ ਮੁਲਕਾਂ ਵਿੱਚ ਆਮ ਤੌਰ ਤੇ ਦੇਖਣ ਵਿੱਚ ਨਹੀਂ ਆਉਂਦਾ।

            

             ਕਈ ਮੁਲਕਾਂ ਵਿੱਚ ਵੱਖ ਵੱਖ ਨਸਲਾਂ, ਰੰਗਾਂ, ਅਤੇ ਧਰਮਾਂ ਦੇ ਲੋਕ ਬਹੁਤ ਹੀ ਪਿਆਰ ਨਾਲ ਰਹਿੰਦੇ ਹਨ। ਥੋੜੇ ਬਹੁਤ ਲੋਕ ਤਾਂ ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਦੂਜੇ ਰੰਗਾਂ ਅਤੇ ਧਰਮਾਂ ਦੇ ਲੋਕਾਂ ਨੂੰ ਨਫ਼ਰਤ ਕਰਦੇ ਹਨ ਪਰ ਉਹ ਇਨ੍ਹਾਂ ਗੱਲਾਂ ਦੇ ਅਧਾਰ ਤੇ ਦੰਗੇ-ਫ਼ਸਾਦ ਨਹੀਂ ਕਰਦੇ। ਪਰ ਹਿੰਦੁਸਤਾਨ ਜਿਹੇ ਮੁਲਕਾਂ ਵਿੱਚ ਹਰ ਰੋਜ਼ ਹੀ ਕਿਧਰੇ ਨਾ ਕਿਧਰੇ ਧਰਮ ਜਾਂ ਜ਼ਾਤ ਵਗੈਰਾ ਦੇ ਨਾਂ ਤੇ ਦੰਗੇ-ਫ਼ਸਾਦ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਹਿੰਦੁਸਤਾਨੀ ਤਾਂ ਅਮਰੀਕਾ ਵਰਗੇ ਮੁਲਕਾਂ ਵਿੱਚ ਆ ਕੇ ਵੀ ਜ਼ਾਤਾਂ ਨੂੰ ਨਹੀਂ ਛੱਡਦੇ। ਹੁਣੇ ਹੁਣੇ 29 ਦਸੰਬਰ ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਰਹਿੰਦੇ ਹਿੰਦੁਸਤਾਨੀ ਮੂਲ ਦੇ 57 ਸਾਲਾਂ ਦੇ ਸੁਭਾਸ਼ ਚੰਦਰ ਨੇ ਆਪਣੀ ਲੜਕੀ ਦੇ ਘਰ ਨੂੰ ਅੱਗ ਲਾ ਦਿੱਤੀ ਜਿਸ ਨਾਲ ਉਸਦੀ 22 ਸਾਲਾਂ ਦੀ ਗਰਭਵਤੀ ਪੁੱਤਰੀ ਰਾਣੀ, ਰਾਣੀ ਦਾ ਪਤੀ ਰਜੇਸ਼ ਕੁਮਾਰ, ਅਤੇ ਉਨ੍ਹਾਂ ਦਾ ਤਿੰਨ ਸਾਲਾਂ ਦਾ ਬੇਟਾ ਜੀਉਂਦੇ ਸੜ ਕੇ ਮਰ ਗਏ। ਸੁਭਾਸ਼ ਚੰਦਰ ਦੇ ਬਿਆਨਾਂ ਅਨੁਸਾਰ ਉਸਨੇ ਉਨ੍ਹਾਂ ਦੇ ਘਰ ਨੂੰ ਅੱਗ ਇਸ ਕਰ ਕੇ ਲਾਈ ਸੀ ਕਿ ਉਸਦੀ ਪੁੱਤਰੀ ਰਾਣੀ ਨੇ ਮਾਂ-ਪਿਓ ਦੀ ਇਜਾਜ਼ਤ ਤੋਂ ਬਗੈਰ ਆਪਣੇ ਤੋਂ ਛੋਟੀ ਜ਼ਾਤ ਦੇ ਰਜੇਸ਼ ਕੁਮਾਰ ਨਾਲ ਸ਼ਾਦੀ ਕਰ ਲਈ ਸੀ। ਦੁਨੀਆਂ ਵਿੱਚ ਸੁਭਾਸ਼ ਚੰਦਰ ਵਰਗੇ ਨਫ਼ਰਤ ਨਾਲ ਭਰੇ ਹੋਏ ਅਨੇਕਾਂ ਲੋਕ ਹਨ। ਜਿੱਥੇ ਇਕ ਪਾਸੇ ਦੁਨੀਆਂ ਵਿੱਚ ਇਹੋ ਜਿਹੇ ਲੋਕ ਹਨ ਜੋ ਦੂਜਿਆਂ ਪ੍ਰਤੀ ਪਿਆਰ ਨਾਲ ਭਰੇ ਹੋਏ ਹਨ ਅਤੇ ਦੂਜਿਆਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੇ ਹਨ, ਉੱਥੇ ਅਜਿਹੇ ਲੋਕ ਵੀ ਬਹੁਤ ਹਨ ਜੋ ਨਫ਼ਰਤ, ਘਿਰਣਾ, ਈਰਖਾ, ਗੁੱਸੇ, ਅਤੇ ਖ਼ੁਦਗਰਜ਼ੀ ਨਾਲ ਨੱਕੋ ਨੱਕ ਭਰੇ ਹੋਏ ਹਨ।

            

             ਇਕ ਹੋਰ ਬਿਮਾਰੀ ਜੋ ਕਿ ਸੰਸਾਰ ਵਿੱਚ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਉਹ ਹੈ ਕੱਟੜਤਾ ਦੀ। ਕੱਟੜਤਾ ਸਿਰਫ਼ ਧਰਮ ਜਾਂ ਰਾਜਨੀਤਕ ਵਿਚਾਰਾਂ ਬਾਰੇ ਹੀ ਨਹੀਂ ਸਗੋਂ ਕਿਸੇ ਵੀ ਵਿਚਾਰ ਬਾਰੇ ਹੋ ਸਕਦੀ ਹੈ। ਕਈ ਵਾਰੀ ਲੋਕ ਗੁੰਮਰਾਹ ਹੋ ਜਾਂਦੇ ਹਨ ਜਾਂ ਕਰ ਦਿੱਤੇ ਜਾਂਦੇ ਹਨ। ਕਈ ਵਾਰੀ ਆਗੂ ਲੋਕਾਂ ਨੂੰ ਗੁੰਮਰਾਹ ਕਰ ਕੇ ਕੱਟੜਤਾ ਦੇ ਖੂਹ ਵਿੱਚ ਧੱਕ ਦਿੰਦੇ ਹਨ। ਇਸ ਕੱਟੜਤਾ ਦੇ ਕਾਰਨ ਹੀ ਕਈ ਮੁਲਕਾਂ ਵਿੱਚ ਲੜਾਈਆਂ-ਝਗੜੇ, ਮਾਰ-ਧਾੜ, ਮਸੂਮਾਂ ਦੀਆਂ ਹੱਤਿਆਵਾਂ ਆਦਿ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ। ਕੱਟੜਤਾ ਆਮ ਤੌਰ ਤੇ ਉਦੋਂ ਇਨਸਾਨ ਦੇ ਦਿਮਾਗ਼ ਵਿੱਚ ਘਰ ਕਰਦੀ ਹੈ ਜਦੋਂ ਸਾਡਾ ਗਿਆਨ ਇਕ ਪਾਸੜ ਹੋਵੇ। ਜੇ ਅਸੀਂ ਬਹੁ-ਪੱਖੀ ਗਿਆਨ ਪ੍ਰਾਪਤ ਕਰੀਏ, ਵੱਖ ਵੱਖ ਮਜ਼ਮੂਨਾਂ ਤੇ ਕਿਤਾਬਾਂ ਪੜ੍ਹੀਏ, ਦੂਜਿਆਂ ਨੂੰ ਸੁਣਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤੀ ਵਾਰੀ ਕੱਟੜਤਾ ਖ਼ਤਮ ਹੋ ਸਕਦੀ ਹੈ। ਕੱਟੜਤਾ ਇਕ ਕਿਸਮ ਦੀ ਬਿਮਾਰੀ ਹੈ ਜਿਸਦਾ ਇਲਾਜ ਕਰਨਾ ਜ਼ਰੂਰੀ ਹੈ। ਦੂਜਿਆਂ ਦੇ ਧਰਮਾਂ, ਵਿਚਾਰਾਂ, ਖਿਆਲਾਂ ਆਦਿ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਸਕਦੀਆਂ ਹਨ।

            

             ਆਓ ਆਪਾਂ ਸਾਰੇ ਰਲ ਕੇ ਇਸ ਸੰਸਾਰ ਨੂੰ ਵਧੀਆ ਬਣਾਈਏ। ਕਈ ਕਹਿਣਗੇ ਕਿ ਥੋੜੇ ਜਿਹੇ ਲੋਕ ਕੀ ਕਰ ਸਕਦੇ ਹਨ। ਪਰ ਜੇ ਇਕ ਇਕ ਕਰਕੇ ਅਸੀਂ ਦੂਜਿਆਂ ਨੂੰ ਨਾਲ ਰਲਾਉਂਦੇ ਜਾਈਏ ਤਾਂ ਬਹੁਤ ਕੁਝ ਹੋ ਸਕਦਾ। ਜੇ ਹਰ ਇਨਸਾਨ ਜ਼ਿੰਦਗੀ ਵਿੱਚ ਘੱਟੋ-ਘੱਟ ਦਸ ਇਨਸਾਨਾਂ ਨੂੰ ਗ਼ਲਤ ਰਾਹਾਂ ਤੇ ਤੁਰਨ ਤੋਂ ਰੋਕ ਸਕੇ, ਉਨ੍ਹਾਂ ਨੂੰ ਕੱਟੜਤਾ ਦੇ ਰਾਹ ਤੋਂ ਹਟਾ ਸਕੇ, ਉਨ੍ਹਾਂ ਦੀ ਨਫ਼ਰਤ, ਈਰਖਾ, ਘਿਰਣਾ, ਅਤੇ ਖ਼ੁਦਗਰਜ਼ੀ ਨੂੰ ਦੂਰ ਕਰ ਸਕੇ ਤਾਂ ਅਸੀਂ ਦੁਨੀਆਂ ਨੂੰ ਬਹੁਤ ਕੁਝ ਦੇ ਸਕਦੇ ਹਾਂ। ਦੁਨੀਆਂ ਵਿੱਚ ਬਹੁਤ ਲੋਕ ਲਿਤਾੜੇ ਹੋਏ ਹਨ ਜਿਨ੍ਹਾਂ ਨੂੰ ਦੋ ਡੰਗ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ। ਜੋ ਲੋਕ ਸਮਰੱਥਾ ਰੱਖਦੇ ਹਨ, ਜੇ ਉਹ ਇਕ ਦੋ ਗਰੀਬ ਪਰਿਵਾਰਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਸਹਾਇਤਾ ਕਰਨ ਤਾਂ ਬਹੁਤ ਕੁਝ ਹੋ ਸਕਦਾ ਹੈ। ਪਰ ਇਹ ਚੰਗੇ ਕੰਮ ਕਰਨ ਦਾ ਤਾਂ ਹੀ ਫ਼ਾਇਦਾ ਹੈ ਜੇ ਇਹ ਬਗੈਰ ਕਿਸੇ ਮਤਲਬ ਦੇ ਚੁੱਪ-ਚਾਪ ਕੀਤੇ ਜਾਣ। ਇਹੋ ਜਿਹੇ ਕੰਮ ਮਾਨ-ਸਨਮਾਨ ਲੈਣ ਲਈ, ਖ਼ਬਰਾਂ ਛਪਾਉਣ ਲਈ, ਜਾਂ ਸ਼ੁਹਰਤ ਖੱਟਣ ਲਈ ਨਹੀਂ ਕੀਤੇ ਜਾਣੇ ਚਾਹੀਦੇ। ਆਓ ਆਪਾਂ ਪੈਸੇ ਨੂੰ ਪਿਆਰ ਕਰਨ ਦੀ ਥਾਂ ਇਨਸਾਨੀਅਤ ਨੂੰ ਪਿਆਰ ਕਰੀਏ। ਝੂਠੇ, ਈਰਖਾਲੂ, ਖ਼ੁਦਗਰਜ਼, ਬੇਈਮਾਨ, ਅਤੇ ਚਾਪਲੂਸ ਲੋਕਾਂ ਨੂੰ ਜਾਂ ਤਾਂ ਬਦਲਣ ਦੀ ਕੋਸ਼ਿਸ਼ ਕਰੀਏ ਅਤੇ ਜਾਂ ਉਨ੍ਹਾਂ ਤੋਂ ਦੂਰ ਰਹੀਏ।

        

   
                         
                         
                    
   

   ਜਨਵਰੀ 9, 2008 

      

 

 

ਆਓ ਵੇਖੀਏ ਕਿ ਅਸੀਂ ਕਿੱਥੇ ਪਹੁੰਚੇ ਹਾਂ?

                                                        -ਅਜੀਤ ਸਿੰਘ

      

ਜੇ ਇਹ ਸਵਾਲ ਨਾ ਕਰੀਏ ,''ਕੀ ਅਸੀਂ ਠੀਕ ਜਾ ਰਹੇ ਹਾਂ ਜਾਂ ਗਲਤ" ਅਤੇ ਕੇਵਲ ਇਹ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਕਿੱਥੇ ਜਾ ਰਹੇ ਹਾਂ ਤਾਂ ਜਿੱਥੇ ਜਾ ਰਹੇ ਹਾਂ ਜਾਂ ਪਹੁੰਚ ਚੁੱਕੇ ਹਾਂ ਉਸਦੀ ਹਕੀਕਤ ਸਾਡੇ ਸਾਹਮਣੇ ਆ ਸਕਦੀ ਹੈ। ਠੀਕ ਜਾਂ ਗਲਤ ਜਾਚਣ ਲਈ ਅਸੀਂ ਆਪਣੇ ਇਕੱਠੇ ਕੀਤੇ ਹੋਏ ਗਿਆਨ ਦੇ ਅਨੁਸਾਰ ਅਲੱਗ ਅਲੱਗ ਜਵਾਬ (ਨਤੀਜੇ) ਲੱਭ ਲੈਂਦੇ ਹਾਂ ਅਤੇ ਭੰਬਲਭੂਸਿਆਂ ਵਿੱਚ ਫਸ ਜਾਂਦੇ ਹਾਂ। ਸਾਨੂੰ ਲਗਦਾ ਹੈ ਕਿ ਸਾਡਾ ਆਪਣਾ ਜਵਾਬ ਹੀ ਠੀਕ ਹੈ ਤੇ ਬਾਕੀ ਸਭ ਦਾ ਗਲਤ। ਲੋੜ ਹੈ ਕਿ ਬਜਾਏ ਅਸਲੀਅਤ ਨੂੰ ਅਸੀਂ ਸਭ ਆਪਣੇ ਆਪਣੇ ਦਿਮਾਗ਼ ਅਨੁਸਾਰ ਅਲੱਗ ਅਲੱਗ ਹਿੱਸਿਆਂ ਵਿੱਚ ਵੰਡ ਲਈਏ, ਅਸੀਂ ਇਸਦੀ ਹਕੀਕਤ ਨੂੰ ਸਮੂਹ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਫਿਰ ਸਭ ਨੂੰ ਅਸਲੀਅਤ ਜੋ ਹੈ ਓਹੀ ਨਜ਼ਰ ਆਵੇਗੀ ਨਾ ਕਿ ਅਲੱਗ ਅਲੱਗ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਅਸਲੀਅਤ ਨੂੰ ਨੁਕਤਾਚੀਨੀ ਜਾਂ ਪਰਖਣ ਵਾਲੀ ਨਿਗਾਹ ਨਾਲ ਨਾ ਵੇਖੀਏ ਜਿਸ ਦਾ ਮਤਲਬ ਹੈ ਕਿ ਅਸੀਂ ਆਪਣੇ ਪੁਰਾਣੇ ਇਕੱਠੇ ਕੀਤੇ ਹੋਏ ਦਿਮਾਗ਼ੀ ਗਿਆਨ ਰਾਹੀਂ ਅਸਲੀਅਤ ਨੂੰ ਨਾ ਛਾਣੀਏ ਜਾਂ ਕਿਸੇ ਕਿਸਮ ਦੀ ਤੁਲਨਾ ਨਾ ਕਰੀਏ ।

             

What we need is a mind that is not made dull by following some kind of authority, a person or a book and is not rigid and locked up in the past but is a very sharp, pliable and innocent mind. A mind that is not choosing, concluding and wasting any energy in that direction and is only observing without commenting; right, wrong, good, bad etc., the reality in the present moment. Only such a mind can observe the reality. Other type of mind only deceives itself and sees what it wants to see and not what the reality is.

             

             ਇਕ ਗੱਲ ਹੋਰ ਕਿ ਸੰਸਾਰ ਮੇਰੇ ਜਾਂ ਤੁਹਾਡੇ ਤੋਂ ਅਲੱਗ ਨਹੀਂ ਹੈ। ਅਸੀਂ ਆਪਣੇ ਹਉਮੈ ਦੇ ਕਾਰਨ ਇਸ ਤੋਂ ਅਲੱਗ ਹੋ ਕੇ ਜ਼ਰੂਰ ਬੈਠੇ ਹਾਂ। ਸੰਸਾਰ ਜਿੱਥੇ ਜਾ ਰਿਹਾ ਹੈ ਉੱਥੇ ਹੀ ਜਾ ਰਿਹਾ ਹੈ ਅਤੇ ਜਿੱਥੇ ਇਹ ਪਹੁੰਚਿਆ ਹੈ ਉਹ ਹੈ ਇਕ ਨਤੀਜਾ। ਇਕ ਨਤੀਜਾ ਜੋ ਕਿ ਹੋ ਚੁੱਕਿਆ ਹੈ ਤੇ ਜਿਸ ਦਾ ਬੀਜ ਹਾਂ ਅਸੀਂ ਖ਼ੁਦ ਆਪ। ਇਕ ਨਤੀਜਾ ਤੇ ਕਿੰਤੂ ਕਰ ਕੇ ਕੁਝ ਨਹੀਂ ਪ੍ਰਾਪਤ ਹੁੰਦਾ ਪਰ ਉਸ ਦੇ ਬੀਜ ਨੂੰ ਸਮਝ ਕੇ ਉਸ ਵਿੱਚ ਤਬਦੀਲੀ ਕਰ ਕੇ ਜ਼ਰੂਰ ਕੁਝ ਨਾ ਕੁਝ ਹੋ ਸਕਦਾ ਹੈ। ਕਿੱਡੀ ਸੌਖੀ ਮਿਸਾਲ ਹੈ: ਇਕ ਕਿੱਕਰ ਦਾ ਦਰਖ਼ਤ ਲੱਗਿਆ ਹੋਇਆ ਹੈ ਤੇ ਉਸ ਨੂੰ ਵੇਖਣ ਵਾਲਾ ਇਨਸਾਨ ਕਹਿ ਰਿਹਾ ਹੈ ਕਿ ਕਿੱਡੀ ਗ਼ਲਤ ਗੱਲ ਹੈ ਕਿ ਇਸ ਨੂੰ ਅੰਬ ਨਹੀਂ ਲੱਗੇ ਹੋਏ। ਜੇ ਲੱਗੇ ਹੁੰਦੇ ਤਾਂ ਖ਼ੂਬ ਖਾਂਦੇ। ਸੋ ਸੰਸਾਰ ਇਕ ਕਿੱਕਰ ਦੇ ਦਰਖ਼ਤ ਵਾਂਗ ਉੱਗ ਚੁੱਕਾ ਹੈ ਅਤੇ ਅਸੀਂ ਕੋਈ ਵੀ ਉਪਰਾਲਾ ਕਰਕੇ, ਪਾਲਿਟੀਸ਼ਅਨ ਬਦਲ ਕੇ, ਅੱਤਵਾਦ ਖ਼ਤਮ ਕਰਕੇ, ਭਲਾਈ ਵਾਲੀਆਂ ਸੰਸਥਾਵਾਂ ਖੋਲ ਕੇ, ਗੰਦਗੀ ਖ਼ਤਮ ਕਰਕੇ, ਚੰਗਿਆਈ ਪੈਦਾ ਕਰਕੇ, ਨਿਆਏ-ਆਲਿਆ ਖੋਲ ਕੇ, ਵਕੀਲ ਬਦਲ ਕੇ, ਧਾਰਮਿਕ ਸੰਸਥਾਵਾਂ ਖੋਲ ਕੇ, ਫੌਜ ਜਾਂ ਬੰਬ ਬਣਾ ਕੇ, ਸਕਿਉਰਟੀ ਵਧਾ ਕੇ, ਚੰਗੇ ਗੁਣ ਪੈਦਾ ਕਰਕੇ ਇਸ ਤੋਂ ਅੰਬ ਨਹੀਂ ਲੈ ਸਕਦੇ। ਜੇ ਇਸ ਤਰ੍ਹਾਂ ਕੁਝ ਹੋ ਸਕਦਾ ਹੁੰਦਾ ਤਾਂ ਅਸੀਂ ਐਸ ਵੇਲੇ ਅੰਬ ਚੂਪ ਰਹੇ ਹੁੰਦੇ ਨਾ ਕਿ ਕਿੱਕਰ ਦੇ ਦਰਖ਼ਤ ਦੇ ਗੰਦੇ ਟਾਹਣੇ ਕੱਟ ਰਹੇ ਹੁੰਦੇ ਜਾਂ ਉਸ ਲਈ ਹੋਰ ਵਧੀਆ ਖਾਦ ਦਾ ਇੰਤਜ਼ਾਮ ਕਰ ਰਹੇ ਹੁੰਦੇ।

            

             ਪ੍ਰੇਮ ਜੀ ਨੇ ਬੜੀ ਹੀ ਮਿਹਨਤ ਅਤੇ ਸੁਚੱਜੇ ਢੰਗ ਨਾਲ ਆਪਣੇ ਦਿਮਾਗ਼ ਅਨੁਸਾਰ ਵੱਖਰੇ ਵੱਖਰੇ ਪੱਖ ਤੋਂ ਇਹ ਸੰਸਾਰ ਕਿੱਥੇ ਪਹੁੰਚ ਗਿਆ ਹੈ ਦੇ ਨਤੀਜੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਕੋਈ ਹੋਰ ਇਸੇ ਹੀ ਨਤੀਜੇ ਨੂੰ ਆਪਣੇ ਦਿਮਾਗ਼ ਅਨੁਸਾਰ ਹੋਰ ਵੀ ਵੱਖਰੇ ਰੂਪ ਵਿੱਚ ਪੇਸ਼ ਕਰ ਸਕਦਾ ਸੀ ਅਤੇ ਜਕੀਕਨ ਤੁਸੀਂ ਸਾਰਿਆਂ ਨੇ ਇਸੇ ਹੀ ਨਤੀਜੇ ਨੂੰ ਬਾਰ ਬਾਰ ਵੱਖਰੇ ਵੱਖਰੇ ਦਿਮਾਗਾਂ ਅਨੁਸਾਰ ਕਈ ਬਾਰ ਪਹਿਲਾਂ ਵੀ ਵੇਖਿਆ ਹੋਵੇਗਾ। ਫਿਰ ਇਹ ਤਾ ਸਾਫ਼ ਹੈ ਜੇ ਮੈਂ ਇਸੇ ਹੀ ਨਤੀਜੇ ਦੀ ਕੋਈ ਹੋਰ ਝਾਕੀ ਤੁਹਾਡੇ ਸਾਹਮਣੇ ਪੇਸ਼ ਕਰ ਵੀ ਦਿਆਂ ਤਾਂ ਉਸ ਨਾਲ ਕੁਝ ਫਰਕ ਨਹੀਂ ਪੈਣ ਲੱਗਾ। ਇਕ ਹੋਰ ਝਾਕੀ ਵੇਖ ਕੇ ਤੁਸੀਂ ਫਿਰ ਆਪੋ ਆਪਣੇ ਚੱਕਰ ਵਿੱਚ ਲੱਗ ਜਾਓਗੇ। ਤਾਂ ਫਿਰ ਮੈਂ ਕੀ ਲਿਖਾਂ ਜਿਸ ਦੀ ਸ਼ੁਰੂਆਤ ਹੀ ਉਸ ਦਾ ਅੰਤ ਬਣ ਜਾਏ? ਜੋ ਆਪਣੇ ਆਪ ਵਿੱਚ ਇਕ ਬੀਜ ਹੋਵੇ ਤੇ ਜਿਸ ਨੂੰ ਲਿਖਣ ਬਾਦ ਦੁਬਾਰਾ ਇਸ ਵਿਸ਼ੇ ਤੇ ਕੁਝ ਲਿਖਣ ਦੀ ਲੋੜ ਨਾ ਪਵੇ?

             

It is important that we begin rightly, as the right beginning is also an end in itself. If we begin rightly then the time is not important because there is nobody who is waiting for a result.

             

             ਜੇ ਸਵਾਲ ਸਹੀ ਪੁੱਛਿਆ ਜਾਵੇ ਤਾਂ ਜਵਾਬ ਉਸ ਦੇ ਅੰਦਰ ਹੀ ਮਿਲ ਜਾਂਦਾ ਹੈ। ਜੇ ਮੈਂ ਸੰਸਾਰ ਤੋਂ ਅਲੱਗ ਨਹੀਂ ਹਾਂ ਤੇ ਇਸ ਨਤੀਜੇ ਦਾ ਬੀਜ ਮੈਂ ਹੀ ਹਾਂ ਤਾਂ ਮੈਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਪਵੇਗਾ। ਮੈਨੂੰ ਆਪਣੇ ਆਪ ਨੂੰ ਬਦਲਨਾ ਪਵੇਗਾ ਨਾ ਕਿ ਆਪਣੇ ਆਲੇ ਦੁਆਲੇ ਦੇ ਦਸ ਇਨਸਾਨਾਂ ਨੂੰ। ਕਿਉਂਕਿ ਮੇਰੇ ਆਲੇ ਦੁਆਲੇ ਦੇ ਦਸ ਇਨਸਾਨਾਂ ਨੂੰ ਤਾਂ ਮੈਂ ਬੜੀ ਦੇਰ ਤੋਂ ਬਦਲਣ ਦੀ ਕੋਸ਼ਿਸ਼ ਵਿੱਚ ਹਾਂ ਅਤੇ ਕੋਈ ਨਹੀਂ ਬਦਲ ਰਿਹਾ। ਮੇਰੀ ਬੀਵੀ-ਬੱਚੇ, ਮਾਂ-ਪਿਓ, ਭੈਣ-ਭਰਾ, ਇਹ ਹਨ ਮੇਰੇ ਆਲੇ ਦੁਆਲੇ ਦੇ ਦਸ ਇਨਸਾਨ ਜੋ ਕਿ ਆਪਣੇ ਆਪ ਵਿੱਚ ਖ਼ੁਦ ਇਕ ਨਤੀਜਾ ਹਨ ਤੇ ਮੇਰੇ ਅਨੁਕੂਲ ਆਪਣੇ ਆਪ ਨੂੰ ਪਹਿਲਾਂ ਹੀ ਢਾਲੀ ਬੈਠੇ ਹਨ। ਜੇ ਮੈਂ ਉਨ੍ਹਾਂ ਨੂੰ ਬਦਲਨ ਲਈ ਕੁਝ ਬੋਲਾਂ, ਬੱਚੇ ਤਾਂ ਲੈਕਚਰ ਟਾਈਮ ਕਹਿ ਕੇ ਉਂਗਲੀਆਂ ਆਪਣੇ ਕੰਨਾਂ ਵਿੱਚ ਲੈ ਲੈਂਦੇ ਹਨ ਜਾਂ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੇ ਹਨ ਪਰ ਸਿਆਣੇ ਵੀ ਕੁਝ ਘੱਟ ਨਹੀਂ। ਭਾਵ ਕਿ ਸੁਣਦਾ ਕੋਈ ਨਹੀਂ। ਮੈਂ ਖ਼ੁਦ ਇਹ ਭੁੱਲ ਜਾਂਦਾ ਹਾਂ ਕਿ ਮੈਂ ਇਕ ਕਿੱਕਰ ਦੇ ਦਰਖ਼ਤ ਤੋਂ ਅੰਬ ਭਾਲਣ ਦੀ ਕੋਸ਼ਿਸ਼ ਵਿੱਚ ਹਾਂ। ਅੱਗੇ ਤੁਸੀਂ ਖੁਦ ਹੀ ਸਮਝਦਾਰ ਹੋ। ਜੇ ਮੈਂ ਇਸ ਨਤੀਜੇ ਦਾ ਬੀਜ ਹਾਂ ਅਤੇ ਮੈਂ ਆਪਣੇ ਆਪ ਨੂੰ ਬਦਲ ਲਵਾਂ ਤਾਂ ਨਤੀਜੇ ਦਾ ਕੀ ਬਣੇਗਾ? ਉਹ ਆਪਣੇ ਆਪ ਨੂੰ ਇਕ ਵਾਰ ਫਿਰ ਮੇਰੇ ਅਨੁਕੂਲ ਨਾ ਢਾਲ ਲਏਗਾ? ਭਾਵ ਮੇਰੇ (ਬੀਜ ਦੇ) ਬਦਲਨ ਨਾਲ ਮੇਰਾ ਆਲਾ ਦੁਆਲਾ ਜ਼ਰੂਰ ਬਦਲੇਗਾ। ਕਿਸੇ ਹੋਰ ਨੂੰ ਜਾ ਸੰਸਾਰ ਨੂੰ ਚੰਗਾ ਬਣਾਉਣ ਲਈ ਮੈਨੂੰ ਆਪਣੇ ਆਪ ਨੂੰ ਬਦਲਨਾ ਪਵੇਗਾ ਪਰ ਮੈਨੂੰ ਇਹ ਕੰਮ ਬੜਾ ਮੁਸ਼ਕਿਲ ਲਗਦਾ ਹੈ ਤੇ ਮੇਰੀ ਉਂਗਲੀ ਰਹਿੰਦੀ ਹੈ ਹਮੇਸ਼ਾ ਬਾਹਰ ਵਲ। ਜਦ ਤੱਕ ਮੈਨੂੰ ਕਿੱਕਰ, ਅੰਬ ਤੇ ਬੀਜ ਦਾ ਮਸਲਾ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਤਦ ਤੱਕ ਮੈਂ ਉਂਗਲੀ ਆਪਣੇ ਆਲੇ ਦੁਆਲੇ ਤੇ ਜਾਂ ਸੰਸਾਰ ਤੇ ਹੀ ਕਰਦਾ ਰਹਾਂਗਾ ਤੇ ਦੁਖੀ ਹੁੰਦਾ ਰਹਾਂਗਾ।

            

             ਇਕ ਕਾਰਨ ਹੋਰ ਵੀ ਹੈ, ਆਪਣੀ ਉਂਗਲੀ ਬਾਹਰ ਵਲ ਕਰਨ ਦਾ। ਮੈਂ ਆਪਣੇ ਆਪ ਨੂੰ ਸੱਤ ਪੜਦਿਆਂ ਵਿੱਚ ਲੁਕੋ ਕੇ ਤੇ ਆਪਣੇ ਆਪ ਤੇ ਇਕ ਚੰਗੇ ਇਨਸਾਨ ਦੀ ਮੋਹਰ ਲਗਾ ਕੇ ਬੈਠਾ ਹੋਇਆ ਹਾਂ। ਮੈਂ ਆਪਣੇ ਆਪ ਤੇ ਕਿੰਤੂ ਕਰਨ ਵਾਲੇ ਹਰ ਦਿਮਾਗ਼ ਨੂੰ ਖ਼ਤਮ ਕਰੀ ਬੈਠਾ ਹਾਂ ਕਿਉਂਕਿ ਮੈਨੂੰ ਕਿੱਕਰ ਤੋਂ ਅੰਬ ਭਾਲਣਾ ਇਕ ਸੌਖਾ ਕੰਮ ਲਗਦਾ ਹੈ ਬਜਾਏ ਅਪਣੀ ਅਸਲੀਅਤ ਸਮਝਣ ਦੇ।

ਅਸੀਂ ਜਿੱਥੇ ਵੀ ਪਹੁੰਚੇ ਹਾਂ ਉੱਥੇ ਲੁਕ ਲੁਕਾ ਕੇ ਅਤੇ ਛੁਪ ਛੁਪਾ ਕੇ ਆਪਣੀ ਉਂਗਲੀ ਬਾਹਰ ਕਰੀ ਬੈਠੇ ਹਾਂ ਅਤੇ ਅਸਲੀਅਤ ਨਾਲ ਸਾਡਾ ਕੋਈ ਸੰਬੰਧ ਨਹੀਂ। ਕਿੱਕਰ ਤੋਂ ਅੰਬ ਭਾਲਣਾ ਸਾਡੀ ਅਸਲੀਅਤ ਬਣ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਜੋ ਮੈਂ ਅੱਜ ਕਹਿ ਰਿਹਾ ਹਾਂ ਅੱਜ ਤੋਂ ਹਜ਼ਾਰਾਂ ਸਾਲ ਬਾਦ ਇਹੀ ਲਫ਼ਜ਼ ਕੋਈ ਹੋਰ ਇਨਸਾਨ ਵੀ ਕਹੇਗਾ ਕਿ ਇਨਸਾਨੀ ਉਂਗਲੀ ਹਮੇਸ਼ਾ ਬਾਹਰ ਵਲ ਹੀ ਕਿਉਂ ਅਟਕੀ ਹੋਈ ਹੈ?