ਹਮ ਹੈਂ ਹਿੰਦੁਸਤਾਨੀ
-ਬਰਜਿੰਦਰ ਕੌਰ ਢਿੱਲੋਂ
ਮੇਰਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਅਸੀਂ ਹਿੰਦੁਸਤਾਨ ਵਿੱਚ ਆ ਗਏ। ਬਹੁਤ ਦੇਰ ਤੱਕ ਤਾਂ ਲੋਕ ਸਾਨੂੰ ਪਨਾਹਗੀਰ ਹੀ ਕਹਿੰਦੇ ਰਹੇ। ਸ਼ਾਦੀ ਹੋਣ ਤੋਂ ਬਾਅਦ ਮੈਂ ਕੈਨੇਡਾ ਆ ਗਈ। ਜਦੋਂ ਵੀ ਅਮਰੀਕਾ ਦਾ ਬਾਰਡਰ ਪਾਰ ਕਰਨਾ ਹੁੰਦਾ ਹੈ ਤਾਂ ਇਮੀਗ੍ਰੇਸ਼ਨ ਵਾਲੇ ਮੈਨੂੰ ਪਾਕਿਸਤਾਨੀ ਹੀ ਸਮਝਦੇ ਹਨ। 'ਮੈ ਹਿੰਦੁਸਤਾਨੀ ਹਾਂ', ਮੇਰੇ ਬਾਰ ਬਾਰ ਕਹਿਣ ਤੇ ਵੀ ਉਹ ਲੋਕ ਸਮਝਦੇ ਹੀ ਨਹੀਂ। ਕੀ ਮੈਂ ਹਿੰਦੁਸਤਾਨੀ ਹਾਂ? ਕੈਨੇਡਾ ਆਉਣ ਤੇ ਆਮ ਪੰਜਾਬੀ ਲੋਕ ਪੁੱਛਦੇ ਹਨ, ''ਬੇਟਾ ਤੁਸੀਂ ਮਲਵਈ ਹੋ, ਦੁਆਬੀਏ ਹੋ, ਜਾਂ ਮਝੈਲ ਹੋ?'' ''ਜੀ ਮੈਂ ਇਕ ਇਨਸਾਨ ਹਾਂ।'' ਸਿਰਫ਼ ਗੋਰੇ ਲੋਕ ਹੀ ਹਨ ਜਿਹੜੇ ਪੁੱਛਦੇ ਹਨ, ''Are you an Indian?” ਮੈ ਬੜੇ ਮਾਣ ਨਾਲ ਹਾਂ ਵਿੱਚ ਜਵਾਬ ਦਿੰਦੀ ਹਾਂ।
ਮੈਂ ਹੁਣੇ ਹੀ ਹਿੰਦੁਸਤਾਨ ਤੋਂ ਵਾਪਸ ਆਈ ਹਾਂ। ਹਿੰਦੁਸਤਾਨ ਅੱਜ ਕੱਲ ਹਿੰਦੁਸਤਾਨ ਨਹੀਂ ਬਲਕਿ ਅਮਰੀਕਾ ਲਗਦਾ ਹੈ। ਮੈਂ ਰੋਜ਼ ਅਖ਼ਬਾਰ ਪੜ੍ਹਨ ਦੀ ਸ਼ੌਕੀਨ ਹਾਂ, ਪਰ ਹਿੰਦੁਸਤਾਨ ਵਿੱਚ ਅਖ਼ਬਾਰ ਪੜ੍ਹਨੀ ਬਹੁਤ ਮੁਸ਼ਕਲ ਹੋ ਗਈ ਹੈ। ਅਖ਼ਬਾਰਾਂ ਵਾਲੇ ਐਨੇ ਜ਼ਿਆਦਾ ਐਕਰੋਨਿਮਜ਼ ਵਰਤਦੇ ਹਨ ਕਿ ਪਤਾ ਹੀ ਨਹੀਂ ਲਗਦਾ ਕਿ ਅਸੀਂ ਕੀ ਪੜ੍ਹਦੇ ਹਾਂ। ਕਈ ਵਾਰੀ ਅੰਗਰੇਜ਼ੀ ਅਖ਼ਬਾਰ ਵਿੱਚ ਹਿੰਦੀ ਅੱਖਰਾਂ ਨੂੰ ਅੰਗਰੇਜ਼ੀ ਵਿੱਚ ਲਿਖ ਦਿੰਦੇ ਹਨ, ਜਿਵੇਂ ਕਿ “ghuma-ing, jaa-ing.” ਇੰਜ ਲਗਦਾ ਹੈ ਜਿਵੇਂ ਕਿ ਹਿੰਦੀ ਵਿੱਚ ਅੱਖਰ ਖ਼ਤਮ ਹੋ ਗਏ ਹਨ। ਜੇ ਹਿੰਦੀ ਦਾ ਅਖ਼ਬਾਰ ਪੜ੍ਹੋ ਤਾਂ ਉਸ ਵਿੱਚ ਅੰਗਰੇਜ਼ੀ ਘਸੋੜੀ ਹੁੰਦੀ ਹੈ।
ਜੇ ਰੇਡੀਓ ਤੇ ਪ੍ਰੋਗਰਾਮ ਸੁਣੋ ਤਾਂ ਦੰਗ ਰਹਿ ਜਾਓਗੇ। ਰਾਤ ਦੇ ਬਾਰਾਂ ਵਜੇ ਤੱਕ ਲੜਕੀਆਂ ਅਤੇ ਲੜਕੇ, ਡਿਵੋਰਸ, ਸੈਕਸ ਅਤੇ ਕਾਮਨ ਲਾਅ ਰਹਿਣ ਦੀਆਂ ਗੱਲਾਂ ਕਰਦੇ ਹਨ। ਲਗਦਾ ਸੀ ਕਿ ਅਸੀਂ ਸ਼ਾਇਦ ਅਮਰੀਕਾ ਵਿੱਚ ਰੇਡੀਓ ਸੁਣ ਰਹੇ ਸੀ। ਕਿੱਥੇ ਗਏ ਸਾਡੀ ਸ਼ਰਮ ਹਯਾ, ਸਾਡੀ ਬੋਲੀ ਤੇ ਸਾਡੇ ਚਰਿਤਰ?
ਸਾਡੀ ਫ਼ਿਲਮ ਇੰਡਸਟਰੀ ਵੀ ਫ਼ਿਲਮਾਂ ਦੇ ਨਾਂ ਅੰਗਰੇਜ਼ੀ ਤੇ ਹਿੰਦੀ ਨੂੰ ਮਿਲਾ ਕੇ ਰੱਖਣ ਲੱਗ ਪਈ ਹੈ, ਜਿਵੇਂ ਕਿ 'ਜਬ ਵੂਈ ਮੈਟ।'
ਅਸੀਂ ਕੀਰਤਪੁਰ ਆਪਣੇ ਇਕ ਰਿਸ਼ਤੇਦਾਰ ਦੇ ਫੁੱਲ ਪਾਉਣ ਗਏ। ਇਕ ਮਾਂ ਆਪਣੇ ਦੋ ਛੋਟੇ ਛੋਟੇ ਲੜਕਿਆਂ ਨਾਲ ਬੈਠੀ ਸੀ। ਦੋਨੋਂ ਲੜਕਿਆਂ ਦੇ ਸਿਰ ਤੇ ਪੀਲੀ ਦਸਤਾਰ ਸੀ; ਦੋਨਾਂ ਨੇ ਬੜੇ ਸੋਹਣੇ ਸਫ਼ੈਦ ਕੁੜਤੇ ਪਜਾਮੇ ਪਹਿਨ ਰੱਖੇ ਸਨ। ਮੈਨੂੰ ਉਹ ਬਹੁਤ ਚੰਗੇ ਲੱਗੇ। ਮੈ ਉਨ੍ਹਾਂ ਦੀ ਤਸਵੀਰ ਲੈਣ ਲਈ ਅੱਗੇ ਵਧੀ। ਇਹ ਸਮਝ ਕੇ ਕਿ ਉਹ ਇਕ ਚੰਗੇ ਗੁਰਮੁਖ ਪਰਵਾਰ ਦੇ ਬੱਚੇ ਲਗਦੇ ਹਨ, ਮੈਂ ਉਨ੍ਹਾਂ ਦੇ ਕੋਲ ਬੈਠ ਗਈ। ਮੈਂ ਗੱਲਾਂ ਦਾ ਸਿਲਸਿਲਾ ਤੋਰਿਆ। ਮੈਂ ਹੈਰਾਨ ਹੋ ਗਈ ਕਿ ਮਾਂ ਅਤੇ ਬੱਚੇ ਹਿੰਦੀ ਬੋਲ ਰਹੇ ਸਨ। ਮੈ ਉਨ੍ਹਾਂ ਨਾਲ ਗੱਲ ਤੋਰੀ,
''ਤੁਸੀਂ ਕਿਥੋਂ ਆਏ ਓ, ਬੇਟਾ?''
''ਹਮ ਪੰਜਾਬ ਸੇ ਹੈਂ।''
''ਕਿਹੜੇ ਪਿੰਡ ਤੋਂ ਹੋ?''
''ਜੀ, ਗੜ੍ਹਦੀਵਾਲ, ਹੁਸ਼ਿਆਰਪੁਰ ਸੇ।''
''ਤੁਸੀਂ ਹਿੰਦੀ ਕਿਉਂ ਬੋਲਦੇ ਹੋ, ਤੁਹਾਡੀ ਭਾਸ਼ਾ ਤਾਂ ਪੰਜਾਬੀ ਹੈ?''
''ਜੀ ਪੰਜਾਬੀ ਬੋਲਣੇ ਸੇ ਲਗਤਾ ਹੈ ਹਮ ਗੰਵਾਰ ਲੋਗ ਹੈਂ। ਜ਼ਿਆਦਾ ਲੋਗ ਆਜ ਕੱਲ ਹਿੰਦੀ ਹੀ ਬੋਲਤੇ ਹੈਂ; ਸਕੂਲੋਂ ਔਰ ਕਾਲਜੋਂ ਮੇਂ ਹਿੰਦੀ ਔਰ ਅੰਗਰੇਜ਼ੀ ਹੀ ਬੋਲੀ ਜਾਤੀ ਹੈ।''
''ਤੁਸੀਂ ਪੰਜਾਬੀ ਪੜ੍ਹ ਲੈਂਦੇ ਹੋ?''
''ਨਹੀਂ ਜੀ।''
''ਤੁਸੀਂ ਪਾਠ ਕਿਸ ਤਰ੍ਹਾਂ ਕਰਦੇ ਹੋ?''
''ਜੀ ਗੁਟਕੇ ਹਿੰਦੀ ਔਰ ਅੰਗਰੇਜ਼ੀ ਮੇਂ ਵੀ ਮਿਲ ਜਾਤੇ ਹੈਂ।''
ਬੱਚੇ ਸ਼ਾਇਦ ਸਾਡੀਆਂ ਗੱਲਾਂ ਤੋਂ ਤੰਗ ਆ ਗਏ ਸਨ। ਉਹ ਮਾਂ ਦਾ ਹੱਥ ਫੜਕੇ ਕਹਿ ਰਹੇ ਸਨ, ''ਲੈਟ ਅੱਸ ਗੋ ਮੌਮ, ਵੂਈ ਆਰ ਗੈਟਿੰਗ ਲੇਟ।''
ਇਕ ਆਦਮੀ ਰੇੜ੍ਹੀ ਤੇ ਕੱਪੜੇ ਪਰੈਸ ਕਰਦਾ ਸੀ। ਅਸੀਂ ਰੋਜ਼ ਉਸ ਕੋਲੋਂ ਕੱਪੜੇ ਪਰੈਸ ਕਰਵਾਉਂਦੇ ਸੀ। ਇਕ ਦਿਨ ਉਸਦੀ ਇੱਕ ਛੇ ਸਾਲ ਦੀ ਲੜਕੀ ਰੇੜੀ ਕੋਲ ਖੜੀ ਸੀ। ਮੈਂ ਪੁੱਛ ਬੈਠੀ,
''ਸਕੂਲ ਜਾਂਦੀ ਏਂ ਤੂੰ?''
ਉਸਦਾ ਬਾਪ ਕਹਿਣ ਲਗਾ, ''ਜੀ ਇਹ ਪੰਜਾਬੀ ਨਹੀਂ ਸਮਝਦੀ।''
ਮੈਂ ਹਿੰਦੀ ਵਿੱਚ ਪੁੱਛਿਆ, ''ਬੇਟੀ, ਕਿਆ ਤੁਮ ਸਕੂਲ ਜਾਤੀ ਹੋ?''
'' ਜੀ ਆਂਟੀ, ਮੈ ਅੰਗਰੇਜ਼ੀ ਸਕੂਲ ਜਾਤੀ ਹੂੰ।''
ਮੈਂ ਜਲੰਧਰ ਇਕ ਪੰਜਾਬੀ ਦੇ ਨਾਮੀ ਪੱਤਰਕਾਰ ਨੂੰ ਮਿਲਣ ਗਈ। ਉਹ ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਵਧ ਚੜ੍ਹ ਕੇ ਫੜਾਂ ਮਾਰ ਰਿਹਾ ਸੀ। ਮੈਂ ਬਹਿਸ ਕਰ ਰਹੀ ਸੀ ਕਿ ਪੰਜਾਬੀ ਭਾਸ਼ਾ ਨੂੰ ਜ਼ਿੰਦਾ ਰੱਖਣ ਲਈ ਸਿਰਫ਼ ਕੈਨੇਡਾ ਅਤੇ ਅਮਰੀਕਾ ਹੀ ਜਦੋ ਜਹਿਦ ਕਰ ਰਿਹਾ ਹੈ। ਉਸਦਾ ਕਹਿਣਾ ਸੀ ਕਿ ਪੰਜਾਬ ਵਿੱਚ ਵੀ ਪੰਜਾਬੀ ਨੂੰ ਤਵੱਜੋ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਥੋੜ੍ਹੀ ਦੇਰ ਬਾਅਦ ਉਸ ਪੱਤਰਕਾਰ ਦਾ ਪੋਤਾ ਉੱਥੇ ਆ ਗਿਆ। ਪੋਤੇ ਦੀ ਦਾਦੇ ਨਾਲ ਸਾਰੀ ਗੱਲ-ਬਾਤ ਹਿੰਦੀ ਵਿੱਚ ਹੀ ਹੋ ਰਹੀ ਸੀ।
ਕੀ ਅਸੀਂ ਹਿੰਦੁਸਤਾਨੀ ਹਾਂ? ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਿਆਂ ਸੱਠ ਸਾਲ ਹੋ ਚਲੇ ਨੇ ਪਰ ਅਸੀਂ ਉਨ੍ਹਾਂ ਦੀ ਭਾਸ਼ਾ ਨਹੀਂ ਛੱਡੀ। ਟੈਕਸੀ ਡਰਾਈਵਰ, ਸਕੂਟਰ ਡਰਾਈਵਰ, ਬੱਸਾਂ ਵਾਲੇ, ਵਿਦਿਆਰਥੀ ਸਭ ਅੰਗਰੇਜ਼ੀ ਤੇ ਹਿੰਦੀ ਹੀ ਬੋਲਦੇ ਹਨ। ਕੋਨੇ ਕੋਨੇ ਤੇ ਅੰਗਰੇਜ਼ੀ ਭਾਸ਼ਾ ਦੇ ਸਕੂਲ ਖੁਲ੍ਹੇ ਹੋਏ ਹਨ। ਇਹ ਸਕੂਲ ਨਹੀਂ ਬਲਕਿ ਪੈਸੇ ਬਣਾਉਣ ਦੇ ਅੱਡੇ ਹਨ।
ਅੱਜ ਕੱਲ ਅਮਰੀਕਾ ਦੀ ਹਰ ਚੀਜ਼ ਹਿੰਦੁਸਤਾਨ ਵਿੱਚ ਮਿਲਦੀ ਹੈ। ਹੁਣ ਲੋਕਾਂ ਦੀ ਉਹ ਪਾਲਿਸੀ, 'ਆਏ ਹੋ ਤਾਂ ਕੀ ਲਿਆਏ ਹੋ, ਚੱਲੇ ਹੋ ਤਾਂ ਕੀ ਦੇ ਕੇ ਚੱਲੇ ਹੋ' ਨਹੀਂ ਰਹੀ। ਅਸੀਂ ਇਕ ਦਿਨ ਨਹਿਰੂ ਪਲੇਸ, ਦਿੱਲੀ, ਗਏ ਤਾਂ ਅਸੀਂ ਦੇਖਿਆ ਕਿ ਜੀਨਾਂ, ਜੈਕਟਾਂ ਅਤੇ ਟੀਸ਼ਰਟਾਂ ਦੇ ਜਗ੍ਹਾ ਜਗ੍ਹਾ ਢੇਰ ਲੱਗੇ ਹੋਏ ਸਨ। ਵੀਹ ਵੀਹ, ਤੀਹ ਤੀਹ ਰੁਪਏ ਦੀਆਂ ਜੀਨਾਂ ਅਤੇ ਜੈਕਟਾਂ ਆਮ ਲੋਕ ਖਰੀਦ ਸਕਦੇ ਹਨ। ਹਰ ਨੌਜਵਾਨ ਲੜਕੀ ਅਤੇ ਲੜਕਾ ਜੀਨਾਂ ਹੀ ਪਾਕੇ ਖੁਸ਼ ਹੈ। ਕਿੱਥੇ ਗਏ ਸਾਡੇ ਉਹ ਸੋਹਣੇ ਸੁਥਰੇ ਲਿਬਾਸ?
ਸਾਡੀ ਸਭਿਅਤਾ, ਸਾਡੀਆਂ ਪਰੰਪਰਾਵਾਂ ਸਭ ਬਦਲ ਗਈਆਂ ਹਨ। ਮੈ ਹਮੇਸ਼ਾਂ ਸੋਚਦੀ ਸੀ ਕਿ ਹਿੰਦੁਸਤਾਨੀ ਲੋਕ ਆਏ ਮਹਿਮਾਨਾਂ ਦਾ ਸਤਿਕਾਰ ਕਰਦੇ ਹਨ। ਭਾਵੇਂ ਕੋਈ ਕਿੰਨਾ ਵੀ ਗਰੀਬ ਹੋਵੇ, ਆਏ ਹੋਏ ਪਰਾਹੁਣੇ ਨੂੰ ਚਾਹ ਪਾਣੀ ਜ਼ਰੂਰ ਪਿਲਾ ਕੇ ਹੀ ਜਾਣ ਦਿੰਦੇ ਹਨ। ਪਰ ਅੱਜ ਕੱਲ ਕੋਈ ਪਾਣੀ ਵੀ ਨਹੀਂ ਪੁੱਛਦਾ, ਕਿਉਂਕਿ ਪਾਣੀ ਮੁੱਲ ਵਿਕਦਾ ਹੈ। ਹਿੰਦੁਸਤਾਨ ਜਾ ਕੇ ਜਲਦੀ ਹੀ ਕੈਨੇਡਾ ਵਾਪਸ ਆਉਣ ਨੂੰ ਜੀਅ ਕਰਨ ਲਗਦਾ ਹੈ। ਪਰ ਕਿਉਂ? ਮੈਨੂੰ ਅੱਜ ਕੱਲ ਇਹ ਕਹਿਣ ਵਿੱਚ ਕਿ ''ਮੈ ਹਿੰਦੁਸਤਾਨੀ ਹਾਂ" ਕੋਈ ਫ਼ਖਰ ਮਹਿਸੂਸ ਨਹੀਂ ਹੁੰਦਾ ਜਿਹੜਾ ਪਹਿਲਾਂ ਹੁੰਦਾ ਸੀ।
ਹਿੰਦੁਸਤਾਨ ਵਿੱਚ ਤਾਂ ਸਾਰਾ ਸਿਸਟਮ ਹੀ ਬਦਲ ਗਿਆ ਹੈ। ਕੋਈ ਵੀ ਰਿਸ਼ਵਤ ਲੈਣ ਤੋਂ ਬਿਨਾਂ ਕੰਮ ਨਹੀਂ ਕਰਦਾ। ਚਪੜਾਸੀ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਇਕੋ ਤਕੜੀ ਦੇ ਵੱਟੇ ਹਨ। ਦਫ਼ਤਰਾਂ ਵਿੱਚ ਕੰਮ ਲਟਕਾ ਛੱਡਦੇ ਹਨ, ਪੈਸੇ ਦਿਉ ਤਾਂ ਤੁਹਾਡੀ ਫਾਈਲ ਅੱਗੇ ਤੁਰਦੀ ਹੈ ਵਰਨਾ ਘੰਟਿਆਂ ਦਾ ਕੰਮ ਦਿਨਾਂ ਤੇ ਅਤੇ ਦਿਨਾਂ ਦਾ ਕੰਮ ਸਾਲਾਂ ਤੇ ਪੈ ਜਾਂਦਾ ਹੈ। ਬੱਸ ਮਜਬੂਰ ਹੋ ਕੇ ਰਿਸ਼ਵਤ ਦੇਣੀ ਪੈਂਦੀ ਹੈ ਨਹੀਂ ਤਾਂ ਤੁਹਾਡੀ ਇਸ ਜ਼ਿੰਦਗੀ ਵਿੱਚ ਕੰਮ ਹੋਣੋਂ ਰਿਹਾ।
ਜਿਸ ਦੇਸ਼ ਨੂੰ ਲੋਕ 'ਸੋਨੇ ਦੀ ਚਿੜੀਆ' ਕਹਿੰਦੇ ਸੀ ਅੱਜ ਰਿਸ਼ਵਤਖੋਰੀ ਦਾ ਕੇਂਦਰ ਬਣਿਆ ਹੋਇਆ ਹੈ। ਬੇਸ਼ਕ ਮੈ ਹਿੰਦੁਸਤਾਨੀ ਹਾਂ ਪਰ ਇਹੋ ਜਿਹੇ ਰਿਸ਼ਵਤਖੋਰੀ ਦੇ ਘੁਣ ਨਾਲ ਖਾਧੇ ਸਿਸਟਮ ਵਿੱਚ ਮੈਂ ਰਹਿ ਕੇ ਰਾਜ਼ੀ ਨਹੀਂ। ਇਕਬਾਲ ਦਾ ਉਹ ਸ਼ੇਅਰ ਅਕਸਰ ਯਾਦ ਆਉਂਦਾ ਹੈ:
ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ,
ਹਮ ਬੁਲਬਲੇਂ ਹੈਂ ਇਸਕੀ ਯਿਹ ਗੁਲਿਸਤਾਨ ਹਮਾਰਾ।
ਅੱਜ ਇਕਬਾਲ ਦਾ ਹਿੰਦੁਸਤਾਨ ਨਹੀਂ ਬਲਕਿ ਇਕ ਗੈਰ ਮੁਲਕ ਹੋ ਗਿਆ ਲਗਦਾ ਹੈ। ਹਰ ਹਿੰਦੁਸਤਾਨੀ ਬਾਹਰਲੇ ਮੁਲਕਾਂ ਨੂੰ ਭੱਜਦਾ ਹੈ। ਆਪਣੀ ਭਾਸ਼ਾ ਭੁੱਲ ਕੇ ਪਰਾਈ ਭਾਸ਼ਾ ਬੋਲਣੀ ਫ਼ਖਰ ਸਮਝਦਾ ਹੈ।
|