ਜੁਲਾਈ 2008: ਪੰਜਾਬੀ ਭਾਸ਼ਾ: ਵਰਤਮਾਨ ਅਤੇ ਭਵਿੱਖ!

             

 
             
            
 

ਇਸ ਪੰਨੇ ਤੇ ਛਪੇ ਲੇਖਕ:

ਬਰਜਿੰਦਰ ਕੌਰ ਢਿੱਲੋਂ, ਮਹਿੰਦਰ ਭਟਨਾਗਰ

         

 
             
            
 

ਸੰਪਾਦਕੀ ਨੋਟ:

 

ਇਸ ਮਹੀਨੇ ਅਸੀਂ ਆਪਣੇ ਸਹਿਯੋਗੀ ਬਰਜਿੰਦਰ ਕੌਰ ਢਿੱਲੋਂ ਜੀ ਦਾ ਪੰਜਾਬੀ ਭਾਸ਼ਾ ਬਾਰੇ ਲਿਖਿਆ ਲੇਖ ਮੁੱਖ ਲੇਖ (lead article) ਵਜੋਂ ਲਾਉਣ ਦੀ ਖੁਸ਼ੀ ਲੈ ਰਹੇ ਹਾਂ।

 

            ਬਰਜਿੰਦਰ ਕੌਰ ਢਿੱਲੋਂ ਜੀ 45 ਸਾਲਾਂ ਤੋਂ ਕੈਨੇਡਾ ਵਿੱਚ ਆਪਣੇ ਪਤੀ ਨਾਲ ਰਹਿ ਰਹੇ ਹਨ। ਉਨ੍ਹਾਂ ਦੇ ਤਿੰਨ ਬੱਚੇ ਹਨ। ਕਿੱਤੇ ਵਲੋਂ ਕੈਨੇਡਾ ਵਿੱਚ ਸਕੂਲ ਅਧਿਆਪਕਾ ਹਨ। ਅੱਜ ਕੱਲ ਉਹ ਡੈਲਟਾ ਸਕੂਲ ਬੋਰਡ ਵਿੱਚ ਅੰਗਰੇਜ਼ੀ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾ ਰਹੇ ਹਨ। ਬਰਜਿੰਦਰ ਜੀ ਨੇ ਬਹੁਤ ਸਾਰੇ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਯੋਗਦਾਨ ਪਾਇਆ ਹੈ। ਬਰਜਿੰਦਰ ਜੀ ਨੇ ਹੁਣ ਤੱਕ ਤਿੰਨ ਕਿਤਾਬਾਂ ਲਿਖੀਆਂ ਅਤੇ ਛਪਵਾਈਆਂ ਹਨ। ਇਨ੍ਹਾਂ ਵਿੱਚੋਂ ਇਕ ਕਹਾਣੀਆਂ ਦੀ ਕਿਤਾਬ 'ਸਰਦਾਰਨੀ' ਹੈ ਜਿਸ ਵਿੱਚ ਸਾਰੀਆਂ ਕਹਾਣੀਆਂ ਕੈਨੇਡਾ ਵਿੱਚ ਵਸਦੇ ਪਰਵਾਸੀਆਂ ਬਾਰੇ ਹਨ। ਦੂਜੀ ਕਿਤਾਬ 'ਦਹਿਸ਼ਤ 1947' ਇਕ ਡਾਇਰੀ ਵਾਂਗ ਲਿਖੀ ਕਿਤਾਬ ਹੈ ਜਿਸ ਵਿੱਚ ਇਕ 10 ਸਾਲ ਦਾ ਬੱਚਾ ਹਿੰਦੁਸਤਾਨ ਦੀ ਵੰਡ ਵੇਲੇ ਅੱਖੀਂ ਦੇਖੇ ਕਤਲੇਆਮ ਅਤੇ ਤਬਾਹੀ ਨੂੰ ਬਿਆਨ ਕਰਦਾ ਹੈ। ਤੀਜੀ ਕਿਤਾਬ ਚੁਟਕਲਿਆਂ ਬਾਰੇ ਹੈ। ਭਾਵੇਂ ਕਹਾਣੀਆਂ ਲਿਖਣਾ ਉਨ੍ਹਾਂ ਨੂੰ ਜ਼ਿਆਦਾ ਪਸੰਦ ਹੈ, ਬਰਜਿੰਦਰ ਜੀ ਨੇ ਪੰਜਾਬੀ ਅਤੇ ਉਰਦੂ ਵਿੱਚ ਕੁਝ ਕਵਿਤਾਵਾਂ ਵੀ ਲਿਖੀਆਂ ਹਨ। ਬਰਜਿੰਦਰ ਜੀ ਵੈਨਕੂਵਰ ਵਿਖੇ ਪੰਜਾਬੀ ਲੇਖਕ ਮੰਚ ਅਤੇ ਉਰਦੂ ਕੈਨੇਡਾ ਅਸੋਸੀਏਸ਼ਨ ਦੇ ਮੈਂਬਰ ਹਨ। ਬਰਜਿੰਦਰ ਜੀ ਦੀਆਂ ਕੁਝ ਅੰਗਰੇਜ਼ੀ ਵਿੱਚ ਲਿਖੀਆਂ ਕਵਿਤਾਵਾਂ www.poetry.com ਤੇ ਪੜ੍ਹੀਆਂ ਜਾ ਸਕਦੀਆਂ ਹਨ। ਅੱਜ ਕੱਲ ਉਹ ਹਿੰਦੁਸਤਾਨ ਦੀ ਵੰਡ ਵੇਲੇ ਦੀਆਂ ਵਾਰਦਾਤਾਂ ਬਾਰੇ ਲਿਖੀਆਂ ਕਹਾਣੀਆਂ ਅਤੇ ਲੇਖਾਂ ਦੀ ਕਿਤਾਬ ਤਿਆਰ ਕਰ ਰਹੇ ਹਨ। ਲੇਖਕ ਇਸ ਬਾਰੇ ਆਪਣੀਆਂ ਲਿਖਤਾਂ ਉਨ੍ਹਾਂ ਨੂੰ ਭੇਜ ਸਕਦੇ ਹਨ। ਉਨ੍ਹਾਂ ਨਾਲ ਸੰਪਰਕ ਇਸ  ਈਮੇਲ ਤੇ ਕੀਤਾ ਜਾ ਸਕਦਾ ਹੈ:   dhillonjs33@yahoo.com.

         

 
             
            
 

    ਜੁਲਾਈ 2, 2008   

ਪੰਜਾਬੀ ਭਾਸ਼ਾ - ਵਰਤਮਾਨ ਅਤੇ ਭਵਿੱਖ!

                        -ਬਰਜਿੰਦਰ ਕੌਰ ਢਿੱਲੋਂ

 

 

ਪੰਜਾਬੀ ਭਾਸ਼ਾ ਤਿੰਨ ਵਡਿਆਈਆਂ ਕਰਕੇ ਇਕ ਵਿਲੱਖਣ ਭਾਸ਼ਾ ਹੈ:

           

 (1).  ਪਹਿਲੀ ਇਹ ਕਿ ਕੁਝ ਸਾਲ ਪਹਿਲਾਂ ਪੰਜਾਬੀ ਨੂੰ ਛੇ ਹਜ਼ਾਰ ਭਾਸ਼ਾਵਾਂ ਦੇ ਦਰਬਾਰ ਵਿੱਚ 13ਵੀਂ ਕੁਰਸੀ ਤੇ ਬਿਠਾਇਆ ਗਿਆ ਸੀ। ਕੈਨੇਡਾ ਵਿੱਚ ਦਸਵੀਂ ਕੁਰਸੀ ਉੱਤੇ ਤੇ ਸਰੀ ਅਤੇ ਐਬਸਫੋਰਡ, ਬੀ. ਸੀ., ਵਿੱਚ ਚੌਥੇ-ਪੰਜਵੇਂ  ਨੰਬਰ ਤੇ।

           

 (2).  ਦੂਜੀ ਵਡਿਆਈ ਇਸਦੇ ਫੈਲਾਉ ਦੀ ਹੈ। ਇਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਰਹੀ ਹੈ।

           

 (3).  ਤੀਜੀ ਵਡਿਆਈ ਇਸਦੀ ਲੰਬੀ ਉਮਰ ਦੀ ਹੈ। ਇਹ ਭਾਸ਼ਾ ਬਾਬਾ ਫਰੀਦ ਜੀ ਤੋਂ ਵੀ ਪਹਿਲਾਂ ਤੋਂ ਤੁਰੀ ਆ ਰਹੀ ਹੈ।

ਪੰਜਾਬੀ ਭਾਸ਼ਾ ਦਾ ਦੁਨੀਆਂ ਦੀਆਂ ਕੋਈ 6000 ਭਾਸ਼ਾਵਾਂ ਵਿੱਚ ਦਸਵਾਂ ਨੰਬਰ ਹੈ। ਕੋਈ 150 ਲੱਖ ਲੋਕ, 125 ਦੇਸਾਂ ਵਿੱਚ ਪੰਜਾਬੀ ਭਾਸ਼ਾ ਬੋਲਦੇ ਹਨ। ਕਈ ਗੋਰੇ ਸਿਆਸਤਦਾਨ ਵੀ ਸਰੀ ਅਤੇ ਵੈਨਕੂਵਰ (ਕੈਨੇਡਾ) ਵਿੱਚ ਪੰਜਾਬੀ ਭਾਸ਼ਾ ਸਿੱਖ ਰਹੇ ਹਨ।

            

ਪੰਜਾਬੀ ਭਾਸ਼ਾ ਹਮੇਸ਼ਾ ਜ਼ਿੰਦਾ ਰਹੇਗੀ ਪਰ ਰਹੇਗੀ ਮੰਜੇ ਤੇ ਲੰਮੀ ਪਈ। ਜ਼ੁਬਾਨ ਬੰਦ ਰੱਖਣ ਤੇ ਕੌਮਾਂ ਮਰ ਜਾਂਦੀਆਂ ਹਨ। ਕਿਸੇ ਕਵੀ ਦਾ ਕਹਿਣਾ ਹੈ:

            

                            ਮਾਂ ਬੋਲੀ ਨੂੰ ਭੁੱਲ ਜਾਵੋਗੇ, ਕੱਖਾਂ ਵਾਂਗੂ ਰੁਲ ਜਾਵੋਗੇ।

            

ਪੰਜਾਬ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਕਰਦਾ ਸੀ, ਅਤੇ ਅੱਜ ਇਹ ਅੰਗਰੇਜ਼ੀ ਭਾਸ਼ਾ ਦੀ ਗੁਲਾਮੀ ਕਰ ਰਿਹਾ ਹੈ। ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ, ਅਤੇ ਹਰ ਕਸਬੇ ਵਿੱਚ ਅੰਗਰੇਜ਼ੀ ਸਕੂਲ ਖੁੱਲ੍ਹੇ ਹੋਏ ਹਨ। ਇਸਦੀ ਵਜ੍ਹਾ ਹੈ ਕਿ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣ ਸਕੀ ਕਿਉਂਕਿ ਇਸਨੂੰ ਰਾਜਨੀਤਕ ਤਵੱਜੋ ਨਹੀਂ ਮਿਲੀ। ਜੇ ਕਿਸੇ ਸਰਕਾਰ ਨੇ ਇਸ ਵਲ ਧਿਆਨ ਦਿੱਤਾ ਵੀ ਤਾਂ ਅਗਲੀ ਸਰਕਾਰ ਨੇ ਉਸਨੂੰ ਬਦਲ ਦਿੱਤਾ। ਇਸ ਲਈ ਅੰਗਰੇਜ਼ੀ ਨੂੰ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ। ਪੰਜਾਬ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਸ ਪਾਰਟੀ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਪੰਜਾਬ ਦੀ ਤਰੱਕੀ ਅੰਗਰੇਜ਼ੀ ਨਾਲ ਹੀ ਹੋ ਸਕਦੀ ਹੈ। ਜੇ ਅੰਗਰੇਜ਼ੀ ਪਹਿਲੀ ਕਲਾਸ ਤੋਂ ਨਾ ਪੜ੍ਹਾਈ ਗਈ ਤਾਂ ਪੰਜਾਬ ਦੇ ਬੱਚੇ ਹਰ ਖੇਤਰ ਵਿੱਚ ਪਿੱਛੇ ਰਹਿ ਜਾਣਗੇ। ਅੱਜ ਦੀ ਸਰਕਾਰ ਨੇ ਪੰਜਾਬੀ ਭਾਸ਼ਾ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਲਾਜ਼ਮੀ ਕਰ ਦਿੱਤੀ ਹੈ, ਪਰ ਦੇਖਣਾ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਕਿੰਨੀ ਕੁ ਤਰੱਕੀ ਹੋਵੇਗੀ। ਕਹਿਣ ਦੀਆਂ ਗੱਲਾਂ ਹੋਰ ਤੇ ਕਹੀ ਹੋਈ ਗੱਲ ਨੂੰ ਅਮਲ ਵਿੱਚ ਲਿਆਉਣਾ ਹੋਰ ਹੈ। ਹਿੰਦੁਸਤਾਨ ਵਿੱਚ ਸਕੂਲਾਂ ਦੀ ਸਿੱਖਿਆ ਲਾਜ਼ਮੀ ਕੀਤੀ ਗਈ ਸੀ ਪਰ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਸਕੂਲ ਨਹੀਂ ਜਾਂਦੇ। ਕਿਸੇ ਸਰਕਾਰ ਨੇ ਇਹ ਦੇਖਣ ਅਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਬੱਚੇ ਸਕੂਲ ਕਿਉਂ ਨਹੀਂ ਜਾਂਦੇ। ਕਨੂੰਨ ਪਾਸ ਹੋ ਜਾਂਦਾ ਹੈ ਪਰ ਅਮਲ ਵਿੱਚ ਬਹੁਤ ਘੱਟ ਆਉਂਦਾ ਹੈ।

            

            ਪੰਜਾਬੀ ਤਾਂ ਹੀ ਵਧ ਫੁੱਲ ਸਕਦੀ ਹੈ ਜੇ ਆਪਾਂ ਪੰਜਾਬੀ ਬੋਲੀਏ, ਸੁਣੀਏ ਅਤੇ ਪੜ੍ਹੀਏ। ਜੇ ਵਿਦੇਸ਼ੀ ਲੋਕ ਪੰਜਾਬੀ ਪੜ੍ਹਨ ਅਤੇ ਬੋਲਣ ਲੱਗ ਪਏ ਹਨ ਤਾਂ ਅਸੀਂ ਪੰਜਾਬੀ ਲੋਕ ਕਿਉਂ ਦੂਜੀਆਂ ਭਾਸ਼ਾਵਾਂ ਦੀ ਪਨਾਹ ਲੈਣ ਲੱਗ ਪਏ ਹਾਂ? ਅਸੀਂ ਕਿਉਂ ਨਹੀਂ ਆਪਣੇ ਸਾਹਿਤ ਨੂੰ ਪੜ੍ਹਦੇ, ਕਿਉਂ ਕਿਤਾਬਾਂ ਬੰਦ ਪਈਆਂ ਰਹਿੰਦੀਆਂ ਹਨ? ਮੈਂ ਇਕ ਮੈਗਜ਼ੀਨ ਵਿੱਚ ਪੜ੍ਹਿਆ ਸੀ:

“An acquaintance of the literature of a society or a country is of prime importance for the understanding of that society or country, because the consciousness of the soul of a society or country gets reflected in its literature also."  History is witness to the authenticity of this statement. Countries have followed the direction determined by the flow of their literature. Every nation needs literature of high quality for its own uplift. As literature of a country attains new heights, the country also develops. We must pay great attention to the literature of our country. If we do not create new literature to meet the requirements of the contemporary issues and situations, all of our efforts will fail and our work will prove unstable.

            

            ਕੈਨੇਡਾ ਵਿੱਚ ਇਕ ਔਰਤ ਮੈਨੂੰ ਕਹਿਣ ਲੱਗੀ, ''ਭੈਣ ਜੀ ਇਹ ਲਿਖਾਰੀ ਲੋਕ ਪੰਜਾਬੀ ਦੀ ਸੇਵਾ ਇਸ ਲਈ ਕਰਦੇ ਹਨ ਤਾਂ ਕਿ ਉਨ੍ਹਾਂ ਦੀਆਂ ਪੰਜਾਬੀ ਵਿੱਚ ਛਪੀਆਂ ਹੋਈਆਂ ਕਿਤਾਬਾਂ ਵਿਕ ਜਾਣ। ਕੰਮਾਂ ਧੰਦਿਆਂ ਤੇ ਤਾਂ ਹਰ ਵੇਲੇ ਲੋਕੀ ਇੰਗਲਿਸ਼ ਹੀ ਬੋਲਦੇ ਹਨ। ਪੰਜਾਬੀ ਪੜ੍ਹ ਕੇ ਕੀ ਕਰਨਾ ਹੈ। ਜੇ ਅਸੀਂ ਵੀ ਭੈਣ ਜੀ ਕਨੇਡਾ ਆਉਣ ਤੋਂ ਪਹਿਲਾਂ ਅੰਗਰੇਜ਼ੀ ਜਾਣਦੇ ਹੁੰਦੇ ਤਾਂ ਅੱਜ ਅਸੀਂ ਕਨੇਡਾ ਵਿੱਚ ਚੰਗੀਆਂ ਜਾਬਾਂ ਤੇ ਨਾ ਲੱਗੇ ਹੁੰਦੇ?''

            

            ਬੇਸ਼ੱਕ ਇੰਗਲਿਸ਼ ਕੈਨੇਡਾ ਵਿੱਚ ਰੋਜ਼ਗਾਰ ਦੀ ਭਾਸ਼ਾ ਹੈ, ਪਰ ਮੇਰੇ ਖਿਆਲ ਵਿੱਚ ਜੇ ਪੰਜਾਬੀ ਵਿੱਚ ਲਿਖੇ ਸਾਹਿਤ ਨੂੰ ਪੜ੍ਹਨ ਦੇ ਬਹਾਨੇ ਹੀ ਲੋਕ ਆਪਣੀ ਬੋਲੀ ਸਿੱਖ ਲੈਣ ਤਾਂ ਕੀ ਹਰਜ ਹੈ? ਕੈਨੇਡਾ ਵਿੱਚ ਉੱਚੀ ਪੱਧਰ ਦੇ ਪੰਜਾਬੀ ਲਿਖਾਰੀ ਪਹਿਲਾਂ ਤਾਂ ਕੋਈ ਸਨ ਹੀ ਨਹੀਂ ਪਰ ਅੱਜ ਕੱਲ ਬਹੁਤ ਨਵੇਂ ਅਤੇ ਉੱਚ ਪੱਧਰ ਦੇ ਲਿਖਾਰੀ ਹਨ। ਇਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਦਾ ਲੋਕਾਂ ਵਿੱਚ ਉਤਸ਼ਾਹ ਵਧਾਉਣਾ ਚਾਹੀਦਾ ਹੈ।

            

            ਮੇਰੀ ਨਵੀਂ ਕਿਤਾਬ, 'ਦਹਿਸ਼ਤ 1947' ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਰਿਲੀਜ਼ ਹੋਈ ਸੀ। ਮੈਂ ਬੜੇ ਚਾਵਾਂ ਨਾਲ ਉਹ ਕਿਤਾਬ ਇਕ ਦੋਸਤ ਦੇ ਘਰ ਤੋਹਫ਼ੇ ਦੇ ਤੌਰ ਤੇ ਦੇਣ ਲਈ ਲੈ ਕੇ ਗਈ। ਮੈਂ ਸੋਚ ਰਹੀ ਸੀ ਕਿ ਉਹ ਦੋਸਤ ਮੈਨੂੰ ਸ਼ਾਬਾਸ਼ ਦੇਣਗੇ ਕਿ ਮੈਂ 45 ਸਾਲ ਕੈਨੇਡਾ ਦੇ ਇੰਗਲਿਸ਼ ਮਹੌਲ ਵਿੱਚ ਰਹਿ ਕੇ ਅਤੇ ਸਕੂਲ ਵਿੱਚ ਕੈਨੇਡੀਅਨਜ਼ ਨੂੰ ਇੰਗਲਿਸ਼ ਸਿਖਾ ਕੇ ਹਾਲੇ ਵੀ ਪੰਜਾਬੀ ਭਾਸ਼ਾ ਭੁੱਲੀ ਨਹੀਂ। ਮੈਨੂੰ ਇਹ ਸੁਣਕੇ ਬਹੁਤ ਦੁੱਖ ਲੱਗਿਆ ਜਦੋਂ ਦੋਵੇਂ ਮੀਆਂ ਬੀਵੀ ਪੰਜਾਬੀ ਹੁੰਦਿਆਂ ਹੋਇਆਂ ਵੀ ਕਹਿਣ ਲੱਗੇ, ''ਸਾਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ । ਅੰਗਰੇਜ਼ੀ ਵਿੱਚ ਲਿਖੋ, ਫਿਰ ਸਾਨੂੰ ਪੜ੍ਹਨ ਦਾ ਮਜ਼ਾ ਆਵੇਗਾ।"

ਮੈਂ ਵੀ ਕਿਹੜੀ ਘੱਟ ਸਾਂ, ਝੱਟ ਪੁੱਛ ਲਿਆ, ''ਸਕੂਲ ਵਿੱਚ ਕਿਹੜੀ ਭਾਸ਼ਾ ਪੜ੍ਹੀ ਸੀ, ਤੁਸੀਂ?"

''ਪੜ੍ਹੀ ਤਾਂ ਪੰਜਾਬੀ ਸੀ, ਪਰ ਭੁੱਲ ਗਈ ਏ। ਥੌਨੂੰ ਪਤਾ ਹੀ ਹੈ ਨਾ ਬਰਜਿੰਦਰ ਜੀ, ਅੱਜ ਕੱਲ ਹਿੰਦੀ ਅਤੇ ਅੰਗਰੇਜ਼ੀ ਹੀ ਸੁਸਾਇਟੀ ਵਿੱਚ ਬੋਲੀ ਜਾਂਦੀ ਹੈ।" ਮੈਂ ਤਾਂ ਕਿਤਾਬਾਂ ਵਾਪਸ ਲੈ ਆਉਣੀਆਂ ਸਨ ਪਰ ਮੈਂ ਉਨ੍ਹਾਂ ਦੀ ਹੱਤਕ ਨਹੀਂ ਸੀ ਕਰਨਾ ਚਾਹੁੰਦੀ।

            

            ਜ਼ਰਾ ਸੋਚੋ, ਜੇ ਅਸੀਂ ਪੰਜਾਬੀ ਲੋਕ ਆਪਣੀ ਮਾਤ ਭਾਸ਼ਾ ਨਹੀਂ ਬੋਲਾਂਗੇ ਅਤੇ ਪੜ੍ਹਾਂਗੇ ਤਾਂ ਕੌਣ ਇਸ ਨੂੰ ਜ਼ਿੰਦਾ ਰੱਖੇਗਾ? ਕੈਨੇਡਾ ਵਿੱਚ ਵੀ ਬਹੁਤ ਸਾਰੇ ਲੋਕ ਮੈਂ ਦੇਖੇ ਹਨ ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਪਰ ਕਿਉਂ?

            

ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਬੀ. ਸੀ. ਸੂਬੇ ਦੇ ਐਮ. ਐਲ. ਏ. ਸੂਅ ਹੈਮਲ ਅਤੇ ਬਰੂਸ ਰਾਲਸਟਨ ਦੋਵੇਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਰੀ ਕੈਂਪਸ ਵਿੱਚ ਪੰਜਾਬੀ ਸਿੱਖ ਰਹੇ ਹਨ। ਇਸ ਤੋਂ ਇਲਾਵਾ ਵੈਨਕੂਵਰ ਦੇ ਮੇਅਰ ਸੈਮ ਸਲੀਵਾਨ ਅਤੇ ਹੋਰ ਕਈ ਨੌਨ-ਪੰਜਾਬੀ ਲੋਕ ਵੀ ਪੰਜਾਬੀ ਸਿੱਖ ਰਹੇ ਹਨ।

           

            ਅੱਜ ਤੋਂ ਕੋਈ 30 ਸਾਲ ਪਹਿਲਾਂ ਦਾ ਵਾਕਿਆ ਹੈ ਕਿ ਕੁਝ ਕੈਨੇਡੀਅਨ ਔਰਤਾਂ ਮੇਰੇ ਕੋਲੋਂ ਪੰਜਾਬੀ ਸਿੱਖਣ ਲਈ ਤਰਲੇ ਕਰਨ ਲੱਗੀਆਂ। ਉਹ ਔਰਤਾਂ ਬੈਂਕ ਵਿੱਚ ਕੰਮ ਕਰਦੀਆਂ ਸਨ। ਬੈਂਕ ਵਿੱਚ ਗਾਹਕ ਵਧਾਉਣ ਦਾ ਸਿਰਫ਼ ਇਕੋ ਹੀ ਰਸਤਾ ਸੀ ਕਿ ਬੈਂਕ ਦੇ ਕਰਮਚਾਰੀ ਪੰਜਾਬੀ ਬੋਲ ਅਤੇ ਸਮਝ ਸਕਣ। ਮੈਂ ਅੰਗਰੇਜ਼ੀ ਪੜ੍ਹਾਉਂਦੀ ਸੀ ਪਰ ਉਨ੍ਹਾਂ ਦਾ ਉਤਸ਼ਾਹ ਦੇਖ ਕੇ ਮੈਂ ਉਨ੍ਹਾਂ ਨੂੰ ਆਪਣੇ ਸਕੂਲ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਪੰਜਾਬੀ ਸਿਖਾਉਣ ਲੱਗ ਪਈ। ਪਰ ਇਸ ਦੇ ਉਲਟ ਬਹੁਤ ਸਾਰੇ ਪੰਜਾਬੀ ਲੋਕਾਂ ਨੂੰ ਕੈਨੇਡਾ ਵਿੱਚ ਪੰਜਾਬੀ ਸਿੱਖਣ ਦਾ ਐਨਾ ਸ਼ੌਕ ਨਹੀਂ। ਮੇਰੀਆਂ ਕਲਾਸਾਂ ਵਿੱਚ ਕਈ ਇਹੋ ਜਿਹੇ ਪੰਜਾਬੀ ਵਿਦਿਆਰਥੀ ਵੀ ਹਨ ਜੋ ਕਿ ਪੰਜਾਬੀ ਵੀ ਨਹੀਂ ਪੜ੍ਹ ਸਕਦੇ, ਅਸਲ ਵਿੱਚ ਉਹ ਕੋਈ ਭਾਸ਼ਾ ਵੀ ਨਹੀਂ ਪੜ੍ਹ ਸਕਦੇ। ਪੁੱਛਣ ਤੇ ਉਹ ਕਹਿੰਦੇ ਹਨ, ''ਕੰਮ ਕਰਨ ਲਈ, ਕਾਰ ਚਲਾਉਣ ਲਈ ਸਾਨੂੰ ਅੰਗਰੇਜ਼ੀ ਬੋਲਣੀ ਆਉਣੀ ਜ਼ਰੂਰੀ ਹੈ, ਅਸੀਂ ਪੰਜਾਬੀ ਤੋਂ ਕੀ ਲੈਣਾ ਹੈ।"

            

            ਸਕੂਲ ਮੇਰੀ ਕਲਾਸ ਵਿੱਚ ਇਕ ਦਿਨ ਇਕ ਮਾਤਾ ਜੀ ਆਏ ਤੇ ਕਹਿਣ ਲੱਗੇ, ''ਬੇਟਾ, ਮੈਨੂੰ ਤਾਂ ਸਿਰਫ਼ ਟੈਕਸੀ ਬੁਲਾਉਣ ਜੋਗੀ ਅੰਗਰੇਜ਼ੀ ਹੀ ਸਿਖਾ ਦੇ, ਰੱਬ ਤੇਰਾ ਭਲਾ ਕਰੂ।" ਬੇਸ਼ੱਕ ਸਾਨੂੰ ਆਪਣੇ ਕੰਮਾਂ ਧੰਦਿਆਂ ਵਿੱਚ ਇੰਗਲਿਸ਼ ਭਾਸ਼ਾ ਦੀ ਸਖ਼ਤ ਜ਼ਰੂਰਤ ਹੈ ਪਰ ਨਾਲ ਆਪਣੀ ਭਾਸ਼ਾ ਵੀ ਆ ਜਾਵੇ ਤਾਂ ਕੀ ਨੁਕਸਾਨ ਹੈ।

           

            ਇਕ ਵਾਰੀ ਡੇਵਿਡ ਲੈਟਰਮੈਨ ਦੇ ਸ਼ੋਅ ਤੇ ਇਕ ਬਹੁਤ ਹੀ ਪ੍ਰਸਿੱਧ ਯੂਰਪੀਅਨ ਫ਼ਿਲਮ ਸਟਾਰ ਦੀ ਇੰਟਰਵੀਊ ਸੀ। ਡੇਵਿਡ ਉਸਨੂੰ ਕਹਿਣ ਲੱਗਾ, ''You have an accent." ਇਹ ਸੁਣਕੇ ਉਹ ਫ਼ਿਲਮ ਸਟਾਰ ਕਹਿਣ ਲੱਗਾ, “Yes. That shows I speak more than one language and you speak only one. Isn’t it a shame?”

            

            ਰੋਜ਼ਗਾਰ ਦੀ ਭਾਸ਼ਾ ਦੇ ਨਾਲ ਨਾਲ ਸਾਨੂੰ ਆਪਣੀ ਮਾਂ ਬੋਲੀ ਵਲ ਵੀ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਅਤੇ ਪਾਕਿਸਤਾਨ ਵਿੱਚ ਵੀ ਬਹੁਤ ਸਾਰੇ ਲੋਕ ਪੰਜਾਬੀ ਛੱਡ ਕੇ ਅੰਗਰੇਜ਼ੀ, ਉਰਦੂ ਅਤੇ ਹਿੰਦੀ ਭਾਸ਼ਾਵਾਂ ਵੱਲ ਝੁਕ ਰਹੇ ਹਨ। ਇਨ੍ਹਾਂ ਲੋਕਾਂ ਦੇ ਅਨੁਸਾਰ ਪੰਜਾਬੀ ਨਾ ਤਾਂ ਰੋਜ਼ਗਾਰ ਦਿਵਾ ਸਕਦੀ ਹੈ ਤੇ ਨਾ ਹੀ ਸੁਸਾਇਟੀ ਵਿੱਚ ਮਾਣ ਦਿਵਾ ਸਕਦੀ ਹੈ। ਕਿੰਨੇ ਸ਼ਰਮ ਦੀ ਗੱਲ ਹੈ। ਜੇ ਅਸੀਂ ਆਪਣੀ ਮਾਂ ਬੋਲੀ ਨੂੰ ਜ਼ੰਜੀਰਾਂ ਪਾ ਕੇ ਰੱਖਾਂਗੇ ਤੇ ਦੂਜੀਆਂ ਭਾਸ਼ਾਵਾਂ ਨੂੰ ਤਰਜੀਹ ਦੇਵਾਂਗੇ ਤਾਂ ਅਸੀਂ ਨਾ ਘਰ ਦੇ ਤੇ ਨਾ ਹੀ ਘਾਟ ਦੇ ਰਹਾਂਗੇ। ਅਸੀਂ ਪੰਜਾਬੀ ਆਪਣੀ ਹੋਂਦ ਵੀ ਗੁਆ ਬੈਠਾਂਗੇ। ਜਿਸ ਕੌਮ ਦੀ ਭਾਸ਼ਾ ਮਰ ਜਾਂਦੀ ਹੈ, ਉਹ ਕੌਮ ਵੀ ਹੌਲੀ ਹੌਲੀ ਖਤਮ ਹੁੰਦੀ ਜਾਂਦੀ ਹੈ।

            

            ਮੇਰੇ ਪਤੀ ਅਤੇ ਮੈਂ CESO ਵਲੋਂ ਵਲੰਟੀਅਰ ਕੰਮ ਕਰਨ ਸਾਊਥ ਅਮੈਰੇਕਾ ਦੇ ਇਕ ਦੇਸ ਗਾਈਆਨਾ ਗਏ ਸੀ। ਗਾਈਆਨਾ ਵਿੱਚ ਕੋਈ 55% ਲੋਕ ਹਿੰਦੁਸਤਾਨੀ ਹਨ। ਇਹ ਲੋਕ ਕੋਈ 150 ਸਾਲ ਪਹਿਲਾਂ ਉੜੀਸਾ ਅਤੇ ਬਿਹਾਰ ਤੋਂ ਡੈਨਚਰ ਲੇਬਰ ਲਈ ਬੁਲਾਏ ਗਏ ਸਨ। ਗਾਇਨੀਜ਼ ਸਭਿਆਚਾਰਕ ਤੌਰ ਤੇ ਤਾਂ ਹਿੰਦੂ ਹਨ ਪਰ ਲਿੰਗੂਇਸਟੀਕਲੀ ਉਹ ਗਾਇਨੀਜ਼ ਹਨ। ਉਨ੍ਹਾਂ ਦੀ ਭਾਸ਼ਾ ਕਰੀਉਲ ਹੈ ਜਿਹੜੀ ਕਿ ਇੰਗਲਿਸ਼, ਫਰੈਂਚ, ਪੋਰਚੂਗੀਜ਼, ਅਤੇ ਐਮੇਰਿੰਡੀਅਨ ਦਾ ਮਿਲਿਆ ਜੁਲਿਆ ਕੌਨਕੌਸ਼ਨ ਹੈ। ਉਸਨੂੰ ਸਮਝਣ ਲਈ ਵੀ ਪਹਿਲਾਂ ਉਨ੍ਹਾਂ ਦੀ ਭਾਸ਼ਾ ਜਾਣਨੀ ਪੈਂਦੀ ਹੈ। ਉਹ ਲੋਕ ਇਕ ਨਵੀਂ ਕੌਮ ਬਣ ਗਈ ਹੈ ਭਾਵੇਂ ਦੇਖਣ ਵਿੱਚ ਉਹ ਹਿੰਦੁਸਤਾਨੀ ਹੀ ਹਨ। ਭਾਸ਼ਾ ਦੇ ਮਰ ਜਾਣ ਨਾਲ ਉਹ ਕੌਮ ਵੀ ਮਰ ਗਈ ਹੈ ਅਤੇ ਉਸਦੀ ਜਗ੍ਹਾ ਇਕ ਨਵੀਂ ਕੌਮ ਅਤੇ ਇਕ ਨਵੀਂ ਭਾਸ਼ਾ ਪੈਦਾ ਹੋ ਗਈ ਹੈ। ਉਨ੍ਹਾਂ ਦੀਆਂ ਹਿੰਦੁਸਤਾਨ ਵਿੱਚੋਂ ਜੜ੍ਹਾਂ ਹੀ ਕੱਟੀਆਂ ਗਈਆਂ ਹਨ ਸਿਰਫ਼ ਭਾਸ਼ਾ ਦੇ ਮਰਨ ਨਾਲ।

            

            ਸਾਡੇ ਲਈ ਇਹ ਬੜੇ ਹੀ ਫ਼ਖ਼ਰ ਦੀ ਗੱਲ ਹੈ ਕਿ ਅਸੀਂ ਪੰਜਾਬੀ ਨੂੰ ਬਾਹਰਲੇ ਮੁਲਕਾਂ - ਕੈਨੇਡਾ, ਅਮੈਰੇਕਾ, ਗਰੇਟ ਬਰਿਟਨ, ਅਤੇ ਆਸਟਰੇਲੀਆ ਵਿੱਚ ਸਿਰਫ਼ ਜ਼ਿੰਦਾ ਹੀ ਨਹੀਂ ਬਲਕਿ ਬਰਕਰਾਰ ਰੱਖਿਆ ਹੈ। ਅਸੀਂ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਵੀ ਪੰਜਾਬੀ ਬੋਲਣ ਲਾ ਦਿੱਤਾ ਹੈ। ਸਾਡੇ ਵਿੱਚੋਂ ਹੀ ਕਈ ਲੋਕ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਜ਼ਿੰਦਾ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਦਾਹਰਣ ਦੇ ਤੌਰ ਤੇ:

            

PLEA has been trying to raise awareness of the importance of the Punjabi language for our future generations in Canada. Among the difficulties faced in this regard are the lack of locally trained Punjabi teachers, the multimedia teaching resources, text books and teaching aids. And then there is the problem of convincing parents, students and in a way, the community, that learning Punjabi, especially at a school level, is eventually beneficial to the whole community.

            

            ਚੀਨੀ ਲੋਕ ਆਪਸ ਵਿੱਚ ਆਪਣੀ ਭਾਸ਼ਾ ਹੀ ਬੋਲਦੇ ਹਨ। ਕਿਸੇ ਵੀ ਰੈਸਟੋਰੈਂਟ ਚਲੇ ਜਾਉ ਜਾਂ ਸ਼ਾਪਿੰਗ ਸੈਂਟਰ ਚਲੇ ਜਾਉ ਉਹ ਆਪਸ ਵਿੱਚ ਆਪਣੀ ਭਾਸ਼ਾ ਹੀ ਬੋਲਦੇ ਸੁਣਨਗੇ। ਵੀਕਐਂਡਜ਼ ਤੇ ਉਹ ਹੈਰੀਟੇਜ ਲੈਂਗੂਏਜ ਸਕੂਲਾਂ ਵਿੱਚ ਬੱਚਿਆਂ ਨੂੰ ਚੀਨੀ ਭਾਸ਼ਾ ਸਿਖਾਉਣ ਲਈ ਆਪ ਲੈ ਕੇ ਜਾਂਦੇ ਹਨ। ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਲਾਜ਼ਮੀ ਹੈ। ਬੱਚੇ ਕੋਈ ਵੀ ਕਲਾਸ ਮਿਸ ਨਹੀਂ ਕਰ ਸਕਦੇ ਕਿਉਂਕਿ ਬੱਚਿਆਂ ਦਾ ਮਾਂ ਜਾਂ ਬਾਪ ਉਨ੍ਹਾਂ ਦੇ ਨਾਲ ਹੁੰਦਾ ਹੈ। ਬੇਸ਼ੱਕ ਮਾਂ ਬਾਪ ਨੂੰ ਸਕੂਲ ਵਿੱਚ ਕੋਈ ਤਿੰਨ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ, ਪਰ ਉਹ ਇਹ ਜ਼ਰੂਰੀ ਸਮਝਦੇ ਹਨ ਕਿ ਉਹ ਭਾਸ਼ਾ ਸਿੱਖਦੇ ਬੱਚਿਆਂ ਦੇ ਇਰਦ ਗਿਰਦ ਰਹਿਣ। ਮਾਂ ਬਾਪ ਲਈ ਚਾਹ ਪਾਣੀ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਹੈ ਤਾਂ ਕਿ ਉਹ ਵੀ ਟਿਕੇ ਰਹਿਣ। ਏਸੇ ਕਰਕੇ ਚੀਨੀ ਭਾਸ਼ਾ ਸਰੀ ਅਤੇ ਐਬਸਫੋਰਡ ਵਿੱਚ ਦੂਜੇ ਨੰਬਰ ਦੀ ਭਾਸ਼ਾ ਹੈ। ਪਰ ਇਸਦੇ ਉਲਟ ਕਿੰਨੇ ਕੁ ਪੰਜਾਬੀ ਮਾਂ ਬਾਪ ਹਨ ਜੋ ਬੱਚਿਆਂ ਨੂੰ ਪੰਜਾਬੀ ਸਿੱਖਣ ਲਈ ਲੈ ਕੇ ਜਾਂਦੇ ਹਨ। ਜਿਹੜੇ ਜਾਂਦੇ ਹਨ ਉਹ ਬੱਚਿਆਂ ਨੂੰ ਛੱਡ ਕੇ ਘਰ ਚਲੇ ਜਾਂਦੇ ਹਨ। ਪੰਜਾਬੀ ਕਲਾਸਾਂ ਗੁਰਦੁਆਰਿਆਂ ਵਿੱਚ ਲਗਾਉਣ ਦੀ ਬਜਾਏ ਕਿਸੇ ਸਕੂਲ ਵਿੱਚ ਪੜ੍ਹਾਉਣ ਦਾ ਇੰਤਜ਼ਾਮ ਹੋਵੇ ਤਾਂ ਪੜ੍ਹਨ ਦਾ ਮਹੌਲ ਬਣਿਆ ਰਹਿੰਦਾ ਹੈ। ਪੰਜਾਬੀ ਸਿਖਾਉਣ ਲਈ ਚੰਗੇ ਅਧਿਆਪਕ ਲਗਾਏ ਜਾਣ। ਗੁਰਦੁਆਰਿਆਂ ਦੀਆਂ ਪੰਜਾਬੀ ਕਲਾਸਾਂ ਵਿੱਚ ਗੁਰਬਾਣੀ ਅਤੇ ਕੀਰਤਨ ਸਿਖਾਉਣ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜੋ ਕਿ ਛੋਟੇ ਬੱਚਿਆਂ ਦੀ ਸਮਝ ਤੋਂ ਬਾਹਰ ਹੁੰਦਾ ਹੈ। ਮਾਂ ਬਾਪ ਬੱਚਿਆਂ ਦੇ ਮੂੰਹੋਂ ਗੁਰਬਾਣੀ ਅਤੇ ਕੀਰਤਨ ਸੁਣਕੇ ਧੰਨ ਧੰਨ ਹੋ ਜਾਂਦੇ ਹਨ ਪਰ ਬੱਚੇ ਪੰਜਾਬੀ ਨਹੀਂ ਸਿੱਖਦੇ। ਵਧੀਆ ਟਰੇਂਡ ਟੀਚਰ, ਵਧੀਆ ਮਹੌਲ ਤੇ ਸਟੈਂਡਰਡ ਦੀਆਂ ਕਿਤਾਬਾਂ ਹੋਣ ਤਾਂ ਬੱਚੇ ਪੰਜਾਬੀ ਜਲਦੀ ਅਤੇ ਸ਼ੌਕ ਨਾਲ ਸਿੱਖਣਗੇ।

            

I teach English to non English speakers. In our schools we have all the facilities, like new books, trained teachers, teacher’s aids, DVDs and computers, this makes it easier to teach and learn English. We should ask our governments to financially support our Punjabi teaching programs.

            

            1963 ਵਿੱਚ ਜਦੋਂ ਅਸੀਂ ਕੈਨੇਡਾ ਆਏ ਤਾਂ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅਸੀਂ ਵਿਕਟੋਰੀਆ ਦੇ ਗੁਰਦੁਆਰੇ ਵਿੱਚ ਕੈਨੇਡਾ ਦੀਆਂ ਜਮ ਪਲ ਲੜਕੀਆਂ ਆਸਾ ਦੀ ਵਾਰ ਦਾ ਕੀਰਤਨ ਕਰਦੀਆਂ ਦੇਖੀਆਂ ਅਤੇ ਉਹ ਗੁਰੂ ਗਰੰਥ ਸਾਹਿਬ ਵਿਚੋਂ ਵਾਕ ਵੀ ਲੈਂਦੀਆਂ ਸਨ। ਮੇਰੀ ਮਾਸੀ 1937 ਵਿੱਚ ਕੈਨੇਡਾ ਆਈ ਸੀ। ਉਨ੍ਹਾਂ ਦਿਨਾਂ ਵਿੱਚ ਉਸ ਇਲਾਕੇ ਵਿੱਚ ਸਿਰਫ਼ ਉਹੀ ਇਕ ਪੜ੍ਹੀ ਲਿਖੀ ਔਰਤ ਸੀ। ਉਸਨੇ ਬੱਚਿਆਂ ਨੂੰ ਆਪਣੇ ਘਰ ਪੰਜਾਬੀ ਲਿਖਣੀ ਪੜ੍ਹਨੀ ਸਿਖਾਈ ਅਤੇ ਨਾਲ ਹੀ ਹਾਰਮੋਨੀਅਮ ਤੇ ਸ਼ਬਦ ਪੜ੍ਹਨੇ। ਉਸ ਵਕਤ ਕੈਨੇਡਾ ਵਿੱਚ ਬਹੁਤ ਘੱਟ ਪੰਜਾਬੀ ਲੋਕ ਸਨ, ਪਰ ਉਨ੍ਹਾਂ ਪੰਜਾਬੀ ਲੋਕਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਆਪਣੀ ਭਾਸ਼ਾ ਨੂੰ ਮਰਨ ਨਹੀਂ ਦਿੱਤਾ।

            

            ਸਾਡੇ ਮੀਡੀਆ ਵਾਲੇ ਪੰਜਾਬੀ ਭਾਸ਼ਾ ਬੋਲਣ ਦੇ ਚੰਗੇ ਮਾਡਲ ਨਹੀਂ ਹਨ। ਬਹੁਤ ਸਾਰੇ ਕੈਨੇਡਾ ਵਿੱਚ ਪੈਦਾ ਹੋਏ ਬੱਚੇ ਰੇਡੀਓ ਸੁਣਦੇ ਹਨ ਪਰ ਉਨ੍ਹਾਂ ਨੂੰ ਰੇਡੀਓ ਤੇ ਚੰਗੀ ਭਾਸ਼ਾ ਨੂੰ ਕਾਪੀ ਕਰਨ ਦਾ ਸਮਾਨ ਨਹੀਂ ਮਿਲਦਾ। ਮੀਡੀਆ ਵਾਲੇ ਕੁਝ ਲੋਕ ਨਾ ਤਾਂ ਠੀਕ ਪੰਜਾਬੀ ਹੀ ਬੋਲਦੇ ਹਨ ਤੇ ਨਾ ਹੀ ਠੀਕ ਇੰਗਲਿਸ਼। ਇਕ ਰਲੀ ਮਿਲੀ ਭਾਸ਼ਾ ਸੁਣਕੇ ਬੱਚੇ ਘਬਰਾ ਜਾਂਦੇ ਹਨ। ਹਾਂ, ਪੰਜਾਬੀ ਮਿਊਜ਼ਿਕ ਨੇ ਪੰਜਾਬੀ ਦੇ ਵਧਣ ਵਿੱਚ ਬਹੁਤ ਮਦਦ ਕੀਤੀ ਹੈ।

ਸਾਰੇ ਵੈਨਕੂਵਰ ਜਾਂ ਸਰੀ ਵਿੱਚ ਕੋਈ ਵੀ ਦੁਕਾਨ ਨਹੀਂ ਜਿੱਥੋਂ ਕਿ ਅਸੀਂ ਪੰਜਾਬੀ ਲਿਟਰੇਚਰ ਜਾਂ ਟੈਕਸਟ ਬੁਕਸ ਖਰੀਦ ਸਕੀਏ। ਹਾਂ ਗੁਰਬਾਣੀ ਦੇ ਗੁਟਕੇ ਅਤੇ ਗੁਰੂਆਂ ਦੀਆਂ ਸਾਖੀਆਂ ਜ਼ਰੂਰ ਗੁਰਦੁਆਰਿਆਂ ਤੋਂ ਮਿਲ ਜਾਣਗੀਆਂ। ਕਿਉਂ ਨਹੀਂ ਅਸੀਂ ਬੱਚਿਆਂ ਵਿੱਚ ਕਹਾਣੀ ਜਾਂ ਕਵਿਤਾ ਲਿਖਣ ਦਾ ਸ਼ੌਕ ਪੈਦਾ ਕਰਦੇ। ਜੇ ਕੁਝ ਬੱਚੇ ਲਿਖ ਵੀ ਲੈਂਦੇ ਹਨ ਤਾਂ ਊਨ੍ਹਾਂ ਨੂੰ ਕੋਈ ਉਤਸ਼ਾਹ ਨਹੀਂ ਮਿਲਦਾ, ਉਨ੍ਹਾਂ ਦੀ ਕੋਈ ਰੈਕੋਗਨੀਸ਼ਨ ਨਹੀਂ ਹੁੰਦੀ। ਪੰਜਾਬੀ ਰਾਈਟਿੰਗ ਦੇ ਕੰਪੀਟੀਸ਼ਨ ਨਾਲ ਅਸੀਂ ਉਨ੍ਹਾਂ ਦਾ ਉਤਸ਼ਾਹ ਵਧਾ ਸਕਦੇ ਹਾਂ। ਇੱਥੇ ਪੰਜਾਬੀ ਡਿਕਸ਼ਨਰੀਆਂ ਵੀ ਨਹੀਂ ਮਿਲਦੀਆਂ, ਅੰਗਰੇਜ਼ੀ ਵਿੱਚ ਰਾਈਮਿੰਗ ਅਤੇ ਥੀਸੌਰਿਸ ਵਰਗੀਆਂ ਕਿਤਾਬਾਂ ਮਿਲ ਜਾਂਦੀਆਂ ਹਨ, ਪਰ ਪੰਜਾਬੀ ਵਿੱਚ ਪੁੱਛੋ ਤਾਂ ਕਿਸੇ ਨੂੰ ਪਤਾ ਹੀ ਨਹੀਂ। ਚੰਗਾ ਸਾਹਿਤ ਲਿਖਣ ਲਈ ਰੀਸਰਚ ਦੇ ਨਾਲ ਨਾਲ ਇਨ੍ਹਾਂ ਕਿਤਾਬਾਂ ਦਾ ਹੋਣਾ ਵੀ ਜ਼ਰੂਰੀ ਹੈ।

            

            ਮਾਂ ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਨਾਲ ਪੰਜਾਬੀ ਬੋਲਣ ਅਤੇ ਪੰਜਾਬੀ ਸਾਹਿਤ ਦੀਆਂ ਗੱਲਾਂ ਕਰਨ। ਪਰ ਮੁਸ਼ਕਲ ਇਹ ਹੈ ਕਿ ਬੱਚਿਆਂ ਦਾ ਦਿਮਾਗ਼ ਟੀ.ਵੀ. ਅਤੇ ਕੰਪਿਊਟਰ ਨੇ ਲੈ ਲਿਆ ਹੈ। ਇੰਟਰਨੈੱਟ ਤੇ ਪੰਜਾਬੀ ਸਾਹਿਤ ਬਾਰੇ ਬਹੁਤ ਹੀ ਮੈਟੀਰੀਅਲ ਹੈ - ਕਹਾਣੀਆਂ, ਕਵਿਤਾਵਾਂ, ਲੇਖ, ਉਰਦੂ ਮੁਸ਼ਾਇਰੇ, ਖ਼ਬਰਾਂ ਆਦਿ ਦਾ ਕੋਈ ਅੰਤ ਨਹੀਂ। ਬੱਚੇ ਇੰਟਰਨੈੱਟ ਤੇ ਪੰਜਾਬੀ ਵੀ ਸਿੱਖ ਸਕਦੇ ਹਨ, ਪਰ ਬੱਚਿਆਂ ਪਾਸ ਇੰਟਰਨੈੱਟ ਖੇਡਾਂ ਅਤੇ ਚੈਟ ਲਾਈਨ ਲਈ ਵਕਤ ਹੈ ਪਰ ਪੰਜਾਬੀ ਸਿੱਖਣ ਲਈ ਨਹੀਂ। ਪੰਜਾਬੀ ਗਰਾਮਰ ਦੀ ਸਖ਼ਤ ਜ਼ਰੂਰਤ ਹੈ। ਕਿਉਂਕਿ ਇੰਗਲਿਸ਼ ਅਤੇ ਪੰਜਾਬੀ ਦੋ ਅਲੱਗ ਭਾਸ਼ਾਵਾਂ ਹਨ, ਦੋਹਾਂ ਦਿਆਂ ਵਾਕਾਂ ਦੀ ਬਣਤਰ ਵੱਖਰੀ ਹੈ। ਇਸ ਲਈ ਜੋ ਬੱਚੇ ਅੰਗਰੇਜ਼ੀ ਭਾਸ਼ਾ ਵਿੱਚ ਜੰਮੇ ਹਨ ਉਨ੍ਹਾਂ ਨੂੰ ਪੰਜਾਬੀ ਗਰਾਮਰ ਸਿਖਾਉਣ ਦੀ ਸਖ਼ਤ ਜ਼ਰੂਰਤ ਹੈ।

            

            ਜੇ ਮਾਂ ਬਾਪ, ਅਧਿਆਪਕ, ਵਲੰਟੀਅਰ, ਸਕੂਲ ਅਤੇ ਕਮਿਊਨਿਟੀ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਣ ਤਾਂ ਪੰਜਾਬੀ ਬੋਲੀ ਨੂੰ ਦੇਸਾਂ-ਬਦੇਸਾਂ ਵਿੱਚ ਹੋਰ ਵੀ ਉੱਚਾ ਸਥਾਨ ਮਿਲ ਸਕਦਾ ਹੈ।

         

 
             
            
 

   ਸਤੰਬਰ 6, 2008   

ਪੰਜਾਬੀ ਭਾਸ਼ਾ - ਵਰਤਮਾਨ ਅਤੇ ਭਵਿੱਖ!

                                                                          -ਮਹਿੰਦਰ ਭਟਨਾਗਰ

ਬਰਜਿੰਦਰ ਕੌਰ ਢਿੱਲੋਂ ਦੇ ਲੇਖ ਤੋਂ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਪੰਜਾਬੀ ਭਾਸ਼ਾ ਦੁਨੀਆਂ ਦੀਆਂ 6000 ਭਾਸ਼ਾਵਾਂ ਵਿੱਚ ਦਸਵੇਂ ਨੰਬਰ 'ਤੇ ਹੈ ਅਤੇ 125 ਦੇਸ਼ਾਂ ਵਿੱਚ ਲਗਭਗ 150 ਲੱਖ ਲੋਕ ਪੰਜਾਬੀ ਬੋਲਦੇ ਹਨ। ਪੰਜਾਬੀ ਭਾਸ਼ਾ ਸਦੀਆਂ ਤੋਂ ਉੱਤਰੀ ਭਾਰਤ ਦੇ ਬਹੁਤ ਵੱਡੇ ਹਿੱਸੇ ਦੀ ਮਾਂ ਬੋਲੀ ਰਹੀ ਹੈ ਅਤੇ ਇਸਨੂੰ ਸਾਡੇ ਗੁਰੂਆਂ ਨੇ ਇੱਜ਼ਤ ਦਾ ਸਥਾਨ ਬਖਸ਼ਿਆ। ਅਨੇਕਾਂ ਹੀ ਲੇਖਕਾਂ, ਕਵੀਆਂ, ਅਤੇ ਸਾਹਿਤਕਾਰਾਂ ਨੇ ਇਸ ਨੂੰ ਅਪਣਾ ਕੇ ਇਸ ਦਾ ਮਾਣ ਹੀ ਨਹੀਂ ਵਧਾਇਆ ਸਗੋਂ ਇਸ ਨੂੰ ਬਾਕੀ ਦੁਨੀਆਂ ਦੇ ਰੂ-ਬਰੂ ਵੀ ਕਰਵਾਇਆ। ਇਹੋ ਹੀ ਕਾਰਣ ਹੈ ਕਿ ਪੰਜਾਬੀ ਨੇ ਅੱਜ ਪੂਰੀ ਦੁਨੀਆਂ ਭਰ 'ਚ ਇੱਜ਼ਤ ਵਾਲਾ ਸਥਾਨ ਪ੍ਰਾਪਤ ਕਰ ਲਿਆ ਹੈ।

ਪਰ ਆਪਣੇ ਹੀ ਦੇਸ਼ ਵਿਚ ਪੰਜਾਬੀ ਭਾਸ਼ਾ ਦਾ ਹਾਲ ਬਹੁਤ ਮਾੜਾ ਹੈ। ਪੰਜਾਬੀ ਦੀ ਸਾਰੀ ਤਰੱਕੀ ਦੇ ਬਾਵਜੂਦ, ਇਹ ਦੇਖ ਕੇ ਬੜੀ ਸ਼ਰਮ ਆਉਂਦੀ ਹੈ ਅਤੇ ਦੁੱਖ ਵੀ ਹੁੰਦਾ ਹੈ ਕਿ ਅੱਜ ਇਸਦੇ ਜਨਮ ਸਥਾਨ ਪੰਜਾਬ ਵਿੱਚ ਹੀ ਇਸਦਾ ਰੋਲ ਪਾਇਆ ਜਾ ਰਿਹਾ ਹੈ, ਅਤੇ ਉਹ ਵੀ ਕਿਸੇ ਬਿਗਾਨੇ ਦੇ ਹੱਥੀਂ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਹੱਥੀਂ ਜਿਨ੍ਹਾਂ ਉੱਤੇ ਇਸ ਨੂੰ ਸਾਂਭ ਕੇ ਰੱਖਣ ਦੀ ਜ਼ਿੰਮੇਵਾਰੀ ਹੈ। ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਯੂ.ਪੀ. ਦੇ ਪੰਜਾਬੀ ਲੋਕ ਤਾਂ ਇਸਨੂੰ ਆਪਣੇ ਰਾਜਾਂ ਵਿਚ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਵਿਚ ਸਫਲ ਹੋ ਗਏ ਹਨ, ਪਰ ਪੰਜਾਬ ਵਿੱਚ ਪਹਿਲੀ ਭਾਸ਼ਾ ਦਾ ਦਰਜਾ ਪ੍ਰਾਪਤ ਹੋਣ ਦੇ ਬਾਵਜੂਦ ਇਸਨੂੰ ਕਾਗ਼ਜ਼ਾਂ 'ਚ ਹੀ ਸਰਕਾਰੀ ਕੰਮਕਾਜ ਦੀ ਭਾਸ਼ਾ ਦਾ ਦਰਜਾ ਪ੍ਰਾਪਤ ਹੋ ਸਕਿਆ ਹੈ। ਅਸਲੀਅਤ ਤਾਂ ਇਹ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਲੋਕ ਪੰਜਾਬੀ ਬੋਲਣ, ਲਿਖਣ ਜਾਂ ਪੜ੍ਹਨ ਤੋਂ ਹੀ ਕੰਨੀ ਨਹੀਂ ਕਤਰਾਉਂਦੇ, ਸਗੋਂ ਪੰਜਾਬੀ ਨਾਲ ਦੂਰ ਦਾ ਰਿਸ਼ਤਾ ਰੱਖਣਾ ਵੀ ਆਪਣੀ ਹੱਤਕ ਸਮਝਦੇ ਹਨ। ਪੂਰੇ ਪੰਜਾਬ ਵਿੱਚ ਅੰਗਰੇਜ਼ੀ ਅਤੇ ਹਿੰਦੀ ਦਾ ਬੋਲਬਾਲਾ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਕਲੀਨਕਾਂ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਇਹ ਦੋ ਭਾਸ਼ਾਵਾਂ ਹੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਗਰੀਬ ਤੋਂ ਗਰੀਬ ਇਨਸਾਨ ਵੀ ਆਪਣੇ ਬੱਚਿਆਂ ਨੂੰ ਅੱਜ ਅੰਗਰੇਜ਼ੀ ਪੜ੍ਹਾਉਣਾ ਚਾਹੁੰਦਾ ਹੈ ਕਿਉਂਕਿ ਅੰਗਰੇਜ਼ੀ 'ਚ ਹੀ ਰੋਟੀ ਕਮਾਉਣ ਦੀ ਸਮਰੱਥਾ ਹੈ। ਪੰਜਾਬੀ ਤਾਂ ਹੁਣ ਅਨਪੜ੍ਹ ਅਤੇ ਗਵਾਰ ਲੋਕਾਂ ਦੀ ਹੀ ਭਾਸ਼ਾ ਮੰਨੀਂ ਜਾਂਦੀ ਹੈ। ਪੰਜਾਬ ਦੇ ਮੰਤਰੀਆਂ, ਸਰਕਾਰੀ ਅਫ਼ਸਰਾਂ, ਅਤੇ ਐਕਟਰਾਂ ਆਦਿ ਨੂੰ ਟੀ.ਵੀ. ਤੇ ਤੁਸੀਂ ਹਮੇਸ਼ਾ ਹਿੰਦੀ ਜਾਂ ਅੰਗਰੇਜ਼ੀ ਹੀ ਬੋਲਦੇ ਵੇਖੋਗੇ। ਬਾਲੀਵੁੱਡ ਦੇ ਪੰਜਾਬੀ ਸਿਤਾਰੇ ਆਪਣੇ ਆਪ ਨੂੰ 'ਪੰਜਾਬ ਦਾ ਪੁੱਤਰ' ਜਾਂ 'ਪੰਜਾਬ ਦੀ ਧੀ' ਕਹਾਉਣ 'ਚ ਤਾਂ ਫ਼ਖ਼ਰ ਮਹਿਸੂਸ ਕਰਦੇ ਹਨ, ਪਰ ਬੋਲਦੇ ਹਮੇਸ਼ਾ ਹਿੰਦੀ ਹੀ ਹਨ। ਇੱਥੋਂ ਤੱਕ ਕਿ ਪੰਜਾਬੀ ਗਾਇਕ, ਜਿਨ੍ਹਾਂ ਦੀ ਪਛਾਣ ਹੀ ਪੰਜਾਬੀ ਕਰਕੇ ਬਣੀ ਹੈ, ਗਾਉਂਦੇ ਤਾਂ ਪੰਜਾਬੀ ਗਾਣੇ ਹਨ ਪਰ ਬੋਲਦੇ ਹਿੰਦੀ ਜਾਂ ਅੰਗਰੇਜ਼ੀ ਹਨ, ਉਹ ਵੀ ਪੰਜਾਬੀ ਸਰੋਤਿਆਂ ਅੱਗੇ! ਜੇ ਇਨ੍ਹਾਂ ਲੋਕਾਂ ਨੂੰ ਟੋਕਿਆ ਜਾਵੇ ਤਾਂ ਜਵਾਬ ਦੇਣਗੇ ਕਿ ਉਹ ਆਪਣੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ ਜੋ ਉਹ ਪੰਜਾਬੀ ਇਸਤੇਮਾਲ ਕਰਕੇ ਨਹੀਂ ਕਰ ਸਕਦੇ। ਪਰ ਇਹ ਇਨ੍ਹਾਂ ਦੀ ਗਲਤ ਫ਼ਹਿਮੀ ਹੀ ਹੈ ਕਿਉਂਕਿ ਤਾਮਿਲ, ਬੰਗਾਲੀ, ਕੰਨੜ, ਉੜੀਆ ਆਦੀ ਲੋਕਾਂ ਨੂੰ ਤੁਸੀਂ ਹਮੇਸ਼ਾ ਆਪਣੀ ਭਾਸ਼ਾ ਹੀ ਬੋਲਦੇ ਵੇਖੋਗੇ (ਦੂਜੇ ਦਰਸ਼ਕਾਂ/ਸਰੋਤਿਆਂ ਲਈ ਅੰਗਰੇਜ਼ੀ ਰੂਪ ਟੀ.ਵੀ. ਸਕਰੀਨ 'ਤੇ ਵਿਖਾ ਦਿੱਤਾ ਜਾਂਦਾ ਹੈ)। ਉਹ ਤਾਂ ਕਦੇ ਨਹੀਂ ਕਹਿੰਦੇ ਕਿ ਉਨ੍ਹਾਂ ਦੀ ਗੱਲ ਲੋਕਾਂ ਤੱਕ ਨਹੀਂ ਪਹੁੰਚ ਰਹੀ। ਚਲੋ ਜੇ ਇਨ੍ਹਾਂ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨਾਲ ਪੰਜਾਬੀ ਨਾ ਬੋਲਣ 'ਤੇ ਇਹ ਲੋਕ ਕੀ ਦਲੀਲ ਦੇਣਗੇ?

ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਹੈ। ਅਖ਼ਬਾਰ ਹੋਵੇਗਾ ਪੰਜਾਬੀ ਦਾ, ਪਰ ਇਸ਼ਤਿਹਾਰ ਹੋਣਗੇ ਅੰਗਰੇਜ਼ੀ ਦੇ। ਕਈ ਵਾਰੀ ਤਾਂ ਇਹ ਨਹੀਂ ਸਮਝ ਆਉਂਦਾ ਕਿ ਅਖ਼ਬਾਰ ਆਖ਼ਰ ਹੈ ਕਿਸ ਭਾਸ਼ਾ ਦਾ! ਖੈਰ ਅਖ਼ਬਾਰ ਤਾਂ ਕਮਰਸ਼ੀਅਲ ਅਦਾਰਾ ਹੈ, ਉਸਨੇ ਤਾਂ ਆਪਣਾ ਨਫ਼ਾ-ਨੁਕਸਾਨ ਵੇਖਣਾ ਹੈ, ਪੰਜਾਬੀ ਦੀ ਸੇਵਾ ਬਾਰੇ ਕੌਣ ਸੋਚੇ ਭਾਵੇਂ ਉਪਰੋਂ ਉਹ ਇਹੋ ਵਿਖਾਉਂਦੇ ਹਨ ਕਿ ਉਨ੍ਹਾਂ ਵਰਗਾ ਪੰਜਾਬੀ ਦਾ ਸ਼ੁਭਚਿੰਤਕ ਹੋਰ ਕੋਈ ਹੈ ਹੀ ਨਹੀਂ।

ਜੇ ਮੇਰੇ ਐਨ.ਆਰ.ਆਈ. ਦੋਸਤ ਮੈਨੂੰ ਮੁਆਫ਼ ਕਰ ਦੇਣ ਤਾਂ ਮੈਂ ਇਕ ਸ਼ੀਸ਼ਾ ਉਨ੍ਹਾਂ ਦੇ ਸਾਹਮਣੇ ਰੱਖਣ ਦੀ ਹਿਮਾਕਤ ਕਰਾਂਗਾ। ਮੈਂ ਵੇਖਿਆ ਹੈ ਕਿ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀ ਵੀ ਆਪਸ ਵਿੱਚ ਆਮ ਤੌਰ 'ਤੇ ਅੰਗਰੇਜ਼ੀ ਜਾਂ ਹਿੰਦੀ ਹੀ ਬੋਲਦੇ ਹਨ, ਪੰਜਾਬੀ ਤਾਂ ਸਾਹਿਤਕ ਮਿਲਣੀਆਂ ਆਦਿ ਤੱਕ ਹੀ ਸੀਮਤ ਰਹਿ ਗਈ ਹੈ। ਕਈ ਲੋਕ ਤਾਂ ਇਨ੍ਹਾਂ ਮੀਟਿੰਗਾਂ 'ਚ ਵੀ ਪੰਜਾਬੀ ਦਾ ਰੋਲ ਪਾਉਣ ਤੋਂ ਵਾਜ ਨਹੀਂ ਆਉਂਦੇ। ਕੁਝ ਸਮਾਂ ਪਹਿਲਾਂ ਮੈਨੂੰ ਕੈਨੇਡਾ ਵਿੱਚ ਇਕ ਸਾਹਿਤਕ ਸਭਾ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਿੱਥੇ ਇਕ ਲੇਖਕ ਦੀ ਪੰਜਾਬੀ ਪੁਸਤਕ ਰਿਲੀਜ਼ ਹੋ ਰਹੀ ਸੀ। ਬੜੀ ਹੈਰਾਨੀ ਦੀ ਗੱਲ ਸੀ ਕਿ ਲੇਖਕ ਆਪਣੀ ਪੁਸਤਕ ਬਾਰੇ ਅੰਗਰੇਜ਼ੀ 'ਚ ਦੱਸ ਰਿਹਾ ਸੀ ਜਦੋਂ ਕਿ ਸਰੋਤੇ ਸਾਰੇ ਪੰਜਾਬੀ ਸਨ। ਸਭਾ 'ਚ ਆਏ ਹੋਰ ਪੰਜਾਬੀ ਪਤਵੰਤੇ ਸੱਜਣਾਂ ਨੇ ਵੀ ਆਪਣੇ ਭਾਸ਼ਣਾਂ ਵਿੱਚ ਪੰਜਾਬੀ ਨਾਲੋਂ ਅੰਗਰੇਜ਼ੀ ਦਾ ਵੱਧ ਸਹਾਰਾ ਲਿਆ।

ਮੇਰੇ ਕਹਿਣ ਦਾ ਇਹ ਅਰਥ ਬਿਲਕੁਲ ਨਹੀਂ ਕਿ ਮੈਂ ਕਿਸੇ ਵੀ ਤਰ੍ਹਾਂ ਹਿੰਦੀ ਜਾਂ ਅੰਗਰੇਜ਼ੀ ਦਾ ਵਿਰੋਧੀ ਹਾਂ। ਇਹ ਦੋਵੇਂ ਵੀ ਸਾਡੇ ਦੇਸ਼ ਦੀਆਂ ਸਤਿਕਾਰਯੋਗ ਭਾਸ਼ਾਵਾਂ ਹਨ ਅਤੇ ਬਹੁਤ ਵੱਡੀ ਗਿਣਤੀ ਵਿਚ ਬੋਲੀਆਂ ਜਾਂਦੀਆਂ ਹਨ। ਇਹ ਵੱਖ-ਵੱਖ ਰਾਜਾਂ ਦੇ ਲੋਕਾਂ ਲਈ 'ਲਿੰਕ' ਭਾਸ਼ਾਵਾਂ ਦਾ ਵੀ ਕੰਮ ਕਰਦੀਆਂ ਹਨ । ਗੈਰ-ਪੰਜਾਬੀ ਲੋਕ ਪੰਜਾਬੀ ਭਾਸ਼ਾ ਨਾਲ ਕੋਈ ਵਿਤਕਰਾ ਕਰਨ ਤਾਂ ਗੱਲ ਸਮਝ ਆਉਂਦੀ ਹੈ, ਪਰ ਪੰਜਾਬੀਆਂ ਦਾ ਹੀ ਆਪਣੀ ਮਾਂ-ਬੋਲੀ ਨਾਲ ਮਤਰੇਆ ਸਲੂਕ ਨਿਖੇਧੀ ਦੇ ਕਾਬਿਲ ਜ਼ਰੂਰ ਹੈ।