ਅਕਤੂਬਰ 7, 2007
ਕੀ ਮੈਂ ਕਦੇ ਕੁਝ ਸਿੱਖਿਆ ਹੈ ਜਾਂ ਸਿੱਖ-ਸਿਖਾ ਕੇ ਖੂਹ ਵਿਚ ਪਾ ਦਿੱਤਾ ਹੈ?
-ਅਜੀਤ ਸਿੰਘ
ਸਰੀਰਕ, ਸਾਇੰਸ ਤੇ ਪਦਾਰਥੀ ਗਿਆਨ (Physical, Scientific and Material knowledge) ਦੀ ਤਰੱਕੀ ਲਈ ਕੁਝ ਸਿੱਖਣਾ ਬਹੁਤ ਜ਼ਰੂਰੀ ਹੈ ਜਿਵੇਂ: ਪੜ੍ਹਾਈ ਕਰਨੀ, ਕੋਈ ਪੇਸ਼ਾ ਜਾ ਧੰਦਾ ਸਿੱਖਣਾ (ਡਾਕਟਰ, ਵਕੀਲ, ਖੇਤੀਬਾੜੀ, ਮਿਸਤਰੀ, ਤਰਖਾਣ, ਕਾਰੀਗਰ, ਰਸੋਈਆ), ਸਾਈਕਲ ਜਾਂ ਕਾਰ ਚਲਾਉਣੀ, ਭਾਸ਼ਾ ਬੋਲਣੀ ਤੇ ਲਿਖਣੀ, ਹਿਸਾਬ ਕਿਤਾਬ ਕਰਨਾ ਸਿੱਖਣਾ ਵਗੈਰਾ ਵਗੈਰਾ। ਇਹ ਸਭ ਸਾਡੀ ਸਰੀਰਕ ਸਿਹਤ ਤੇ ਅਰਾਮ ਕਾਇਮ ਰੱਖਣ ਲਈ ਸਿੱਖਣੇ ਜ਼ਰੂਰੀ ਹਨ। ਸੋ ਸਿੱਖਣੇ ਤੋਂ ਭਾਵ ਹੈ ਅਨੁਭਵ, ਤਜ਼ਰਬਾ, ਸਮਝ (Knowledge) ਇਕੱਠਾ ਕਰਨਾ ਤਾਂ ਕਿ ਭਵਿੱਖ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ। ਸਾਇੰਸ ਦੀ ਸਾਰੀ ਤਰੱਕੀ ਦਾ ਕਾਰਨ ਇਹ ਇਕੱਠਾ ਕੀਤਾ ਹੋਇਆ ਗਿਆਨ ਹੀ ਹੈ।
ਜਿਵੇਂ ਕਿ ਪ੍ਰੇਮ ਜੀ ਨੇ ਲਿਖਿਆ ਹੈ, ਇਸ ਸਮਾਜਿਕ ਜੀਵਨ ਵਿਚ ਸਫ਼ਲ ਹੋਣ ਲਈ ਸਾਨੂੰ ਪਿਆਰ, ਹਲੀਮੀ, ਸਹਿਨਸ਼ੀਲਤਾ, ਚੰਗੇ manners ਅਤੇ antiquates ਸਿੱਖਣੇ ਚਾਹੀਦੇ ਹਨ। ਇਸ ਨਾਲ ਸਾਡੀ ਆਤਮ ਤਰੱਕੀ (self-improvement) ਹੁੰਦੀ ਹੈ। ਤੇ ਨਾਲ ਹੀ ਇਹ ਕਹਿ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਇਸ ਨਾਲ ਹਉਮੈ ਵੀ ਵਧ ਸਕਦੀ ਹੈ, ਜਿਵੇਂ ਕਿ ਮੇਰੇ ਨਾਲ ਹੋਇਆ ਹੈ।
ਜੇ ਮੈਂ ਆਪਣੀ ਜ਼ਿੰਦਗੀ ਤੇ ਨਜ਼ਰ ਮਾਰਾਂ ਤਾਂ ਸਭ ਤੋਂ ਪਹਿਲਾਂ ਮੈਂ ਇਸ ਸੰਸਾਰ ਵਿੱਚ ਆਪਣਾ ਬਚਾਓ ਕਰਨ ਦੇ ਸਾਧਨ ਸਿੱਖੇ। ਜਿਵੇਂ ਮੌਕਾ ਤਾੜ ਕੇ ਗਧੇ ਨੂੰ ਪਿਓ ਬਣਾਉਣਾ, ਥੋੜ੍ਹਾ ਬਹੁਤਾ ਝੂਠ ਬੋਲਣਾ। ਨਿੱਕੀ ਮੋਟੀ ਚੋਰੀ ਕਰਨੀ ਤੇ ਪੋਲੀਟੀਕਲੀ ਠੀਕ ਸ਼ਬਦ ਬੋਲਣੇ। ਹਾਲੇ ਮੈਂ ਕਾਫ਼ੀ ਛੋਟਾ ਸੀ ਜਦੋਂ ਕਿਸੇ ਨੇ ਮੈਨੂੰ ਸਵਾਲ ਕੀਤਾ ਕਿ ਇਕ ਕਿੱਲੋ ਲੋਹਾ ਭਾਰਾ ਹੈ ਜਾਂ ਇਕ ਕਿੱਲੋ ਕਪਾਹ? ਤੁਸੀਂ ਠੀਕ ਸਮਝੇ। ਮੇਰਾ ਜਵਾਬ ਸੀ ਕਿ ਇਕ ਕਿੱਲੋ ਲੋਹਾ ਭਾਰਾ ਹੈ। ਫਿਰ ਕਿਸੇ ਨੇ ਮੈਨੂੰ ਪੁੱਛਿਆ ਕਿ ਅਕਲ ਵੱਡੀ ਕਿ ਭੈਂਸ। ਇਕ ਵਾਰ ਫਿਰ ਗਲਤ ਜਵਾਬ ਦੇਣ ਬਾਦ ਮੈਨੂੰ ਪਤਾ ਲਗਿਆ ਕਿ ਗੱਲ ਕੁਝ ਬਣ ਨਹੀਂ ਰਹੀ। ਕੁਝ ਨਾ ਕੁਝ ਕਰਨਾ ਪਵੇਗਾ। ਹੁਣ ਤੱਕ ਮੈਨੂੰ ਇਹ ਤਾਂ ਪਤਾ ਲਗ ਹੀ ਗਿਆ ਸੀ ਕਿ ਸੋਚ ਕੇ ਤੇ ਅਕਲ ਨਾਲ ਯੋਜਨਾ ਬਣਾ ਕੇ ਕੰਮ ਕਰਨ ਵਿੱਚ ਜ਼ਿਆਦਾ ਫ਼ਾਇਦਾ ਹੁੰਦਾ ਹੈ ਬਜਾਏ ਅੰਧਾ ਧੁੰਦ ਮਿਹਨਤ ਕਰਨ ਦੇ। ਫਿਰ ਹੌਲੀ ਹੌਲੀ ਮੈਂ ਅਕਲ ਵਰਤਣੀ ਸਿੱਖ ਲਈ ਤੇ ਚਲਾਕੀ ਆਉਣ ਨਾਲ ਮੈਂ ਥੋੜ੍ਹਾ ਕੰਮਚੋਰ ਵੀ ਹੋ ਗਿਆ। ਆਪਣਾ ਕੰਮ ਦੂਸਰਿਆਂ ਤੋਂ ਕਰਵਾਉਣਾ ਸਿੱਖਿਆ। ਦੂਸਰਿਆਂ ਦੀਆਂ ਜੜ੍ਹਾਂ ਕੱਟਣੀਆਂ ਤੇ ਆਪਣੀਆਂ ਮਜ਼ਬੂਤ ਕਰਨੀਆਂ ਸਿੱਖੀਆਂ। ਦਸਵੀਂ ਵਿਚ ਮੇਰੇ ਹੱਥ ਅੰਗ੍ਰੇਜ਼ੀ ਦੀ ਇਕ ਕਿਤਾਬ Social Antiquates and Manners ਲੱਗੀ ਤੇ ਮੈਂ ਉਸ ਨੂੰ ਬੜੇ ਉਤਸ਼ਾਹ ਨਾਲ ਪੜ੍ਹਿਆ। ਇਹ ਸਭ ਕੁਝ ਸਿੱਖਣ ਦੇ ਬਾਦ ਮੈਂ ਆਪਣੇ ਆਪ ਨੂੰ ਕਾਫ਼ੀ ਚਲਾਕ ਸਮਝਣ ਲਗ ਪਿਆ ਤੇ ਇਸ ਵਿਚ ਮੇਰੇ ਆਲੇ ਦੁਆਲੇ ਦੇ ਲੋਕ ਵੀ ਮੇਰੇ ਨਾਲ ਸਹਿਮਤ ਸਨ।
ਗੱਲ ਇੱਥੇ ਹੀ ਖਤਮ ਨਹੀ ਹੋਈ। ਬੀ.ਐਸ.ਸੀ. ਦੀ ਪੜਾਈ ਕਰਨ ਦੇ ਬਾਦ ਮੈਂ Electrical Engineering ਪੇਸ਼ਾ ਸਿੱਖਿਆ ਜੋ ਪੈਸੇ ਕਮਾਉਣ ਦਾ ਸਾਧਨ ਬਣਿਆਂ। ਕੰਮ ਤੇ ਮੈਨੇਜਰ ਬਣ ਗਿਆ ਤੇ ਦੂਸਰਿਆਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣੀ ਸਿੱਖੀ ਤੇ ਆਪਣਾ ਫ਼ਾਇਦਾ ਕਰਨਾ ਸਿੱਖਿਆਂ। ਫਿਰ ਪੈਸੇ ਦੇ ਜ਼ੋਰ ਤੇ ਦਿਖਾਵਾ ਕਰਨਾ ਸਿੱਖਿਆ। ਦੂਸਰਿਆਂ ਨੂੰ ਭੰਬਲ-ਭੂਸਿਆਂ ਵਿੱਚ ਪਾ ਕੇ ਆਨੰਦ ਲੈਣਾ ਸਿੱਖਿਆ। ਇਸ ਤਰ੍ਹਾਂ ਜ਼ਿੰਦਗੀ ਚਲਦੀ ਰਹੀ ਤੇ ਮੈਂ ਸਿੱਖਦਾ ਰਿਹਾ। ਕਈ ਸੂਤਰ ਮੈਂ ਇਸ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਬਣਾਏ ਪਰ ਉਹ ਵੇਲੇ ਸਿਰ ਕੰਮ ਨਾ ਆਏ।
ਫਿਰ ਵਿਆਹ ਹੋ ਗਿਆ ਤੇ ਬੱਚਿਆਂ ਨੂੰ ਪਾਲਣਾ ਸਿੱਖਿਆ। ਬੱਚੇ ਵੱਡੇ ਹੋ ਗਏ। ਇੰਟਰਨੈੱਟ ਤੇ ਮੋਬਾਈਲ ਫੋਨ ਦਾ ਯੁੱਗ ਆ ਗਿਆ ਜਿਸ ਬਾਰੇ ਹਾਲੇ ਕੋਈ ਕਿਤਾਬਾਂ ਛਪੀਆਂ ਨਹੀਂ ਸਨ। ਸੋਚਿਆ ਕਿ ਬੱਚਿਆਂ ਨੂੰ ਇਸ ਵਾਰੇ ਸਿੱਖਿਆ ਕਿਵੇਂ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦੇ ਜੀਵਨ ਤੇ ਇਸ ਦਾ ਕੋਈ ਗਲਤ ਅਸਰ ਨਾ ਪਵੇ। ਵਾਰ ਵਾਰ ਜ਼ਿੰਦਗੀ ਮੈਨੂੰ ਇਕ ਨਵੇਂ ਮੋੜ ਤੇ ਲਿਆ ਖੜਾ ਕਰਦੀ ਜਿਥੇ ਜੋ ਵੀ ਮੈਂ ਪਹਿਲਾਂ ਸਿੱਖਿਆ ਉਹ ਕੰਮ ਨਾ ਆਉਂਦਾ। ਆਖ਼ਿਰ ਤੰਗ ਆ ਕੇ ਮੈਂ ਸਿੱਖਿਆ ਕਿ ਜ਼ਿੰਦਗੀ ਜੀਵਣ ਲਈ ਕੋਈ ਵੀ ਕਿਤਾਬੀ ਸੂਤਰ ਨਹੀਂ ਚਾਹੀਦਾ ਕਿਉਂਕਿ ਵੇਲੇ ਸਿਰ ਪੁਰਾਣਾ ਸੂਤਰ ਵਰਤਿਆ ਜਾ ਸਕਦਾ ਹੀ ਨਹੀਂ। ਜ਼ਿੰਦਗੀ ਦਾ ਹਰ ਚੈਲਿੰਜ ਨਵਾਂ ਹੁੰਦਾ ਹੈ ਤੇ ਇਕੱਠੀ ਕੀਤੀ ਹੋਈ ਅਕਲ ਕਿਤਾਬੀ ਸੂਤਰ ਦੀ ਤਰ੍ਹਾਂ ਪੁਰਾਣੀ ਹੁੰਦੀ ਹੈ। ਚੈਲਿੰਜ ਜਾਂ ਪ੍ਰੋਬਲਮ ਹੁੰਦੀ ਹੀ ਤਾਂ ਹੈ ਕਿਉਂਕਿ ਇਕੱਠੀ ਕੀਤੀ ਹੋਈ ਅਕਲ ਉਸ ਦਾ ਹਲ ਲੱਭ ਨਹੀਂ ਸਕਦੀ।
ਜਿਵੇਂ ਉਦਾਹਰਣ ਦੇ ਤੌਰ ਤੇ ਇਕ ਧੰਨ ਸੰਬੰਧੀ ਕੰਪਨੀ (financial organization) ਤੁਹਾਡੇ ਪੈਸੇ ਫੜਨ ਤੋਂ ਪਹਿਲਾਂ ਕਨੂੰਨੀ ਤੌਰ ਤੇ ਇਹ ਜ਼ਰੂਰ ਦੱਸ ਦੇਵੇਗੀ ''ਕਿ ਪਿਛਲੇ ਦਸ ਸਾਲਾਂ ਤੋਂ ਵਧ ਰਹੇ ਇਸ ਕੰਪਨੀ ਦੇ ਸਟਾਕ ਦੀ ਲੀਲ੍ਹਾ (performance) ਉਸ ਦੇ ਭਵਿੱਖ ਬਾਰੇ ਕੋਈ ਗਾਰੰਟੀ (guarantee) ਨਹੀਂ ਦਿੰਦੀ ਕਿ ਸਟਾਕ ਦੀ ਕੀਮਤ ਉਸੇ ਤਰ੍ਹਾਂ ਹੀ ਵਧਦੀ ਰਹੇਗੀ ਭਾਵੇਂ ਕੰਪਨੀ ਦੇ ਪ੍ਰਬੰਧਕ ਪਹਿਲੇ ਵਾਲੇ ਹੀ ਰਹਿਣ। ਭਾਵ ਪਹਿਲਾਂ ਵਰਤੇ ਗਏ ਸੂਤਰ ਜਿਨ੍ਹਾਂ ਦਾ ਨਤੀਜਾ ਭਾਵੇਂ ਬਹੁਤ ਚੰਗਾ ਸੀ, ਉਹ ਭਵਿੱਖ ਵਿਚ ਫੇਲ੍ਹ ਵੀ ਹੋ ਸਕਦੇ ਹਨ ਜਾਂ ਕੋਈ ਵੀ ਸੂਤਰ ਹਮੇਸ਼ਾ ਨਹੀਂ ਵਰਤਿਆ ਜਾ ਸਕਦਾ।
ਸਮਾਂ ਨਿਕਲਦਾ ਗਿਆ ਤੇ ਜਿਵੇਂ ਜਿਵੇਂ ਮੇਰੀ ਸੋਝੀ ਵਧਦੀ ਗਈ ਜ਼ਿੰਦਗੀ ਦੀਆ ਗੁੰਝਲਾਂ ਹੋਰ ਵੀ ਪੇਚੀਦਾ ਹੁੰਦੀਆਂ ਗਈਆਂ। ਉਦਾਹਰਣ ਸੋਝੀ ਤੇ ਕਾਰ ਦਾ ਚੈਲਿੰਜ - ਦੋ ਸਾਲ ਦੇ ਬੱਚੇ ਦਾ ਚੈਲਿੰਜ ਹੈ ਕਿ ਉਹ ਕਾਰ ਨਾਲ ਕਿਵੇਂ ਖੇਡੇ। ਉਸ ਦੀ ਸੋਝੀ ਉਸ ਨੂੰ ਕੇਵਲ ਖੇਲਣ ਵਿੱਚ ਹੀ ਮਸਤ ਰੱਖਦੀ ਹੈ ਤੇ ਉਸ ਨੂੰ ਕਾਰ ਸਿਰਫ਼ ਖੇਡਣ ਲਈ ਚਾਹੀਦੀ ਹੈ। ਸੋਲ੍ਹਾਂ ਸਾਲ ਦੇ ਬੱਚੇ ਨੂੰ ਦਿਖਾਵਾ ਕਰਨ ਦੀ ਅਕਲ ਆ ਜਾਂਦੀ ਹੈ। ਉਸ ਨੂੰ ਕਾਰ ਚਲਾਉਣ ਲਈ ਤਾਂ ਚਾਹੀਦੀ ਹੀ ਹੈ ਪਰ ਦਿਖਾਉਣ ਲਈ ਜ਼ਿਆਦਾ ਚਾਹੀਦੀ ਹੈ। ਚਾਲ੍ਹੀ ਸਾਲ ਦੇ ਪਿਓ ਨੂੰ ਕਾਰ ਕੰਮ ਲਈ ਚਾਹੀਦੀ ਹੈ। Insurance, oil change, maintenance, registration ਵਗੈਰਾ ਦਾ ਇੰਤਜ਼ਾਮ ਕਿਵੇਂ ਤੇ ਕਦੋਂ ਕੀਤਾ ਜਾਵੇ ਵਾਰੇ ਸਭ ਖਿਆਲ ਰੱਖਣਾ ਪੈਂਦਾ ਹੈ। ਭਾਵ ਸੋਝ ਦੇ ਹਿਸਾਬ ਨਾਲ ਸਾਰਿਆਂ ਦੀਆਂ ਅਲੱਗ ਅਲੱਗ ਲੋੜਾਂ ਤੇ ਮੁਸ਼ਕਲਾਂ ਹਨ। ਇਹ ਤਾਂ ਤੁਸੀਂ ਆਮ ਵੇਖਿਆ ਹੀ ਹੋਵੇਗਾ ਕਿ ਘਰ ਵਿੱਚ ਜੋ ਜ਼ਿਆਦਾ ਸਮਝਦਾਰ ਹੁੰਦਾ ਹੈ ਜਾਂ ਜ਼ਿਆਦਾ ਜਾਣਦਾ ਹੈ ਉਸ ਤੇ ਹਮੇਸ਼ਾ ਹੀ ਜ਼ਿਆਦਾ ਭਾਰ ਪਾਇਆ ਜਾਂਦਾ ਹੈ। ਪਰ ਫਿਰ ਇਹ ਕਹਿਣਾ ਕਿ ਅਗਿਆਨਤਾ ਵਿੱਚ ਅਨੰਦ ਹੈ (ignorance is bliss) ਕੀ ਕੋਈ ਠੀਕ ਗੱਲ ਹੈ?
ਜ਼ਿੰਦਗੀ ਬੜੇ ਮਜ਼ੇ ਨਾਲ ਚਲਦੀ ਚਲਦੀ ਅਚਾਨਕ ਬਰੇਕ ਮਾਰਨ ਲੱਗ ਪਈ ਤੇ ਹਉਮੈ ਨੇ ਆਪਣੇ ਚਮਤਕਾਰ ਵਿਖਾਉਣੇ ਸ਼ੁਰੂ ਕਰ ਦਿੱਤੇ। ਫਿਰ ਪਤਾ ਚਲਿਆ ਕਿ ਇਕੱਲੀ ਆਤਮਕ ਤਰੱਕੀ ਤੇ ਸ਼ੂ-ਸ਼ਾਂ ਨਾਲ ਗੁਜ਼ਾਰਾ ਨਹੀਂ ਹੁੰਦਾ। ਮੇਰੇ ਜੀਵਨ ਵਿੱਚ ਕਸ਼ਮਕਸ਼ ਵਧਣ ਲਗੀ ਤੇ ਮਾਨਸਿਕ ਸਿਹਤ ਵਿਗੜਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ। ਨਾਲ ਹੀ retirement ਤੇ ਬੁਢਾਪੇ ਦਾ ਡਰ ਵੀ ਕਦੇ ਕਦਾਈਂ ਝਲਕਾਈ ਦੇਣ ਲੱਗ ਪਿਆ। ਕਈ ਕਿਸਮ ਦੇ ਡਰ ਦਿਖਾਈ ਦੇਣ ਲੱਗੇ। ਤਰਾਂ ਤਰਾਂ ਦੇ ਭੈੜੇ ਸੁਪਨੇ ਆਉਣ ਲੱਗੇ ਤੇ ਨੀਂਦ ਹਰਾਮ ਹੋ ਗਈ। Cholesterol ਵਧ ਗਈ। ਦੰਦ ਖ਼ਰਾਬ ਰਹਿਣ ਲੱਗੇ। ਹਾਜ਼ਮਾਂ ਵਿਗੜਨ ਨਾਲ ਪੇਟ ਵਿੱਚ (acidity) ਤਿਜ਼ਾਬ ਵਧ ਗਿਆ। ਕਦੇ ਕਦੇ ਪਿੱਠ ਅਤੇ ਹੋਰ ਜੋੜ ਦਰਦ ਕਰਨ ਲੱਗੇ। ਡਾਕਟਰਾਂ ਦੇ ਚੱਕਰ ਤੋਂ ਬਚਣ ਲਈ ਇਕ ਵਾਰ ਫਿਰ ਆਪਣੀ ਇਕੱਠੀ ਕੀਤੀ ਸਮਝ ਵਰਤ ਕੇ ਬਹੁਤ ਸੋਚਣ ਵਿਚਾਰਨ ਬਾਦ ਇਸ ਨਤੀਜੇ ਤੇ ਪਹੁੰਚਿਆ ਕਿ ਹਰ ਬੀਮਾਰੀ ਦਾ ਮਨ ਦੇ ਤਨਾਉ (tension) ਨਾਲ ਇਕ ਡੂੰਘਾ ਰਿਸ਼ਤਾ ਹੁੰਦਾ ਹੈ ਤੇ ਜੇ ਮੈਂ ਆਤਮਿਕ ਗਿਆਨ ਇਕੱਠਾ ਕਰਾਂ ਤਾਂ ਹੋ ਸਕਦਾ ਮਨ ਵਿੱਚ ਸ਼ਾਂਤੀ ਆ ਜਾਵੇ। ਇਸ ਨਾਲ ਮਾਨਸਿਕ ਸਿਹਤ ਵਧੇਗੀ ਤੇ ਸਰੀਰਕ ਬੀਮਾਰੀ ਘਟੇਗੀ। ਅਤੇ ਇਕ ਹੋਰ ਫਾਇਦਾ, ਮੁਫ਼ਤ ਵਿੱਚ ਪਿਓ ਬਣਨ ਦਾ ਮੌਕਾ ਵੀ ਮਿਲੇਗਾ ਤੇ ਗੱਪ-ਸ਼ਪ ਮਾਰਦਿਆਂ ਬੁਢੇਪਾ ਕੱਟ ਜਾਏਗਾ। ਇੰਜ ਲਗਦਾ ਸੀ ਕਿ ਮੇਰੀ ਸਮਝ ਕਾਫ਼ੀ ਤੇਜ਼ ਹੈ ਤੇ ਇਹ ਯੋਜਨਾ ਬਹੁਤ ਕਾਮਯਾਬ ਰਹੇਗੀ। ਹੇਠਾਂ ਦਾ ਲੇਖ ਮੈਂ ਕੇਵਲ ਮਾਨਸਿਕ ਗਿਆਨ ਨੂੰ ਮੁੱਖ ਰੱਖ ਕੇ ਲਿਖ ਰਿਹਾ ਹਾਂ ਜੋ ਕਿ ਸਰੀਰਕ, ਸਾਇੰਸ ਤੇ ਪਦਾਰਥੀ ਗਿਆਨ ਤੋ ਬਿਲਕੁਲ ਵੱਖਰਾ ਹੈ ਕਿਉਂਕਿ ਮਾਨਸਿਕ ਜਾਂ ਆਤਮਿਕ ਗਿਆਨ ਹੌਲੀ ਹੌਲੀ ਸਮਾਂ ਲੈ ਕੇ ਇਕੱਠਾ ਕਰਨ ਨਾਲ ਨਹੀਂ ਸਿੱਖਿਆ ਜਾ ਸਕਦਾ। ਜੋ ਵੀ ਸਮਾਂ ਲੈ ਕੇ ਸਿੱਖਿਆ ਜਾਵੇ ਅਜਿਹਾ ਗਿਆਨ ਕੇਵਲ ਹਉਮੈ ਨੂੰ ਹੀ ਵਧਾਉਂਦਾ ਹੈ ਕਿਉਂਕਿ ਉਹ ਹਉਮੈ ਤੇ ਸਮਝ ਦੇ ਆਧਾਰ ਤੇ ਹੀ ਜਮਾਂ ਕੀਤਾ ਜਾਂਦਾ ਹੈ।
ਇਕ ਦਿਨ ਮੈਂ ਦੀਪਕ ਚੋਪੜੇ ਦੀ ਕਿਤਾਬ How to Know GOD ਪੜ੍ਹ ਰਿਹਾ ਸੀ ਕਿ ਮੇਰੀ ਪਤਨੀ ਕਹਿਣ ਲੱਗੀ, ''ਤੇਰਾ ਤਾਂ ਉਹ ਹਾਲ ਹੈ ਜਿਵੇਂ ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ।" ਮੈਨੂੰ ਉਸ ਵੇਲੇ ਬਹੁਤ ਬੁਰਾ ਲੱਗਿਆ। ਮੈਂ ਸਮਝਦਾ ਸੀ ਕਿ ਆਤਮਿਕ ਗਿਆਨ ਵੀ ਦੂਸਰੇ ਗਿਆਨਾਂ (physical, scientific and material knowledge) ਦੀ ਤਰ੍ਹਾਂ ਇਕੱਠਾ ਕਰ ਲਵਾਂਗਾ ਪਰ ਮੈਂ ਗਲਤ ਸੀ। ਦਸ ਬਾਰਾਂ ਸਾਲਾਂ ਵਿੱਚ ਇੰਨਾਂ ਕੁਝ ਪੜ੍ਹਿਆ ਤੇ ਸਿੱਖਿਆ ਕਿ ਮੇਰਾ ਦਿਮਾਗ਼ ਫਟਣ ਲਗਿਆ। ਇਕ ਵਾਰੀ ਤਾਂ ਮੈਂ ਮਰਦਾ ਮਰਦਾ ਬਚਿਆ। ਤਾਂ ਜਾ ਕੇ ਮੈਨੂੰ ਇਹ ਪਤਾ ਲਗਿਆ ਕਿ ਆਤਮਿਕ ਗਿਆਨ ਇਕੱਠਾ ਕਰਨਾ ਕਿਤਨੀ ਵੱਡੀ ਗਲਤੀ ਹੈ। ਇਹ ਵੀ ਮਨ ਦੀ ਇਕ ਚਾਲ ਸੀ ਤੇ ਬਾਦ ਵਿੱਚ ਮੈਨੂੰ ਪਤਾ ਲੱਗਾ ਕਿ ਜ਼ਿਆਦਾ ਆਤਮਿਕ ਗਿਆਨ ਇਕੱਠਾ ਕਰਨ ਨਾਲ ਵੀ ਇਨਸਾਨ ਕੜਿੱਕੀ ਵਿੱਚ ਫਸ ਜਾਂਦਾ ਹੈ। ਫਿਰ ਮੈਨੂੰ ਆਪਣੀ ਪਤਨੀ ਦੀ ਕਹੀ ਹੋਈ ਬਿੱਲੀ ਵਾਲੀ ਗੱਲ ਯਾਦ ਆਈ ਤਾਂ ਮੈਂ ਬਹੁਤ ਹੱਸਿਆ। ਇਹ ਜਾਣ ਕੇ ਕਿ ਬਿੱਲੀ ਹੱਜ ਨੂੰ ਤਾਂ ਗਈ ਹੀ ਨਹੀਂ ਸੀ ਉਲਟਾ ਨੌਂ ਸੌ ਇਕਵਾਂ ਚੂਹਾ ਖਾਣ ਬਹਿ ਗਈ ਸੀ।
ਫਿਰ ਮੈਨੂੰ ਲਗਣ ਲੱਗਾ ਕਿ ਬਹੁਤ ਕੁਝ ਸਿੱਖਣ ਬਾਦ ਵੀ ਮੈਂ ਹਾਲੇ ਕੁਝ ਨਹੀਂ ਸਿੱਖਿਆ। ਮੈਂ ਜੋ ਵੀ ਸਿੱਖਿਆ ਤੇ ਸਮਝਿਆ, ਬੱਸ ਉਸ ਨਾਲ ਬੱਝ ਕੇ ਰਹਿ ਗਿਆਂ। ਮੇਰਾ ਮਨ ਇਸ ਸਮਝ ਦਾ ਮੁਹਤਾਜ਼ ਹੋ ਗਿਆ ਤੇ ਹਰ ਕੰਮ ਇਸ ਦੇ ਅਧਾਰ ਤੇ ਕਰਨ ਲੱਗਾ। ਹੁਣ ਕੁਝ ਵੀ ਨਵਾਂ ਪੜ੍ਹਨ, ਲਿਖਣ, ਵੇਖਣ, ਸੁਣਨ, ਸਮਝਣ ਅਤੇ ਕਰਨ ਲਈ ਮੈਂ ਹਮੇਸ਼ਾ ਪੁਰਾਣਾ ਸਮਝਿਆ ਹੋਇਆ ਗਿਆਨ ਵਰਤਣ ਲੱਗਾ। ਜੇ ਕੋਈ ਨਵੀਂ ਗੱਲ ਕਰਦਾ ਜੋ ਮੇਰੀ ਪੁਰਾਣੀ ਸਮਝ ਵਿੱਚ ਫਿੱਟ ਨਾ ਹੰਦੀ ਮੈਂ ਉਸ ਨੂੰ ਸੁਣੀ ਅਣਸੁਣੀ ਕਰ ਦਿੰਦਾ ਤੇ ਮੈਂ ਅਕਸਰ ਅਜਿਹੇ ਇਨਸਾਨ ਤੋਂ ਥੋੜ੍ਹਾ ਦੂਰ ਹੀ ਰਹਿੰਦਾ। ਭਾਵ ਮੈਂ ਉਹੀ ਗੱਲ ਸੁਣਦਾ ਜੋ ਮੇਰੀ ਸਮਝ ਨਾਲ ਮੇਲ ਖਾਂਦੀ, ਦੂਸਰੀ ਵਲ ਧਿਆਨ ਨਾ ਦਿੰਦਾ। ਇਸ ਤਰ੍ਹਾਂ ਮੈ ਬਹੁਤ ਕੁਝ ਸਮਝਦਾ ਰਿਹਾ ਤੇ ਆਪਣੀ ਸਮਝ ਵਿਚ ਜਮਾਂ ਕਰਦਾ ਰਿਹਾ ਪਰ ਅਗਿਆਨਤਾ ਤੇ ਭਰਮ (ignorance and illusion) ਮੇਰੇ ਅੰਦਰ ਕਾਇਮ ਰਹੇ। ਤਾਂ ਮੈਨੂੰ ਲੱਗਿਆ ਕਿ ਮੈਂ ਸਭ ਕੁਝ ਸਿੱਖ ਸਿਖਾ ਕੇ ਖੂਹ ਵਿੱਚ ਪਾ ਦਿੱਤਾ।
ਮੈਨੂੰ ਲੱਗਿਆ ਮੇਰੀ ਸਮਝ ਇਕ ਰੱਸੀ ਹੈ। ਇਸ ਦਾ ਇਕ ਸਿਰਾ ਮੇਰੇ ਗਲ ਨਾਲ ਬੱਧਾ ਹੈ ਤੇ ਦੂਸਰੇ ਸਿਰੇ ਨੂੰ ਮੈਂ ਆਪਣੇ ਹਉਮੈ ਰੂਪੀੇ ਪੱਥਰ ਨਾਲ ਬੰਨ ਲਿਆ ਹੈ ਤੇ ਮੈਂ ਆਪਣੀ ਜ਼ਿੰਦਗੀ ਹਉਮੈ ਦੇ ਕੰਟਰੋਲ ਵਿੱਚ ਆਪਣੀ ਸਮਝ ਦੇ ਦਾਇਰੇ ਅੰਦਰ ਹੀ ਕੱਟਦਾ ਰਿਹਾ ਹਾਂ। ਮੈਂ ਹਮੇਸ਼ਾ ਇਸ ਭੁਲੇਖੇ ਵਿੱਚ ਰਿਹਾਂ ਕਿ ਹੌਲੀ ਹੌਲੀ ਸਮਝ ਦੀ ਰੱਸੀ ਲੰਮੀ ਹੋਣ ਨਾਲ ਮੈਂ ਅਜ਼ਾਦ ਹੋ ਜਾਵਾਂਗਾ ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ। ਰੱਸੀ ਲੰਮੀ ਤਾਂ ਜ਼ਰੂਰ ਹੋ ਗਈ, ਪਰ ਰਿਹਾ ਮੈਂ ਫਿਰ ਵੀ ਆਪਣੀ ਸਮਝ ਦੀ ਸੀਮਾਂ ਦੇ ਅੰਦਰ ਤੇ ਹਉਮੈ ਦੇ ਕੰਟਰੋਲ ਵਿੱਚ। ਮੇਰੀ ਸਮਝ ਹੀ ਮੇਰੀ ਹੱਦ (limitation) ਬਣ ਗਈ ਤੇ ਮੇਰੀ ਸ਼ਾਂਤੀ ਤੇ ਅਜ਼ਾਦੀ ਖੁੱਸ ਗਈ। ਦੁਨੀਆਵੀ ਤੌਰ ਤੇ ਭਾਵੇਂ ਮੈਂ ਕਾਫ਼ੀ ਸਫਲਤਾ ਵੀ ਪ੍ਰਾਪਤ ਕੀਤੀ, ਆਤਮ ਤਰੱਕੀ (self-improvement) ਵੀ ਕਾਫ਼ੀ ਹੋਈ ਪਰ ਇਸ ਤਰੱਕੀ ਨਾਲ ਮੇਰੀ ਹਉਮੈ ਹੋਰ ਵਧ ਗਈ ਤੇ ਮੇਰਾ ਮਨ ਹੋਰ ਜ਼ਿਆਦਾ ਅਸਾਨ ਹੋ ਗਿਆ। ਜ਼ਿੰਦਗੀ ਇਕ ਬੋਝ ਬਣ ਕੇ ਰਹਿ ਗਈ। ਕੀ ਤੁਸੀਂ ਵੀ ਸਭ ਕੁਝ ਇਕੱਠਾ ਕਰਨ ਦੇ ਬਾਵਜੂਦ ਜਿੱਥੇ ਵੀ ਆਪਣੀ ਜ਼ਿੰਦਗੀ ਵਿੱਚ ਪਹੁੰਚੇ ਹੋ ਜ਼ਿੰਦਗੀ ਦਾ ਖੋਖਲਾਪਣ ਮਹਿਸੂਸ ਕਰ ਰਹੇ ਹੋ, ਜਿਵੇਂ ਕਿ ਕਿਸੇ ਚੀਜ਼ ਦੀ ਹਾਲੇ ਵੀ ਕੋਈ ਕਮੀ ਰਹਿ ਗਈ ਹੋਵੇ ਤੇ ਇਹ ਪਤਾ ਵੀ ਨਾ ਲੱਗੇ ਕਿ ਉਹ ਕਿਹੜੀ ਚੀਜ਼ ਹੈ? ਜੇ ਹਾਲੇ ਨਹੀਂ ਤਾਂ ਥੋੜ੍ਹਾ ਇੰਤਜ਼ਾਰ ਕਰੋ ਜੇ ਰਸਤੇ ਇਕੋ ਜਿਹੇ ਹਨ ਤਾਂ ਨਤੀਜਾ ਵੀ…।
ਕਿਉਂ ਅਸੀਂ ਹਮੇਸ਼ਾ ਹੋਰ ਜ਼ਿਆਦਾ ਸਮਝ ਇਕੱਠੀ ਕਰਨ ਵਿੱਚ ਲੱਗੇ ਰਹਿੰਦੇ ਹਾਂ ਅਤੇ ਸਾਡਾ ਮਨ ਇਸ ਦੇ ਅਧਾਰ ਤੇ ਹਰ ਵੇਲੇ ਜ਼ਿੰਦਗੀ ਦੇ ਹਾਲਾਤ ਕੰਟਰੋਲ ਕਰਨ ਵਿੱਚ ਅਸ਼ਾਂਤ ਜਤਨ ਕਰਦਾ ਰਹਿੰਦਾ ਹੈ? ਕੀ ਐਸਾ ਨਹੀਂ ਹੋ ਸਕਦਾ ਕਿ ਅਸੀਂ ਆਪਣੀ ਸਮਝ ਦੀ ਰੱਸੀ ਕੱਟ ਦੇਈਏ ਤੇ ਅਜ਼ਾਦ ਹੋ ਕੇ ਜੀਣਾ ਸ਼ੁਰੂ ਕਰ ਦੇਈਏ? ਇਹ ਹਉਮੈ ਦੀ ਇਕੱਠੀ ਕੀਤੀ ਸਮਝ ਦੇ ਹੁੰਦਿਆਂ ਤਾਂ ਮਨ ਸ਼ਾਂਤ ਹੋਇਆ ਨਹੀਂ। ਫਿਰ ਇਸ ਨੂੰ ਖੂਹ ਵਿੱਚ ਕਿਉਂ ਨਾ ਪਾ ਦੇਈਏ? ਹੌਲੀ ਹੌਲੀ ਮੈਂ ਗਿਆਨ ਨੂੰ ਇਕ ਪਾਸੇ ਰੱਖ ਕੇ ਆਪਣਾ ਜੀਵਨ ਬਤੀਤ ਕਰਨਾ ਸਿੱਖ ਗਿਆ। ਤਾਂ ਮੈਨੂੰ ਪਤਾ ਲੱਗਿਆ ਕਿ ਜਦ ਤੱਕ ਸਿੱਖ ਕੇ ਅਸਿੱਖ ਨਹੀਂ ਕੀਤਾ ਜਾਂਦਾ, ਮਨ ਆਪਣੇ ਆਪ naturally ਸ਼ਾਂਤ ਹੋ ਹੀ ਨਹੀਂ ਸਕਦਾ। ਸੋ ਕੁਝ ਕੰਮ ਐਸੇ ਹੁੰਦੇ ਹਨ ਜੋ ਜਾਣ ਬੁਝ ਕੇ ਤਾਂ ਕੀਤੇ ਨਹੀਂ ਜਾ ਸਕਦੇ ਪਰ ਹੋ ਜਾਂਦੇ ਹਨ। ਹੁਣ ਮੇਰਾ ਮਨ ਕੁਝ ਟਿਕਣ ਲੱਗ ਪਿਆ ਤੇ ਇਸ ਨੂੰ ਖਿੱਚਣਾ ਧੂਣਾ ਥੋੜ੍ਹਾ ਮੁਸ਼ਕਿਲ ਹੋ ਗਿਆ। ਜਾਂ ਇਹ ਕਹਿ ਲਓ ਕਿ ਮੈ ਥੋੜ੍ਹਾ ਬੇਪ੍ਰਵਾਹ ਹੋ ਗਿਆ।
ਅਸੀਂ ਸਾਰੇ ਇਹ ਤਾਂ ਜਾਣਦੇ ਹੀ ਹਾਂ ਕਿ ਸਾਇੰਸ, ਸਰੀਰਕ, ਜਾਂ ਪਦਾਰਥੀ ਖੇਤਰ ਵਿੱਚ ਕੁਝ ਸਿੱਖਣ ਲਈ ਮਿਹਨਤ ਅਤੇ ਸਮੇਂ ਦੀ ਲੋੜ ਹੈ। ਪਰ ਕੀ ਮਾਨਸਿਕ ਖੇਤਰ ਵਿੱਚ ਵੀ ਸਮੇਂ ਦੀ ਜ਼ਰੂਰਤ ਹੈ? ਜੇ ਹੈ ਤਾਂ ਕਿੰਨੀ ਕੁ? ਕੀ ਹਜ਼ਾਰਾਂ ਸਾਲਾਂ ਦਾ ਸਮਾਂ ਕੁਝ ਘੱਟ ਸਮਾਂ ਹੈ? ਫਿਰ ਕਿਉਂ ਅੱਜ ਵੀ ਅਸੀਂ ਕਈ ਹਜ਼ਾਰ ਸਾਲ ਪੂਰਾਣੇ ਮਾਨਸਿਕ ਮਸਲਿਆਂ ਦਾ ਹਲ ਨਹੀਂ ਲੱਭ ਸਕੇ? ਕੋਈ ਵੀ ਸਰਕਾਰ, ਧਾਰਮਿਕ ਜਥੇਬੰਦੀ, ਸਮਾਜਿਕ ਸੰਸਥਾ, ਮਨੋਵਿਗਿਆਨਕ ਜਾਂ ਫ਼ਿਲਾਸਫਰ ਇਸ ਪਾਸੇ ਸਾਡੀ ਮਦਦ ਨਹੀਂ ਕਰ ਸਕੇ। ਕੀ ਇਨ੍ਹਾਂ ਮਸਲਿਆਂ ਦਾ ਹਲ ਇਸ ਸੰਸਾਰ ਦੇ ਸਾਰੇ ਇਕੱਠੇ ਕੀਤੇ ਹੋਏ ਗਿਆਨ ਵਿੱਚ ਨਹੀਂ ਹੈ? ਜੇ ਇਕ ਨਜ਼ਰ ਆਪਣੇ ਆਲੇ ਦੁਆਲੇ ਮਾਰੀਏ ਕਿ ਇਹ ਸਾਰੀ ਤਰੱਕੀ ਜੋ ਅਸੀਂ ਸੋਚਦੇ ਹਾਂ ਅਸੀਂ ਕੀਤੀ ਹੈ, ਇਸਦਾ ਨਤੀਜਾ ਕੀ ਨਿਕਲਿਆ? ਕੀ ਸਾਡੀਆਂ ਸਮੱਸਿਆਵਾਂ ਘਟੀਆਂ ਜਾਂ ਕਿ ਹੋਰ ਜ਼ਿਆਦਾ ਵਧ ਗਈਆਂ ਹਨ? ਅੱਜ ਵੀ ਹਜ਼ਾਰਾਂ ਸਾਲ ਪੁਰਾਣੇ ਮਾਨਸਿਕ ਮਸਲਿਆਂ ਦਾ ਹਲ ਸਾਨੂੰ ਨਹੀਂ ਮਿਲਿਆ ਤੇ ਜਿਸ ਰਸਤੇ ਤੇ ਅਸੀਂ ਚਲ ਰਹੇ ਹਾਂ ਕੀ ਕੋਈ ਉਮੀਦ ਹੈ ਕੋਈ ਹਲ ਮਿਲੇਗਾ? ਸਾਫ਼ ਦਿਸਦਾ ਹੈ ਕਿ ਨਹੀਂ ਮਿਲੇਗਾ ਪਰ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੇ, ਪਰ ਕਿਉਂ? ਕੀ ਹਰਜ਼ ਹੈ ਸਚਾਈ ਮੰਨਣ ਵਿੱਚ ਕਿ ਸਦੀਆਂ ਪੁਰਾਣੀ ਬੁੱਧੀ, ਗਿਆਨ, ਪਰੰਪਰਾ, ਰੀਤੀ-ਰਿਵਾਜ ਜਾਂ ਫਿਰ ਅੱਜ ਦੀ ਸੁਧਾਰੀ ਹੋਈ ਆਧੁਨਿਕ ਸੋਝੀ, ਤਕਨੀਕ ਜਾਂ ਯਤਨ ਸਾਡੇ ਮਾਨਸਿਕ ਮਸਲਿਆਂ ਦਾ ਹਲ ਲੱਭਣ ਵਿੱਚ ਨਾਕਾਮਯਾਬ ਸਾਬਤ ਹੋ ਰਹੇ ਹਨ? ਗੱਲ ਖ਼ਤਮ। ਜੇ ਕੋਈ ਸ਼ੱਕ ਬਾਕੀ ਹੈ ਤਾਂ ਹੇਠਾਂ ਦਿੱਤੇ internet links ਤੇ ਪਿਛਲੇ ਹਫ਼ਤਿਆਂ ਦੀਆਂ ਖ਼ਬਰਾਂ ਪੜ੍ਹ ਲਓ ਕਿਵੇਂ ਕਈ ਸੌ ਲੋਕਾਂ ਨੇ ਮਿਲਕੇ ਇਕ 17-ਸਾਲ ਦੀ ਮਾਸੂਮ ਬੱਚੀ ਨੂੰ ਪੱਥਰ ਮਾਰ ਮਾਰ ਕੇ ਖ਼ਤਮ ਕਰ ਦਿੱਤਾ। ਕੀ ਉਸ ਬੱਚੀ ਵਿੱਚ ਉਨਾਂ ਨੂੰ ਆਪਣਾ ਆਪ ਦਿਖਾਈ ਨਾ ਦਿੱਤਾ? ਕਿਉਂ ਇਕ ਬੱਚੀ ਦੇ ਜੀਵਨ ਨਾਲੋਂ ਆਪਣੇ ਹਉਮੈ ਦਾ ਮਾਣ ਰੱਖਣਾ ਜ਼ਿਆਦਾ ਜ਼ਰੂਰੀ ਸਮਝਿਆ ਗਿਆ? ਜੇ ਅਸੀਂ ਇਕ ਪਲ ਵਿੱਚ ਹੀ ਇਨਸਾਨ ਤੋਂ ਜਾਨਵਰ ਬਣ ਸਕਦੇ ਹਾਂ ਤਾਂ ਇਹ ਮੰਨਣ ਵਿੱਚ ਕੀ ਇਤਰਾਜ਼ ਹੈ ਕਿ ਅਸੀਂ ਸਭ ਕੁਝ ਸਿੱਖ ਸਿਖਾ ਕੇ ਖੂਹ ਵਿੱਚ ਪਾ ਦਿੱਤਾ।
FOXNews.com - Video Surfaces Showing Kurdish Girl Stoned to Death ...
Video Surfaces Showing Kurdish Girl Stoned to Death for Relationship With Iraqi Sunni Boy, A horrifying video showing a 17-year-old Kurdish girl being ...
www.foxnews.com/story/0,2933,270111,00.html - 46k - Cached - Similar pages
International Campaign Against Honour Killings › News › Teenager ...
News › Teenager stoned to death in front of hundreds ... Mosul, hundreds of men beat and stoned a 17 year old woman named Du'a Khalil Aswad to death, ...
www.stophonourkillings.com/index.php?name=News&file=article&sid=1587 - 44k - Cached - Similar pages
ਇਸ ਤੋਂ ਇਲਾਵਾ ਧਰਮ ਦੇ ਨਾਂ ਤੇ ਦੰਗੇ ਫ਼ਸਾਦ ਤੇ ਦੂਸਰੇ ਧਰਮ ਦੇ ਲੋਕਾਂ ਦਾ ਕਤਲੇਆਮ ਤਾਂ ਹਰ ਰੋਜ਼ ਦੀਆਂ ਖ਼ਬਰਾਂ ਵਿੱਚ ਹੁੰਦਾ ਹੈ। ਇੱਥੇ ਹੀ ਬੱਸ ਨਹੀਂ, ਕੋਈ ਨਾ ਕੋਈ ਲੜਾਈ ਹਰ ਵੇਲੇ ਇਸ ਸੰਸਾਰ ਵਿੱਚ ਲੱਗੀ ਹੀ ਰਹਿੰਦੀ ਹੈ। ਕੀ ਅਸੀਂ ਇਹ ਹੀ ਸਿੱਖਿਆ ਹੈ ਹਜ਼ਾਰਾਂ ਸਾਲਾਂ ਦੇ ਦਿਮਾਗ਼ੀ ਵਿਕਾਸ ਬਾਦ?
ਇਸ ਧਰਤੀ ਤੇ ਕਈ ਮਹਾਣ ਆਤਮਾਵਾਂ ਨੇ ਜਨਮ ਲਿਆ। ਇਸ ਧਰਤੀ ਦੇ ਲੋਕਾ ਨੇ ਕੁਝ ਨੂੰ ਤਾ ਮਾਰ ਦਿੱਤਾ ਤੇ ਬਾਕੀ ਦਿਆਂ ਦੀ ਪੂਜਾ ਕਰਨ ਲਗ ਪਏ। ਉਨ੍ਹਾਂ ਦੇ ਨਾ ਤੇ ਕਈ ਤਰਾ ਦੇ ਧਰਮ ਭੀ ਚਾਲੂ ਕੀਤੇ ਪਰ ਨਤੀਜਾ ਤੁਹਾਡੇ ਸਾਹਮਣੇ ਹੈ। ਅੱਜ ਧਰਮ ਦੇ ਨਾ ਤੇ ਅਸੀ ਇਕ ਦੂਸਰੇ ਤੋ ਅਲੱਗ ਹੋ ਕੇ ਨਿਤ ਖੂਨ ਖ਼ਰਾਬਾ ਕਰ ਰਹੇ ਹਾ। ਕੀ ਇਹ ਸਭ ਠੀਕ ਹੈ? ਜੇ ਨਹੀਂ ਤਾਂ ਇਸ ਵਿੱਚ ਕਸੂਰ ਕਿਸ ਦਾ ਹੈ - ਮਹਾਨ ਆਤਮਾਵਾਂ ਦਾ, ਧਾਰਮਿਕ ਸੰਸਥਾਵਾਂ ਦਾ ਜਾਂ ਫਿਰ ਸਾਡਾ ਆਪਣਾ? ਇਹ ਸਮਝਦਿਆਂ ਹੀ ਕਿ ਇਹ ਸਭ ਪਾਗ਼ਲਪਣ ਸਾਡਾ ਆਪਣਾ ਹੈ, ਅਸੀਂ ਹੋਸ਼ ਵਿੱਚ ਆ ਸਕਦੇ ਹਾਂ। ਪਰ ਅਸੀਂ ਹੋਸ਼ ਵਿੱਚ ਆਉਣਾ ਚਾਹੁੰਦੇ ਨਹੀਂ। ਉਲਟਾ ਸਾਡੀ ਕੋਸ਼ਿਸ਼ ਹਮੇਸ਼ਾ ਇਹ ਹੀ ਰਹਿੰਦੀ ਹੈ ਕਿ ਅਸੀਂ ਬੇਹੋਸ਼ ਹੀ ਰਹੀਏ। ਬੇਹੋਸ਼ ਰਹਿਣ ਵਿੱਚ ਅਸਾਨੀ ਹੈ ਤੇ ਹੋਸ਼ ਵਿੱਚ ਆਉਣਾ ਪਰੇਸ਼ਾਨੀ ਕਿਉਂਕਿ ਸਾਨੂੰ ਕੁਝ ਕਰਨਾ ਪਏਗਾ।
ਮੈਨੂੰ ਜਾਨਣ ਵਾਲੇ ਕਾਫ਼ੀ ਲੋਕ ਜਦੋਂ ਵੀ ਮਿਲਣਗੇ ਇਹੀ ਦੱਸਣਗੇ ਕਿ ਉਨ੍ਹਾਂ ਦੀ ਹਉਮੈ ਦਿਨ ਬਦਿਨ ਘਟ ਰਹੀ ਹੈ। ਉਹ ਹੁਣ ਪਹਿਲਾਂ ਨਾਲੋਂ ਕਾਫ਼ੀ ਬਦਲ ਗਏ ਹਨ, ਚੰਗੇ ਇਨਸਾਨ ਬਣ ਗਏ ਹਨ, ਅਤੇ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖ ਗਏ ਹਨ। ਇਸ ਨੂੰ ਸਾਬਤ ਕਰਨ ਲਈ ਉਹ ਕਹਿੰਦੇ ਹਨ ਕਿ ਜੇ ਮੈਂ ਉਨ੍ਹਾਂ ਨੂੰ ਦਸ ਸਾਲ ਪਹਿਲਾਂ ਵੇਖਦਾ ਤਾਂ ਮੈਂ ਸਮਝ ਸਕਦਾਂ ਕੀ ਉਹ ਕਿੰਨਾ ਬਦਲ ਗਏ ਹਨ। ਪਰ ਜਿੱਥੇ ਤਕ ਮੇਰਾ ਤਜਰਬਾ ਹੈ, ਅਜਿਹੇ ਲੋਕ ਉਪਰੋਂ ਉਪਰੋਂ ਆਪਣੇ ਆਪ ਨੂੰ ਸਮਾਜ ਦੇ ਅਨੁਸਾਰ ਢਾਲਨ ਵਿੱਚ ਕਾਮਯਾਬ ਹੋ ਜਾਦੇਂ ਹਨ, ਉਹ ਸ਼ਬਦ ਨਹੀਂ ਬੋਲਦੇ ਜੋ ਜਵਾਨੀ ਵਿਚ ਬੋਲਦੇ ਸਨ ਬਲਕਿ ਪੋਲਿਟੀਕਲੀ ਠੀਕ ਸ਼ਬਦ ਬੋਲਦੇ ਹਨ ਪਰ ਅੰਦਰੂਨੀ ਤੌਰ ਤੇ ਉਨ੍ਹਾਂ ਵਿੱਚ ਕੋਈ ਖਾਸ ਤਰੱਕੀ ਨਹੀਂ ਹੁੰਦੀ। ਇਹ ਬੋਲਣ ਵਾਲੇ ਲੋਕ ਆਪਣੇ ਆਪ ਨਾਲ ਧੋਖਾ ਕਰਦੇ ਹਨ । ਹਉਮੈ ਤੋਂ ਰਹਿਤ ਇਨਸਾਨ ਨੂੰ ਇਹ ਸ਼ਬਦ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਜੇ ਨਤੀਜੇ ਵਲ ਨਜ਼ਰ ਮਾਰੀਏ ਤਾਂ ਸਾਫ਼ ਪਤਾ ਲਗਦਾ ਹੈ ਕਿ ਦਸ ਹਜ਼ਾਰ ਸਾਲਾਂ ਵਿੱਚ ਤਾਂ ਸਾਡੇ ਤੇ ਕੋਈ ਫ਼ਰਕ ਨਹੀਂ ਪਿਆ, ਫਿਰ ਦਸ ਸਾਲਾਂ ਵਿੱਚ ਕੀ ਪੈਣਾ ਹੈ। ਮਾਨਸਿਕ ਖੇਤਰ ਵਿੱਚ ਅਸੀਂ ਸਮੇਂ ਨਾਲ ਬਦਲ ਰਹੇ ਹਾਂ ਤੇ ਤਰੱਕੀ ਕਰ ਰਹੇ ਹਾ |