| |
ਸਾਡਾ ਪੰਜਾਬੀ ਵਿਰਸਾ!
(ਬੁੱਲਿਆ ਕੀ ਜਾਣਾ ਮੈਂ ਕੌਣ)
-ਗੁਰਦੇਵ ਸਿੰਘ ਘਣਗਸ
ਵਿਰਸਾ ਕੀ ਬਲਾ ਹੁੰਦੀ ਹੈ, ਸਾਡਾ ਪੰਜਾਬੀ ਵਿਰਸਾ ਕੀ ਹੈ ਤੇ ਇਸਦਾ ਸਮਝਣਾ ਜਰੂਰੀ ਕਿਉਂ ਹੈ? ਅਸੀਂ ਦੂਜੇ ਵਿਰਸੇ ਦੇ ਲੋਕਾਂ ਨਾਲ ਕਿਵੇਂ ਰਹਿਣਾ ਹੈ? ਸਾਡਾ ਪੰਜਾਬੀ ਵਿਰਸਾ ਕਿੱਧਰ ਜਾ ਰਿਹਾ ਹੈ? ਅਸੀਂ ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੀਦਾ ਹੈ? ਇਹ ਸਾਰਾ ਮਜਮੂਨ ਛੋਟੀ ਉਮਰ ਦਾ ਰੋਗ ਨਹੀਂ, ਤੇ ਵੱਡੀ ਉਮਰ ਵਿਚ ਇਸਦਾ ਪੂਰਾ ਇਲਾਜ ਨਹੀਂ ਹੋ ਸਕਦਾ। ਜੁਆਨੀ ਵੇਲੇ ਇਹ ਤੰਗ ਨਹੀਂ ਕਰਦਾ, ਵਧੀ ਉਮਰ ਵਿਚ ਇਹ ਖਹਿੜਾ ਨਹੀਂ ਛੱਡਦਾ। ਰੱਬਾ ਹੁਣ ਕੀ ਕਰੀਏ?
‘ਸਾਡਾ ਪੰਜਾਬੀ ਵਿਰਸਾ’ ਸਿਰਲੇਖ ਦੇ ਮਜਮੂਨ ਨੂੰ ਸਮਝਣ ਲਈ ਸਾਨੂੰ ਇਸ ਦੀ ਤਕਤੀਹ ਕਰਕੇ, ਜਾਂ ਖੰਡ ਕਰਕੇ ਦੱਸਣਾ ਪਵੇਗਾ ਕਿ ‘ਸਾਡਾ’ ਦਾ ਕੀ ਮਤਲਬ ਹੈ, ਅਸੀਂ ਕੌਣ ਹਾਂ; ਵਿਰਸਾ (Heritage) ਕੀ ਹੁੰਦਾ ਹੈ? ਇਸ ਦੀ ਪਰਿਭਾਸ਼ਾ (Definition) ਕੀ ਹੈ, ਤੇ ਸਾਡਾ ਪੰਜਾਬੀ ਵਿਰਸਾ ਕੀ ਹੈ।
ਮਹਾਨ ਕੋਸ਼ ਅਨੁਸਾਰ ਵਿਰਸਾ ‘ਜੱਦੀ ਅਧਿਕਾਰ’ ਹੁੰਦਾ ਹੈ। ਜੋ ਕੁਝ ਸਾਡੇ ਵੱਡੇ, ਵਡੇਰੇ ਪਿੱਛੇ ਛੱਡ ਜਾਂਦੇ ਹਨ, ਉਸਨੂੰ ਸਾਡੇ ‘ਵਿਰਸੇ ਵਿਚ ਮਿਲਿਆ ’ ਕਿਹਾ ਜਾਂਦਾ ਹੈ। ਘਰੋਗੀ ਤੌਰ ਤੇ ਇਸਦਾ ਮਤਲਬ ਜ਼ਮੀਨ-ਜ਼ਾਇਦਾਦ, ਘਰ, ਮੱਝਾਂ, ਬੱਕਰੀਆਂ, ਕੱਟੇ, ਵੱਛੇ, ਟੂਮਾਂ ਵਗੈਰਾ ਹੁੰਦਾ ਹੈ। ਪਰ, ਪੰਜਾਬੀ ਵਿਰਸੇ ਦੀ ਗੱਲ ਸਮਝਣ ਲਈ ਇੱਥੇ ਇਸਨੂੰ ਤਿੰਨ ਭਾਗਾਂ (ਸ਼ਕਲਾਂ, ਨਕਲਾਂ, ਅਕਲਾਂ) ਵਿਚ ਵੰਡ ਲਿਆ ਗਿਆ ਹੈ, ਭਾਵੇਂ ਇਹ ਇੱਕ ਦੂਜੇ ਤੇ ਨਿਰਭਰ ਵੀ ਹਨ ਅਤੇ ਇਕ ਦੂਜੇ ਦਾ ਗੁੰਦੇ ਹੋਏ ਭਾਗ ਹੀ ਹਨ:
1[ ਲਹੂ ਦਾ ਵਿਰਸਾ (ਸ਼ਕਲਾਂ): ਜਿਸ ਕਰਕੇ ਸਾਡਾ ਮੜੰਗਾ (ਮੁਹਾਂਦਰਾ, ਨੈਣ-ਨਕਸ਼) ਮਾਂ-ਬਾਪ ਨਾਲ ਮੇਲ ਖਾਂਦੇ ਹਨ। ਇਸ ਲੇਖ ਵਿਚ ਇਸ ਵਾਰੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਦੇ ਲਹੂ ਦਾ ਵਿਰਸਾ ਪੰਜਾਬ ਦੇ ਇਤਿਹਾਸ ਦੀ ਦੇਣ ਹੈ । ਆਰੀਆ ਸਮਾਜ ਤੋਂ ਪਹਿਲਾਂ ਵੀ ਇਸ ਧਰਤੀ ਤੇ ਇੱਥੋਂ ਦੇ ਆਦੀ ਵਾਸੀ ਰਹਿੰਦੇ ਹੋਣਗੇ। ਆਰੀਆ ਸਮਾਜ ਤੋਂ ਚੱਲਕੇ ਹੁਣ ਤੱਕ ਇੱਥੇ ਵੱਖ ਵੱਖ ਥਾਵਾਂ ਤੋਂ ਹੋਰ ਵੱਖ ਵੱਖ ਨਸਲਾਂ ਵੀ ਆਉਂਦੀਆਂ ਰਹੀਆਂ ਹਨ। ਬੁਨਿਆਦੀ (genetic) ਤੌਰ ਤੇ ਸਾਰੇ ਕਾਲੇ, ਪੀਲੇ, ਚਿੱਟੇ ਲੋਕ ਤਕਰੀਬਨ ਇੱਕੋ ਜਹੇ ਹੁੰਦੇ ਹਨ, ਇਸ ਪੱਖ ਤੋਂ ਸਾਡਾ ਪੰਜਾਬੀ ਵਿਰਸਾ ਮਨੁੱਖੀ ਵਿਰਸੇ ਨਾਲੋਂ ਬਹੁਤਾ ਅਲੱਗ ਨਹੀਂ ਭਾਵੇਂ ਵੱਖ ਵੱਖ ਦੇਸਾਂ ਵਿਚ ਕੁਝ ਬਾਹਰਲੇ ਫਰਕ ਵੀ ਆਮ ਦੇਖੇ ਜਾਂਦੇ ਹਨ ।
2[ ਠੋਸ ਚੀਜਾਂ ਦਾ ਵਿਰਸਾ (ਨਕਲਾਂ): ਪੰਜਾਬ ਦੇ ਪਹਿਲੇ ਲੋਕ ਜਿਸ ਤਰ੍ਹਾਂ ਰਹਿੰਦੇ ਸਨ, ਜਿਸ ਤਰ੍ਹਾਂ ਦੇ ਭਾਂਡੇ, ਸੰਦ ਵਰਤਦੇ ਸਨ। ਇਸਨੂੰ ਵੀ ਵਿਰਸੇ ਦਾ ਹਿੱਸਾ ਕਿਹਾ ਜਾਂਦਾ ਹੈ। ਐਸੀਆਂ ਪੁਰਾਣੀਆਂ ਇਮਾਰਤਾਂ ਜੋ ਸਾਨੂੰ ਇਤਿਹਾਸ ਦਾ ਹਿੱਸਾ ਦਰਸਾਉਂਦੀਆਂ ਹਨ, ਸਾਡਾ ਸਾਂਝਾ ਪੰਜਾਬੀ ਵਿਰਸਾ ਕਹੀਆਂ ਜਾ ਸਕਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਕੁਝ ਪੁਰਾਣੇ ਸੰਦ, ਭਾਂਡੇ, ਚਰਖੇ, ਭੜੋਲੀਆਂ,ਚੱਕੀਆਂ, ਢੋਲਕੀਆਂ-ਛੈਣੇ ਪਲੰਘ, ਸੰਦੂਕ, ਜੁੱਤੀਆਂ, ਕੰਠੇ, ਸੱਗੀ-ਫੁੱਲ ਗਹਿਣੇ ਇਤ-ਆਦਿ ਨਮੂਨੇ ਸਾਂਭਣ ਦਾ ਪਰਬੰਧ ਵੀ ਕੀਤਾ ਗਿਆ ਹੈ। ਪੁਰਾਣੇ ਗਰੰਥ, ਕਿਤਾਬਾਂ, ਜੀਹਨਾਂ ਦੀ ਲੋਕ ਨਕਲ ਤਾਂ ਕਰ ਸਕਦੇ ਹਨ, ਪਰ ਕਾਨੂਨੀ ਤੌਰ ਤੇ ਅਦਲਾ-ਬਦਲੀ ਨਹੀਂ ਕਰ ਸਕਦੇ, ਵੀ ਪੰਜਾਬ ਦਾ ਵਿਰਸਾ ਹਨ। ਪੁਰਾਣੀਆਂ ਇਤਿਹਾਸਕ ਇਮਾਰਤਾਂ ਸਾਡਾ ਸਾਂਝਾ ਪੰਜਾਬੀ ਵਿਰਸਾ ਹਨ, ਭਾਵੇਂ ਉਹ ਗੁਰੂ ਨਾਨਕ ਦੇ ਵੇਲੇ ਦੀਆਂ ਹਨ ਤੇ ਭਾਵੇਂ ਉਹ ਵਾਰਿਸ, ਬੁੱਲੇ ਅਤੇ ਜਹਾਂਗੀਰ ਦੇ ਵੇਲੇ ਦੀਆਂ ਹਨ।
3[ ਗੁਣਾਂ-ਔਗੁਣਾਂ ਦਾ ਵਿਰਸਾ (ਅਕਲਾਂ): ਸਾਡੇ ਪੰਜਾਬੀ ਪੁਰਖੇ ਆਪਸ ਵਿਚ ਕਿਸ ਤਰ੍ਹਾਂ ਰਹਿੰਦੇ ਰਹੇ? ਕਿਵੇਂ ਉਹ ਲੋੜਾਂ ਅਤੇ ਮੁਸ਼ਕਲਾਂ ਦਾ ਹੱਲ ਕਰਦੇ ਸਨ? ਕੀ ਉਹਨਾਂ ਦੇ ਧਰਮ ਸਨ, ਕੀ ਰਸਮੋ-ਰਵਾਜ, ਕੀ ਸ਼ੁਗਲ ਸਨ? ਇਸ ਮਜਮੂਨ ਦਾ ਅਸਲੀ ਮੰਤਵ ਤਾਂ ਇਹੀ ਹੈ, ਕਿ ਏਥੋਂ ਦੇ ਰਹਿਣ ਵਾਲੇ ਪੁਰਖੇ ਕਿੱਥੋਂ ਕਿੱਥੋਂ ਆਏ ਤੇ ਸਾਡੇ ਲਈ ਕੀ ਅਕਲਾਂ ਪਿੱਛੇ ਛੱਡ ਗਏ ਹਨ। ਜਿਸ ਤਰ੍ਹਾਂ ਸਾਡੇ ਵਿੱਚੋਂ ਕਈ ਲੋਕ ਸੋਚਦੇ ਰਹਿੰਦੇ ਹਨ ਕਿ, ‘ਸਾਡੀ ਔਲਾਦ ਦਾ ਕੀ ਬਣੂ?’ ਇਸੇ ਚੱਕਰ ‘ਚ ਸ਼ਾਇਦ ਉਹ ਵੀ ਫਸੇ ਰਹਿੰਦੇ ਹੋਣਗੇ। ਇਤਿਹਾਸ ਗਵਾਹੀ ਭਰਦਾ ਹੈ ਕਿ ਸਾਡੇ ਪੰਜਾਬੀ ਪੁਰਖਿਆਂ ਨੇ ਕਈ ਬਹੁਤ ਭਿਆਨਕ ਸਮੇਂ ਵੀ ਦੇਖੇ।
ਨਿਕਾਸ ਅਤੇ ਵਿਕਾਸ: ਆਪਣੇ ਪੰਜਾਬੀ ਵਿਰਸੇ ਦੀ ਨਿਕਾਸ ਅਤੇ ਵਿਕਾਸ ਨੂੰ ਸਹੀ ਤਰ੍ਹਾਂ ਸਮਝਣ ਲਈ ਪੰਜਾਬ ਦੇ ਇਤਿਹਾਸ ਦੀ ਕੁਝ ਵਾਕਫੀਅਤ ਤਾਂ ਜਰੂਰੀ ਹੈ, ਭਾਵੇਂ ਇਸ ਛੋਟੇ ਜਹੇ ਲੇਖ ਵਿਚ ਸਿਰਫ ਕੁਝ ਇਸ਼ਾਰੇ ਮਾਤਰ ਜਾਣਕਾਰੀ ਹੀ ਦਿੱਤੀ ਜਾ ਸਕਦੀ ਹੈ। ਇਸ ਵਿਸ਼ੇ ਨੂੰ ਸਹੀ ਤਰ੍ਹਾਂ ਸਮਝਣ ਲਈ ਜਿੰਨੇ ਸੋਮਿਆਂ ਤੋਂ ਸਹਾਰਾ ਲਿਆ ਜਾਵੇ ਉਤਨਾ ਹੀ ਚੰਗਾ ਹੈ। ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦੀ ਜਰੂਰਤ ਪੈਂਦੀ ਹੈ। ਉਂਜ ਅਸੀਂ ਪੰਜਾਬੀ ਲੋਕ ਵਿਰਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ । ਆਮ ਤੌਰ ਤੇ ਨਾ ਅਸੀਂ ਕਿਤਾਬਾਂ ਪੜ੍ਹਨ ਦੇ ਆਦੀ ਹਾਂ। ਨਾ ਅਸੀਂ ਪੁਰਾਣੀਆਂ ਨਿਸ਼ਾਨੀਆਂ ਸੁੱਟਣ ਵੇਲੇ ਸੋਚਦੇ ਹਾਂ। ਸਮੇਂ ਨੇ ਸਾਨੂੰ ਅੰਗਰੇਜ਼ੀ ਨਾਲ ਵੀ ਇਤਨਾ ਜੋੜ ਦਿੱਤਾ ਹੈ ਕਿ ਆਮ ਤੌਰ ਤੇ ਤਾਂ ਅਸੀਂ ਪੰਜਾਬੀ ਅਰਜੀਆਂ, ਪੰਜਾਬੀ ਸੰਸਥਾਵਾਂ, ਪੰਜਾਬੀ ਵਿਆਹ-ਸ਼ਾਦੀਆਂ ਦੇ ਰਿਜਿਸਟਰਾਂ ਤੇ ਵੀ ਅੰਗਰੇਜੀ ਵਿਚ ਦਸਖਤ ਕਰਦੇ ਹਾਂ। ਸਾਨੂੰ ਵਿਰਸੇ ਦਾ ਹੇਜ ਉਦੋਂ ਆਉਂਦਾ ਹੈ, ਜਦੋਂ ਇਹ ਖੁੱਸਣ ਵਾਲਾ ਹੋਵੇ, ਜਾਂ ਖੁੱਸ ਗਿਆ ਹੋਵੇ।
ਹਰ ਗੱਲ ਦਾ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ । ਜੋਰਾਵਰ ਹਕੂਮਤਾਂ ਇਤਿਹਾਸ ਨੂੰ ਬਦਲ ਕੇ ਦਿਖਾਉਣ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ । ਇਸ ਲਈ ਭਾਵੇਂ ਇਤਿਹਾਸ ਕਦੇ ਪੂਰਾ ਸੱਚ ਨਹੀਂ ਉਘਾੜ ਸਕਦਾ, ਪਰ ਪੰਜਾਬੀ ਵਿਰਸੇ ਨੂੰ ਸਮਝਣ ਦੇ ਕਾਰਨ ਲੱਭਣ ਲਈ ਇਤਿਹਾਸ ‘ਤੇ ਝਾਤੀ ਮਾਰਨਾ ਜਰੂਰੀ ਹੈ। ਜੇ ਅਸੀਂ ਸਹੀ ਕਾਰਨ ਲੱਭਣ ਦੇ ਆਦੀ ਬਣ ਜਾਈਏ ਤਾਂ ਸ਼ਾਇਦ ਕੁਝ ਚੰਗਾ ਹਿੱਸਾ ਵੀ ਪਾ ਸਕੀਏ, ਨਹੀਂ ਤਾਂ ਗੱਲ ‘ਤੂੰ ਤੂੰ, ਮੈਂ ਮੈਂ’ ਤੋਂ ਅੱਗੇ ਨਹੀਂ ਵਧ ਸਕਦੀ।
ਪੰਜਾਬ ਦੀ ਧਰਤੀ ਦਾ ਪ੍ਰਾਚੀਨ ਨਾਂ ਸਪਤ-ਸਿੰਧੂ ਸੀ। ਇਸਦੇ ਇਤਿਹਾਸ ਨੂੰ ਸਮਝਣ ਲਈ ਸਾਨੂੰ ਆਰੀਆ ਲੋਕਾਂ ਦਾ ਇਤਿਹਾਸ, ਰਾਮਾਇਣ ਤੇ ਮਹਾਂਭਾਰਤ ਦਾ ਇਤਿਹਾਸ, ਸਿਕੰਦਰ,ਚੰਦਰ ਗੁਪਤ ਮੋਰੀਆ,ਮਹਾਨ ਅਸ਼ੋਕ, ਸ਼ਕ ਲੋਕ, ਗੁਪਤਰਾਜ, ਬਿਕਰਮਾਜੀਤ ਚੰਦਰਗੁਪਤ, ਹੂਣ, ਸਮਰਾਟ ਹਰਸ਼, ਰਾਜਪੂਤ ਤੱਕ ਦੇ ਸਮਿਆਂ ਵਿਚੋਂ ਲੰਘਣਾ ਪਵੇਗਾ। ਉਸਤੋਂ ਬਾਅਦ ਇੱਥੇ ਸੰਨ 712 ਵਿਚ ਅਰਬ ਦੇ ਮੁਹੰਮਦ ਬਿਨ-ਕਾਸਮ ਦੇ ਹਮਲੇ ਦੇ ਨਾਲ ਮੁਸਲਮਾਨਾਂ ਦੀ ਆਮਦ ਸ਼ੁਰੂ ਹੋਈ, ਮਹਿਮੂਦ ਗ਼ਜ਼ਨਵੀ ਨੇ 1001 ਤੱਕ ਇਸ ਧਰਤੀ ਨੂੰ ਮੁਸਲਮਾਨਾਂ ਦੀ ਆਮਦ ਲਈ ਹੋਰ ਵੀ ਖੋਲ੍ਹ ਦਿੱਤਾ। ਇਸ ਦੌਰਾਨ ਕਿਸੇ ਸਮੇਂ ਇਸਦਾ ਨਾਂ ਸਪਤ-ਸਿੰਧੂ ਤੋਂ ਪੰਜਾਬ ਬਣ ਗਿਆ। ਗ਼ਜਨਵੀ ਤੋਂ ਬਾਅਦ ਗ਼ੌਰੀਆਂ ਤੇ ਫਿਰ ਮੁਗਲਾਂ ਨੇ ਸਵਾ ਦੋ ਸੌ ਸਾਲ (1526-1752) ਰਾਜ ਕੀਤਾ। ਇਸੇ ਸਮੇਂ ਸਿੱਖ ਧਰਮ ਦੀ ਸਥਾਪਨਾ ਹੋਈ ਅਤੇ ਮੁਗਲਾਂ ਦੇ ਰਾਜ ਨਾਲ ਤਣਾਅ ਵਧਦਾ ਗਿਆ। ਅੰਤ ਵਿਚ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਦਾ ਰਾਜ ਅਤੇ ਭਾਰਤ ਦੀ ਆਜ਼ਾਦੀ ਦੇ ਨਾਲ ਪੰਜਾਬ ਦੀ ਵੰਡ। ਆਜ਼ਾਦੀ ਤੋਂ ਬਾਅਦ ਫਿਰ ਪੰਜਾਬ ਦੇ ਹੋਰ ਟੁਕੜੇ ਹੁੰਦੇ ਰਹੇ ਅਤੇ ਵਰਤਮਾਨ ਪੰਜਾਬ ਵਿਚ ਨਵੀਆਂ ਕਿਸਮਾਂ ਦੇ ਮਸਲੇ ਆ ਰਹੇ ਹਨ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਨ੍ਹਾਂ ਤਬਦੀਲੀਆਂ ਦੇ ਹੁੰਦੇ ਹੋਏ ਵੀ ਜਿਸ ਤਰ੍ਹਾਂ ਵੀ ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਰਹਿਣ ਲਈ ਨੁਸਖੇ ਕੱਢ ਕੱਢ ਆਪਣੇ ਆਪ ਨੂੰ ਜਿਉਂਦੇ ਰੱਖਿਆ, ਉਹਨਾਂ ਨੂੰ ਪੰਜਾਬੀਅਤ ਜਾਂ ਪੰਜਾਬੀ ਵਿਰਸਾ ਕਿਹਾ ਜਾ ਸਕਦਾ ਹੈ। ਇਹ ਵਿਰਸਾ ਧਰਮਾਂ ਦੀ ਵੱਖੋ-ਵੱਖਰੀ ਪਹਿਚਾਣ ਵੀ ਕਰਦਾ ਹੈ ਅਤੇ ਕੁਝ ਸਦੀਵੀ ਤਣਾਅ ਵੀ ਦਰਸਾਉਂਦਾ ਹੈ। ਇਸ ਇਤਿਹਾਸ ਨੂੰ ਘੋਖਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਬੋਲੀ ਸੀ। ਇਸ ਬੋਲੀ ਦੀ ਆਪਣੀ ਪਹਿਚਾਣ ਬਾਬਾ ਗੋਰਖ ਨਾਥ ਦੇ ਸਮੇਂ ਤੱਕ ਹੋ ਗਈ ਲਗਦੀ ਹੈ। ਕੰਨਪਾਟੇ ਯੋਗੀਆਂ ਦਾ ਇਹ ਸਮਾਂ ਤਕਰੀਬਨ ਦਸਵੀਂ ਸਦੀ ਦੇ ਲੱਗਭਗ ਦਾ ਸਮਾਂ ਹੈ। ਉਸਤੋਂ ਬਾਅਦ ਸੂਫੀ ਮੱਤ ਦੇ ਬਾਬਾ ਫਰੀਦ ਦੇ ਸਲੋਕਾਂ ਵਿਚ ਪੰਜਾਬੀ ਦੀ ਨਿਖਾਰ ਹੋਰ ਵੀ ਆਧੁਨਿਕ ਦਿਸਦੀ ਹੈ। ਫਰੀਦ ਜੀ ਦੀ ਬਾਣੀ ਤੋਂ ਇੱਥੇ ਗੈਰ-ਫਿਰਕੂ ਕਲਿਆਣਕਾਰੀ ਸਭਿਆਚਾਰ ਦੀ ਹੋਂਦ ਮਹਿਸੂਸ ਹੁੰਦੀ ਹੈ। ਗੋਰਖ ਨਾਥ ਅਤੇ ਫਰੀਦ ਦੀਆਂ ਰਚਨਾਵਾਂ ਤੋਂ ਸਾਫ ਜਾਹਰ ਹੋ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਅਮਲੀ ਰੂਪ ਸਿੱਖ ਮੱਤ ਦੇ ਉਸਰਨ ਤੋਂ ਪਹਿਲਾਂ ਹੋ ਚੁੱਕਿਆ ਸੀ। ਯਾਦ ਰਹੇ ਕਿ ਨਾਨਕ ਦੇਵ ਜੀ ਨੂੰ ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ ਅਤੇ ਸਿੱਖਾਂ ਦਾ ਬਾਨੀ ਕਰਕੇ ਦਰਸਾਇਆ ਜਾਣ ਲੱਗ ਪਿਆ ਸੀ, ਇਸ ਲਈ ਗੁਰੂ ਨਾਨਕ ਦੇ ਸਮੇਂ ਤੱਕ ਚੰਗੇ ਪੰਜਾਬੀ ਵਿਰਸੇ ਦੀ ਸਹੀ ਪਹਿਚਾਣ ਹੋ ਚੁੱਕੀ ਸੀ। ਇਹ ਵਿਰਸਾ ਹੱਕ ਅਤੇ ਸੱਚ ਤੇ ਅਧਾਰਤ ਹੈ ਅਤੇ ਸਭ ਦੀ ਭਲਾਈ ਦੀ ਮੰਗ ਕਰਦਾ ਹੈ। ਭਾਵੇਂ ਕਿਤਨੇ ਧਾੜਵੀ, ਲੁਟੇਰੇ, ਲਫੰਗੇ, ਤੇ ਹੋਰ ਚੰਗੇ-ਮੰਦੇ ਰਾਜ ਇੱਥੇ ਆਏ, ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਬਾਤ-ਚੀਤ ਕਰਨ ਲਈ ਆਪਣੀ ਬੋਲੀ, ਆਪਣੀ ਭਾਸ਼ਾ ਵਿਚ ਹੀ ਕਰ ਸਕੇ। ਸਰਕਾਰ ਦੀ ਬੋਲੀ ਮੇਜਾਂ ਦੀਆਂ ਟੋਕਰੀਆਂ ਵਿਚ ਕੈਦ ਰਹੀ। ਉਹੀ ਬੋਲੀ ਅਜੇ ਵੀ ਪੰਜਾਬ ਵਿਚ ਚਲਦੀ ਹੈ, ਭਾਵੇਂ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਉਗਰਾਹੁਣ ਵਾਲੇ ਪੰਜਾਬ ਦੀ ਮਾਂ ਬੋਲੀ ਨਾਲ ਸ਼ਰ੍ਹੇ-ਆਮ ਵਿਤਕਰਾ ਕਰ ਰਹੇ ਹਨ । ਮਾਂ ਬੋਲੀ ‘ਸਾਡਾ ਮੂਲ ਪੰਜਾਬੀ ਵਿਰਸਾ’ ਹੈ । ਬਾਕੀ ਸਭ ਗੱਲਾਂ ਇਸਦੇ ਅੰਗ ਹਨ। ਬੋਲੀ ਵਰਗੀ ਹੋਰ ਕੋਈ ਸਾਂਝ ਵੀ ਨਹੀਂ, ਬੋਲੀ ਦੇ ਨਾਲ ਹੀ ਪੰਜਾਬੀ ਭਾਸ਼ਾ ਬਣਦੀ ਹੈ, ਜਿਸ ਨਾਲ ਲੋਕ ਆਪਸ ਵਿਚ ਸੰਪਰਕ ਕਰਦੇ ਹਨ।
ਭਾਸ਼ਾ ਦੀ ਸਾਂਝ, ਪਿਆਰ ਦੀ ਸਾਂਝ ਬਣ ਜਾਂਦੀ ਰਹੀ ਹੈ। ਇਸ ਸਾਂਝ ਕਰਕੇ ਵੱਖੋ-ਵੱਖ ਧਰਮਾਂ ਦੇ ਪੁਰਾਣੇ ਲੋਕਾਂ ਦਾ ਪੇਂਡੂ ਸਮਾਜ ਤਕਰੀਬਨ ਇਕੋ ਜਿਹਾ ਸੀ, ਇਕ ਦੂਜੇ ਤੇ ਨਿਰਭਰ ਸੀ । ਇਕ-ਦੂਜੇ ਦੇ ਆਉਣਾ ਜਾਣਾ ਬਣਿਆ ਰਹਿੰਦਾ ਸੀ। ਗੁਆਂਢੀ ਸੁੱਖ ਵੇਲੇ ਸੁੱਖਾਂ ਮਨਾਉਂਦੇ, ਮਰਨ ਵੇਲੇ ਦੁੱਖ ਵੰਡਾਉਂਦੇ, ਵਿਆਹਾਂ-ਕਾਰਜਾਂ ਵਿੱਚ ਹੱਥ ਵੰਡਾਉਂਦੇ ਹੁੰਦੇ ਸਨ। ਗੱਲ ਕੀ ਸਾਂਝੇ ਰਿਵਾਜ, ਸਾਂਝੇ ਤਿਓਹਾਰ, ਸਾਂਝਾ ਦੁਖ-ਸੁਖ । ਕੱਠਿਆਂ ਰਹਿਣ ਲਈ ਸਾਂਝੇ ਢੰਗ-ਸਾਂਝੀ ਅਣਖ, ਤੁਹਾਡੀ ਧੀ ਭੈਣ, ਸਾਡੀ ਧੀ ਭੈਣ ਵਾਲੀ ਬੋਲ-ਬਾਣੀ। ਅਕਬਰ ਦੇ ਸਮੇਂ ਅਸੀਂ ਦੁੱਲੇ ਭੱਟੀ ਦੇ ਹਾਮੀ ਰਹੇ ਹਾਂ। ਵੱਡਿਆਂ ਦੀ ਇੱਜ਼ਤ, ਛੋਟਿਆਂ ਦੀ ਕਦਰ,ਸਾਂਝੇ ਸੰਗੀਤ, ਦੁੱਲਾ-ਭੱਟੀ, ਹੀਰ ਰਾਂਝੇ ਵਰਗੀਆਂ ਕਹਾਣੀਆਂ ਸਭ ਨੂੰ ਇਕੋ ਜਹੀਆਂ ਪਸੰਦ ਸਨ, ਜਾਂ ਵੱਖੋ-ਵੱਖਰੇ ਧਰਮਾਂ ਦੇ ਕੱਟੜ ਲੋਕਾਂ ਨੂੰ ਇੱਕੋ ਜਹੀਆਂ ਨਾ-ਪਸੰਦ । ਪਿਆਰ ਲਈ ਰਾਂਝੇ ਦਾ ਮੁਸਲਮਾਨ ਤੋਂ ਹਿੰਦੂ ਯੋਗੀ ਹੋ ਜਾਣਾ ਸਾਂਝੇ ਪੰਜਾਬੀ ਵਿਰਸਾ ਦਾ ਅੰਗ ਹੈ। ਧਰਮ ਦੇ ਆਧਾਰ ਤੇ ਹਿੰਦੂ ਮੁਸਲਮਾਨ ਖਿੱਚੋਤਾਣ ਨੂੰ ਪਛਾਣਦੇ ਹੋਏ ਕਬੀਰ ਜੀ ਤੋਂ ਚੱਲਕੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਵੀ ਰਚੀ. ‘ਸਭੋ ਸਾਂਝੀਵਾਲ ਸਦਾਇਨ’, ‘ਨਾ ਕੋ ਬੈਰੀ ਨਾਹੀ ਬੇਗਾਨਾ’ ‘ ਨਾ ਹਮ ਹਿੰਦੂ, ਨ ਮੁਸਲਮਾਨ’ । ਪੰਜਾਬ ਦੇ ਲੋਕ ਸਦਾ ਆਜ਼ਾਦੀ ਦੇ ਪਰਵਾਨੇ ਰਹੇ ਹਨ। ਭਗਤ ਸਿੰਘ ਦਾ ਦੁਰਗਾ ਭਾਬੀ ਨਾਲ ‘ਅਖੌਤੀ-ਖਸਮ’ ਬਣਕੇ ਨਿਕਲ ਜਾਣਾ ਪਰ ਭੈਣਾ ਵਰਗਾ ਰਸੂਖ ਰੱਖਣਾ ਪੰਜਾਬੀ ਵਿਰਸੇ ਦੀ ਇਕ ਵਧੀਆ ਮਿਸਾਲ ਹੈ, ਜਿਸਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਇਹ ਸਾਡਾ ਪੰਜਾਬੀ ਵਿਰਸਾ ਹੈ। ਕੁਰਸੀ ਲਈ ਦਿੱਲੀ ਦੇ ਕਠਪੁਤਲਿਆਂ ਵਾਂਗੂੰ ਖੁਸ਼ਾਮਦ ਦੀਆਂ ਇਲਤਾਂ ਕਰਦੇ ਰਹਿਣਾ ਸਿਆਸਤ ਵਰਗੀ ਹੋਰ ਸ਼ੈਅ ਤਾਂ ਹੋ ਸਕਦੀ ਹੈ, ਪਰ ਇਹ ਪੰਜਾਬੀ ਵਿਰਸਾ ਹਰਗਿਜ਼ ਨਹੀਂ। ਪੰਜਾਬੀ ਵਿਰਸਾ ਜਨੇਊ ਪਹਿਨਣ ਵਾਲੇ ਪੰਡਤਾਂ ਦੀ ਰਾਖੀ ਕਰਨ ਦੇ ਹੱਕ ਵਿਚ ਤਾਂ ਹੋ ਸਕਦਾ ਹੈ, ਪਰ ਆਪਣੀ ਇੱਜ਼ਤ ਲਈ ਗਾਂਧੀਵਾਦ ਦੇ ਨੇੜੇ ਨਹੀਂ ਢੁਕਦਾ। ਉਦੋਂ ਸਾਡਾ ਵਿਰਸਾ
‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ,
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ।’
ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ।
ਇਹ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਪੰਜਾਬੀ ਵਿਰਸੇ ਵਿਚ ਕੁਝ ਮਾੜੀਆਂ ਗੱਲਾਂ ਨਹੀਂ; ਜਾਤ-ਪਾਤ ਦਾ ਰੋਗ ਅਤੇ ਕੁੜੀਆਂ ਦੇ ਮਾਰਨ ਦਾ ਕੋਹੜ ਸਿੱਖਾਂ ਵਿੱਚੋਂ ਵੀ ਪੂਰਾ ਨਹੀਂ ਲਹਿ ਸਕਿਆ । ਪਰ ਇਹ ਤਾਂ ਸਾਰੇ ਭਾਰਤ ਲਈ ਕਲੰਕ ਹੈ। ਇਹੀ ਹਾਲ ਮੁਸਲਮਾਨਾਂ ਵਿਚ ਬੁਰਕਾ ਪਹਿਨਣ ਦਾ ਹੈ। ਪੰਜਾਬੀ ਵਿਰਸਾ ਤਾਂ ਉਹ ਹੈ ਜੋ ਭਗਤ ਸਿੰਘ ਵਰਗੇ ਬਹਾਦਰਾਂ ਨੇ ਏਕਤਾ ਰੱਖਣ ਲਈ ਆਪਣੇ ਆਪ ਨੂੰ ਨਾਸਤਕ ਤੱਕ ਵੀ ਕਹਿ ਦਿੱਤਾ । ਸੰਨ ਸੰਤਾਲੀ ਦਾ ਘੱਲੂ-ਘਾਰਾ ਪੰਜਾਬੀ ਵਿਰਸੇ ਉੱਤੇ ਸਦੀਵੀ ਦਾਗ ਹੈ, ਪਰ ਉਸ ਸਮੇਂ ਵੀ ਦੋਨੋ ਪਾਸੀਂ ਲੋਕਾਂ ਨੇ ਧਰਮ ਦੇ ਕੱਟੜ ਖਿਆਲਾਂ ਉੱਤੋਂ ਉੱਚੇ ਉੱਠਕੇ, ਆਪਣੇ ਆਪਨੂੰ ਖਤਰਿਆਂ ਵਿਚ ਪਾ ਪਾ ਕੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਬਚਾਇਆ, ਕਿਉਂਕਿ ਉਹਨਾਂ ਦੀ ਆਪਸ ਵਿਚ ਡੂੰਘੀ ਸਾਂਝ ਬਣੀ ਹੋਈ ਸੀ।
ਵੰਡ ਤੋਂ ਬਾਅਦ ਵੀ ਦੋਨੋ ਪੰਜਾਬ ਕਈ ਵਾਰ ਫਿਰ ਤਬਾਹੀ ਦੇ ਨੇੜੇ ਤੇੜੇ ਆ ਕੇ ਬਚਦੇ ਰਹੇ ਹਨ, ਅਤੇ ਦੋਨੋ ਕੇਂਦਰੀ ਸਰਕਾਰਾਂ ਦਾ ਪੰਜਾਬੀ ਭਾਸ਼ਾ ਨਾਲ ਸੌਕਣਾਂ ਵਾਲਾ ਰਿਸ਼ਤਾ ਰਿਹਾ ਹੈ। ਭਾਰਤ ਦੇ ਆਗੂਆਂ ਦੇ ਅਜੇ ਇਹ ਗੱਲ ਸਿਰ ਨਹੀਂ ਚੜ੍ਹੀ ਕਿ ਹਰ ਭਾਸ਼ਾ ਆਪਣੇ ਆਪ ਦੂਜੀ ਭਾਸ਼ਾ ਵਿਚ ਰਚ-ਮਿਚ ਤਾਂ ਸਕਦੀ ਹੈ, ਪਰ ਕਿਸੇ ਤੇ ਆਪਣੀ ਭਾਸ਼ਾ ਦੀ ਹੈਂਕੜ ਦਾ ਅਸਰ, ਅਕਸਰ, ਉਲਟ ਹੁੰਦਾ ਹੈ। ਲਿੱਪੀਆਂ ਦੇ ਵੱਖ ਵੱਖ ਹੁੰਦਿਆਂ ਹੋਇਆਂ ਵੀ ਪੰਜਾਬੀ ਜ਼ੁਬਾਨ ਉੱਤੇ ਅਜੇ ਵੀ ‘ਬਾਬੇ ਦੀ ਫੁੱਲ ਕਿਰਪਾ ਹੈ।’ ਇਹੀ ਸਾਡਾ ਮੂਲ ਪੰਜਾਬੀ ਵਿਰਸਾ ਹੈ।
ਪੰਜਾਬੀ ਭਾਸ਼ਾ ਦੂਜੀਆਂ ਜ਼ੁਬਾਨਾਂ ਨਾਲ ਘੁਲਣ-ਮਿਲਣ ਵਾਲੀ ਭਾਸ਼ਾ ਹੈ, ਭਿੱਟੀ ਜਾਣ ਵਾਲੀ ਨਹੀਂ। ਇਸੇ ਕਰਕੇ ਇਸ ਵਿਚ ਅਰਬੀ, ਫਾਰਸੀ, ਅੰਗਰੇਜ਼ੀ, ਸੰਸਕ੍ਰਿਤ,ਉਰਦੂ, ਹਿੰਦੀ, ਅਤੇ ਵੱਖੋ-ਵੱਖ ਪੰਜਾਬੀ ਰੰਗ ਦੇਖੇ ਜਾਂਦੇ ਹਨ। ਇਹ ਵੀ ਪੰਜਾਬੀਆਂ ਦੀ ਬੋਲੀ ਦਾ ਵਿਰਸਾ ਹੈ। ਸਾਡਾ ਭੰਗੜਾ ਹੁਣ ਅੰਗਰੇਜ਼ੀ ਵਿਚ ਵੀ ਜਾ ਵੜਿਆ ਹੈ ।
ਭਵਿੱਖ: ਆਪਣੇ ਵਿਰਸੇ ਦੀ ਸਹੀ ਪਹਿਚਾਣ ਕਰਨਾ ਇਕ ਸਭਿਅ (ਸੁਚੱਜੀ) ਗੱਲ ਹੁੰਦੀ ਹੈ। ‘ਜੇ ਅਸੀਂ ਆਪਣਾ ਵਿਰਸਾ ਭੁੱਲ ਜਾਵਾਂਗੇ, ਤਾਂ ਕੱਖਾਂ ਵਾਂਗਰ ਰੁਲ਼ ਜਾਵਾਂਗੇ ’, ਕਈ ਥਾਵਾਂ ਤੇ ਕੁਝ ਇਸ ਤਰ੍ਹਾਂ ਦੇ ਸ਼ਬਦ ਲਿਖੇ ਦੇਖੇ ਜਾਂਦੇ ਹਨ। ਇਸਦਾ ਮਤਲਬ ਦੂਜਿਆਂ ਨਾਲ ਲੜਾਈ ਛੇੜਣ ਦੀ ਗੱਲ ਨਹੀਂ, ਇਸਦਾ ਸਹੀ ਮਤਲਬ ਹੈ ਕਿ ਜੇ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਚੱਲੇ ਕਿੱਥੋਂ ਹਾਂ, ਤਾਂ ਅਸੀਂ ਅਗਲੀ ਮੰਜ਼ਿਲ ਦੀ ਸਹੀ ਪਹਿਚਾਣ ਵੀ ਨਹੀਂ ਕਰ ਸਕਦੇ।
ਪੰਜਾਬੀ ਵਿਰਸਾ ਕਿੱਧਰ ਜਾ ਰਿਹਾ ਹੈ, ਇਸਦਾ ਨਚੋੜ ਤਾਂ ਸਮਾਂ ਹੀ ਕੱਢੇਗਾ । ਪਰ, ਹੁਣ ਦਾ ਪੰਜਾਬੀ ਵਿਰਸਾ ਬਦਲ ਜਰੂਰ ਰਿਹਾ ਹੈ। ਕੁਝ ਗੱਲਾਂ ਵਿਚ ਪੰਜਾਬੀ ਵਿਰਸਾ ਤਰੱਕੀ ਦੇ ਰਾਹਾਂ ਵੱਲ ਜਾ ਰਿਹਾ ਹੈ। ਵਿਰਸੇ ਵਿਚ ਆਈ ਹਰ ਚੀਜ ਸੰਭਾਲਣ ਵਾਲੀ ਵੀ ਨਹੀਂ ਹੁੰਦੀ। ਪੰਜਾਬੀ ਲੋਕ ਜੇ ਇਕ ਦੋ ਜੁਬਾਨਾਂ ਅਤੇ ਕੰਪਿਊਟਰ ਦੀ ਜ਼ੁਬਾਨ ਵੀ ਸਿੱਖ ਲੈਣ ਤਾਂ ਮਨ ਤੇ ਬੋਝ ਪੈਣ ਵਾਲੀ ਗੱਲ ਨਹੀਂ ਹੋਣ ਲੱਗੀ, ਨਾਂ ਹੀ ਧਰਮ ਦਾ ਸਤਿਆਨਾਸ ਹੋ ਸਕਦਾ ਹੈ। ਹਰ ਬੰਦੇ ਨੂੰ ਆਪਣੀ ਮਾਤ-ਭਾਸ਼ਾ ਜਰੂਰ ਸਿੱਖ ਲੈਣੀ ਚਾਹੀਦੀ ਹੈ, ਭਾਵੇਂ ਇਹ ਖਿਚੜੀ ਜਹੀ ਭਾਸ਼ਾ ਹੀ ਹੋਵੇ।
ਲੋਕਾਂ ਦੀਆਂ ਗੱਲਾਂ ਤੋਂ ਇਹ ਵੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਵਿਰਸੇ ਨੂੰ ਕੁਝ ਰੋਗ ਵੀ ਲੱਗੇ ਹੋਏ ਹਨ, ਉਹਨਾਂ ਦਾ ਅੱਧ-ਪਚੱਧ ਵੇਰਵਾ ਨਿਮਨ-ਲਿਖਤ ਹੈ:
- ਮਾਂ ਬੋਲੀ ਨੂੰ ਧਰਮ ਨਾਲ ਜੋੜਨ ਦਾ ਰੋਗ
- ਦਿੱਲੀ/ਇਸਲਾਮਾਬਾਦ ਦੀਆਂ ਸਿਆਸਤਾਂ ਦੇ ਰੋਗ
- ਬਾਹਰਲੇ ਮੁਲਕਾਂ ਵਿਚ ਜਾਣ ਦੇ ਰੋਗ
- ਝੋਨੇ ਦੀ ਪੈਦਾਇਸ਼ ਅਤੇ ਇਸਦਾ ਪੰਜਾਬੀ ਵਿਰਸੇ ਤੇ ਅਸਰ
- ਟੈਲੀਵਿਯਨ, ਪੈਸਾ/ਸੌਦੇਬਾਜੀ/ਲੋਭ, ਕੁੜੀਆਂ ਦੀ ਕਬੱਡੀ ਇਤ-ਆਦਿ
ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੇ ਰੋਗਾਂ ਨਾਲ ਸਾਡੇ ਪੰਜਾਬੀ ਵਿਰਸੇ ਦਾ ਕੀ ਕੀ ਨੁਕਸਾਨ ਹੋਇਆ, ਤੇ ਪੰਜਾਬੀ ਭਾਸ਼ਾ ਇਸ ਝੱਖੜ ਵਿਚੋਂ ਕਿਵੇਂ ਲੰਘੀ। ਪੰਜਾਬੀ ਵਿਰਸੇ ਨੇ ਹੁਣ ਦੇ ਕਾਲ਼ ਵਿਚ ਕੀ ਖੱਟਿਆ ? ਮੇਰਾ ਆਪਣਾ ਖਿਆਲ ਹੈ ਕਿ ਘੱਟੋ-ਘੱਟ ਔਰਤਾਂ ਦੀ ਵਿੱਦਿਆ ਵਿਚ ਕੁਝ ਵਾਧਾ ਜਰੂਰ ਦਿਸੇਗਾ । ਇਸੇ ਤਰ੍ਹਾਂ ਵਿਸ਼ਵੀਕਰਣ ਦੇ ਅਸਰ ਹੇਠ ਕੁਝ ਹੋਰ ਚੰਗੇ-ਮੰਦੇ ਪਰਭਾਵ ਪੰਜਾਬੀ ਵਿਰਸੇ ਤੇ ਪੈਣਗੇ, ਜਿਸ ਤਰ੍ਹਾਂ ਹੋਰਾਂ ਲੋਕਾਂ ਦੇ ਵਿਰਸਿਆਂ ‘ਤੇ ਪੈਣਗੇ।
ਗੁਰੂ ਅਰਜਨ ਦੇਵ ਜੀ ਦੀ ਕਿਰਪਾ ਕਰਕੇ ਕਿਸੇ ਹੱਦ ਤੱਕ ਸਾਨੂੰ ਸਾਡੀ ਵਿਰਸਾ ਸੰਭਾਲਣ ਦੀ ਆਦਤ ਪੈ ਗਈ। ਸਮੇਂ ਸਮੇਂ ਪੰਜਾਬੀ ਵਿਰਸੇ ਨੂੰ ਵੱਖ ਵੱਖ ਲੋਕ ਪੁੱਠੇ ਪਾਸੇ ਲਈ ਜਾਂਦੇ ਦੇਖੇ ਜਾਂਦੇ ਹਨ। ਇਸ ਵਿਚ ਸਿਰਫ ਡੇਰੇ ਸਿਰਸੇ ਵਰਗੇ ਬਾਬੇ ਹੀ ਸ਼ਾਮਲ ਨਹੀਂ, ਬਾਹਰਲੇ ਮੁਲਕਾਂ ਵਿਚ ਵੀ ਅਨੇਕਾਂ ਖੁਦ-ਪਰਸਤ ਬੰਦੇ ਹਨ ਜੋ ਸਾਂਝੇ ਪੰਜਾਬੀ ਵਿਰਸੇ ਨੂੰ ਖਰੀਦੀ ਜਾ ਸਕਣ ਵਾਲੀ ਟੋਲੀ ਦਿਸਣ ਲਾ ਦਿੰਦੇ ਹਨ। ਇਹੀ ਕਾਰਨ ਹੈ ਕਿ ਸਾਡੇ ਕਈ ਗੁਰੂਦੁਆਰਿਆਂ ਵਿਚ ਵੋਟਾਂ ਸਮੇਂ ਕਈ ਲੈਕਚਰ ਇਸ ਤਰ੍ਹਾਂ ਦੇ ਲਗਦੇ ਹਨ ਜਿਵੇਂ ਗੁਰੂ ਨਾਨਕ ਦੀ ਬਾਣੀ ਦਾ ਮਖੌਲ ਕਰ ਰਹੇ ਹੋਣ। ਇਹ ਪੰਜਾਬੀ ਵਿਰਸੇ ਦੇ ਵਿਗੜੇ ਰੂਪ ਕਹੇ ਜਾ ਸਕਦੇ ਹਨ।
ਇਹ ਤਾਂ ਠੀਕ ਹੈ ਅਤੇ ਕੁਦਰਤੀ ਵੀ ਹੈ ਕਿ ਵਿਸ਼ਵੀਕਰਨ ਦਾ ਕੁਝ ਮੰਦਾ ਅਸਰ ਪਵੇਗਾ, ਪਰ ਵਿਸ਼ਵੀਕਰਨ ਨਾਲ ਪੰਜਾਬੀ ਵਿਰਸੇ ਦਾ ਪਸਾਰਾ ਵੀ ਵਧ ਰਿਹਾ ਹੈ। ਪਰ ਇਹ ਪਸਾਰਾ ਲਹੂ ਦੇ ਵਿਰਸੇ ਦਾ ਜ਼ਿਆਦਾ ਹੈ, ਭਾਸ਼ਾ ਦਾ ਨਹੀਂ। ਭਾਸ਼ਾ ਦੀ ਪੁੱਠ ਕਿਸੇ ਸਮਾਜ ਵਿਚ ਰਹਿਣ ਨਾਲ ਹੀ ਚੜ੍ਹ ਸਕਦੀ ਹੈ । ਇਹੀ ਕਾਰਨ ਹੈ ਕਿ ਬਾਹਰਲੇ ਮੁਲਕਾਂ ਵਿਚ ਗੁਰੂਦੁਆਰਿਆਂ ਦੇ ਕਈ ਬੁਲਾਰੇ ਇਕ ਫਿਕਰਾ ਵੀ ਨਿਰੋਲ ਪੰਜਾਬੀ ਨਾਲ ਪੂਰਾ ਨਹੀਂ ਕਰ ਸਕਦੇ। ਬਾਹਰ ਦੀਆਂ ਪੰਜਾਬੀ ਲਿਖਾਰੀ ਸਭਾਵਾਂ ਵਿਚ ਵੀ ਬਹੁਤੇ ਦਸਖਤ ਅੰਗਰੇਜ਼ੀ ਵਿਚ ਕਰਦੇ ਹਨ। ਪੰਜਾਬੀ ਪਾਰਟੀਆਂ ਵਿਚ ਰੱਖੇ ਰੀਜਿਸਟਰਾਂ ਤੇ ਕਈ ਵਾਰ ਮੈਂ ਸਾਰੇ ਦੇ ਸਾਰੇ ਦਸਖਤ ਅੰਗਰੇਜ਼ੀ ਵਿਚ ਦੇਖੇ ਹਨ। ਇਸ ਗੁਸਤਾਖੀ ਵਿਚ ਤਾਂ ਮੇਰਾ ਵੀ ਹੱਥ ਹੈ। ਪਿੱਛੇ ਜਹੇ ਮੈਂ ਦੋ ਪੰਜਾਬੀ ਕੰਪਿਊਟਰ ਵਿਦਵਾਨਾਂ ਦੇ ਪੱਤਰ ਅੰਗਰੇਜ਼ੀ ਵਿਚ ਛਪੇ ਹੋਏ ਪੜ੍ਹੇ ਤਾਂ ਅਫਸੋਸ ਜਰੂਰ ਹੋਇਆ। ਜਦੋਂ ਮੈਂ ਖੁਦ ਆਪਣੇ ਅੰਦਰ ਨਿਗਾਹ ਮਾਰੀ ਤਾਂ ਰੋਸ ਪੱਤਰ ਲਿਖਦਾ ਲਿਖਦਾ ਹਟ ਗਿਆ । ਜਦੋਂ ਸਾਡੀ ਆਪਣੀ ਇਹ ਹਾਲਤ ਹੈ ਤਾਂ ਬਾਹਰਲੇ ਮੁਲਕਾਂ ਦੇ ਜੰਮੇ-ਪਲ਼ੇ ਬੱਚਿਆਂ ਤੋਂ ਬਹੁਤੀ ਆਸ ਕਰਨੀ ਅੱਖਾਂ ਅੱਗੇ ਖੋਪੇ ਲਾਉਣ ਵਾਲੀ ਗੱਲ ਹੈ। ਪਰਵਾਸੀ ਪੰਜਾਬ ਦੀਆਂ ਜੜ੍ਹਾਂ ਏਸ ਗੱਲੋਂ ਬੇਹੱਦ ਪੇਤਲੀਆਂ ਹਨ। ਕੋਈ ਵਿਰਲਾ ਹੀ ਹੋਵੇਗਾ ਜੋ ਬਾਹਰਲੇ ਮੁਲਕਾਂ ਵਿੱਚ ਜੰਮਿਆ ਸ਼ੁੱਧ ਪੰਜਾਬੀ ਲਿਖ ਸਕਦਾ ਹੋਵੇ, ਲਿਖਾਰੀ ਬਣਨਾ ਤਾਂ ਪਾਸੇ ਰਿਹਾ। ਇਸੇ ਤਰ੍ਹਾਂ ਦੀ ਹਾਲਤ ਪੰਜਾਬ ਦੀਆਂ ਲਿੱਪੀਆਂ ਦੀ ਹੈ, ਪਰ ਜਿੰਨਾ ਚਿਰ ਦੋਹਾਂ ਪੰਜਾਬਾਂ ਦੇ ਲੋਕ, ਖਾਸਕਰ ਆਮ ਜਹੇ ਲੋਕ, ਆਪਸ ਵਿਚ ਵਿਹਾਰ ਕਰਦੇ ਰਹਿਣਗੇ ਪੰਜਾਬੀ ਜ਼ੁਬਾਨ ਬੁਰਕੇ ਥੱਲੇ ਵੀ ਜਿਉਂਦੀ ਰਹੇਗੀ।
ਪੰਜਾਬੀ ਵਿਰਸਾ ਲਾਹੌਰ ਵਿਚ ਕਿਤਨਾ ਜਿਉਂਦਾ ਹੈ, ਇਸ ਵਾਰੇ ਮੈਂ ਘੱਟ ਲਿਖਿਆ ਹੈ, ਕਿਉਂਕਿ ਮੇਰੀ ਜਾਣਕਾਰੀ ਘੱਟ ਹੈ । ਪੰਜਾਬ ਦੀ ਵੰਡ ਦਾ ਸਦਮਾ ਪੰਜਾਬੀ ਮੁਸਲਮਾਨਾਂ ਨੂੰ ਹਿੰਦੂ ਸਿੱਖਾਂ ਨਾਲੋਂ ਘੱਟ ਨਹੀਂ ਹੋਇਆ । ਇਸ ਵੰਡ ਨੂੰ ਰੋਕਣ ਲਈ ‘ਖਿਜ਼ਰ ਹਿਆਤ ਟਿਵਾਣਾ’ ਦਾ ਨਾਮ ਮੈਂ ਸਭਤੋਂ ਪਹਿਲਾਂ ਲਿਆ ਜਾਂਦਾ ਦੇਖਿਆ-ਸੁਣਿਆ ਹੈ। ਇਸਦਾ ਮਤਲਬ ਇਹ ਨਹੀਂ ਕਿ ਹੋਰ ਮੁਸਲਮਾਨਾਂ ਦਾ ਇਸਨੂੰ ਰੋਕਣ ਅਤੇ ਭਾਰਤ ਦੀ ਆਜ਼ਾਦੀ ਵਿਚ ਹਿੱਸਾ ਨਹੀਂ। ਮੇਰੀ ਸਮਝ ਅਤੇ ਖੋਜ ਹੀ ਅਧੂਰੀ ਹੈ । ਉਰਦੂ ਨਾ ਜਾਨਣ ਕਰਕੇ ਇਹ ਕਿਸੇ ਹੱਦ ਤੱਕ “ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ” ਵਾਂਗ ਹੀ ਰਹੇਗੀ।
ਆਖਰੀ ਸ਼ਬਦ (ਨਿਚੋੜ): ਜੋ ਪੰਜਾਬੀ ਵਿਰਸਾ ਸਾਨੂੰ ਮਿਲਿਆ, ਮੇਰੀ ਸਮਝ ਅਨੁਸਾਰ ਉਹ ਵਿਰਸਾ, ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦਾ ਮਨੁੱਖਤਾ ਦੀ ਚੋਟੀ ‘ਤੇ ਜਾਣ ਦੀ ਤਮੰਨਾ ਦਾ ਵਿਰਸਾ ਸੀ । ਇਸ ਵਿਰਸੇ ਵਿਚ ਆਜ਼ਾਦੀ ਅਤੇ ਸਭ ਦੀ ਭਲਾਈ ਦਾ ਨਾਅਰਾ ਸੀ। ਆਜ਼ਾਦੀ ਲਈ ਤਾਂ ਲੋਕ ਧਰਮਾਂ ਦੇ ਕੱਟੜ-ਪੁਣੇ ਤੋਂ ਉੱਚੇ ਉੱਠਕੇ ਵੀ ਲੜੇ, ਪਰ ਖੁਦ ਆਪਣੀ ਜਾਤ-ਪਾਤ ਦੇ ਰੋਗ ਨਾ ਤਿਆਗ ਸਕੇ । ਇਸੇ ਕਰਕੇ ਸਾਡੇ ਪੰਜਾਬੀ ਲਿਖਣ ਵਾਲਿਆਂ ਦੀ ਵਿਧੀ ਵੀ ਇਕ ਨਹੀਂ ਹੋ ਸਕੀ। ਅਮਲੀ ਤੌਰ ਤੇ ਵੱਖੋ-ਵੱਖ ਜਾਤਾਂ ਵਿਚ ਵੀ ਇਸਤਰੀ ਦਾ ਕੱਦ ਕਦੇ ਵੀ ਮਰਦ ਦੇ ਬਰਾਬਰ ਦਾ ਨਹੀਂ ਹੋ ਸਕਿਆ ।
ਆਮ ਲੋਕ ਆਪਸ ਵਿਚ ਗੱਲਾਂ ਕਰਨ ਸਮੇਂ ਪੰਜਾਬੀ ਵਿਰਸੇ ਨੂੰ ਇਕ ‘ਮਹਿਮਾਨ-ਨਿਵਾਜੀ, ਖੁੱਲ੍ਹ-ਦਿਲੀ, ਦੁਖ-ਸੁਖ, ਸਾਂਝੇ ਤਿਓਹਾਰ, ਸਾਂਝੀ ਅਣਖ, ਤੁਹਾਡੀ ਧੀ ਭੈਣ-ਸਾਡੀ ਧੀ ਭੈਣ, ਵੱਡਿਆਂ ਦੀ ਇੱਜ਼ਤ, ਛੋਟਿਆਂ ਦੀ ਕਦਰ ਕਰਨ ਵਾਲੀ ਸ਼ੈਅ ’ ਸਮਝਦੇ ਰਹੇ ਹਨ।’ ਕਿਸੇ ਹੱਦ ਤੱਕ ਪੰਜਾਬੀ ਵਿਰਸੇ ਦੀ ਇਹ ਪਰਿਭਾਸ਼ਾ ਠੀਕ ਹੀ ਹੈ। ਪੰਜਾਬ ਦੇ ਟੋਟੇ ਹੋ ਜਾਣਾ ਅਤੇ ਲਿੱਪੀਆਂ ਦੇ ਵੱਖਰੇ ਵੱਖਰੇ ਹੋਣ ਕਰਕੇ ‘ਸਾਡਾ ਪੰਜਾਬੀ ਵਿਰਸਾ’ ਆਪੋ-ਆਪਣੀਆਂ ਬੁੱਕਲਾਂ ਮਾਰਕੇ ਚਲਦਾ ਰਹੇਗਾ। ਇਹ ਵੀ ਸਮਾਂ ਹੀ ਦੱਸੇਗਾ ਕਿ ਅਸੀਂ ਇਕ ਦੂਜੇ ਤੋਂ ਕਿਤਨੇ ਅਲੱਗ ਹੋ ਗਏ ਹਾਂ। ਕੋਈ ਇਕ ਥਾਂ ਰਹਿਣ ਵਾਲਾ ਬੰਦਾ ਸਾਰੇ ਵਿਰਸੇ ਦੀ ਜਾਣ ਪਹਿਚਾਣ ਕਰਾਉਣ ਵਾਰੇ ਅਸਮਰਥ ਰਹੇਗਾ । ਹਰ ਬੰਦੇ ਦੀ ਦ੍ਰਿਸ਼ਟੀ ਵੀ ਵੱਖਰੀ ਵੱਖਰੀ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਸਾਨੂੰ ਤਾਂ ਆਪਣੇ ਵਿਰਸੇ ਦੇ ਮੌਜੂਦਾ ਇਤਿਹਾਸ ਵਾਰੇ ਵੀ ਸਹੀ ਪਤਾ ਨਹੀਂ, ਕਿਉਂਕਿ ਵਿਰਸੇ ਦੀ ਲਿਖਤ ਵਿਚ ਬਹੁਤ ਕੁਝ ਗਲਤ ਲਿਖਿਆ ਪਿਆ ਹੈ । ਕੁਝ ਲੋਕ ਤੁਹਾਡੇ ਵਿਰਸੇ ਦੀ ਨਖੇਧੀ ਕਰਦੇ ਰਹਿੰਦੇ ਹਨ, ਕੁਝ ਅਣਜਾਣ ਹੁੰਦੇ ਹਨ। ਪੱਛਮੀ ਦੇਸਾਂ ਦੇ ਲੋਕ ਸਾਨੂੰ ਭਾਰਤੀ ਜਾਂ ਪਾਕੀ ਕਰਕੇ ਜਾਣਦੇ ਹਨ, ਕਈ ਅਰਬੀ ਖਰਬੀ ਵੀ ਸਮਝ ਜਾਂਦੇ ਹਨ। ਕੱਟੜ ਹਿੰਦੂ,ਸਿੱਖ, ਮੁਸਲਮਾਨ ਪੰਜਾਬੀ ਵਿਰਸੇ ਨੂੰ ਆਪੋ-ਆਪਣੀ ਸੋਚ ਅੰਦਰ ਕੈਦ ਕਰਕੇ ਦੱਸਦੇ ਰਹੇ ਹਨ। ਇਹੀ ਹਾਲ ਸਿਕੰਦਰ ਵੇਲੇ ਵੀ ਹੋਇਆ, ਅੰਗਰੇਜਾਂ ਵੇਲੇ ਵੀ । ਮੇਰਾ ਪੰਜਾਬੀ ਵਿਰਸਾ ਕੀ ਹੈ ? ‘ਬੁੱਲਿਆ ਕੀ ਜਾਣਾ ਮੈਂ ਕੌਣ?’। ਪਰ, ਸਾਡਾ ਸਹੀ ਪੰਜਾਬੀ ਵਿਰਸਾ ਮੈਂਨੂੰ ਮੁੜ ਮੁੜ ਪੁਕਾਰ ਰਿਹਾ ਹੈ, ਕਿ
“ਅਸਾਂ ਤੇ ਲੋਕੋ ਮਿਲਕੇ ਰਹਿਣਾ, ਐਧਰ ਵੀ ਤੇ ਓਧਰ ਵੀ
ਪਿਆਰ ਮੁਹੱਬਤ ਸਾਡਾ ਗਹਿਣਾ, ਐਧਰ ਵੀ ਤੇ ਓਧਰ ਵੀ। ”
(ਕੁਝ ਆਰ ਦੀਆਂ ਕੁਝ ਪਾਰ ਦੀਆਂ’ਵਿੱਚੋਂ, ਲੋਕਗੀਤ ਪ੍ਰਕਾਸ਼ਨ, 2008)
* * * * *
ਐਡਮੈਂਟਨ, ਕਨੇਡਾ ਤੋਂ ਅਵਤਾਰ ਗਿੱਲ ਦਾ ਮੈਂ ਧੰਨਵਾਦੀ ਹਾਂ ਜਿਸਨੇ ਮੇਰੀ ਲਿਖਤ ਨੂੰ ਸਮੇਂ ਸਿਰ ਪੜ੍ਹਕੇ ਆਪਣੇ ਸੁਝਾਅ ਸਾਂਝੇ ਕੀਤੇ।
ਕੁਝ ਸਹਾਇਕ ਪੁਸਤਕਾਂ:
ਪੰਜਾਬ ਦਾ ਇਤਿਹਾਸ, ਨਰਿੰਦਰਪਾਲ ਸਿੰਘ, ੧੯੬੯
ਪੰਜਾਬੀ ਸਾਹਿਤ ਦਾ ਇਤਿਹਾਸ, ਡਾ[ ਅਮਰਜੀਤ ਸਿੰਘ ੨੦੦੧
ਪੰਜਾਬੀ ਸਾਹਿਤ ਦਾ ਇਤਿਹਾਸ, ਧਰਮ ਸਿੰਘ ਅਤੇ ਹਿਰਦੇਪਾਲ ਸਿੰਘ ਭੋਗਲ ੨੦੦੫ (ਤੀਜੀ ਵਾਰ)
ਯੁੱਧ-ਨਾਦ, ਮਨਮੋਹਨ ਬਾਵਾ, ੨੦੦੬(ਦੂਜੀ ਵਾਰ) |