ਨਵੰਬਰ 2008: ਲੀਡਰ

             

 
                            
 

          

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਗੁਰਦੇਵ ਸਿੰਘ ਘਣਗਸ, ਬਰਜਿੰਦਰ ਕੌਰ ਢਿੱਲੋਂ

         

 
                                                                                                                                           
                                                     
   

   ਨਵੰਬਰ 5, 2008 

ਲੀਡਰ

                                                                                       -ਪ੍ਰੇਮ ਮਾਨ

 

ਹੁਣੇ ਹੁਣੇ (4 ਨਵੰਬਰ 2008) ਨੂੰ ਅਮਰੀਕਾ ਨੇ ਨਵਾਂ ਪ੍ਰਧਾਨ ਚੁਣਿਆ ਹੈ। ਸੋਚਿਆ ਇਸ ਤੋਂ ਵਧੀਆ ਹੋਰ ਕਿਹੜਾ ਮੌਕਾ ਹੋ ਸਕਦਾ ਹੈ ਲੀਡਰ ਬਾਰੇ ਕੁਝ ਕਹਿਣ ਅਤੇ ਲਿਖਣ ਲਈ!

             

              ਅੰਗਰੇਜ਼ੀ ਵਿੱਚ ਕਿਹਾ ਜਾਦਾ ਹੈ, “"Lead, follow, or get out of the way."” ਜਾਣੀ ਕਿ ਜਾਂ ਤਾਂ ਲੀਡਰ ਬਣ ਕੇ ਅਗਵਾਈ ਕਰੋ, ਜਾਂ ਲੀਡਰ ਦੇ ਪਿੱਛੇ ਲੱਗ ਕੇ ਉਸਦੀ ਮਦਦ ਕਰੋ, ਅਤੇ ਜਾਂ ਰਸਤੇ ਵਿੱਚੋਂ ਪਰੇ ਹਟ ਜਾਓ। ਗੱਲ ਬਿਲਕੁਲ ਠੀਕ ਹੈ। ਕਈ ਇਨਸਾਨ ਅਗਵਾਈ ਵੀ ਨਹੀਂ ਕਰ ਸਕਦੇ, ਪਿੱਛੇ ਲੱਗ ਕੇ ਸਹਾਇਕ ਵੀ ਨਹੀਂ ਬਣ ਸਕਦੇ, ਪਰ ਰਸਤੇ ਵਿੱਚੋਂ ਪਰੇ ਵੀ ਨਹੀਂ ਹਟਦੇ। ਉਨ੍ਹਾਂ ਨੇ ਸਿਰਫ਼ ਨਾਂ ਲਈ ਲੀਡਰ ਬਣਨਾ ਹੁੰਦਾ ਹੈ ਜਾਂ ਰੌਲਾ ਹੀ ਪੌਣਾ ਹੁੰਦਾ ਹੈ। ਰਸਤੇ ਵਿੱਚ ਰੋੜਾ ਬਣ ਕੇ ਅੜੇ ਰਹਿਣਾ ਹੁੰਦਾ ਹੈ। ਨਾ ਕੋਈ ਕੰਮ ਕਰਨਾ ਹੁੰਦਾ ਹੈ ਅਤੇ ਨਾ ਦੂਜਿਆਂ ਨੂੰ ਕਰਨ ਦੇਣਾ ਹੁੰਦਾ ਹੈ।

             

              ਇਸ ਲੇਖ ਦਾ ਵਿਸ਼ਾ ਹੈ ਸਿਰਫ਼ ਲੀਡਰ ਬਾਰੇ। ਅਸਲ ਵਿੱਚ ਬਹੁਤ ਸਾਰੇ ਲੋਕ ਲੀਡਰ ਬਣਨਾ ਜਾਂ ਅਖਵਾਉਣਾ ਚਾਹੁੰਦੇ ਹਨ। ਬਹੁਤਿਆਂ ਦੀ ਖਾਹਸ਼ ਹੁੰਦੀ ਹੈ ਕਿ ਉਹ ਸਭ ਤੋਂ ਅੱਗੇ ਹੋਣ, ਉਨ੍ਹਾਂ ਦੀ ਪੁੱਛ ਗਿੱਛ ਹੋਵੇ, ਅਤੇ ਉਨ੍ਹਾਂ ਦੀ ਚੌਧਰ ਦੀਆਂ ਧੁੰਮਾਂ ਪੈਣ। ਹਿੰਦੁਸਤਾਨੀ, ਅਤੇ ਖ਼ਾਸ ਕਰ ਕੇ ਪੰਜਾਬੀ ਲੋਕ ਤਾਂ ਲੀਡਰ ਬਣਨ ਦੇ ਬਹੁਤ ਹੀ ਸ਼ੌਕੀਨ ਹਨ। ਲੀਡਰੀਆਂ ਦੇ ਪਿੱਛੇ ਨੱਠਣਾ ਬਹੁਤੇ ਪੰਜਾਬੀਆਂ ਦੀ ਇਕ ਖ਼ਾਸ ਵਿਸ਼ੇਸ਼ਤਾਈ ਹੈ। ਲੀਡਰੀਆਂ ਲਈ ਹਰ ਹੀਲਾ ਕਰਨਾ, ਹਰ ਢੰਗ ਵਰਤਣਾ, ਹਰ ਜੁਗਤ ਲੜਾਉਣੀ, ਹਰ ਤਰ੍ਹਾਂ ਦਾ ਗੱਠ-ਜੋੜ ਕਰਨਾ ਆਦਿ ਇਨ੍ਹਾਂ ਦੇ ਸੁਭਾ ਦਾ ਮਹੱਤਵਪੂਰਨ ਹਿੱਸਾ ਹੈ। ਇਹ ਪਿੱਛੇ ਲੱਗ ਕੇ ਬਹੁਤ ਘੱਟ ਰਾਜ਼ੀ ਹਨ। ਪਰ ਰਸਤੇ ਚੋਂ ਪਰੇ ਵੀ ਘੱਟ ਹੀ ਹਟਦੇ ਹਨ।

             

              ਲੀਡਰ ਅਖਵਾਉਣਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਅਸਲੀ ਲੀਡਰ ਬਣਨਾ ਸੌਖਾ ਨਹੀਂ, ਸਗੋਂ ਇਹ ਬਹੁਤ ਹੀ ਔਖਾ ਕੰਮ ਹੈ। ਪਰ ਸਿਰਫ਼ ਇਕ ਅਖੌਤੀ ਲੀਡਰ ਬਣਨਾ ਐਨਾ ਔਖਾ ਨਹੀਂ। ਜੇ ਤੁਹਾਡੇ ਕੋਲ ਪੈਸਾ ਹੋਵੇ, ਜਾਂ ਭਾਸ਼ਨ ਦੇਣਾ ਆਉਂਦਾ ਹੋਵੇ, ਜਾਂ ਮਾਂ ਪਿਓ ਵਗੈਰਾ ਚੰਗੇ ਅਹੁਦੇ ਤੇ ਹੋਣ, ਜਾਂ ਝੂਠ ਬੋਲਣਾ ਆਉਂਦਾ ਹੋਵੇ, ਜਾਂ ਚਾਪਲੂਸੀ ਕਰਨੀ ਆਉਂਦੀ ਹੋਵੇ, ਅਤੇ ਜਾਂ ਫਿਰ ਕਿਸੇ ਹੋਰ ਇਹੋ ਜਿਹੇ ਕਾਰਨ ਕਰ ਕੇ ਥੋੜੇ ਬਹੁਤ ਲੋਕ ਮਗਰ ਲਾ ਸਕੋਂ ਤਾਂ ਤੁਸੀਂ ਲੀਡਰ ਬਣ ਸਕਦੇ ਹੋ। ਲੀਡਰ ਚੁਣੇ ਜਾਣਾ ਵੀ ਇਤਨਾ ਔਖਾ ਨਹੀਂ। ਤੁਸੀਂ ਕੁਝ ਲੋਕ ਪਿੱਛੇ ਲਾ ਲਓ, ਪੈਸਾ ਖ਼ਰਚੋ, ਸੱਚ-ਝੂਠ ਮਸਾਲੇਦਾਰ ਬਣਾ ਕੇ ਬੋਲੋ, ਝੂਠੇ ਵਾਅਦੇ ਕਰਨੇ ਸਿੱਖ ਲਓ ਤਾਂ ਤੁਸੀਂ ਲੀਡਰ ਬਣ ਸਕਦੇ ਹੋ ਅਤੇ ਚੋਣਾਂ ਵੀ ਜਿੱਤ ਸਕਦੇ ਹੋ।

             

              ਪਰ ਅਸਲੀ ਲੀਡਰ ਬਣਨਾ ਕੁਝ ਹੋਰ ਗੱਲ ਹੈ। ਲੀਡਰ ਲੀਡਰ ਵਿੱਚ ਵੀ ਬਹੁਤ ਫ਼ਰਕ ਹੋ ਸਕਦਾ ਹੈ ਇਕ ਨਿੰਬੂ ਵਰਗਾ ਖੱਟਾ ਹੋ ਸਕਦਾ ਹੈ ਅਤੇ ਦੂਜਾ ਸੇਬ ਵਰਗਾ ਮਿੱਠਾ। ਇਕ ਬਿਲਕੁਲ ਝੂਠਾ ਤੇ ਮੱਕਾਰ, ਅਤੇ ਦੂਜਾ ਬਿਲਕੁਲ ਸੱਚਾ। ਇਕ ਲੋਕਾਂ ਦਾ ਹਮਦਰਦ, ਅਤੇ ਦੂਜਾ ਬਿਲਕੁਲ ਸਵਾਰਥੀ। ਇਕ ਲੋਕਾਂ ਬਾਰੇ ਸੋਚਣ ਵਾਲਾ, ਅਤੇ ਦੂਜਾ ਸਿਰਫ਼ ਆਪਣੇ ਬਾਰੇ ਹੀ ਸੋਚਣ ਵਾਲਾ। ਇਕ ਇਨਸਾਨੀਅਤ ਤੋਂ ਗਿਰ ਕੇ ਅਗਵਾਈ ਕਰਨ ਵਾਲਾ, ਅਤੇ ਦੂਜਾ ਇਨਸਾਨੀਅਤ ਨੂੰ ਹੋਰ ਵੀ ਉੱਚਾ ਉਠਾ ਕੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲਾ। ਇਕ ਸੱਚੀ ਅਗਵਾਈ ਕਰਨ ਵਾਲਾ ਅਤੇ ਦੂਜਾ ਸਿਰਫ਼ ਰੌਲਾ ਪਾਉਣ ਵਾਲਾ।

             

              ਸੱਚਾ ਆਗੂ ਬਣਨ ਅਤੇ ਸੱਚੀ ਅਗਵਾਈ ਕਰਨ ਲਈ ਇਨਸਾਨ ਵਿੱਚ ਬਹੁਤ ਗੁਣ ਹੋਣੇ ਚਾਹੀਦੇ ਹਨ। ਇਨ੍ਹਾਂ ਵਿੱਚੋਂ ਕੁਝ ਗੁਣ ਕੁਦਰਤ ਵਲੋਂ ਜਨਮ ਤੋਂ ਹੀ ਬਖ਼ਸ਼ੇ ਇਨ੍ਹਾਂ ਇਨਸਾਨਾਂ ਵਿੱਚ ਹੁੰਦੇ ਹਨ ਜੋ ਲੀਡਰ ਬਣਦੇ ਹਨ। ਕੁਝ ਗੁਣ ਮਿਹਨਤ ਨਾਲ ਸਿੱਖੇ ਜਾ ਸਕਦੇ ਹਨ। ਅਸਲੀ ਅਰਥਾਂ ਵਿੱਚ ਇਕ ਇਨਸਾਨ ਉਦੋਂ ਤੱਕ ਸੱਚਾ ਆਗੂ ਨਹੀਂ ਬਣ ਸਕਦਾ ਅਤੇ ਸਫ਼ਲਤਾ ਸਹਿਤ ਅਗਵਾਈ ਨਹੀਂ ਕਰ ਸਕਦਾ ਜਦੋਂ ਤੱਕ ਉਹ ਈਰਖਾ, ਚਾਪਲੂਸੀ, ਪੱਖਪਾਤ ਆਦਿ ਤੋਂ ਨਿਰਲੇਪ ਨਾ ਹੋਵੇ। ਅਗਵਾਈ ਤਾਂ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਇਹੋ ਜਿਹੇ ਔਗੁਣਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਬਹੁਤ ਘੱਟ ਆਗੂਆਂ ਵਿੱਚ ਇਹੋ ਜਿਹੇ ਚੰਗੇ ਗੁਣ ਪਾਏ ਜਾਂਦੇ ਹਨ ਜੋ ਠੀਕ ਅਤੇ ਸਫ਼ਲ ਅਗਵਾਈ ਕਰਨ ਲਈ ਜ਼ਰੂਰੀ ਹਨ। ਆਮ ਤੌਰ ਤੇ ਲੀਡਰ ਆਪਣੇ ਵਿਰੋਧੀਆਂ ਨਾਲ ਈਰਖਾ ਕਰਦੇ ਹਨ, ਆਪਣੇ ਸਮਰੱਥੀਆਂ ਦਾ ਪੱਖ ਕਰਦੇ ਹਨ, ਆਪਣੇ ਆਲੋਚਕਾਂ ਅਤੇ ਵਿਰੋਧੀਆਂ ਨੂੰ ਨਸ਼ਟ ਕਰ ਲਈ ਹਰ ਹੀਲਾ-ਵਸੀਲਾ ਵਰਤਦੇ ਹਨ, ਆਪਣੇ ਦੋਸਤਾਂ-ਮਿੱਤਰਾਂ ਅਤੇ ਹਮਾਇਤੀਆਂ ਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਜਿਨ੍ਹਾਂ ਲੋਕਾਂ ਤੱਕ ਉਨ੍ਹਾਂ ਨੂੰ ਲੋੜ ਹੁੰਦੀ ਹੈ ਉਨ੍ਹਾਂ ਦੀ ਚਾਪਲੂਸੀ ਕਰਨ ਦੀ ਉਹ ਸਿਰੇ ਤੱਕ ਵਾਹ ਲਾਉਂਦੇ ਹਨ।

              ਇੱਥੇ ਜਿਨ੍ਹਾਂ ਲੀਡਰਾਂ ਦੀ ਮੈਂ ਗੱਲ ਕਰ ਰਿਹਾ ਹਾਂ, ਉਹ ਹਰ ਕਿਸਮ ਦੇ ਲੀਡਰ ਹਨ ਭਾਵੇਂ ਉਹ ਕਿਸੇ ਦੇਸ਼ ਦਾ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਹੋਵੇ, ਮਜ਼ਦੂਰ ਸੰਗਠਨਾਂ ਦਾ ਆਗੂ ਹੋਵੇ, ਧਾਰਮਿਕ ਸਥਾਨਾਂ ਦਾ ਪ੍ਰਬੰਧਕ ਹੋਵੇ, ਕਿਸੇ ਸ਼ਹਿਰ ਦਾ ਮੇਅਰ ਹੋਵੇ, ਕਿਸੇ ਕੰਪਨੀ ਦਾ ਮੁਖੀ ਹੋਵੇ, ਕਿਸੇ ਵੀ ਕਿਸਮ ਦੀ ਸੰਸਥਾ ਦਾ ਅਹੁਦੇਦਾਰ ਹੋਵੇ, ਯੂਨੀਵਰਸਿਟੀ ਜਾਂ ਕਾਲਜ ਦਾ ਮੁਖੀ ਹੋਵੇ, ਕਿਸੇ ਖੇਡਣ ਵਾਲੀ ਟੀਮ ਦਾ ਕੈਪਟਨ ਜਾਂ ਪ੍ਰਚਾਲਕ ਹੋਵੇ, ਜਾਂ ਕਿਸੇ ਪਰਵਾਰ ਦਾ ਮੁਖੀ ਹੋਵੇ। ਹਰ ਲੀਡਰ ਵਿੱਚ ਆਪਣੇ ਦੇਸ਼, ਸੰਸਥਾ, ਕੰਪਨੀ, ਪਰਵਾਰ ਆਦਿ ਨੂੰ ਇਕੱਠੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇਕ ਆਗੂ ਵਿੱਚ ਸਭ ਨੂੰ ਨਾਲ ਲੈ ਕੇ ਚਲਣ ਦਾ ਗੁਣ ਹੋਣਾ ਬਹੁਤ ਹੀ ਜ਼ਰੂਰੀ ਹੈ। ਜੋ ਲੀਡਰ ਦੁਫਾੜ ਪਾ ਕੇ ਸਫ਼ਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਖੀਰ ਵਿੱਚ ਉਸਨੂੰ ਅਸਫਲਤਾ ਹੀ ਮਿਲਦੀ ਹੈ। ਸਿਆਸਤ ਵਿੱਚ ਵੀ ਜਿਹੜੇ ਲੀਡਰ ਸਾਰੀਆਂ ਪਾਰਟੀਆਂ ਜਾਂ ਆਪਣੇ ਹਿਮਾਇਤੀਆਂ ਅਤੇ ਵਿਰੋਧੀਆਂ ਨੂੰ ਸਤਿਕਾਰ ਦੇ ਕੇ ਉਨ੍ਹਾਂ ਨੂੰ ਨਾਲ ਲੈ ਕੇ ਤੁਰਦੇ ਹਨ, ਉਹ ਜ਼ਿਆਦਾ ਸਫ਼ਲ ਰਹਿੰਦੇ ਹਨ। ਜਿਹੜੇ ਲੀਡਰ ਪਾਰਟੀਆਂ ਵਿੱਚ ਜ਼ਿਆਦਾ ਦੁਫਾੜ ਪਾਉਂਦੇ ਹਨ ਅਤੇ “divide and rule” ਦੀ ਲੀਹ ਤੇ ਚਲਦੇ ਹਨ, ਉਹ ਬਹੁਤੇ ਸਫ਼ਲ ਨਹੀਂ ਹੁੰਦੇ। ਸਫ਼ਲ ਅਤੇ ਸਿਆਣੇ ਲੀਡਰ ਹਮੇਸ਼ਾ ਦਾਇਰੇ ਚੋਂ ਨਿਕਲ ਕੇ ਅਗਵਾਈ ਕਰਦੇ ਹਨ। ਜਿਹੜੇ ਲੀਡਰ ਇਕ ਦਾਇਰੇ ਵਿੱਚ ਰਹਿ ਕੇ ਅਗਵਾਈ ਕਰਨ, ਉਹ ਬਹੁਤੇ ਸਫ਼ਲ ਨਹੀਂ ਹੋ ਸਕਦੇ। ਇਹ ਦਾਇਰਾ ਆਮ ਤੌਰ ਤੇ ਹਮਾਇਤੀਆਂ ਅਤੇ ਸਮਰਥਕਾਂ ਦਾ ਹੁੰਦਾ ਹੈ।

              ਲੀਡਰ ਅਜਿਹਾ ਹੋਣਾ ਚਾਹੀਦਾ ਹੈ ਜੋ ਸਮੱਸਿਆਵਾਂ ਨੂੰ ਭਾਂਪ ਸਕੇ, ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕੇ, ਅਤੇ ਉਨ੍ਹਾਂ ਦਾ ਠੀਕ ਅਤੇ ਯੋਗ ਹੱਲ ਲੱਭ ਸਕੇ। ਜਿਹੜਾ ਲੀਡਰ ਸਮੱਸਿਆ ਨੂੰ ਦੇਖ ਕੇ ਲੁਕਣ ਦੀ ਕੋਸ਼ਿਸ਼ ਕਰੇ, ਇਹ ਸੋਚ ਕੇ ਕਿ ਸਮੱਸਿਆ ਆਪੇ ਹੱਲ ਹੋ ਜਾਵੇਗੀ, ਉਹ ਲੀਡਰ ਬਣਨ ਅਤੇ ਅਖਵਾਉਣ ਦੇ ਕਾਬਲ ਨਹੀਂ ਹੁੰਦਾ। ਲੀਡਰ ਓਹੀ ਹੈ ਜੋ ਸਮੱਸਿਆਵਾਂ ਦਾ ਤਾਕਤ ਅਤੇ ਇਨਸਾਫ਼ ਨਾਲ ਮੁਕਾਬਲਾ ਕਰ ਸਕੇ। ਸਮੱਸਿਆਵਾਂ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਮੀਟਣ ਨਾਲ ਜਾਂ ਸਮੱਸਿਆਵਾਂ ਤੇ ਮਿੱਟੀ ਪਾਉਣ ਅਤੇ ਉਨ੍ਹਾਂ ਨੂੰ ਢਕਣ ਦੀ ਕੋਸ਼ਿਸ਼ ਕਰਨ ਨਾਲ ਸਮੱਸਿਆਵਾਂ ਸਗੋਂ ਬਹੁਤ ਭਿਆਨਕ ਰੂਪ ਧਾਰਨ ਕਰ ਜਾਂਦੀਆਂ ਹਨ। ਲੀਡਰ ਦਾ ਫ਼ਰਜ਼ ਹੁੰਦਾ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਆਪਣੀ ਅਤੇ ਆਪਣੇ ਸਲਾਹਕਾਰਾਂ ਦੀ ਮਦਦ ਦੇ ਨਾਲ ਸਮਝ ਸਕੇ ਅਤੇ ਇਨ੍ਹਾਂ ਨੂੰ ਯੋਗ ਅਤੇ ਠੀਕ ਢੰਗ ਨਾਲ ਹੱਲ ਕਰ ਸਕੇ।

              ਲੀਡਰ ਨੂੰ ਜੇ ਥੋੜਾ ਬਹੁਤ ਮਨੋਵਿਗਿਆਨ ਦਾ ਗਿਆਨ ਹੋਵੇ ਤਾਂ ਬਹੁਤ ਚੰਗਾ ਹੈ। ਮਨੋਵਿਗਿਆਨ ਦੂਜੇ ਲੋਕਾਂ ਨੂੰ ਸਮਝਣ ਵਿੱਚ ਸਹਾਈ ਹੁੰਦਾ ਹੈ। ਇਸਦੇ ਗਿਆਨ ਨਾਲ ਇਨਸਾਨ ਦੂਜੇ ਲੋਕਾਂ ਦੇ ਵਿਹਾਰ, ਮਨੋਰਥ, ਅਤੇ ਸਵਾਰਥਪਨ ਨੂੰ ਸਮਝ ਕੇ ਯੋਗ ਫੈਸਲੇ ਲੈ ਸਕਦਾ ਹੈ।

              ਲੀਡਰ ਦਾ ਦੂਰ-ਦਰਸ਼ੀ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ। ਆਉਣ ਵਾਲੀਆਂ ਸਮੱਸਿਆਵਾਂ ਨੂੰ ਪਹਿਲਾਂ ਹੀ ਭਾਂਪ ਲੈਣਾ ਸਿਆਣੇ ਲੀਡਰ ਦੀ ਖ਼ੂਬੀ ਹੁੰਦੀ ਹੈ। ਸਾਲ 2008 ਦੇ ਆਰਥਿਕ ਸੰਕਟ ਬਾਰੇ, ਜੋ ਅਮਰੀਕਾ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿੱਚ ਫੈਲ ਗਿਆ ਹੈ, ਜਿਨ੍ਹਾਂ ਲੀਡਰਾਂ ਅਤੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਪਤਾ ਲਗ ਜਾਣਾ ਚਾਹੀਦਾ ਸੀ, ਉਹ ਇਸ ਗੱਲ ਤੋਂ ਬਿਲਕੁਲ ਅਵੇਸਲੇ ਰਹੇ। ਅਮਰੀਕਾ ਦੀ ਫੈਡਰਲ ਰਿਜ਼ਰਵ ਬੈਂਕ ਦਾ ਭੂਤ-ਪੂਰਬ ਮੁਖੀ (ਚੇਅਰਮੈਨ) ਐਲਨ ਗਰੀਨਸਪੈਨ (ਜੋ 1987 ਤੋਂ 2006 ਤੱਕ ਇਸ ਪਦਵੀ ਤੇ ਰਿਹਾ) ਇਸ ਆ ਰਹੇ ਸੰਕਟ ਨੂੰ ਬਿਲਕੁਲ ਨਾ ਸਮਝ ਸਕਿਆ ਹਾਲਾਂ ਕਿ ਇਹ ਉਸਦੀਆਂ ਜ਼ਿੰਮੇਵਾਰੀਆਂ ਚੋਂ ਇਕ ਸੀ। ਜੇ ਉਹ ਸਿਆਣਪ ਵਰਤਦਾ ਅਤੇ ਇਸ ਸਮੱਸਿਆ ਨੂੰ ਉੱਠਣ ਤੋਂ ਪਹਿਲਾਂ ਹੀ ਇਸਦਾ ਹੱਲ ਲੱਭ ਲੈਂਦਾ ਤਾਂ ਇਹ ਸਮੱਸਿਆ ਇਤਨਾ ਭਿਆਨਕ ਰੂਪ ਨਾ ਧਾਰਨ ਕਰਦੀ। ਸਗੋਂ ਉਸਨੇ ਦੂਜਿਆਂ ਵਲੋਂ ਇਸ ਸੰਕਟ ਦੇ ਆਉਣ ਬਾਰੇ ਦਿੱਤੀਆਂ ਚਿਤਾਵਨੀਆਂ ਨੂੰ ਵੀ ਮਜ਼ਾਕ ਸਮਝ ਕੇ ਵਿਸਾਰ ਛੱਡਿਆ। ਇਸ ਤੋਂ ਵੀ ਵੱਧ ਦੁਖਾਂਤ ਇਹ ਹੈ ਕਿ ਜਦੋਂ ਇਹ ਆਰਥਿਕ ਸਮੱਸਿਆ ਸੰਕਟ ਦਾ ਰੂਪ ਧਾਰਨ ਕਰ ਗਈ ਤਾਂ ਇਸੇ ਗਰੀਨਸਪੈਨ ਨੇ ਇਸ ਸੰਕਟ ਦੇ ਆਉਣ ਦਾ ਇਲਜ਼ਾਮ ਦੂਜਿਆਂ ਦੇ ਸਿਰ ਧਰ ਦਿੱਤਾ। ਹਾਲੇ ਤੱਕ ਵੀ ਉਸਨੇ ਆਪਣਾ ਕੋਈ ਜੁਰਮ ਕਬੂਲ ਨਹੀਂ ਕੀਤਾ ਕਿ ਇਸ ਵਿੱਚ ਉਸਦੇ ਅਵੇਸਲੇਪਨ ਅਤੇ ਨਾਸਮਝਤਾ ਜਾਂ ਜਾਣ-ਬੁੱਝ ਕੇ ਇਸ ਵੱਲ ਧਿਆਨ ਨਾ ਦੇਣ ਵਿੱਚ ਉਸ ਦਾ ਬਹੁਤ ਵੱਡਾ ਹੱਥ ਹੈ। ਇਕ ਚੰਗਾ ਅਤੇ ਇਮਾਨਦਾਰ ਲੀਡਰ ਆਪਣੀ ਗਲਤੀ ਨੂੰ ਹਮੇਸ਼ਾ ਹੀ ਸਵੀਕਾਰ ਕਰਦਾ ਹੈ ਅਤੇ ਉਸ ਗਲਤੀ ਤੇ ਅਫ਼ਸੋਸ ਅਤੇ ਪਛਤਾਵਾ ਪ੍ਰਗਟ ਕਰਦਾ ਹੈ।

              ਸਫ਼ਲ ਲੀਡਰ ਹਮੇਸ਼ਾ ਹੀ ਬਹੁਤੇ ਕੰਮਾਂ ਦੀ ਜਿੰਮੇਵਾਰੀ ਯੋਗ ਇਨਸਾਨਾਂ ਨੂੰ ਸੰਭਾਲ ਦਿੰਦੇ ਹਨ ਅਤੇ ਆਪ ਇਸ ਗੱਲ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਕਿ ਹਰ ਕੰਮ ਠੀਕ ਢੰਗ ਨਾਲ ਹੋ ਰਿਹਾ ਹੈ। ਜਿਹੜੇ ਲੀਡਰ ਹਰ ਕੰਮ ਆਪ ਹੀ ਕਰਨ ਦੀ ਕੋਸ਼ਿਸ਼ ਕਰਨ, ਉਹ ਛੇਤੀਂ ਜਾਂ ਦੇਰ ਬਾਅਦ ਕੰਮ ਦੇ ਭਾਰ ਹੇਠ ਦੱਬ ਕੇ ਖ਼ਤਮ ਹੋ ਜਾਣਗੇ ਜਿਸਨੂੰ ਆਮ ਤੌਰ ਤੇ burn-out ਕਿਹਾ ਜਾਂਦਾ ਹੈ।

              ਲੀਡਰ ਦਾ ਪਾਰਦਰਸ਼ੀ ਹੋਣਾ ਵੀ ਬਹੁਤ ਜ਼ਰੂਰੀ ਹੈ। ਜੋ ਲੀਡਰ ਹਰ ਕੰਮ ਅਤੇ ਹਰ ਮਸਲਾ ਸਾਰਿਆਂ ਦੀ ਸਲਾਹ ਅਤੇ ਜਾਣਕਾਰੀ ਨਾਲ ਕਰੇ ਅਤੇ ਸਮੇਟੇ ਤਾਂ ਉਸ ਲੀਡਰ ਨੂੰ ਸਭ ਦੀ ਸਮਰੱਥਾ ਹਾਸਿਲ ਹੋ ਜਾਂਦੀ ਹੈ। ਜਿਹੜੇ ਲੀਡਰ ਮੈਂਬਰਾਂ ਤੋਂ ਲੁਕ-ਲੁਕਾ ਕੇ ਕੰਮ ਕਰਦੇ ਹਨ ਅਤੇ ਸੰਸਥਾਵਾਂ ਦੇ ਭੇਦਾਂ ਨੂੰ ਜਿੰਦਰੇ ਅੰਦਰ ਬੰਦ ਰੱਖਦੇ ਹਨ, ਉਹ ਬਹੁਤੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।

              ਸੱਚਾ-ਸੁੱਚਾ ਅਤੇ ਇਨਸਾਫ਼ ਪਸੰਦ ਲੀਡਰ ਹਰ ਇਨਸਾਨ ਨੂੰ ਇਨਸਾਨ ਸਮਝਦਾ ਹੈ। ਉਹ ਰੰਗ, ਧਰਮ, ਜਾਤ, ਨਸਲ, ਲਿੰਗ, ਦੋਸਤੀ, ਜਾਂ ਦੁਸ਼ਮਣੀ ਆਦਿ ਦੇ ਅਧਾਰ ਤੇ ਕਦੇ ਵੀ ਕਿਸੇ ਨਾਲ ਬੇਇਨਸਾਫ਼ੀ ਜਾਂ ਚੰਗਾ-ਮਾੜਾ ਵਰਤਾਓ ਨਹੀਂ ਕਰਦਾ। ਉਹ ਹਰ ਇਨਸਾਨ ਨੂੰ ਇਕੋ ਨਜ਼ਰ ਨਾਲ ਦੇਖਦਾ ਹੈ ਅਤੇ ਸਭ ਨੂੰ ਬਰਾਬਰਤਾ ਦਾ ਇਨਸਾਫ਼ ਦਿੰਦਾ ਹੈ।

              ਚੰਗੇ ਲੀਡਰ ਵਿੱਚ ਈਮਾਨਦਾਰੀ, ਉੱਚੀਆਂ ਕਦਰਾਂ-ਕੀਮਤਾਂ, ਵਧੀਆ ਚਾਲ-ਚਲਣ, ਅਤੇ ਨੈਤਿਕਤਾ ਦੇ ਚੰਗੇ ਗੁਣ ਹੋਣੇ ਵੀ ਬਹੁਤ ਜ਼ਰੂਰੀ ਹਨ। ਬੇਈਮਾਨ ਲੀਡਰ ਨੂੰ ਸਾਹਮਣੇ ਤਾਂ ਭਾਵੇਂ ਕੋਈ ਕੁਝ ਨਾ ਕਹੇ ਪਰ ਪਿੱਠ ਪਿੱਛੇ ਸਾਰੇ ਹੀ ਉਸਨੂੰ ਮੰਦਾ ਬੋਲਦੇ ਹਨ ਅਤੇ ਉਸਦੀ ਕੋਈ ਇੱਜ਼ਤ ਨਹੀਂ ਹੁੰਦੀ। ਜੇ ਈਮਾਨਦਾਰੀ ਅਤੇ ਉੱਚੀਆਂ ਕਦਰਾਂ-ਕੀਮਤਾਂ ਦੇ ਨਾਲ ਨਾਲ ਲੀਡਰ ਦੀ ਸ਼ਖ਼ਸੀਅਤ ਵੀ ਖਿੱਚ ਭਰਪੂਰ ਅਤੇ ਜਾਦੂਮਈ ਅਸਰ ਕਰਨ ਵਾਲੀ ਹੋਵੇ ਤਾਂ ਉਸ ਲੀਡਰ ਨੂੰ ਜ਼ਿਆਦਾ ਸਫ਼ਲਤਾ ਮਿਲ ਸਕਦੀ ਹੈ।

              ਜੇ ਦੁਨੀਆਂ ਦੇ ਲੀਡਰਾਂ ਤੇ ਨਜ਼ਰ ਮਾਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਕਈ ਵਾਰੀ ਬਹੁਤ ਸਾਰੇ ਚੰਗੇ ਗੁਣ ਹੋਣ ਦੇ ਬਾਵਜੂਦ ਵੀ ਲੀਡਰ ਫ਼ੇਲ੍ਹ ਹੋ ਜਾਂਦੇ ਹਨ। ਅਮਰੀਕਾ ਦੇ ਇਕ ਭੂਤ-ਪੂਰਬ ਪ੍ਰਧਾਨ ਜਿੰਮੀ ਕਾਰਟਰ (ਜੋ 1977 ਤੋਂ 1980 ਤੱਕ ਪ੍ਰਧਾਨ ਸੀ) ਨਾਲ ਇਹੋ ਹੀ ਹੋਇਆ। ਜਿੰਮੀ ਕਾਰਟਰ ਇਕ ਬਹੁਤ ਹੀ ਅੱਛਾ, ਈਮਾਨਦਾਰ, ਵਧੀਆ ਕਦਰਾਂ-ਕੀਮਤਾਂ ਵਾਲਾ, ਅਤੇ ਚੰਗੇ ਨੈਤਿਕ ਗੁਣਾਂ ਵਾਲਾ ਇਨਸਾਨ ਹੈ। ਪਰ ਉਸ ਦੀ ਸ਼ਖ਼ਸੀਅਤ ਬਹੁਤੀ ਖਿੱਚ ਭਰਪੂਰ ਨਹੀਂ। ਉਹ ਦੂਜਿਆਂ ਨਾਲ ਗੰਢਾਂ ਤੁੱਪਾਂ ਨਾ ਕਰ ਸਕਿਆ। ਉਹ ਦੂਜਿਆਂ ਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਨਾ ਭਰਮਾ ਸਕਿਆ। ਉਹ ਝੂਠ ਬੋਲ ਕੇ ਦੂਜਿਆਂ ਨੂੰ ਆਪਣੇ ਵੱਲ ਨਾ ਕਰ ਸਕਿਆ। ਇਸੇ ਲਈ ਉਹ ਅਮਰੀਕਾ ਦੇ ਪ੍ਰਧਾਨ ਦੇ ਤੌਰ ਤੇ ਬਹੁਤਾ ਸਫ਼ਲ ਨਾ ਹੋ ਸਕਿਆ ਅਤੇ ਦੂਜੀ ਵਾਰੀ ਨਵੰਬਰ 1980 ਵਿੱਚ ਪ੍ਰਧਾਨਗੀ ਲਈ ਹੋਈਆਂ ਚੋਣਾਂ ਵਿੱਚ ਰਾਨਲਡ ਰੇਗਨ ਤੋਂ ਬੁਰੀ ਤਰ੍ਹਾਂ ਹਾਰ ਗਿਆ। ਦੂਜੇ ਪਾਸੇ ਰਾਨਲਡ ਰੇਗਨ ਵਿੱਚ ਜਿੰਮੀ ਕਾਰਟਰ ਵਾਲੇ ਬਹੁਤੇ ਗੁਣ ਨਹੀਂ ਸਨ ਪਰ ਉਹ ਬਹੁਤ ਹੀ ਅੱਛਾ ਬੁਲਾਰਾ ਸੀ, ਗੱਲਾਂ ਨੂੰ ਮਸਾਲਾ ਲਾ ਕੇ ਦੱਸਣ ਵਿੱਚ ਮਾਹਰ ਸੀ, ਅਤੇ ਬਹੁਤ ਜਾਦੂਮਈ ਸ਼ਖ਼ਸੀਅਤ ਦਾ ਮਾਲਕ ਸੀ। ਭਾਵੇਂ ਰਾਨਲਡ ਰੇਗਨ ਪ੍ਰਧਾਨ ਦੇ ਤੌਰ ਤੇ ਜਿੰਮੀ ਕਾਰਟਰ ਨਾਲੋਂ ਜ਼ਿਆਦਾ ਸਫ਼ਲ ਰਿਹਾ ਪਰ ਉਹ ਵਧੀਆ ਪ੍ਰਧਾਨ ਨਹੀਂ ਸੀ। ਉਸਨੇ ਅਮਰੀਕਾ ਦੀ ਧਮਕ ਜਮਾਉਣ ਲਈ ਕਈ ਛੋਟੇ ਛੋਟੇ ਮੁਲਕਾਂ ਤੇ ਹਮਲੇ ਕੀਤੇ ਅਤੇ ਈਰਾਨ ਨਾਲ ਅੰਦਰਖਾਤੇ ਅਮਰੀਕਨ ਬੰਧੀ ਛਡਾਉਣ ਲਈ ਸਮਝਾਉਤੇ ਕੀਤੇ ਜਦੋਂ ਕਿ ਬਾਹਰੋਂ ਉਹ ਇਸਦੇ ਖ਼ਿਲਾਫ਼ ਬੋਲ ਰਿਹਾ ਸੀ। ਪਰ 1980 ਦੀ ਚੋਣ ਹਾਰਨ ਤੋਂ ਬਾਦ ਜਿੰਮੀ ਕਾਰਟਰ ਨੇ ਸਾਰੀ ਦੁਨੀਆਂ ਵਿੱਚ ਇੰਨੇ ਚੰਗੇ ਕੰਮ ਕੀਤੇ ਹਨ ਕਿ ਅਮਰੀਕਾ ਦੇ ਇਤਿਹਾਸ ਵਿੱਚ ਉਸਨੂੰ ਰਾਨਲਡ ਰੇਗਨ ਨਾਲੋਂ ਜ਼ਿਆਦਾ ਸਤਿਕਾਰ ਮਿਲੇਗਾ। ਉਸਦੇ ਕੀਤੇ ਚੰਗੇ ਕੰਮਾਂ ਲਈ ਜਿੰਮੀ ਕਾਰਟਰ ਨੂੰ ਨੋਬਲ ਪੁਰਸਕਾਰ ਵੀ ਮਿਲ ਚੁੱਕਾ ਹੈ। ਹਿਟਲਰ ਨੂੰ ਇਕ ਬਹੁਤ ਹੀ ਗੰਦਾ ਲੀਡਰ ਇਸ ਲਈ ਸਮਝਿਆ ਜਾਂਦਾ ਹੈ ਕਿ ਉਹ ਨਾ ਸਿਰਫ਼ ਸਾਰੀ ਦੁਨੀਆਂ ਤੇ ਰਾਜ ਕਰਨ ਦੀ ਖਾਹਸ਼ ਨਾਲ ਦੂਜੀ ਸੰਸਾਰ ਜੰਗ ਦਾ ਕਾਰਨ ਬਣਿਆ ਸਗੋਂ ਉਸਨੇ ਦੂਜੇ ਧਰਮਾਂ ਦੇ ਕਈ ਮਿਲੀਅਨ ਮਾਸੂਮ ਇਨਸਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ। ਉਸਨੇ ਇਨਸਾਨਾਂ ਨੂੰ ਇਨਸਾਨ ਨਹੀਂ ਸੀ ਸਮਝਿਆ।

              ਜਦੋਂ 1993 ਤੋਂ ਲੈ ਕੇ 2000 ਤੱਕ ਬਿੱਲ ਕਲਿੰਟਨ ਅਮਰੀਕਾ ਦਾ ਪ੍ਰਧਾਨ ਸੀ ਤਾਂ ਅਮਰੀਕਾ ਦੀ ਸਾਰੇ ਸੰਸਾਰ ਵਿੱਚ ਬਹੁਤ ਇੱਜ਼ਤ ਅਤੇ ਮਾਣ ਸੀ। ਅਮਰੀਕਾ ਚੜ੍ਹਦੀਆਂ ਕਲਾ ਵਿੱਚ ਸੀ। ਇਸਦਾ ਹਰ ਪਾਸੇ ਬੋਲ-ਬਾਲਾ ਸੀ। ਇੱਥੇ ਦੀ ਆਰਥਿਕ ਸਥਿਤੀ ਬਹੁਤ ਹੀ ਚੰਗੀ ਹਾਲਤ ਵਿੱਚ ਸੀ। ਬਿੱਲ ਕਲਿੰਟਨ ਬੇਹੱਦ ਲਾਇਕ, ਸਮੱਸਿਆਵਾਂ ਨੂੰ ਸਮਝਣ ਵਾਲਾ ਅਤੇ ਉਨ੍ਹਾਂ ਦਾ ਹੱਲ ਲੱਭਣ ਵਾਲਾ ਇਕ ਜਾਦੂਮਈ ਸ਼ਖਸੀਅਤ ਦਾ ਮਾਲਕ ਪ੍ਰਧਾਨ ਸੀ। ਇਸੇ ਲਈ ਉਹ ਸਾਰੇ ਸੰਸਾਰ ਵਿੱਚ ਬਹੁਤ ਹੀ ਹਰਮਨ-ਪਿਆਰਾ ਸੀ। ਸਾਰੇ ਸੰਸਾਰ ਦੇ ਲੀਡਰ ਉਸਦੀ ਇੱਜ਼ਤ ਕਰਦੇ ਸਨ। ਜਦੋਂ ਉਹ ਬੋਲਦਾ ਸੀ ਤਾਂ ਸਾਰੇ ਬਹੁਤ ਧਿਆਨ ਨਾਲ ਸੁਣਦੇ ਸਨ। ਪਰ ਉਸ ਤੋਂ ਬਾਅਦ ਬਣਿਆ ਪ੍ਰਧਾਨ ਜਾਰਜ ਬੁਸ਼ ਬਿਲਕੁਲ ਇਸਦੇ ਉਲਟ ਨਿਕਲਿਆ। ਉਸਨੇ ਗਲਤ ਨੀਤੀਆਂ ਦੇ ਕਾਰਨ ਨਾ ਹੀ ਆਪਣੀ ਇੱਜ਼ਤ ਗੁਆਈ ਸਗੋਂ ਅਮਰੀਕਾ ਦੀ ਇਜ਼ਤ-ਮਾਣ ਨੂੰ ਵੀ ਬਹੁਤ ਹੀ ਨੁਕਸਾਨ ਪਹੁੰਚਾਇਆ। ਜਾਰਜ ਬੁਸ਼ ਨੂੰ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਲੱਭਣ ਦਾ ਕੋਈ ਗਿਆਨ ਨਹੀਂ। ਬੋਲਣ ਵੇਲੇ ਵੀ ਉਹ ਇਤਨੀਆਂ ਗਲਤੀਆਂ ਕਰਦਾ ਹੈ ਕਿ ਉਹ ਲੋਕਾਂ ਲਈ ਮਜ਼ਾਕ ਦਾ ਸੋਮਾ ਬਣਿਆ ਰਿਹਾ ਹੈ। ਬਿਨ੍ਹਾਂ ਕਿਸੇ ਕਾਰਨ ਦੇ ਈਰਾਕ ਤੇ ਹਮਲਾ ਕਰਨਾ ਅਤੇ ਲੱਖਾਂ ਮਾਸੂਮ ਲੋਕਾਂ ਦੀ ਮੌਤ ਦਾ ਕਾਰਨ ਬਣਨਾ ਉਸਦੀ ਕਦੇ ਵੀ ਮੁਆਫ਼ ਨਾ ਕੀਤੀ ਜਾਣ ਵਾਲੀ ਗਲਤੀ ਹੈ। ਇਸਦੇ ਬਾਵਜੂਦ ਕਿ ਬਹੁਤ ਜ਼ਿਆਦਾ ਬਹੁਸੰਮਤੀ ਨਾਲ ਸੰਸਾਰ ਦੇ ਲੋਕ ਉਸਦੇ ਇਸ ਹਮਲੇ ਨੂੰ ਗਲਤ ਕਹਿੰਦੇ ਹਨ, ਜਾਰਜ ਬੁਸ਼ ਨੇ ਆਪਣੀ ਗਲਤੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ, ਸਗੋਂ ਹਰ ਵਾਰੀ ਝੂਠ ਬੋਲ ਕੇ ਇਸਨੂੰ ਠੀਕ ਸਾਬਤ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ। ਇਕ ਕਹਾਣੀ ਹੈ ਕਿ ਜਦੋਂ ਵੀ ਬਿੱਲ ਕਲਿੰਟਨ ਜਾਂ ਜਾਰਜ ਬੁਸ਼ ਕਿਸੇ ਬਾਹਰਲੇ ਮੁਲਕ ਵਿੱਚ ਕਿਸੇ ਥਾਂ ਜਾਂਦੇ ਹਨ ਤਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਉਸ ਥਾਂ ਤੇ ਇਕੱਠੇ ਹੁੰਦੇ ਹਨ। ਪਰ ਫ਼ਰਕ ਇਹ ਹੈ ਕਿ ਇਹ ਲੋਕ ਬਿੱਲ ਕਲਿੰਟਨ ਨੂੰ ਦੇਖਣ, ਸੁਣਨ, ਅਤੇ ਉਸ ਨਾਲ ਹੱਥ ਮਿਲਾਉਣ ਲਈ ਆਉਂਦੇ ਹਨ ਪਰ ਜਾਰਜ ਬੁਸ਼ ਦੇ ਖ਼ਿਲਾਫ਼ ਮੁਜ਼ਾਹਰੇ ਕਰਨ ਲਈ ਆਉਂਦੇ ਹਨ। ਕੱਲ ਚਾਰ ਨਵੰਬਰ 2008 ਨੂੰ ਅਮਰੀਕਾ ਦੇ ਲੋਕਾਂ ਨੇ ਅਖੀਰ ਵਿੱਚ ਚੰਗਾ ਫ਼ੈਸਲਾ ਲਿਆ ਹੈ ਅਤੇ ਬਰਾਕ ਓਬਾਮਾ ਨੂੰ ਨਵਾਂ ਪ੍ਰਧਾਨ ਚੁਣ ਲਿਆ ਹੈ ਜੋ ਜਨਵਰੀ 2009 ਦੇ ਤੀਜੇ ਹਫ਼ਤੇ ਅਮਰੀਕਾ ਦੇ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਸੰਭਾਲੇਗਾ। ਸਾਰੀ ਦੁਨੀਆਂ ਖੁਸ਼ ਹੈ ਕਿ ਜਾਰਜ ਬੁਸ਼ ਵਰਗੇ ਪ੍ਰਧਾਨ ਦੇ ਰਾਜ ਦਾ ਅੰਤ ਹੀ ਨਹੀਂ ਹੋਇਆ ਸਗੋਂ ਰਿਪਬਲਿਕਨ ਪਾਰਟੀ ਵੀ ਇਨ੍ਹਾਂ ਚੋਣਾਂ ਵਿੱਚ ਬੁਰੀ ਤਰ੍ਹਾਂ ਨਸ਼ਟ ਹੋ ਗਈ ਹੈ। ਡੈਮੋਕਰੈਟਿਕ ਪਾਰਟੀ ਦੀ ਹਰ ਖੇਤਰ ਵਿੱਚ ਜਿੱਤ ਨਾਲ ਸਭ ਨੂੰ ਸੁੱਖ ਦਾ ਸਾਹ ਆਇਆ ਹੈ। ਜੇ ਇਹ ਚੋਣ ਅਮਰੀਕਾ ਦੀ ਥਾਂ ਹਿੰਦੁਸਤਾਨ ਵਰਗੇ ਮੁਲਕ ਵਿੱਚ ਹੁੰਦੀ ਤਾਂ ਕਈ ਦਿਨ ਢੋਲ ਵਜਦੇ, ਲੱਡੂ ਵੰਡੇ ਜਾਂਦੇ, ਦੀਵੇ ਜਗਾਏ ਜਾਂਦੇ, ਨਾਚ ਨੱਚੇ ਜਾਂਦੇ, ਅਤੇ ਪਟਾਕੇ ਵਜਾਏ ਜਾਂਦੇ। ਜਾਰਜ ਬੁਸ਼ ਅਤੇ ਰਿਚਰਡ ਚੇਨੀ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਘਟੀਆ ਅਤੇ ਗੰਦੇ ਪ੍ਰਧਾਨ ਅਤੇ ਮੀਤ-ਪ੍ਰਧਾਨ ਗਿਣੇ ਜਾਣਗੇ। ਇਨ੍ਹਾਂ ਵਿੱਚ ਲੀਡਰਾਂ ਵਾਲਾ ਕੋਈ ਵੀ ਚੰਗਾ ਗੁਣ ਨਹੀਂ ਸੀ।

              ਅਮਰੀਕਾ ਦਾ ਇਕ ਹੋਰ ਭੂਤ-ਪੂਰਬ ਪ੍ਰਧਾਨ ਰਿਚਰਡ ਨਿਕਸਨ ਬਹੁਤ ਹੀ ਲਾਇਕ ਇਨਸਾਨ ਸੀ। ਪਰ ਉਸਦੀਆਂ ਬੇਈਮਾਨੀਆਂ ਨੇ ਉਸਦੀ ਸਾਰੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ। ਅਖੀਰ ਵਿੱਚ ਉਸਨੂੰ ਜ਼ਲੀਲ ਹੋ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਪਿਆ।

              ਅਜ਼ਾਦ ਹਿੰਦੁਸਤਾਨ ਦਾ ਪਹਿਲਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਬਹੁਤ ਹੀ ਲਾਇਕ ਇਨਸਾਨ ਸੀ। ਉਸ ਵਿੱਚ ਚੰਗੇ ਲੀਡਰਾਂ ਵਾਲੇ ਕਈ ਗੁਣ ਸਨ। ਪਰ ਉਹ ਦੂਰ-ਦਰਸ਼ੀ ਨਹੀਂ ਨਿਕਲਿਆ। ਉਸਨੇ ਸਮਾਜਵਾਦੀ ਨੀਤੀਆਂ ਅਪਣਾ ਕੇ ਹਿੰਦੁਸਤਾਨ ਨੂੰ ਪਿੱਛੇ ਰੱਖ ਲਿਆ। ਜੇ ਨਹਿਰੂ ਪੂੰਜੀਵਾਦੀ ਨੀਤੀਆਂ ਅਪਣਾਉਂਦਾ ਅਤੇ ਸਰਕਾਰ ਦੇ ਸਾਰੇ ਸਾਧਨ ਅਬਾਦੀ ਅਤੇ ਭਰਿਸ਼ਟਾਚਾਰ ਨੂੰ ਕਾਬੂ ਕਰਨ ਵਿੱਚ ਲਾਉਂਦਾ ਤਾਂ ਹਿੰਦੁਸਤਾਨ ਅੱਜ ਬਹੁਤ ਹੀ ਅਮੀਰ ਮੁਲਕ ਹੁੰਦਾ ਅਤੇ ਸ਼ਾਇਦ ਮੇਰੇ ਵਰਗੇ ਹਿੰਦੁਸਤਾਨੀਆਂ ਨੂੰ ਆਪਣਾ ਮੁਲਕ, ਆਪਣਾ ਸਭਿਆਚਾਰ, ਅਤੇ ਆਪਣੇ ਰਿਸ਼ਤੇਦਾਰ ਛੱਡ ਕੇ ਬਦੇਸ਼ਾਂ ਵਿੱਚ ਨਾ ਵਸਣਾ ਪੈਂਦਾ।

              ਅਜ਼ਾਦੀ ਤੋਂ ਬਾਅਦ ਪੰਜਾਬ ਨੂੰ ਸ਼ਾਇਦ ਇਕ ਦੋ ਲੀਡਰਾਂ ਤੋਂ ਵੱਧ ਵਧੀਆ ਲੀਡਰ ਨਹੀਂ ਮਿਲੇ। ਬਹੁਤੇ ਲੀਡਰ ਤਾਂ ਪੈਸਾ ਇਕੱਠਾ ਕਰਨ ਵਾਲੇ, ਆਪਣੀ ਕੁਰਸੀਆਂ ਨੂੰ ਬਚਾਉਣ ਵਿੱਚ ਹੀ ਲੱਗੇ ਹੋਏ, ਅਤੇ ਭਰਿਸ਼ਟਾਚਾਰ ਨੂੰ ਵਧਾਉਣ ਵਾਲੇ ਹੀ ਮਿਲੇ ਹਨ। ਇਸੇ ਕਰ ਕੇ ਪੰਜਾਬ ਦੀ ਅੱਜ ਇਹ ਖ਼ਸਤਾ ਹਾਲਤ ਹੋ ਗਈ ਹੈ। ਸ਼ਾਹ ਮੁਹੰਮਦ ਦੀਆਂ ਲਿਖੀਆਂ ਹੇਠਲੀਆਂ ਤੁਕਾਂ ਯਾਦ ਆ ਰਹੀਆਂ ਹਨ:

                            ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ

                            ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

         

                                           
                                                                                                                                           
                                                     
   

   ਨਵੰਬਰ 23, 2008 

                    ਅਮਰੀਕਾ ਦਾ ਨਵਾਂ ਲੀਡਰ:ਬਰਾਕ ਹੁਸੈਨ ਓਬਾਮਾ 

                                                                                                    - ਗੁਰਦੇਵ ਸਿੰਘ ਘਣਗਸ

 

ਅਮਰੀਕਾ  ਦੇ ਨਵੇਂ ਪ੍ਰਧਾਨ ਦੀ ਚੋਣ ਇਕ ਤਾਜੀ ਖਬਰ ਹੈ  ਅਤੇ ਦਿਲਚਸਪ ਵੀ ਹੈ।  ਇਸ ਲਈ ‘ਲੀਡਰ’ ਦੇ ਵਿਸ਼ੇ ਲਈ ਢੁਕਦੀ ਹੈ।  ਇਸ ਚੋਣ ਵਿਚ ‘ਬਰਾਕ ਓਬਾਮਾ ’ ਦਾ ਸ਼ਾਮਲ ਹੋਣਾ ਅਤੇ ਸਫਲ ਹੋਣਾ ਇਸ ਵਿਸ਼ੇ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ। । ਪ੍ਰਧਾਨ ਦੀ ਚੋਣ-ਮੁਹਿੰਮ ਦੋ ਸਾਲ ਚਲਦੀ ਰਹੀ ਅਤੇ ਇਕੱਲੇ ਓਬਾਮਾ ਨੂੰ ਲੋਕਾਂ ਨੇ 639 ਮਿਲੀਅਨ ਡਾਲਰ ਇਕੱਠੇ ਕਰ ਦਿੱਤੇ। ਬਾਕੀ ਉਮੀਦਵਾਰਾਂ ਨਾਲ ਰਲ-ਮਲਾਕੇ ਪ੍ਰਧਾਨ ਦੀ ਚੋਣ ‘ਤੇ ਤਕਰੀਬਨ ਦੋ ਬਿਲੀਅਨ ਡਾਲਰ ਖਰਚੇ ਗਏ। ਜੇ ‘ਬਰਾਕ ਓਬਾਮਾ ’ ਇਸ ਚੋਣ ਵਿੱਚ ਨਾਂ ਵੀ ਲੜਦਾ ਤਾਂ ਵੀ ਇਹ ਖਰਚਾ ਹੋਣਾ ਹੀ ਹੋਣਾ ਸੀ । ਇਹ ਸਾਰੀ ਪੂੰਜੀ ਲੋਕਾਂ ਤੋਂ ਅਤੇ ਸਰਕਾਰ ਤੋਂ ਤਕਰੀਬਨ ਕਾਨੂੰਨ ਅਨੁਸਾਰ ਹੀ ਉਗਰਾਹੀ ਗਈ,  ਇਤਨਾ ਮਾਲ-ਧਨ ਅਤੇ ਸਮਾਂ ਅਮਰੀਕਾ ਵਰਗੇ ਮੁਲਕ ਦੀਆਂ ਚੋਣਾਂ ਉੱਤੇ ਲੱਗਣਾ ਅਜੋਕੇ ਸਮੇਂ ਦੀ ਬਦਕਿਸਮਤੀ ਵੀ ਆਖੀ ਜਾ ਸਕਦੀ ਹੈ ।ਇਨ੍ਹਾਂ ਗੱਲਾਂ ਦੇ ਬਾਵਜੂਦ ਵੀ ‘ਓਬਾਮਾ’ ਦੀ ਚੋਣ ਮਹੱਤਤਾ ਇਸ ਕਰਕੇ ਰਖਦੀ ਹੈ ਕਿ ‘ਓਬਾਮਾ’ ਦਾ ਪਿੱਛਾ ਉਸ ਤਰ੍ਹਾਂ ਦਾ ਹੈ ਜਿਸ ਵਰਗ ਦੇ ਲੋਕਾਂ ਨੂੰ ਅਜੇ ਅਮਰੀਕਾ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਣਾ ਦੁਨੀਆ-ਭਰ ਦੇ ਲੋਕਾਂ ਦੀ ਸੋਚ ਤੋਂ ਬਾਹਰ ਸੀ। ਪਰ ਇਸ  ਪੜਾਅ ਤੇ ਪਹੁੰਚਣਾ ‘ਬਰਾਕ ਓਬਾਮਾ’ ਦੀ ਸੋਚ ਤੋਂ ਬਾਹਰ ਨਹੀਂ ਸੀ।  ਇਹ ਗੁਣ ਇੱਕ ਚੰਗੇ ਲੀਡਰ ਵਿਚ ਹੀ ਹੋ ਸਕਦੇ ਹਨ। ਚੰਗੇ ਲੀਡਰ ਅਪਣੇ ਰਸਤੇ ਚਲਦੇ ਹੀ ਰਹਿੰਦੇ ਹਨ।

 ‘ਬਰਾਕ ਓਬਾਮਾ ’ ਦੇ ਜੀਵਨ ਬਾਰੇ ਲੇਖ ਧੜਾ-ਧੜ ਛਪ ਰਹੇ ਹਨ; ਉਸਦਾ ਰੇਖਾ ਚਿਤਰ ਦਿਲਚਸਪ ਹੈ: ‘ਓਬਾਮਾ ’ ਦਾ ਜਨਮ ਸੰਨ 1961 ਵਿਚ  ਚਿੱਟੀ-ਚਮੜੀ ਵਾਲੀ ਅਮਰੀਕਣ ਅਣਵਿਆਹੀ ਕੁੜੀ ਅਤੇ ਕੇਨੀਆ ਤੋਂ ਪੜ੍ਹਨ ਆਏ ਕਾਲੀ-ਚਮੜੀ ਵਾਲੇ ਵਿਆਹੇ ਮੁੰਡੇ ਦੇ ਮੇਲ ਕਰਕੇ ਹੋਇਆ। ਉਦੋਂ ਅਮਰੀਕਾ ਦੇ ਕਈ ਸੂਬਿਆਂ ਵਿੱਚ ਇਸ ਤਰ੍ਹਾਂ ਦੇ ਕਾਲੇ-ਚਿੱਟੇ ਮੇਲ ਕਾਨੂਨੀ ਪੱਖੋਂ ਵਰਜਿੱਤ ਹੁੰਦੇ ਸਨ। ਬੱਚੇ ਦੇ ਜਨਮ ਤੋਂ ਪਹਿਲਾਂ ਉਸਦੇ ਮਾਪਿਆਂ ਨੇ ਵਿਆਹ ਤਾਂ ਕਰਵਾ ਲਿਆ ਪਰ ਇਹ ਵਿਆਹ ਤਣਾਵਾਂ ਕਰਕੇ ਦੋ-ਤਿੰਨ ਕੁ ਸਾਲਾਂ ਵਿਚ ਹੀ ਖਤਮ ਹੋ ਗਿਆ। ਤਲਾਕ ਤੋਂ ਬਾਅਦ ‘ਬਰਾਕ ਓਬਾਮਾ ’ ਦਾ ਬਾਪ ਕੇਨੀਆ ਪਰਤ ਗਿਆ ਅਤੇ ਉਸਦਾ ਪਾਲਣ-ਪੋਸਣ ਉਸਦੀ ਮਾਂ  ਅਤੇ  ਨਾਨਾ-ਨਾਨੀ (ਮਾਂ ਦੇ ਮਾਪਿਆਂ) ਨੇ ਕੀਤਾ। ਕੁਝ ਸਾਲਾਂ ਬਾਅਦ ਮਾਂ ਨੇ ਦੂਜਾ ਵਿਆਹ ਕਿਸੇ ਇੰਡੋਨੇਸ਼ੀਅਨ ਆਦਮੀ ਨਾਲ ਕਰਵਾ ਲਿਆ ਜਿਸ ਕਰਕੇ ਓਬਾਮਾ ਨੇ ਚਾਰ ਸਾਲ ਇੰਡੋਨੇਸ਼ੀਆ ਦੇ ਸਕੂਲ ਵਿੱਚ ਕੱਟੇ।  ਓਬਾਮਾ ਦੇ ਜੀਵਨ ਵਿਚ ਬਾਪ ਦੀ ਹਾਜਰੀ ਅਤੇ ਪਿਆਰ ਤਕਰੀਬਨ ਖਾਰਜ ਹੀ ਹੈ।  ਇਨ੍ਹਾਂ ਗੱਲਾਂ ਦੇ ਹੁੰਦਿਆਂ-ਹੋਇਆਂ ਵੀ ‘ਬਰਾਕ ਓਬਾਮਾ ’ ਦਾ ਜੀਵਨ ਸੰਘਰਸ਼ ਦੀ ਇਕ ਨਵੀਂ ਮਿਸਾਲ ਬਣ ਗਈ ਹੈ ਅਤੇ ਅਜੇ ਵੀ ਬਣਦੀ ਜਾ ਰਹੀ ਹੈ। ਕਿਹਾ ਜਾ ਸਕਦਾ ਹੈ ਕਿ ਕੁਦਰਤ ਨੇ ‘ਬਰਾਕ’ ਨੂੰ ਜੀਵਨ ਵਿਚ ਅਨੇਕਾਂ ਕੰਡੇ ਦਿੱਤੇ ਹਨ, ਉਸਦੇ ਨਾਲ ਉਸਨੂੰ  ਵਿਵੇਕ-ਦਾਨ ਵੀ ਦਿੱਤਾ ਜਿਸ ਕਰਕੇ ਉਸਨੇ ਕੰਡਿਆਂ ਸੰਗ ਜੀਣਾ ਸਿੱਖ ਲਿਆ ਹੈ ‘ਤੇ ਨਵੇਂ ਸੁਪਨੇ ਲੈਣੇ ਸਿੱਖ ਲਏ ਹਨ, ਇਸੇ ਕਰਕੇ ਹੀ ਹੁਣ ਉਹ ਅਮਰੀਕਾ ਦਾ ਸ਼੍ਰੋਮਣੀ ਲੀਡਰ ਬਣ ਚੱਲਿਆ ਹੈ। ਓਬਾਮਾ ਦਾ ਖਿਆਲ ਹੈ ਕਿ ਉਹ ਪਰਧਾਨ ਬਣਕੇ  ਅਮਰੀਕਾ ਦੇ ਲੋਕਾਂ ਦੀ ਭਲਾਈ ਕਰ ਸਕਦਾ ਹੈ।  ਉਸਨੇ ਵਕਾਲਤ ਦੀ ਉੱਚ-ਵਿੱਦਿਆ ਖਤਮ ਕਰਕੇ ਕੁਝ ਚਿਰ ਪ੍ਰੋਫੈਸਰੀ ਵੀ ਕੀਤੀ। ਵਕਾਲਤ ਦੀ ਵਿੱਦਿਆ ਤੋਂ ਪਹਿਲਾਂ ਉਸਨੇ ਲੋਕਾਂ ਨੂੰ ਸੰਗਠਨ ਕਰਨ ਦਾ ਕੰਮ ਕੀਤਾ, ਜਿਸ ਨਾਲ ਉਸਨੂੰ ਲੋਕਾਂ ਦੇ ਦੁਖ-ਸੁਖ ਦੀ ਹੋਰ ਵੀ ਜਾਣਕਾਰੀ ਪਰਾਪਤ ਹੋਈ।

ਮੋਟੇ ਤੌਰ ‘ਤੇ ਲੀਡਰ ਦੋ ਪਰਕਾਰ ਦੇ ਹੁੰਦੇ ਹਨ, ਸੁਲਝਾਉਣ ਵਾਲੇ ਜਾਂ ਉਲਝਾਉਣ ਵਾਲੇ। ਜੇ ਪ੍ਰਬੰਧ ਚੰਗਿਆਂ ਦੇ ਹੱਥ ਆ ਜਾਵੇ ਤਾਂ ਉਹ ਗੱਲ ਨੂੰ ਉਲਝਣ ਨਹੀਂ ਦੇਂਦੇ ਅਤੇ ਉਲਝਦੀ ਗੱਲ ਨੂੰ ਰਸਤੇ ਵਿੱਚ ਹੀ ਬੋਚ ਲੈਂਦੇ ਹਨ। ਜਿੰਨਾ ਵੱਡਾ ਕੰਮ ਹੋਵੇ ਉਤਨੇ ਜਿਆਦਾ ਲੋਕਾਂ ਦੀ ਮੱਦਦ ਕੰਮ ਨੂੰ ਸਿਰੇ ਚਾੜ੍ਹਣ ਦੀ ਲੋੜ ਪੈਂਦੀ ਹੈ। ਜੇ ਮੱਦਦ ਕਰਨ ਵਾਲੇ ਆਪਣੇ ਫਰਜਾਂ ਤੋਂ ਉਰ੍ਹਾਂ-ਪਰ੍ਹਾਂ ਹੋਣ ਲੱਗ ਪੈਣ, ਤਾਂ ਲੀਡਰੀ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਦੇ ਬਹੁਤੇ ਪੁਰਾਣੇ ਧਰਮਾਂ ਅਤੇ ਸੰਸਥਾਵਾਂ ਵਿਚ ਗਿਰਾਵਟ ਆ ਚੁੱਕੀ ਹੈ। ਥਾਂ ਥਾਂ ਨਵੀਆਂ ਸੰਸਥਾਵਾਂ ਬਣਦੀਆਂ ਰਹਿੰਦੀਆਂ ਹਨ, ਟੁੱਟਦੀਆਂ ਰਹਿੰਦੀਆਂ ਹਨ। ਬਹੁਤਾ ਕਰਕੇ ਗਿਰਾਵਟ ਲਿਆਉਣ ਵਾਲੇ ਲੋਕ ਲਾਲਚੀ ਹੁੰਦੇ ਹਨ। ਫਿਰ ਵੀ  ਪਾਰਦਰਸ਼ੀ ਲੀਡਰਾਂ ਦੀਆਂ ਚਲਾਈਆਂ ਚੰਗੀਆਂ ਰੀਤਾਂ ਦੇਰ ਚੱਕ ਚਲਦੀਆਂ ਰਹਿੰਦੀਆਂ ਹਨ। ਟੱਬਰਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਸਥਿਤੀਆਂ ਆਮ ਆਉਂਦੀਆਂ ਰਹਿੰਦੀਆਂ  ਹਨ। ਪੰਜਾਬੀਆਂ ਲਈ, ਖਾਸ ਕਰਕੇ ਪੇਂਡੂ ਪੰਜਾਬੀਆਂ ਲਈ, ਇਹ ਗੱਲ ਸਮਝਣੀ ਇਤਨੀ ਔਖੀ ਨਹੀਂ ਹੋਣੀ ਚਾਹੀਦੀ।

ਸਕੂਲਾਂ ਕਾਲਜਾਂ ਵਿੱਚ ਲੀਡਰਸ਼ਿਪ ਦੇ ਸਬਕ ਹੁਣ ਆਮ ਪੜ੍ਹਾਏ ਜਾਂਦੇ ਹਨ। ਕਿਉਂਕਿ ਚੰਗਾ ਲੀਡਰ ਬਣਨ ਲਈ ਬੰਦੇ ਵਿੱਚ ਕਈ ਗੁਣਾਂ ਦੀ ਲੋੜ ਹੁੰਦੀ ਹੈ ਅੱਜਕਲ ਵਿਦਿਆਰਥੀਆਂ ਨੂੰ ਸਫਲ ਲੋਕਾਂ ਦੇ ਲੈਕਚਰ ਵੀ ਸੁਣਾਏ ਜਾਂਦੇ ਹਨ। ਵੱਖੋ-ਵੱਖ ਕੰਮਾਂ ਲਈ ਵੱਖੋ-ਵੱਖਰੀ ਰੁਚੀ ਅਤੇ ਸਿਖਲਾਈ ਦੇ ਲੀਡਰਾਂ ਦੀ ਲੋੜ ਹੁੰਦੀ ਹੈ।  ਪ੍ਰੇਮ ਮਾਨ ਜੀ ਨੇ ਅਪਣੇ ਲੇਖ ਵਿਚ  ਇਕ ਚੰਗੇ ਲੀਡਰ ਦੇ ਗੁਣਾਂ ਬਾਰੇ  ਕਾਫੀ ਵਿਸਥਾਰ ਨਾਲ ਲਿਖਿਆ ਹੈ। ਮੈਂ ਵੀ ਓਬਾਮਾ ਦੀ ਚੋਣ ਨੂੰ ਧਿਆਨ ਨਾਲ ਦੇਖਦਾ ਰਿਹਾਂ ਹਾਂ ਅਤੇ ਮੈਨੂੰ ਜਾਪਦਾ ਹੈ ਕਿ ਉਹ ਇਨ੍ਹਾਂ ਸਾਰੇ ਗੁਣਾਂ ਉੱਤੇ ਪੂਰਾ ਉਤਰਦਾ ਰਿਹਾ ਹੈ।  ਓਬਾਮਾ ਇੱਕ ਸੂਝਵਾਨ ਇਨਸਾਨ ਹੈ ਜੋ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਹੈ, ਸਮਝਦਾ ਹੈ, ਪਰਖਦਾ ਹੈ ਅਤੇ ਅਦਬ ਨਾਲ ਉਸਦਾ ਜਵਾਬ ਦਿੰਦਾ ਹੈ। ਜੇ ਤੇਜੀ ਵਿੱਚ ਕੋਈ ਫਿਕਰਾ ਗਲਤ ਵੀ ਬੋਲਿਆ ਜਾਵੇ ਤਾਂ ‘ਖਿਮਾਂ ਦਾ ਜਾਚਕ’ ਹੋਣ ਵਿਚ ਅਪਣੀ ਹੇਠੀ ਨਹੀਂ ਸਮਝਦਾ। ਉਸਦੇ ਸਲਾਹਕਾਰ ਵੱਖੋ-ਵੱਖਰੇ ਪਿਛੋਕੜਾਂ ਵਾਲੇ ਲੋਕ ਹਨ ਕਿਉਂਕਿ ਉਹ ਸਾਰੇ ਵਿਚਾਰ ਸੁਣਨ ਵਿੱਚ ਯਕੀਨ ਰਖਦਾ ਹੈ, ਪਰ ਕਿਸੇ ਗਲਤ-ਪੱਖੀ ਵਿਚਾਰ ਨਾਲ ਬੰਨਿਆ ਨਹੀਂ ਜਾਪਦਾ। ਉਸਦੇ  ਵਿਰੋਧੀ ਕਈ ਪਰਕਾਰ ਦੇ ਗਲਤ ਪਰਚਾਰ ਵੀ ਕਰਦੇ ਦੇਖੇ ਗਏ ਹਨ। ਆਮ ਤੌਰਤੇ ਓਬਾਮਾ ਨਸਲ ਦੀ ਗੱਲ ਖੁਦ ਨਹੀਂ ਚਲਾਉਂਦਾ, ਪਰ ਚੋਣਾਂ ਸਮੇਂ ਜਦੋਂ ਕੋਈ ਜਵਾਬ ਦੇਣ ਵਿਚ ਲੋੜ ਪਈ ਤਾਂ ਉਸਨੇ ਅੱਖਾਂ ਵੀ ਨਹੀਂ ਮੀਚੀਆਂ, ਢੁਕਦੇ ਜਵਾਬ ਦਿੱਤੇ ਜਿਸਤੋਂ ਲਗਦਾ ਸੀ ਕਿ ਉਹ ਹਰ ਨਸਲ ਦੇ ਲੋਕਾਂ ਵਿਚ ਯਕੀਨ ਰੱਖਦਾ ਹੈ। ਇਹ ਅਗਾਂਹ-ਵਧੂ ਨੀਤੀ ਓਬਾਮਾ ਦੀ ਖਾਸੀਅਤ ਲਗਦੀ ਹੈ ਅਤੇ ਇਸੇ ਕਰਕੇ ਦੁਨੀਆ ਭਰ ਦੇ ਲੋਕਾਂ ਵਿੱਚ ਅੱਜ ਉਸਦੀ ਝੰਡੀ ਹੈ। ਓਬਾਮਾ ਭੂਤਕਾਲ ਤੋਂ ਸਬਕ ਲੈਕੇ  ਭਵਿੱਖ ਵੱਲ ਦੇਖਣ ਵਾਲਾ ਲੀਡਰ ਲਗਦਾ ਹੈ ਜਿਸਦੇ ਭਾਸ਼ਨ ਵਿੱਚ ਤਾਕਤ ਹੈ ਅਤੇ ਜਿਸਦੀ ਅਗਵਾਈ ਵਿੱਚ ਲੋਕ ਭੀੜ ਵਿੱਚ ਬੈਠੇ ਵੀ ਸ਼ਾਂਤ ਲਗਦੇ ਸਨ।

ਅਮਰੀਕਾ ਦੀਆਂ ਚੋਣਾਂ ਆਖਰ ਖਤਮ ਹੋ ਗਈਆਂ। ਕਈਆਂ ਨੇ ਸੁਖ ਦਾ ਸਾਹ ਲਿਆ, ਕਈ ਲੋਕ ਉਦਾਸ ਹੋ ਗਏ ਕਿ ਮੇਲਾ ਖਤਮ ਕਿਉਂ ਹੋ ਗਿਆ । ਵੋਟਾਂ ‘ਚੋਂ ਹਾਰੇ ਹੋਇਆਂ ਨੇ ਜਕਦੇ ਜਕਦੇ ਵਧਾਈਆਂ ਦਿੱਤੀਆਂ । ਜਦੋਂ ਓਬਾਮਾ ਦੀ ਜਿੱਤ ਹੋਈ, ਦੁਨੀਆ ਭਰ ਵਿੱਚ ਜਸ਼ਨ ਮਨਾਏ ਗਏ। ਕਾਲੇ ਰੰਗ ਦੇ ਲੋਕਾਂ ਨੇ ਸਦੀਆਂ ਭਰ ਦਾ ਅੱਤਿਆਚਾਰ ਖ਼ੁਸ਼ੀ ਦੇ ਹੰਝੂਆਂ ਨਾਲ ਧੋਇਆ। ਜਿਵੇਂ ‘ਮਿਟੀ ਧੁੰਦ ਜੱਗ ਚਾਨਣ ਹੋਇਆ’ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਦੇ ਇਤਿਹਾਸ ਵਿੱਚ ਇਹ ਚੋਣ ਇੱਕ ਖਾਸ ਪੜਾਅ ਹੈ। ਇਹ ਪੜਾਅ ਇਸ ਕਰਕੇ ਵੀ ਮਹੱਤਵ-ਪੂਰਣ ਹੈ ਕਿ ਦੁਨੀਆ ਵਿੱਚ ਅਸ਼ਾਤੀ ਹੈ, ਜੰਗ ਹੈ। ਸਾਡਾ ਸਮਾਜ ਲੁਟੇਰਿਆਂ ਦੇ ਹੱਥਾਂ ਵਿੱਚ ਘੁੱਟਿਆ ਜਾ ਰਿਹਾ ਹੈ। ਸਾਡੇ ਆਗੂ ਦਿਨ-ਬ-ਦਿਨ ਵਿਸਾਹ-ਘਾਤੀ ਹੋ ਰਹੇ  ਹਨ। ਇਸ ਲਈ ਬਹੁਤੇ ਲੋਕੀ ਆਗੂਆਂ ਦੀਆਂ ਬਦਲੀਆਂ ਚਾਹੁੰਦੇ ਰਹਿੰਦੇ ਹਨ, ਪਰ ਬਦਲੀ ਗਲਤ ਪਾਸੇ ਨੂੰ ਹੁੰਦੀ ਰਹਿੰਦੀ ਹੈ। 

ਅਮਰੀਕਾ ਦੇ ਲੋਕਾਂ ਨੂੰ ਓਬਾਮਾ ਤੋਂ ਬਹੁਤ ਆਸਾਂ ਹਨ। ਦੁਨੀਆ ਭਰ ਵਿੱਚ ਵੀ ਖੁਸ਼ੀ ਦੀ ਲਹਿਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਪਰ ਓਬਾਮਾ ਦੀ ਸਫਲਤਾ ਦੂਜਿਆਂ ਦੇ ਵਤੀਰੇ ‘ਤੇ ਵੀ ਨਿਰਭਰ ਹੈ। ਕਈ ਭੜਕਾਊ ਲੈਕਚਰ ਵੀ ਕਰ ਰਹੇ ਹਨ। ਅਮਰੀਕਾ ਵਿੱਚ ਬੰਦੂਕਾਂ ਦੀ ਵਿੱਕਰੀ ਵਧ ਗਈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਓਬਾਮਾ ਦੇ ਮੱਥੇ ਦੀ ਚਮਕ ‘ਚੋਂ ਚੰਗੇ ਭਵਿੱਖ ਦੀ ਆਸ ਹੈ।  ਚੰਗੇ ਲੀਡਰਾਂ ਨੂੰ ਸਦਾ ਆਹੁਦੇ ਦੀ ਭਾਲ ਨਹੀਂ ਹੁੰਦੀ, ਚੰਗਾ ਕੰਮ ਕਰ ਸਕਣ ਦੀ ਭਾਲ ਹੁੰਦੀ ਹੈ। ਸਮਾਂ ਹੀ ਦੱਸੇਗਾ ਕਿ ਓਬਾਮਾ ਦੀ ਅਗਵਾਈ ਹੇਠ ਅਮਰੀਕਾ ਦੀ ਰਾਜਨੀਤੀ ਵਿੱਚ ਕਿਤਨਾ ਸੁਧਾਰ ਆਇਆ।  

         

                                           
                                                                                                                                           
                                                     
   

   ਜਨਵਰੀ 7, 2009 

ਲੀਡਰ

                                                              -ਬਰਜਿੰਦਰ ਕੌਰ ਢਿੱਲੋਂ

 

ਅੱਜ ਕੱਲ (ਨਵੰਬਰ-ਦਸੰਬਰ 2008) ਕੈਨੇਡਾ ਵਿੱਚ ਹਰ ਪਾਸੇ ਚੋਣਾਂ ਦਾ ਜ਼ੋਰ ਹੈ। ਅਕਤੂਬਰ ਵਿੱਚ ਕੇਂਦਰ ਦੀ ਚੋਣ ਸੀ, ਨਵੰਬਰ ਵਿੱਚ ਵੈਨਕੂਵਰ ਦੀ ਮਿਊਨਿਸਿਪਲ ਚੋਣ ਸੀ। ਦੋ ਹਫ਼ਤੇ ਪਹਿਲਾਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਟੈਂਪਲ ਦੀ ਚੋਣ ਹੋਈ। ਕੇਂਦਰੀ ਸਰਕਾਰ ਦੀ ਲਿਬਰਲ ਪਾਰਟੀ ਹਾਰ ਗਈ ਕਿਉਂਕਿ ਉਨ੍ਹਾਂ ਪਾਸ ਕੋਈ ਵੀ ਚੋਟੀ ਦਾ ਲੀਡਰ ਨਹੀਂ ਸੀ। ਏਸੇ ਕਰਕੇ ਲਿਬਰਲ ਪਾਰਟੀ ਜ਼ੋਰਾਂ-ਸ਼ੋਰਾਂ ਨਾਲ ਨਵੇਂ ਲੀਡਰ ਦੀ ਭਾਲ ਵਿੱਚ ਹੈ। ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਮਾਡਰੇਟ (moderate) ਵਿਚਾਰਾਂ ਵਾਲੇ ਆਪਸੀ ਫੁੱਟ  ਕਾਰਨ ਹਾਰ ਗਏ ਹਨ। ਨਵੀਂ ਪਾਰਟੀ ਨੇ ਹਾਲੇ ਗੁਰਦੁਆਰਾ ਸਾਹਿਬ ਦੀ ਸੰਭਾਲ ਦੀ ਚਾਬੀ ਵੀ ਨਹੀਂ ਲਈ ਸੀ ਕਿ ਕਚਹਿਰੀਆਂ ਦੇ ਚੱਕਰ ਸ਼ੁਰੂ ਹੋ ਗਏ। ਇਹ ਸਿਰਫ਼ ਇਸ ਲਈ ਕਿ ਕੋਈ ਸਮਝਦਾਰ ਆਦਮੀ ਅੱਗੇ ਨਹੀਂ ਰਿਹਾ ਜਿਸ ਵਿੱਚ ਕੋਈ ਲੀਡਰ ਬਣਨ ਦੇ ਚਿੰਨ੍ਹ ਹੋਣ।

 

              ਇਕ ਲੀਡਰ ਦੇ ਅੰਦਰ ਇਕ ਦੂਰਦ੍ਰਿਸ਼ਟੀ ਹੋਣੀ ਚਾਹੀਦੀ ਹੈ ਅਤੇ ਉਹ ਲੀਡਰ ਬਣ ਕੇ ਆਪਣੀ ਦੂਰਦ੍ਰਿਸ਼ਟੀ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕਰੇ। ਉਸਦੇ ਅੰਦਰ ਸੇਵਾ ਅਤੇ ਸੁਧਾਰ ਕਰਨ ਦੀ ਲਗਨ ਹੋਣੀ ਚਾਹੀਦੀ ਹੈ। ਉਸਨੂੰ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ। ਉਸਨੂੰ ਆਪਣੇ ਸਿਰ ਤੇ ਸੌਂਪੇ ਗਏ ਕੰਮ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਇਸ ਸੌਂਪੇ ਹੋਏ ਕੰਮ ਨੂੰ ਆਪਣੀ ਟੀਮ ਕੋਲੋਂ ਠੀਕ ਢੰਗ ਨਾਲ ਕਰਵਾਉਣ ਦੀ ਹਿੰਮਤ ਹੋਣੀ ਚਾਹੀਦੀ ਹੈ। ਲੀਡਰ ਇਕੱਲਾ ਕੁਝ ਨਹੀਂ ਕਰ ਸਕਦਾ ਜਿੰਨੀ ਦੇਰ ਕਿ ਉਸਦੀ ਟੀਮ ਉਸ ਨਾਲ ਮਿਲ ਕੇ ਕੰਮ ਨਹੀਂ ਕਰਦੀ। ਜੇ ਲੀਡਰ ਆਪ ਹੀ ਸਭ ਕੁਝ ਕਰੇ ਤਾਂ ਉਹ ਲੀਡਰ ਨਹੀਂ ਡਿਕਟੇਟਰ ਬਣ ਜਾਂਦਾ ਹੈ। ਹਿਟਲਰ ਕੀ ਸੀ? ਸਾਦਮ ਹੁਸੈਨ ਕੀ ਸੀ? ਉਹ ਡਿਕਟੇਟਰ ਹੀ ਤਾਂ ਸਨ। ਜੋ ਉਨ੍ਹਾਂ ਦਾ ਹਸ਼ਰ ਹੋਇਆ ਅਸੀਂ ਸਾਰੇ ਜਾਣਦੇ ਹਾਂ।

 

              ਕਈ ਵਾਰੀ ਸਿਆਸੀ ਆਦਮੀ ਲੀਡਰ ਬਣਨ ਲਈ ਪਬਲਿਕ ਨਾਲ ਕਈ ਵਾਅਦੇ ਕਰਦੇ ਹਨ ਪਰ ਪੂਰੇ ਨਹੀਂ ਕਰਦੇ। ਇਸੇ ਕਰਕੇ ਇਹ ਲੋਕ ਬਦਨਾਮ ਹੁੰਦੇ ਹਨ ਅਤੇ ਲੋਕਾਂ ਦੇ ਦਿਲੋਂ ਉੱਤਰ ਜਾਂਦੇ ਹਨ। ਇਸੇ ਗੱਲ ਉੱਤੇ ਇਕ ਘਟਨਾ ਯਾਦ ਗਈ ਹੈ।

 

        ਇਕ ਵਾਰੀ ਬੱਸ ਵਿੱਚ ਬਹੁਤ ਸਾਰੇ ਸਿਆਸੀ ਲੀਡਰ ਕਿਸੇ ਪੁਲ ਦੇ ਖੁੱਲ੍ਹਣ ਦੇ ਉਦਘਾਟਨ ਤੇ ਜਾ ਰਹੇ ਸਨ।  ਰਸਤੇ ਵਿੱਚ ਸੜਕ ਦੇ ਵਿਚਕਾਰ ਇਕ ਟੋਆ ਹੋਣ ਕਰਕੇ ਬੱਸ ਦਾ ਐਕਸੀਡੈਂਟ ਹੋ ਗਿਆ। ਇਕ ਕਿਸਾਨ, ਜਿਹੜਾ ਕਿ ਆਪਣੇ ਟਰੈਕਟਰ ਉੱਤੇ ਆਪਣੇ ਖੇਤਾਂ ਵੱਲ ਜਾ ਰਿਹਾ ਸੀ, ਉਲਟੀ ਬੱਸ ਦੇਖ ਕੇ ਦੁਰਘਟਨਾ ਵਾਲੀ ਜਗ੍ਹਾ ਵੱਲ ਚਲੇ ਗਿਆ। ਉਸਨੇ ਦੇਖਿਆ ਕਿ ਕੁਝ ਆਦਮੀ ਮਰ ਗਏ ਸਨ ਤੇ ਕੁਝ ਤੜਫ ਰਹੇ ਸਨ। ਉਸਨੇ ਇਕ ਟੋਆ ਪੁੱਟਿਆ ਅਤੇ ਸਾਰੇ ਆਦਮੀ ਦੱਬ ਦਿੱਤੇ। ਕੁਝ ਦਿਨਾਂ ਬਾਅਦ ਪੁਲੀਸ ਦੀ ਗੱਡੀ ਸਿਆਸੀ ਲੀਡਰਾਂ ਨੂੰ ਲੱਭਦੀ ਉੱਥੇ ਪਹੁੰਚ ਗਈ। ਉਨ੍ਹਾਂ ਨੇ ਕਿਸਾਨ ਨੂੰ ਪੁੱਛਿਆ, ''ਕੀ ਤੈਨੂੰ ਪੱਕਾ ਯਕੀਨ ਸੀ ਕਿ ਸਾਰੇ ਆਦਮੀ ਮਰ ਗਏ ਸਨ?" ਕਿਸਾਨ ਕਹਿਣ ਲੱਗਾ," ਸਰਕਾਰ, ਕੁਝ ਤਾਂ ਕਹਿੰਦੇ ਸੀ ਕਿ ਉਹ ਜੀਊਂਦੇ ਹਨ। ਪਰ ਸਰਕਾਰ ਥੌਨੂੰ ਪਤਾ ਹੀ ਹੈ ਨਾ ਇਨ੍ਹਾਂ ਸਿਆਸਤੀ ਲੀਡਰਾਂ ਦਾ? ਕਹਿੰਦੇ ਕੁਝ ਤੇ ਹੁੰਦਾ ਕੁਝ ਹੋਰ ਏ।"

 

              ਇਹੋ ਜਿਹੀਆਂ ਕਹਾਣੀਆਂ ਐਵੇਂ ਨਹੀਂ ਬਣ ਜਾਂਦੀਆਂ। ਜੇ ਸਾਡੇ ਲੀਡਰ, ਸਾਡੇ ਆਗੂ ਆਪਣੇ ਵਾਅਦੇ ਦਿਆਨਤਦਾਰੀ ਨਾਲ ਪੂਰੇ ਕਰਨ ਅਤੇ ਸਚਾਈ ਨਾਲ ਚੱਲਣ, ਆਪਣੇ ਉੱਤੇ ਲਈ ਹੋਈ ਜ਼ਿੰਮੇਵਾਰੀ ਨੂੰ ਭਾਵੁਕਤਾ ਨਾਲ ਸਮਝਣ, ਵਚਨਬੱਧ ਹੋਣ ਤਾਂ ਲੋਕ ਜ਼ਰੂਰ ਉਨ੍ਹਾਂ ਨੂੰ ਆਪਣਾ ਆਗੂ ਸਮਝਣਗੇ ਅਤੇ ਮੋਢੇ ਨਾਲ ਮੋਢਾ ਜੋੜ ਕੇ ਲੀਡਰ ਦਾ ਹੱਥ ਵਟਾਉਣਗੇ। ਲੀਡਰਾਂ ਨੂੰ ਵੀ ਇਖਲਾਕੀ ਹੋਣਾ ਚਾਹੀਦਾ ਹੈ, ਇਹ ਨਹੀਂ ਕਿ ਜਿਹੜੀ ਪਾਰਟੀ ਦਾ ਪਾਸਾ ਭਾਰਾ ਹੋਵੇ ਛਾਲ ਮਾਰ ਕੇ ਓਧਰ ਹੋ ਜਾਣ। ਬਹੁਤ ਸਾਰੇ ਨੇਤਾ ਇੰਜ ਹੀ ਕਰਦੇ ਹਨ। ਅੱਜ ਲਿਬਰਲ ਤੇ ਕੱਲ ਨੂੰ ਕਨਜ਼ਰਵੇਟਿਵ।

 

              ਇਕ ਅਮਰੀਕਨ ਲੀਡਰ ਸੀ ਜਾਹਨ ਐਫ ਕੈਨੇਡੀ ਜਿਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਉਸਨੂੰ ਕੁਝ ਕਰਕੇ ਦਿਖਾਉਣ ਦਾ ਬਹੁਤਾ ਮੌਕਾ ਨਹੀਂ ਮਿਲਿਆ ਪਰ ਅੱਜ ਵੀ ਉਸਦੇ ਮੂੰਹੋਂ ਨਿਕਲੇ ਲਫਜ਼ ਲੋਕਾਂ ਦੀ ਜ਼ਬਾਨ ਤੇ ਹਨ। ਉਸਦਾ ਕਹਿਣਾ ਸੀ:

 

           ''ਤੁਸੀਂ ਇਹ ਨਾ ਪੁੱਛੋ ਕਿ ਤੁਹਾਡਾ ਦੇਸ ਤੁਹਾਡੇ ਲਈ ਕੀ ਕਰ ਸਕਦਾ ਹੈ, ਬਲਕਿ ਇਹ ਪੁੱਛੋ ਕਿ ਤੁਸੀਂ ਆਪਣੇ ਦੇਸ ਲਈ ਕੀ ਕਰ ਸਕਦੇ ਹੋ।"

 

              ਮਹਾਤਮਾ ਗਾਂਧੀ ਵੀ ਇਕ ਲੀਡਰ ਸੀ ਜਿਸਨੇ ਕਿ ਆਪਣੇ ਆਪ ਨੂੰ ਲੀਡਰ ਨਹੀਂ ਸੀ ਸਮਝਿਆ ਪਰ ਉਸਦੀ ਵਿਸ਼ੇਸ਼ਤਾ ਸੀ ਕਿ ਲੋਕ ਉਸਨੂੰ ਲੀਡਰ ਸਮਝਦੇ ਸੀ। ਉਸਨੂੰ ਕੋਈ ਸਿਆਸੀ ਕੁਰਸੀ ਨਹੀਂ ਸੀ ਮਿਲੀ ਪਰ ਦੁਨੀਆਂ ਵਿੱਚ ਉਹ ਆਪਣੇ ਨਿਯਮਾਂ ਕਾਰਨ ਹਮੇਸ਼ਾਂ ਲਈ ਇਕ ਲੀਡਰ ਸਮਝਿਆ ਜਾਂਦਾ ਹੈ।

 

              ਗੁਰੁ ਨਾਨਕ ਦੇਵ ਜੀ ਵੀ ਇਕ ਲੀਡਰ ਸਨ ਜਿਨ੍ਹਾਂ ਨੇ ਦੁਨੀਆਂ ਨੂੰ ਸੱਚ ਦਾ ਰਾਹ ਦਿਖਾਇਆ। ਕੋਈ ਵੀ ਇਨਸਾਨ ਲੀਡਰ ਨਹੀਂ ਪੈਦਾ ਹੁੰਦਾ ਤੇ ਨਾ ਹੀ ਕੋਈ ਖਾਸ ਵਿਦਿਆ ਹੈ ਜੋ ਇਨਸਾਨ ਨੂੰ ਲੀਡਰ ਬਣਾ ਸਕਦੀ ਹੈ, ਬਲਕਿ ਕੋਈ ਵੀ ਇਨਸਾਨ ਆਪਣੇ ਇਖਲਾਕ, ਦਿਆਨਤਦਾਰੀ, ਅਤੇ ਆਪਣੇ ਵਾਅਦਿਆਂ ਦਾ ਪੱਕਾ ਹੋਣ ਨਾਲ ਹੀ ਲੀਡਰ ਬਣ ਸਕਦਾ ਹੈ।