| |
ਜੂਨ 1, 2007
ਸਾਨੂੰ ਬੋਲਣ ਅਤੇ ਲਿਖਣ ਵਿੱਚ ਕਿਹੋ ਜਿਹੀ ਭਾਸ਼ਾ ਵਰਤਣੀ ਚਾਹੀਦੀ ਹੈ!
-ਪ੍ਰੇਮ ਮਾਨ
ਅਮਰੀਕਾ ਵਿੱਚ ਦੋ ਮੁਹਾਵਰੇ ਜੋ ਪਿਛਲੇ ਕੁਝ ਦਹਾਕਿਆਂ 'ਚ ਕਾਫ਼ੀ ਪਰਚਲਤ ਹੋਏ ਹਨ ਅਤੇ ਆਮ ਵਰਤੇ ਜਾਣ ਲੱਗੇ ਹਨ ਉਹ ਹਨ politically correct ਅਤੇ politically incorrect. Politically Correct (PC) ਅਤੇ Politically Incorrect (PI) ਅਮਰੀਕਾ ਵਿੱਚ ਵਰਤੇ ਜਾਂਦੇ ਅਜਿਹੇ ਮੁਹਾਵਰੇ ਹਨ ਜਿਨ੍ਹਾਂ ਦਾ ਪੰਜਾਬੀ ਵਿੱਚ ਤਰਜਮਾ ਕਰਨਾ ਸੌਖਾ ਨਹੀਂ। ਇੱਥੇ Politically ਦਾ ਨਾ ਹੀ ਰਾਜਨੀਤੀ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਕਾਨੂੰਨ ਨਾਲ। ਜੇ ਅਸੀਂ ਆਪਣੇ ਭਾਸ਼ਨਾਂ ਵਿੱਚ ਜਾਂ ਲਿਖਤਾਂ ਵਿੱਚ ਕਿਸੇ ਵਰਗ ਦਾ ਮਜ਼ਾਕ ਉਡਾਈਏ ਜਾਂ ਨਿਰਾਦਰ ਕਰੀਏ ਤਾਂ ਇਸਨੂੰ PI ਕਿਹਾ ਜਾਂਦਾ ਹੈ। ਜਿਵੇਂ ਕੋਈ ਵੀ ਵਿਅੰਗ, ਲਤੀਫ਼ਾ, ਜਾਂ ਗੱਲ-ਬਾਤ ਜਿਸ ਵਿੱਚ ਔਰਤਾਂ ਦਾ, ਗਰੀਬਾਂ ਦਾ, ਕਾਲਿਆਂ ਦਾ, ਬੋਲਿਆਂ ਦਾ, ਅੰਨਿਆਂ ਦਾ, ਅਪਾਹਜਾਂ ਦਾ, ਬੀਮਾਰਾਂ ਦਾ, ਗੰਜਿਆਂ ਦਾ, ਸਮਲਿੰਗੀਆਂ ਦਾ, ਮੋਟਿਆਂ ਦਾ, ਪਤਲਿਆਂ ਦਾ, ਬੌਨਿਆਂ ਦਾ, ਲੰਮਿਆਂ ਦਾ, ਬਜ਼ੁਰਗਾਂ ਦਾ, ਜਾਂ ਰੰਗ, ਧਰਮ, ਜ਼ਾਤ, ਅਤੇ ਨਸਲ ਜਾਂ ਕਿਸੇ ਹੋਰ ਅਧਾਰ ਤੇ ਕਿਸੇ ਵਰਗ ਦਾ ਮਜ਼ਾਕ ਉਡਾਇਆ ਜਾਵੇ ਉਹ ਅਮਰੀਕਾ ਵਿੱਚ ਸਵਿਕਾਰ ਨਹੀਂ ਕੀਤਾ ਜਾਂਦਾ। ਇਹੋ ਜਿਹੇ ਮਜ਼ਾਕ ਨਿਰਾਦਰ ਵਾਲੇ (offensive) ਅਤੇ ਬੇਸੁਆਦੇ (tasteless) ਸਮਝੇ ਜਾਂਦੇ ਹਨ। ਇਹੋ ਜਿਹੇ ਮਜ਼ਾਕਾਂ ਨੂੰ PI ਸਮਝਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸ਼ਬਦ ਸਭ ਤੋਂ ਪਹਿਲਾਂ ਅਠਾਰਵੀਂ ਸਦੀ ਵਿੱਚ ਇਥੋਂ ਦੇ ਸੁਪਰੀਮ ਕੋਰਟ ਵਲੋਂ ਇਕ ਮੁਕੱਦਮੇ ਦੇ ਫੈਸਲੇ ਵਿੱਚ ਵਰਤੇ ਗਏ ਸਨ। ਪਰ ਅਸਲ ਵਿੱਚ ਇਹ ਮੁਹਾਵਰੇ ਪਿਛਲੇ ਤੀਹਾਂ-ਚਾਲੀਆਂ ਸਾਲਾਂ ਵਿੱਚ ਹੀ ਜ਼ਿਆਦਾ ਹਰਮਨ ਪਿਆਰੇ ਹੋਏ ਹਨ। ਇਸਦਾ ਇਹ ਅਰਥ ਨਹੀਂ ਕਿ ਇਹ ਸ਼ਬਦ ਇਥੋਂ ਦੇ ਸਾਰੇ ਲੋਕਾਂ ਵਲੋਂ ਮਨਜ਼ੂਰ ਕਰ ਲਏ ਗਏ ਹਨ। ਕਈ ਲੋਕ ਇਸਦੀ ਆਲੋਚਨਾ ਵੀ ਕਰਦੇ ਹਨ ਕਿ ਇਹ ਮੁਹਾਵਰੇ ਇਥੋਂ ਦੇ free speech ਦੇ ਕਾਨੂੰਨ ਦੀ ਉਲੰਘਣਾ ਕਰਦੇ ਹਨ। ਇਸ ਆਲੋਚਨਾ ਦੇ ਬਾਵਜੂਦ ਵੀ ਇਨ੍ਹਾਂ ਮੁਹਾਵਰਿਆਂ ਨੂੰ ਲੋਕਾਂ ਵਲੋਂ ਬੋਲਣ ਅਤੇ ਲਿਖਣ ਵੇਲੇ ਬਹੁਤ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਹ ਮੁਹਾਵਰੇ ਅਮਰੀਕਾ ਵਿੱਚ ਹੀ ਨਹੀਂ ਸਗੋਂ ਬਹੁਤ ਸਾਰੇ ਹੋਰ ਮੁਲਕਾਂ ਵਿੱਚ ਵੀ ਬਹੁਤ ਪ੍ਰਚਲਤ ਹੋ ਗਏ ਹਨ।
ਜੇ ਪੰਜਾਬੀ ਵਿਅੰਗ ਦੀ ਗੱਲ ਕਰੀਏ ਤਾਂ ਅੱਜ ਵੀ ਕਾਫੀ ਪੰਜਾਬੀ ਵਿਅੰਗ ਇਹੋ ਜਿਹੇ ਫਿਕਰਿਆਂ ਅਤੇ ਅੰਸ਼ਾਂ ਨਾਲ ਭਰਿਆ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ PI ਕਹਿ ਸਕਦੇ ਹਾਂ। ਇਹੋ ਜਿਹੇ ਵਿਅੰਗ ਜਾਂ ਲਿਖਤ ਨੂੰ ਅਮਰੀਕਾ ਵਿੱਚ ਕੋਈ ਵੀ ਜਿੰਮੇਵਾਰ ਅਖ਼ਬਾਰ ਜਾਂ ਮੈਗਜ਼ੀਨ ਨਹੀਂ ਛਾਪੇਗਾ ਅਤੇ ਨਾ ਹੀ ਕੋਈ ਜ਼ਿਮੇਵਾਰ ਲੇਖਕ ਲਿਖੇਗਾ। ਇਹੋ ਜਿਹੀਆਂ ਗੱਲਾਂ ਸਿਰਫ ਉਨ੍ਹਾਂ ਅਖਬਾਰਾਂ ਵਿੱਚ ਹੀ ਛਾਪੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਇੱਥੇ Tabloid ਕਹਿੰਦੇ ਹਨ। ਜੇ ਗਲਤੀ ਨਾਲ ਕੋਈ ਪ੍ਰਸਿੱਧ ਲੇਖਕ ਇਹੋ ਜਿਹਾ ਮਜ਼ਾਕ ਲਿਖ ਦੇਵੇ, ਕੋਈ ਪਰਚਾ ਇਸਨੂੰ ਛਾਪ ਦੇਵੇ, ਜਾਂ ਕੋਈ ਬੁਲਾਰਾ ਇਹੋ ਜਿਹਾ ਮਜ਼ਾਕ ਆਪਣੇ ਭਾਸ਼ਨ ਵਿੱਚ ਵਰਤ ਲਵੇ ਤਾਂ ਮੀਡੀਆ ਉਸਦਾ ਜੀਣਾ ਹਰਾਮ ਕਰ ਦਿੰਦਾ ਹੈ ਅਤੇ ਉਸਨੂੰ ਇਕ ਦੋ ਦਿਨ੍ਹਾਂ ਵਿੱਚ ਹੀ ਮੁਆਫ਼ੀ ਮੰਗਣੀ ਪੈਂਦੀ ਹੈ। ਇਹੋ ਜਿਹੀਆਂ ਬਹੁਤ ਮਿਸਾਲਾਂ ਇੱਥੇ ਹਨ। ਜਿਵੇਂ ਕਿ ਹਾਰਵਰਡ ਯੂਨੀਵਰਸਿਟੀ ਦੇ ਪਿਛਲੇ ਪ੍ਰਧਾਨ ਡਾ. ਸਮਰਜ਼ ਨੇ ਦੋ ਕੁ ਸਾਲ ਪਹਿਲਾਂ ਸਿਰਫ਼ ਸਰਸਰੀ ਹੀ ਕੁਝ ਇਸ ਤਰ੍ਹਾਂ ਦਾ ਕਹਿ ਦਿੱਤਾ ਸੀ ਕਿ ਔਰਤਾਂ ਹਿਸਾਬ ਅਤੇ ਸਾਇੰਸ ਵਿੱਚ ਆਦਮੀਆਂ ਦੇ ਬਰਾਬਰ ਨਹੀਂ ਹੁੰਦੀਆਂ। ਇੰਨਾਂ ਕਹਿਣ ਖ਼ਾਤਰ ਉਸਦੀ ਉਹ ਮਿੱਟੀ ਪੁਲੀਤ ਕੀਤੀ ਗਈ ਕਿ ਉਸਨੂੰ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਪਿੱਛੇ ਜਿਹੇ ਅਮਰੀਕਾ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਕਾਮੇਡੀ ਸ਼ੋਅ 'ਸਾਈਨਫੈਲਡ' ਦੇ ਇਕ ਐਕਟਰ ਨੇ ਮਜ਼ਾਕ ਨਾਲ ਇਕ ਕਲੱਬ ਵਿੱਚ ਸਮਲਿੰਗੀਆਂ ਦੇ ਵਿਰੁੱਧ ਇਕ ਲਾਈਨ ਆਖ ਦਿੱਤੀ। ਮੀਡੀਏ ਨੇ ਉਸਦਾ ਜੀਣਾ ਹਰਾਮ ਕਰ ਦਿੱਤਾ। ਉਸਨੂੰ ਦੋ ਤਿੰਨਾਂ ਦਿਨ੍ਹਾਂ ਦੇ ਅੰਦਰ ਅੰਦਰ ਹੀ ਕਈ ਵਾਰੀ ਮੁਆਫ਼ੀ ਮੰਗਣੀ ਪਈ। ਕੁਝ ਸਾਲ ਪਹਿਲਾਂ ਲਾਸ ਏਂਜਲਜ਼ ਦੀ ਬੇਸਬਾਲ ਦੀ ਟੀਮ 'ਡਾਜਰਯ' ਦੇ ਪ੍ਰਧਾਨ ਐਲ ਕੰਪਨੀਜ਼ ਅਤੇ ਸੀ. ਬੀ. ਐਸ. ਟੈਲੀਵੀਜ਼ਨ ਉੱਤੇ ਅਮਰੀਕਨ ਫੁੱਟਬਾਲ ਦੇ ਐਨਾਲਿਸਟ ਜਿੰਮੀ 'ਦਾ ਗਰੀਕ' ਸਨਾਈਡਰ ਨੇ ਕਾਲਿਆਂ ਬਾਰੇ ਕੁਝ ਇਸ ਤਰ੍ਹਾਂ ਦਾ ਕਹਿ ਦਿੱਤਾ ਸੀ ਕਿ ਕਾਲਿਆਂ ਦੀ ਨਸਲ ਹੀ ਇਹੋ ਜਿਹੀ ਹੈ ਕਿ ਇਹ ਖੇਡਣ ਵਿੱਚ ਸਭ ਤੋਂ ਉੱਤਮ ਹਨ ਤਾਂ ਇਨ੍ਹਾਂ ਦੋਹਾਂ ਨੂੰ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦੇਣਾ ਪਿਆ ਸੀ। ਜਾਰਜ ਐਲਨ ਵਰਜੀਨੀਆ ਦੇ ਸੂਬੇ ਦਾ ਰਹਿ ਚੁੱਕਾ ਗਵਰਨਰ ਅਤੇ ਅਮਰੀਕਾ ਦਾ ਰਹਿ ਚੁੱਕਾ ਸੈਨੇਟਰ, ਪਿਛਲੀਆਂ ਚੋਣਾਂ ਵਿੱਚ ਸੈਨੇਟਰ ਦੀ ਦੁਵਾਰਾ ਚੋਣ ਲੜ ਰਿਹਾ ਸੀ। ਉਸਨੇ ਇਕ ਪਰੈਸ ਕਾਨਫਰੰਸ ਵਿੱਚ ਮਜ਼ਾਕ ਨਾਲ ਇਕ ਹਿੰਦੋਸਤਾਨੀ ਵਿਰਸੇ ਦੇ ਲੜਕੇ ਨੂੰ 'ਮਕਾਕਾ' ਕਹਿ ਦਿੱਤਾ ਸੀ, ਜਿਸਦਾ ਮਤਲਬ ਇਕ ਤਰ੍ਹਾਂ ਦਾ ਬਾਂਦਰ ਹੈ। ਜਾਰਜ ਐਲਨ ਦੇ ਵਾਰ ਵਾਰ ਮੁਆਫ਼ੀ ਮੰਗਣ ਦੇ ਬਾਵਜੂਦ ਵੀ ਉਹ ਚੋਣ ਹਾਰ ਗਿਆ ਅਤੇ ਭਵਿੱਖ ਵਿੱਚ ਅਮਰੀਕਾ ਦਾ ਪ੍ਰਧਾਨ ਬਣਨ ਦੀ ਉਸਦੀ ਖੁਆਹਸ਼ ਹਮੇਸ਼ਾ ਵਾਸਤੇ ਮਿੱਟੀ ਵਿੱਚ ਰੁਲ ਗਈ ਸਿਰਫ ਇਸ ਇਕ ਸ਼ਬਦ ਕਾਰਨ। ਹੁਣੇ ਹੁਣੇ ਅਮਰੀਕਾ ਵਿੱਚ ਰੇਡੀਓ ਦੇ ਇਕ ਬਹੁਤ ਪ੍ਰਸਿੱਧ ਕਨਜ਼ਰਵੇਟਿਵ ਹੋਸਟ ਡਾਨ ਆਈਮਸ ਨੇ ਰਟਗਰਜ਼ ਯੂਨੀਵਰਸਿਟੀ, ਨਿਊ ਯਰਸੀ, ਦੀ ਬਾਸਕਟਬਾਲ ਟੀਮ ਦੀਆਂ ਲੜਕੀਆਂ ਵਿਰੁੱਧ ਕੁਝ ਭੈੜੇ ਨਸਲੀ ਵਿਤਕਰੇ ਵਾਲੇ ਸ਼ਬਦ ਕਹਿ ਦਿੱਤੇ। ਅਮਰੀਕਾ ਦੇ ਮੀਡੀਏ ਨੇ ਇਹ ਗੱਲ ਉਦੋਂ ਤੱਕ ਨਹੀਂ ਛੱਡੀ ਜਦੋਂ ਤੱਕ ਐਨ. ਸੀ. ਬੀ. ਅਤੇ ਸੀ. ਬੀ. ਐਸ. ਦੋਹਾਂ ਕੰਪਨੀਆਂ ਨੇ ਆਈਮਸ ਨੂੰ ਕੰਮ ਤੋਂ ਕੱਢ ਨਹੀਂ ਦਿੱਤਾ ਇਸਦੇ ਬਾਵਜੂਦ ਕਿ ਆਈਮਸ ਨੇ ਕਈ ਦਿਨ ਲਗਾਤਾਰ ਮੁਆਫ਼ੀ ਮੰਗੀ ਅਤੇ ਉਨ੍ਹਾਂ ਲੜਕੀਆਂ ਨੂੰ ਮਿਲ ਕੇ ਉਨ੍ਹਾਂ ਤੋਂ ਵੀ ਮੁਆਫ਼ੀ ਮੰਗੀ। ਪੰਜਾਬੀ ਵਿਅੰਗ ਵਿੱਚ, ਆਮ ਗੱਲਾਂ ਵਿੱਚ, ਅਤੇ ਪੰਜਾਬੀ ਲਤੀਫਿਆਂ ਵਿੱਚ ਜੋ ਜੋ ਗੱਲਾਂ ਕਹੀਆਂ ਅਤੇ ਲਿਖੀਆਂ ਜਾਂਦੀਆਂ ਹਨ ਉਹ ਅਮਰੀਕਾ ਵਿੱਚ ਕਦੇ ਵੀ ਕਹੀਆਂ ਜਾਂ ਲਿਖੀਆਂ ਨਹੀਂ ਜਾਣਗੀਆਂ। ਜੇ ਕੋਈ ਅਜਿਹੀ ਗੱਲ ਕਹਿ ਦੇਵੇ ਜਾਂ ਲਿਖ ਦੇਵੇ ਤਾਂ ਉਸਨੂੰ ਤੁਰੰਤ ਹੀ ਮੁਆਫ਼ੀ ਮੰਗਣੀ ਪਵੇਗੀ। ਸਾਲ ਕੁ ਪਹਿਲਾਂ (2006 ਵਿੱਚ) ਪੰਜਾਬੀ ਦੇ ਇਕ ਮਸ਼ਹੂਰ ਗਾਇਕ ਨੇ ਨਿਊ ਯਰਸੀ ਵਿੱਚ ਇਕ ਪ੍ਰੈਸ ਕਾਨਫਰੈਂਸ ਵਿੱਚ ਇਕ ਭਾਰੇ ਜਿਹੇ ਬੰਦੇ ਵਲੋਂ ਸਵਾਲ ਪੁੱਛਣ ਤੇ ਕੁਝ ਇਸ ਤਰ੍ਹਾਂ ਆਖ ਦਿੱਤਾ, ''ਖਾ ਖਾ ਕੇ ਬੜਾ ਫੁੱਲਿਆ ਲਗਦਾਂ।" ਜੇਕਰ ਉਹ ਇਨਸਾਨ ਕਿਸੇ ਬਿਮਾਰੀ ਕਾਰਨ ਮੋਟਾ ਹੋਇਆ ਹੋਵੇ ਤਾਂ ਇਹ ਸੁਣ ਕੇ ਉਸ ਉੱਤੇ ਕੀ ਬੀਤੀ ਹੋਵੇਗੀ? ਇਹ ਤਾਂ ਸਿਰਫ ਉਸ ਇਨਸਾਨ ਨੂੰ ਹੀ ਪਤਾ। ਜੇ ਉਹ ਵੈਸੇ ਹੀ ਮੋਟਾ ਹੋਵੇ ਤਾਂ ਵੀ ਇਹੋ ਜਿਹੀ ਗੱਲ ਕਹਿਣੀ ਬਿਲਕੁੱਲ ਗਲਤ ਹੈ। ਜੇਕਰ ਕੋਈ ਅਮਰੀਕਨ ਗਾਇਕ ਇਹੋ ਜਿਹੀ ਗੱਲ ਆਖ ਦਿੰਦਾ ਤਾਂ ਕਈ ਵਾਰੀ ਮੁਆਫੀ ਮੰਗਣ ਤੋਂ ਬਾਦ ਵੀ ਉਸਦਾ ਭਵਿੱਖ ਪਹਿਲਾਂ ਵਰਗਾ ਨਾ ਰਹਿੰਦਾ। ਅਪ੍ਰੈਲ 2007 ਵਿੱਚ ਮੈਂ ਇਕ ਪੰਜਾਬੀ ਦੇ ਮਸ਼ਹੂਰ ਗਾਇਕ ਨੂੰ ਨਿਊ ਯਾਰਕ ਦੇ ਨੇੜੇ ਇਕ ਸ਼ਹਿਰ ਵਿੱਚ ਸੁਨਣ ਗਿਆ ਸੀ। ਆਪਣੇ ਗਾਉਣ ਦੇ ਸਮਾਗਮ ਦੌਰਾਨ ਇਕ ਗੀਤ ਦੇ ਵਿਚਕਾਰ ਉਹ ਕਹਿਣ ਲੱਗਾ, ''ਅੰਨਿਆਂ ਨੂੰ ਕੀ ਦਿਸਣਾ। ਅੰਨਿਆਂ ਨੂੰ ਕਿਵੇਂ ਇਸਦਾ ਪਤਾ ਲੱਗ ਸਕਦਾ?" ਹੁਣ ਇਹ ਸ਼ਬਦ ਵੀ PI ਹਨ। ਜੇ ਉਸ ਸਮਾਗਮ ਵਿੱਚ ਕੋਈ ਘੱਟ ਨਜ਼ਰ ਵਾਲਾ ਇਨਸਾਨ ਬੈਠਾ ਹੋਇਆ ਤਾਂ ਉਸਨੂੰ ਇਹ ਸੁਣ ਕੇ ਆਪਣਾ ਨਿਰਾਦਰ ਅਤੇ ਆਪਣੀ ਘਾਟ ਜ਼ਰੂਰ ਮਹਿਸੂਸ ਹੋਈ ਹੋਵੇਗੀ। ਜਾਂ ਜੇ ਕਿਸੇ ਸਰੋਤੇ ਦੇ ਪਰਿਵਾਰ ਦਾ ਕੋਈ ਜੀਅ ਇਸ ਹਾਲਤ ਵਿੱਚ ਹੋਵੇ ਤਾਂ ਉਸ ਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ! ਇਹੋ ਜਿਹੇ ਸ਼ਬਦ ਕਦੇ ਵੀ ਕਹਿਣੇ ਨਹੀਂ ਚਾਹੀਦੇ। ਪਿੱਛੇ ਜਿਹੇ ਪੰਜਾਬੀ ਦੇ ਇਕ ਵਿਅੰਗਕਾਰ ਨੇ ਇਕ ਸਾਹਿਤਕ ਮੀਟਿੰਗ ਵਿੱਚ, ਜਿੱਥੇ ਮੈਂ ਵੀ ਹਾਜ਼ਰ ਸਾਂ, ਇਕ ਵਿਅੰਗ ਲੇਖ ਪੜ੍ਹਿਆ ਸੀ ਜਿਸ ਵਿੱਚ ਉਸਨੇ ਕੁਝ ਇਸ ਤਰ੍ਹਾਂ ਦੀ ਲਾਈਨ ਲਿਖੀ ਹੋਈ ਸੀ, ''ਸਿਆਣੇ ਐਵੇਂ ਤਾਂ ਨਹੀਂ ਕਹਿੰਦੇ ਕਿ ਜ਼ਨਾਨੀਆਂ ਦੀ ਮੱਤ ਗੁੱਤ ਪਿੱਛੇ ਹੁੰਦੀ ਹੈ।" ਜੇਕਰ ਕੋਈ ਅਮਰੀਕਨ ਇਹੋ ਜਿਹੀ ਗੱਲ ਕਿਸੇ ਲਿਖਤ ਵਿੱਚ ਕਹਿ ਦਿੰਦਾ, ਭਾਵੇਂ ਵਿਅੰਗ ਵਿੱਚ ਹੀ, ਉਸਨੂੰ ਦੂਸਰੇ ਦਿਨ ਹੀ ਮੁਆਫ਼ੀ ਮੰਗਣੀ ਪੈਂਦੀ ਭਾਵੇਂ ਕਿ ਇਹ ਗੱਲ ਮਿਰਜ਼ਾ-ਸਾਹਿਬਾਂ ਦੇ ਕਿੱਸੇ ਵਿੱਚ ਕਈ ਸੈਂਕੜੇ ਸਾਲ ਪਹਿਲਾਂ ਲਿਖੀ ਗਈ ਸੀ। ਪਰ ਉਹ ਜ਼ਮਾਨੇ ਹੋਰ ਸਨ। ਪੰਜਾਬੀ ਵਿਅੰਗ ਵਿੱਚ ਹੋਰ ਵੀ ਬਹੁਤ ਸਾਰੀਆਂ PI ਗੱਲਾਂ ਹੁੰਦੀਆਂ ਹਨ। (ਇੱਥੇ ਮੈਂ ਸਾਰੇ ਪੰਜਾਬੀ ਵਿਅੰਗ ਦੀ ਗੱਲ ਨਹੀਂ ਕਰ ਰਿਹਾ। ਕੁਝ ਪੰਜਾਬੀ ਵਿਅੰਗ ਬਹੁਤ ਅੱਛਾ ਵੀ ਹੈ ਜਿਸ ਵਿੱਚ ਭੂਸ਼ਨ ਦੀਆਂ ਲਿਖਤਾਂ ਸ਼ਾਮਲ ਹਨ।) ਅਸੀਂ ਬਹੁਤ ਸਾਰੇ ਹਿੰਦੋਸਤਾਨੀ ਇਹੋ ਜਿਹੀਆਂ ਗੱਲਾਂ ਤੇ ਸਿਰਫ਼ ਹੱਸ ਛੱਡਦੇ ਹਾਂ, ਕਿੰਤੂ ਨਹੀਂ ਕਰਦੇ। ਸਾਨੂੰ ਚਾਹੀਦਾ ਹੈ ਕਿ ਅਸੀਂ ਇਹੋ ਜਿਹੀਆਂ ਗੱਲਾਂ ਉੱਤੇ ਕਿੰਤੂ ਕਰੀਏ। ਇਹੋ ਜਿਹੀਆਂ ਲਿਖਤਾਂ ਤੇ ਸਾਨੂੰ ਹੱਸਣਾ ਨਹੀਂ ਚਾਹੀਦਾ ਸਗੋਂ ਆਪਣੀ ਅਸਵੀਕਾਰਤਾ ਦਿਖਾਉਣੀ ਚਾਹੀਦੀ ਹੈ। ਅਮਰੀਕਾ ਵਿੱਚ ਕੁਝ ਸਾਲ ਪਹਿਲਾਂ ਕਾਲਿਆਂ ਨੂੰ ਕਾਲੇ ਕਹਿਣਾ ਵੀ PI ਸਮਝਿਆ ਜਾਣ ਲੱਗਾ ਸੀ। ਉਨ੍ਹਾਂ ਨੂੰ ਉਦੋਂ ਐਫ਼ਰੀਕਨ ਅਮੈਰਿਕਨ ਕਿਹਾ ਜਾਣ ਲੱਗਾ ਸੀ। ਪਰ ਫਿਰ ਕੁਝ ਕਾਲਿਆਂ ਨੇ ਕਿਹਾ ਕਿ ਸਾਰੇ ਕਾਲੇ ਅਫਰੀਕਾ ਤੋਂ ਨਹੀਂ। ਉਨ੍ਹਾਂ ਦੇ ਇਤਰਾਜ਼ ਕਰਨ ਤੇ ਉਨ੍ਹਾਂ ਨੂੰ ਫਿਰ ਕਾਲੇ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ ਭਾਵੇਂ ਹਾਲੇ ਵੀ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਐਫਰੀਕਨ ਅਮੈਰਿਕਨ ਹੀ ਕਹਿੰਦੇ ਹਨ। ਅਮਰੀਕਾ ਵਿੱਚ ਅੱਜ ਕੱਲ ਬਹੁਤੇ ਲੋਕ ਅਪਾਹਜਾਂ ਨੂੰ handicapped ਜਾਂ disabled ਕਹਿਣਾ ਵੀ PI ਸਮਝਦੇ ਹਨ। ਇਨ੍ਹਾਂ ਨੂੰ ਇੱਥੇ ਅੱਜ ਕੱਲ persons of special needs ਕਿਹਾ ਜਾਂਦਾ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਅਮਰੀਕਾ ਵਿੱਚ ਕੋਈ ਵੀ ਸ਼ਬਦ ਜੋ ਕਿਸੇ ਵਰਗ ਦਾ ਮਜ਼ਾਕ ਉਡਾਵੇ, ਉਸਨੂੰ ਨੀਵਾਂ ਦਿਖਾਵੇ, ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ ਵਰਤਣਾ PI ਸਮਝਿਆ ਜਾਂਦਾ ਹੈ। ਵਿਅੰਗ ਦੀ ਆੜ ਲੈ ਕੇ ਕਿਸੇ ਵੀ ਵਰਗ ਦਾ ਮਖੌਲ ਉਡਾਉਣਾ ਜਾਂ ਕਿਸੇ ਵਰਗ ਬਾਰੇ ਗਲਤ ਜਾਣਕਾਰੀ ਦੇਣੀ ਠੀਕ ਨਹੀਂ। ਅਸੀਂ ਸਿਰਫ਼ ਹਿੰਦੋਸਤਾਨ ਵਿੱਚ ਹੀ ਇਸਨੂੰ ਠੀਕ ਸਮਝਦੇ ਹਾਂ।
ਅਸੀਂ ਸਾਰੇ ਹੀ ਕਈ ਵਾਰੀ ਆਮ ਗੱਲਾ ਕਰਦਿਆਂ ਬੇਧਿਆਨੇ ਹੀ ਅਜਿਹੀਆਂ ਗੱਲਾਂ ਕਹਿ ਦਿੰਦੇ ਹਾਂ ਜੋ ਸਾਨੂੰ ਕਹਿਣੀਆਂ ਨਹੀਂ ਚਾਹੀਦੀਆਂ। ਬਹੁਤ ਧਿਆਨ ਰੱਖਣ ਦੇ ਬਾਵਜੂਦ ਵੀ ਮੈਂ ਖੁਦ ਕਦੇ ਕਦਾਈਂ ਇਹੋ ਜਿਹੀ ਗਲਤੀ ਕਰ ਜਾਂਦਾ ਹਾਂ। ਜਨਵਰੀ ਵਿੱਚ ਮੈਂ ਜਦੋਂ ਹਿੰਦੋਸਤਾਨ ਗਿਆ ਤਾਂ ਅਸੀਂ ਕਈ ਦੋਸਤ ਚੰਡੀਗੜ ਇਕ ਰੈਸਟੋਰੈਂਟ ਵਿੱਚ ਖਾਣੇ ਲਈ ਬੈਠੇ ਸਾਂ ਜਿਨ੍ਹਾਂ ਵਿੱਚ ਡਾ. ਰਘਬੀਰ ਸਿੰਘ, ਡਾ. ਕਰਮਜੀਤ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ ਧਾਲੀਵਾਲ, ਭੂਸ਼ਨ, ਜਿੰਦਰ, ਅਤੇ ਮੋਹਨ ਭੰਡਾਰੀ ਸ਼ਾਮਲ ਸਨ। ਭੂਸ਼ਨ ਨਾਲ ਗੱਲ ਕਰਦਿਆਂ ਮੈਂ ਬੇਧਿਆਨੇ ਹੀ ਇਕ PI ਗੱਲ ਕਹਿ ਗਿਆ। ਕਹਿਣ ਤੋਂ ਬਾਦ ਇਕ ਦਮ ਮੈਨੂੰ ਖਿਆਲ ਆਇਆ ਕਿ ਮੈਂ PI ਗੱਲ ਕਹਿ ਗਿਆ ਸਾਂ ਭਾਵੇਂ ਮੈਂ ਆਪਣੇ ਵਲੋਂ ਚੰਗੇ ਲਹਿਜ਼ੇ ਵਿੱਚ ਹੀ ਆਖੀ ਸੀ। ਉਧਰੋਂ ਭੂਸ਼ਨ ਵੀ ਥੋੜਾ ਗੁੱਸਾ ਕਰ ਬੈਠਾ ਸੀ। ਛੇਤੀਂ ਦੇਣੀ ਮੁਆਫ਼ੀ ਮੰਗ ਕੇ ਭੂਸ਼ਨ ਤੋਂ ਜਾਨ ਛਡਾਈ। ਮੇਰੇ ਕਹਿਣ ਦਾ ਭਾਵ ਕਿ ਕਈ ਵਾਰੀ ਅਸੀਂ ਆਮ ਗੱਲ ਬਾਤ ਦੌਰਾਨ ਬੇਧਿਆਨੇ ਹੀ ਇਹੋ ਜਿਹੀਆਂ ਗੱਲਾਂ ਕਹਿ ਜਾਂਦੇ ਹਾਂ ਜਿਨ੍ਹਾਂ ਦੇ ਗਲਤ ਹੋਣ ਦਾ ਸਾਨੂੰ ਕਹਿਣ ਤੋਂ ਬਾਦ ਹੀ ਅਹਿਸਾਸ ਹੁੰਦਾ ਹੈ। ਉਸ ਵੇਲੇ ਮੁਆਫ਼ੀ ਮੰਗ ਲੈਣ ਨਾਲ ਅਸੀਂ ਛੋਟੇ ਨਹੀਂ ਹੁੰਦੇ, ਸਗੋਂ ਅਜਿਹਾ ਕਰਨ ਨਾਲ ਅਸੀਂ ਆਪਣੀ ਇਜ਼ਤ ਵਧਾਉਂਦੇ ਹੀ ਹਾਂ। ਪਰ ਸਾਡੀਆਂ ਲਿਖਤਾਂ ਵਿੱਚ ਇਹੋ ਜਿਹੀ ਗੱਲ ਨਹੀਂ ਵਾਪਰਨੀ ਚਾਹੀਦੀ। ਅਸੀਂ ਆਪਣੀਆਂ ਲਿਖਤਾਂ ਛਪਣ ਤੋਂ ਪਹਿਲਾਂ ਕਈ ਵਾਰੀ ਪੜ੍ਹਦੇ ਹਾਂ। ਇਸ ਲਈ ਸਾਡੀਆਂ ਲਿਖਤਾਂ ਵਿੱਚ ਇਹੋ ਜਿਹੀ ਗਲਤੀ ਹੋਣੀ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ। ਜੇ ਅਸੀਂ ਕੋਈ PI ਗੱਲ ਕਹਾਣੀਆਂ ਜਾਂ ਨਾਵਲਾਂ ਵਿੱਚ ਕਿਸੇ ਪਾਤਰ ਦੇ ਮੂੰਹੋਂ ਕਹਾਈਏ ਤਾਂ ਇਹ ਸਵੀਕਾਰ ਹੈ ਕਿਉਂਕਿ ਅਸੀਂ ਉਸ ਪਾਤਰ ਦੇ ਚਾਲਚਲਣ ਨੂੰ ਨੰਗਾ ਕਰਨਾ ਚਾਹੁੰਦੇ ਹਾਂ। ਪਰ ਜਦੋਂ ਇਕ ਲੇਖਕ ਕੋਈ ਇਹੋ ਜਿਹੀ PI ਗੱਲ ਆਪਣੇ ਬਿਆਨ ਵਿੱਚ ਕਹੇ, ਭਾਵੇ ਉਹ ਕਹਾਣੀਆਂ ਵਿੱਚ ਹੋਵੇ, ਜਾਂ ਨਾਵਲਾਂ ਵਿੱਚ, ਜਾਂ ਲੇਖਾਂ ਵਿੱਚ, ਜਾਂ ਵਿਅੰਗ ਵਿੱਚ, ਉਹ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ। ਹੇਠਾਂ ਮੈਂ ਕੁਝ PI ਸ਼ਬਦਾਂ ਅਤੇ ਵਾਕਾਂ ਦੀਆਂ ਉਦਾਹਰਣਾਂ ਦਿੰਦਾ ਹਾਂ।
(1). ਪੰਜਾਬੀ ਦੇ ਵਿਅੰਗ ਲੇਖਾਂ ਵਿੱਚ ਮੈਂ ਆਮ ਹੀ ਇਹੋ ਜਿਹੇ ਵਾਕ ਸੁਣੇ ਜਾਂ ਪੜ੍ਹੇ ਹਨ ਜੋ ਕਿ PI ਹਨ ਅਤੇ ਨਹੀਂ ਲਿਖੇ ਜਾਣੇ ਚਾਹੀਦੇ, ਜਿਵੇਂ ਕਿ: ''ਕਾਸ਼ ਮੇਰੀ ਜ਼ਨਾਨੀ ਅੰਨੀ ਹੁੰਦੀ ਤਾਂ ਜੋ ਉਹ ਮੇਰੀਆਂ ਕਰਤੂਤਾਂ ਨਾ ਦੇਖ ਸਕਦੀ।" '' ਕਿੰਨਾ ਚੰਗਾ ਹੁੰਦਾ ਜੇ ਮੈਂ ਬੋਲਾ ਹੁੰਦਾ। ਮੈਂ ਆਪਣੀ ਜ਼ਨਾਨੀ ਨੂੰ ਚੌਵੀ ਘੰਟੇ ਸੁਨਣ ਤੋਂ ਬਚ ਜਾਂਦਾ।" ''ਮੇਰੀ ਮੋਟੀ ਜ਼ਨਾਨੀ ਜਦੋਂ ਘਰ ਵਿੱਚ ਘੁੰਮਦੀ ਹੈ ਤਾਂ ਫਰਸ਼ ਹਲਾ ਸੁੱਟਦੀ ਹੈ।" ''ਮੇਰੇ ਸੱਸ ਸਹੁਰੇ ਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ। ਆਮ ਹੀ ਸਾਡੇ ਘਰ ਆ ਧਮਕੇ ਰਹਿੰਦੇ ਹਨ ਵਿਹਲੀਆਂ ਖਾਣ ਨੂੰ।" ''ਸਾਡੀ ਜ਼ਨਾਨੀ ਨੂੰ ਤਾਂ ਕੋਈ ਅਕਲ ਹੀ ਨਹੀਂ। ਹਮੇਸ਼ਾ ਹੀ ਕਮਲਿਆਂ ਵਾਂਗ ਊਟ ਪਟਾਂਗ ਬਕਦੀ ਰਹਿੰਦੀ ਹੈ।" ਇਹ ਸਭ ਗਲਤ ਗੱਲਾਂ ਅਸੀਂ ਵਿਅੰਗ ਦੀ ਆੜ ਲੈ ਕੇ ਕਹਿੰਦੇ ਹਾਂ ਅਤੇ ਬਹੁਤੇ ਲੋਕ ਸਮਝਦੇ ਹਨ ਕਿ ਇਹ ਸਭ ਕੁਝ ਵਿਅੰਗ ਵਿੱਚ ਕਹਿਣਾ ਮੁਆਫ਼ ਹੈ।
(2). ਬਜ਼ੁਰਗ ਇਨਸਾਨਾਂ ਨੂੰ ''ਬਜ਼ੁਰਗ" ਕਹਿ ਲੈਣਾ ਤਾਂ PC ਹੈ ਪਰ ''ਬੁੱਢੇ ਜਾਂ ਬੁੜੇ" ਕਹਿਣਾ PI ਹੈ। ਪੰਜਾਬ ਵਿੱਚ ਛਪਦੇ ਇਕ ਪੰਜਾਬੀ ਦੈਨਿਕ ਅਖਬਾਰ ਨੇ ਮਈ ਦੇ ਇਕ ਅੰਕ ਵਿੱਚ ਇਕ ਖਬਰ ਦਾ ਟਾਈਟਲ ਇਸ ਤਰ੍ਹਾਂ ਦਿੱਤਾ ਸੀ, ''62 ਸਾਲ ਦਾ ਬੁੱਢਾ ਤਿੰਨ ਕਿਲੋ ਅਫੀਮ ਸਮੇਤ ਗਿਰਫਤਾਰ।" ਪਹਿਲੀ ਗੱਲ ਇਹ ਕਿ ਅੱਜ ਕੱਲ ਜਦੋਂ ਇਨਸਾਨ 100 ਸਾਲ ਤੋਂ ਵੀ ਵੱਧ ਉਮਰ ਜੀਉਂਦੇ ਹਨ, ਇਕ 62 ਸਾਲ ਦੇ ਇਨਸਾਨ ਨੂੰ ਬੁੱਢਾ ਕਹਿਣਾ ਗਲਤ ਹੈ। ਅਮਰੀਕਾ ਵਿੱਚ 62 ਸਾਲ ਦੀ ਉਮਰ ਦਾ ਇਨਸਾਨ ਅੱਧਖੜ ਹੀ ਸਮਝਿਆ ਜਾਂਦਾ ਹੈ। ਦੂਜੇ, ਬੁੱਢਾ ਸ਼ਬਦ ਨਿਰਾਦਰ ਵਾਲਾ ਹੈ। ਇਸਦੀ ਥਾਂ 62 ਸਾਲ ਦਾ ਇਨਸਾਨ (ਜਾਂ ਬਜ਼ੁਰਗ) ਵਰਤਿਆ ਜਾਂਦਾ ਤਾਂ ਚੰਗਾ ਲਗਦਾ।
(3). ਕਈ ਮਾਂ ਪਿਓ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇ ਲਫ਼ਜ਼ ਕਹਿੰਦੇ ਹਨ ਜੋ ਬਿੱਲਕੁਲ PI ਹਨ ਜਿਵੇਂ ਕਿ: ''ਤੂੰ ਤਾਂ ਮੂਰਖ ਹੀ ਰਿਹਾ। ਤੈਨੂੰ ਅਕਲ ਕਦੇ ਨਹੀਂ ਆਉਣੀ। ਤੂੰ ਤਾਂ ਜਿੰਦਗੀ ਵਿੱਚ ਭੁੱਖਾ ਮਰੇਂਗਾ।"
(4). ਪੰਜਾਬ ਦੇ ਪਿੰਡਾਂ ਵਿੱਚ ਅਸੀਂ ਆਮ ਹੀ ਇਹੋ ਜਿਹੇ ਵਾਕ ਸੁਣਦੇ ਹਾਂ ਜਿਵੇਂ ''ਆ ਐਵੇਂ ਮਰਾਸੀਆਂ ਵਾਂਗੂ ਕੀ ਗਾਉਣ ਦਾ ਕਿੱਤਾ ਫੜ ਲਿਆ?" ''ਅੰਨਾਂ? ਦੇਖ ਕੇ ਨਹੀਂ ਤੁਰ ਹੁੰਦਾ? ਐਵੇਂ ਵਿੱਚ ਵੱਜੀ ਜਾਂਦਾਂ?" ''ਇਹ ਐਵੇਂ ਕੀ ... ਵਾਲੀ ਸ਼ਕਲ ਬਣਾਈ ਫਿਰਦਾਂ?" ''ਐਧਰ ਆ ਓਏ ਲੰਙਿਆਂ ਜਿਹਾ।" ''ਤੇਰੇ ਦਿਮਾਗ ਵਿੱਚ ਕੋਈ ਅਕਲ ਵੀ ਹੈ ਕਿ ਐਵੇਂ ਹੀ ਵਧ ਕੇ ਅਸਮਾਨ ਨਾਲ ਲੱਗਿਆ ਫਿਰਦਾਂ?" ਇਹ ਸਾਰੇ ਹੀ ਵਾਕ PI ਹਨ ਅਤੇ ਨਹੀਂ ਕਹਿਣੇ ਚਾਹੀਦੇ।
(5). ਕਈ ਵਾਰੀ ਇਕ ਪੰਜਾਬੀ ਔਰਤ ਦੂਜੀ ਔਰਤ ਨੂੰ ਆਖਦੀ ਸੁਣੀਦੀ ਹੈ: ''ਤੇਰੀ ਕੁੜੀ ਦਾ ਨੱਕ ਬਹੁਤ ਫੀਨਾ।" ''ਤੇਰਾ ਮੁੰਡਾ ਪੈਰ ਵਿੰਗੇ ਕਾਹਤੇ ਰੱਖਦਾ?" ''ਤੇਰੀ ਕੁੜੀ ਦੀਆਂ ਅੱਖਾਂ ਬਹੁਤ ਛੋਟੀਆਂ।" ''ਤੇਰੇ ਮੁੰਡੇ ਦੇ ਕੰਨ ਬਹੁਤ ਵਿੰਗੇ ਆ।" ''ਤੇਰੀ ਕੁੜੀ ਇੰਨੀ ਪੀਲੀ ਕਾਹਤੇ ਹੈ?" ''ਤੇਰਾ ਮੁੰਡਾ ਇੰਨਾ ਪਤਲਾ ਕਿਉਂ ਹੈ?" ਇਹ ਸਭ ਗੱਲਾਂ ਕਹਿਣੀਆਂ ਗਲਤ ਹਨ ਅਤੇ PI ਹਨ।
ਅਖੀਰ ਵਿੱਚ ਮੈਂ ਇਕ ਹੋਰ ਉਦਾਹਰਣ ਦੇ ਕੇ ਇਸ ਲੇਖ ਨੂੰ ਬੰਦ ਕਰਾਂਗਾ।
ਮੈਂ ਜਿਸ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਹਾਂ, ਪਿੱਛੇ ਜਿਹੇ ਇਸ ਯੂਨੀਵਰਸਿਟੀ ਦੇ ਪਬਲਿਕ ਰਿਲੇਸ਼ਨਜ਼ ਵਿਭਾਗ ਦੇ ਡਾਇਰੈਕਟਰ ਨੇ ਇਕ ਈਮੇਲ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਭੇਜੀ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਸਾਂ। ਇਸ ਈਮੇਲ ਦੀਆਂ ਕੁਝ ਲਾਈਨਾਂ ਹੇਠ ਲਿਖੀਆਂ ਸਨ:
As we continue to migrate academic department web pages to the new design, an issue has resurfaced for which I would ask for your help. For each department, we will have a “footer” at the bottom of the webpage that will include your department email address. While this is often the email of your administrative assistant, a better solution is to create a generic email address for your department. …
ਇਸਦੇ ਜਵਾਬ ਵਜੋਂ ਇਕ ਵਿਭਾਗ ਦੇ ਮੁਖੀ ਨੇ ਈਮੇਲ ਰਾਹੀਂ ਹੇਠ ਲਿਖਿਆ ਜਵਾਬ ਦਿੱਤਾ:
I wish you would not refer to all our secretaries as "administrative assistants." According to their contract, Secretary IIs and Secretary Is have a lower pay scale and considerably different duties than the category of Administrative Assistant.
I know that you are trying to be politically correct about it and that is very thoughtful.
|