ਅਕਤੂਬਰ 2008: ਮਾਂ ਵਰਗਾ ਘਣ-ਛਾਵਾਂ ਬੂਟਾ!

             

 
                            
 

          

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਗੁਰਦੇਵ ਸਿੰਘ ਘਣਗਸ, ਬਰਜਿੰਦਰ ਕੌਰ ਢਿੱਲੋਂ, ਰੋਜ਼ੀ ਸਿੰਘ

         

 
                            
            
 

    ਅਕਤੂਬਰ 5, 2008 

ਮਾਂ ਵਰਗਾ ਘਣ-ਛਾਵਾਂ ਬੂਟਾ!

                                                                                -ਪ੍ਰੇਮ ਮਾਨ

 

ਅਕਤੂਬਰ ਦੇ ਬਲਾਗ ਦਾ ਵਿਸ਼ਾ ਤਾਂ ਪਹਿਲਾਂ ਹੋਰ ਚੁਣਿਆ ਸੀ ਪਰ ਕੁਝ ਦਿਨ ਪਹਿਲਾਂ ਇਹ ਵਿਸ਼ਾ ਬਦਲਨਾ ਪਿਆ। ਨਿਊ ਯਾਰਕ ਵਿੱਚ ਰਹਿੰਦੇ ਬਹੁਤ ਹੀ ਪਿਆਰੇ ਦੋਸਤ ਅਤੇ ਪੰਜਾਬੀ ਗ਼ਜ਼ਲਗੋ ਰਾਜਿੰਦਰ ਜਿੰਦ ਜੀ ਦੇ ਮਾਤਾ ਗੁਰਨਾਮ ਕੌਰ ਜੀ 85 ਸਾਲ ਦੀ ਉਮਰ ਬਿਤਾ ਕੇ 23 ਸਤੰਬਰ ਨੂੰ ਸਭ ਨੂੰ ਸਦਾ ਲਈ ਵਿਛੋੜਾ ਦੇ ਗਏ। ਜਿਨ੍ਹਾਂ ਨੇ ਵੀ ਮਾਤਾ ਗੁਰਨਾਮ ਕੌਰ ਜੀ ਦੇ ਦਰਸ਼ਨ ਕੀਤੇ ਸਨ, ਉਨ੍ਹਾਂ ਨੂੰ ਮਾਤਾ ਜੀ ਦੇ ਤੁਰ ਜਾਣ ਦਾ ਬੇਹੱਦ ਦੁੱਖ ਹੋਇਆ ਹੈ। ਮਾਤਾ ਜੀ ਸਹੀ ਅਰਥਾਂ ਵਿੱਚ ਇਕ ਮਾਂ ਸਨ ਸਿਰਫ਼ ਆਪਣੇ ਬੱਚਿਆਂ ਲਈ ਹੀ ਨਹੀਂ ਸਗੋਂ ਹਰ ਇਕ ਮਿਲਣ ਵਾਲੇ ਲਈ। ਮੈਂ (ਅਤੇ ਹੋਰ ਦੋਸਤਾਂ ਨੇ ਵੀ) ਜਦੋਂ ਵੀ ਰਾਜਿੰਦਰ ਜਿੰਦ ਦੇ ਘਰ ਜਾਣਾ ਤਾਂ ਮਾਤਾ ਜੀ ਨੇ ਬੇਹੱਦ ਖੁਸ਼ੀ ਨਾਲ ਘੁੱਟ ਕੇ ਗਲਵਕੜੀ ਪਾ ਕੇ ਮਿਲਣਾ, ਮੂੰਹ ਨੂੰ ਬੜੇ ਪਿਆਰ ਨਾਲ ਚੁੰਮਣਾ, ਅਤੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇਣੀ। ਇੰਜ ਲੱਗਣਾ ਜਿਵੇਂ ਮੈਨੂੰ ਆਪਣੀ ਮਾਂ ਦੇ ਦਰਸ਼ਨ ਹੋ ਗਏ ਹੋਣ। ਉਨ੍ਹਾਂ ਵਲੋਂ ਸਭ ਨੂੰ ਮਿਲਣ ਵਾਲਾ ਪਿਆਰ ਕਦੇ ਵੀ ਕਿਸੇ ਨੂੰ ਨਹੀਂ ਭੁੱਲਣਾ। ਮਾਤਾ ਜੀ ਦੇ ਤੁਰ ਜਾਣ ਤੇ ਮਨ ਇੰਨਾ ਭਾਵੁਕ ਹੋਇਆ ਕਿ ਮੈਂ ਇਸ ਮਹੀਨੇ ਮਾਂ ਬਾਰੇ ਲਿਖਣ ਲਈ ਮਜਬੂਰ ਹੋ ਗਿਆ ਹਾਂ।

             

              ਮਾਂ ਬਾਰੇ ਦੁਨੀਆ ਦੇ ਸਾਹਿਤ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ। ਪੰਜਾਬੀ ਸਾਹਿਤ ਵਿੱਚ ਵੀ ਮਾਂ ਤੇ ਕਾਫੀ ਕੁਝ ਲਿਖਿਆ ਗਿਆ ਹੈ। ਇਸਦੇ ਮੁਕਾਬਲੇ ਤੇ ਪਿਓ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਤੋਂ ਇਹ ਜ਼ਾਹਰ ਹੈ ਕਿ ਸਾਡੇ ਸਾਰਿਆਂ ਲਈ ਜ਼ਿੰਦਗੀ ਵਿੱਚ ਪਿਓ ਨਾਲੋਂ ਮਾਂ ਦੀ ਮਹੱਤਤਾ ਅਤੇ ਮਾਂ ਲਈ ਪਿਆਰ ਕਿਤੇ ਜ਼ਿਆਦਾ ਹੈ। ਜਦੋਂ ਵੀ ਕਿਸੇ ਨੂੰ ਕੋਈ ਦੁੱਖ ਹੁੰਦਾ ਹੈ ਜਾਂ ਸੱਟ ਚੋਟ ਲਗਦੀ ਹੈ ਤਾਂ ਉਹ ਇਨਸਾਨ ਜਾਂ ਤਾਂ ''ਹਾਏ ਰੱਬਾ" ਕਹਿੰਦਾ ਹੈ ਅਤੇ ਜਾਂ ਫਿਰ ''ਹਾਏ ਮਾਂ।" ਇਸ ਤੋਂ ਸਪਸ਼ਟ ਹੈ ਕਿ ਅਸੀਂ ਸਾਰੇ ਹੀ ਮਾਂ ਨੂੰ ਰੱਬ ਦੇ ਬਰਾਬਰ ਦਾ ਅਹੁਦਾ ਦਿੰਦੇ ਹਾਂ। ਸੱਚਮੁੱਚ ਹੀ ਮਾਂ ਅਤੇ ਰੱਬ ਵਿੱਚ ਕੋਈ ਫ਼ਰਕ ਨਹੀਂ। ਜੇਹੇ ਮਾਂ ਦੇ ਦਰਸ਼ਨ ਕਰ ਲਏ, ਤੇਹਾ ਖ਼ੁਦਾ ਦਾ ਨਾਂ ਲੈ ਲਿਆ। ਮਾਂ ਦਾ ਨਾਂ ਲੈਣਾ, ਮਾਂ ਨੂੰ ਮਿਲਣਾ, ਉਸਨੂੰ ਗਲਵਕੜੀ ਪਾਉਣੀ, ਉਸਦੇ ਦਰਸ਼ਨ ਕਰ ਲੈਣੇ ਇਕ ਤਰ੍ਹਾਂ ਨਾਲ ਰੱਬ ਨੂੰ ਧਿਆਉਣ ਅਤੇ ਪਾਠ ਪੂਜਾ ਕਰਨ ਦੇ ਸਮਾਨ ਹੀ ਹੈ। ਮਾਂ ਦੇ ਚਰਨ ਛੋਹਣੇ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਜਿੰਨੀ ਮਹੱਤਤਾ ਰੱਖਦਾ ਹੈ। ਸ਼ਾਇਦ ਹਾਲੇ ਤੱਕ ਵੀ ਪੰਜਾਬੀ ਵਿੱਚ ਮਾਂ ਬਾਰੇ ਸਭ ਤੋਂ ਖ਼ੂਬਸੂਰਤ ਕਵਿਤਾ (ਰੁਬਾਈ) ਕਈ ਦਹਾਕੇ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੇਠ ਲਿਖੀ ਕਵਿਤਾ ਹੀ ਹੈ:

              

                            ਮਾਂ ਵਰਗਾ ਘਣ-ਛਾਵਾਂ ਬੂਟਾ

                            ਮੈਨੂੰ ਨਜ਼ਰ ਨਾ ਆਏ।

                            ਲੈ ਕੇ ਜਿਸ ਤੋਂ ਛਾਂ ਉਧਾਰੀ

                            ਰੱਬ ਨੇ ਸੁਰਗ ਬਣਾਏ।

                            ਬਾਕੀ ਕੁੱਲ ਦੁਨੀਆਂ ਦੇ ਬੂਟੇ

                            ਜੜ੍ਹ ਸੁੱਕਿਆਂ ਮੁਰਝਾਂਦੇ,

                            ਐਪਰ ਫੁੱਲਾਂ ਦੇ ਮੁਰਝਾਇਆਂ,

                            ਇਹ ਬੂਟਾ ਸੁੱਕ ਜਾਏ।

                                    (ਪ੍ਰੋ. ਮੋਹਨ ਸਿੰਘ)

 

             

              ਇਹ ਮਾਂ ਹੀ ਹੈ ਜੋ ਸੁੱਖਾਂ ਸੁੱਖ ਸੁੱਖ ਕੇ ਬੱਚੇ ਲੈਂਦੀ ਹੈ ਅਤੇ ਸਾਰੀ ਜ਼ਿੰਦਗੀ ਬੱਚਿਆਂ ਦੀ ਸੁੱਖ ਮੰਗਦੀ ਰੱਬ ਅੱਗੇ ਅਰਦਾਸਾਂ ਕਰਦੀ ਰਹਿੰਦੀ ਹੈ। ਇਹ ਮਾਂ ਹੀ ਹੈ ਜਿਸਨੂੰ ਬੱਚੇ ਦੇ ਜਨਮ ਤੱਕ ਦੇ ਸਾਰੇ ਦੁੱਖ ਅਤੇ ਪੀੜਾਂ ਝੱਲਣੇ ਪੈਂਦੇ ਹਨ। ਬੱਚੇ ਦੇ ਜਨਮ ਤੇ ਵੀ ਸ਼ਾਇਦ ਮਾਂ ਤੋਂ ਵੱਧ ਕਿਸੇ ਹੋਰ ਨੂੰ ਖੁਸ਼ੀ ਨਹੀਂ ਹੁੰਦੀ। ਇਹ ਮਾਂ ਹੀ ਹੈ ਜੋ ਬੱਚੇ ਨੂੰ ਲੋਰੀਆਂ ਦਿੰਦੀ ਹੈ, ਦਿਲ ਨਾਲ ਲਾ ਕੇ ਰੱਖਦੀ ਹੈ, ਅਤੇ ਲਾਡ ਲਡਾਉਂਦੀ ਹੈ। ਸ਼ਾਇਦ ਬੱਚਾ ਵੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾ ਸ਼ਬਦ ''ਮਾਂ" ਹੀ ਕਹਿੰਦਾ ਹੈ।

              

              ਮਾਂ ਹੀ ਹੈ ਜੋ ਬੱਚਿਆਂ ਦਾ ਗੰਦ ਸਾਫ਼ ਕਰਦੀ ਹੈ। ਮਾਂ ਹੀ ਹੈ ਜੋ ਰੋਂਦੇ ਬੱਚੇ ਦੇ ਅੱਥਰੂ ਪੂੰਝਦੀ ਹੈ ਅਤੇ ਰੋਂਦੇ ਬੱਚੇ ਨੂੰ ਘੁੱਟ ਕੇ ਦਿਲ ਨਾਲ ਲਾਉਂਦੀ ਹੈ ਅਤੇ ਉਸਦੇ ਨਾਲ ਆਪ ਵੀ ਰੋਂਦੀ ਹੈ। ਮਾਂ ਹੀ ਹੈ ਜੋ ਖੁਸ਼ੀ ਵਿੱਚ ਹੱਸਦੇ ਬੱਚੇ ਨੂੰ ਦੇਖ ਕੇ ਰੱਬ ਦਾ ਸ਼ੁਕਰ ਕਰਦੀ ਹੈ ਅਤੇ ਖੁਸ਼ੀ ਮਨਾਉਂਦੀ ਹੈ।

              

              ਜਿਨ੍ਹਾਂ ਨੂੰ ਮਾਂ ਦਾ ਪਿਆਰ ਮਿਲਿਆ ਹੈ ਉਹ ਜਾਣਦੇ ਹਨ ਕਿ ਇਹ ਪਿਆਰ ਪਿਘਲਦੀ ਬਰਫ਼ ਦੇ ਪਾਣੀ ਵਾਂਗੂ ਨਿਰਛਲ ਅਤੇ ਸੱਚਾ ਸੁੱਚਾ ਹੁੰਦਾ ਹੈ। ਮਾਂ ਦੀ ਗਲਵਕੜੀ ਵਿੱਚ ਸਿਆਲ ਦੀ ਰੁੱਤੇ ਅੱਗ ਦੀ ਧੂਣੀ ਵਿੱਚੋਂ ਮਿਲਦੇ ਸੇਕ ਜਿਹਾ ਨਿੱਘ ਹੁੰਦਾ ਹੈ। ਮਾਂ ਦੇ ਚੁੰਮਣ ਵਿੱਚ ਬਰਫ਼ ਨੂੰ ਪਿਘਲਾ ਦੇਣ ਜਿੰਨੀ ਮਮਤਾ ਹੁੰਦੀ ਹੈ। ਮਾਂ ਦੀ ਆਸ਼ੀਰਵਾਦ ਵਿੱਚ ਪਹਾੜਾਂ ਨੂੰ ਪਾੜ ਦੇਣ ਜਿੰਨੀ ਸ਼ਕਤੀ ਹੁੰਦੀ ਹੈ। ਮਾਂ ਦੀ ਅਵਾਜ਼ ਸੁਣ ਕੇ ਉਹੀ ਸਕੂਨ ਮਿਲਦਾ ਹੈ ਜੋ ਕਿਸੇ ਧਾਰਮਿਕ ਅਸਥਾਨ ਤੇ ਪਾਠ ਸੁਣ ਕੇ ਮਿਲਦਾ ਹੋਵੇ। ਮੇਰੀ ਲੱਗ ਭਗ 83 ਸਾਲਾਂ ਦੀ ਮਾਂ ਪੰਜਾਬ ਵਿੱਚ ਮੇਰੇ ਭਰਾ ਦੇ ਪਰਿਵਾਰ ਨਾਲ ਰਹਿੰਦੀ ਹੈ। ਹਰ ਹਫ਼ਤੇ ਜਾਂ ਦੋ ਹਫ਼ਤੀਂ ਜਦੋਂ ਵੀ ਮੈਂ ਉਸਨੂੰ ਫ਼ੋਨ ਕਰਾਂ, ਪਹਿਲਾਂ ਇਕ ਦੋ ਮਿੰਟ ਤਾਂ ਉਹ ਮੈਨੂੰ ਅਸੀਸਾਂ ਦਿੰਦੀ ਹੀ ਨਹੀਂ ਥੱਕਦੀ ਜਿਨ੍ਹਾਂ ਨੂੰ ਸੁਣ ਕੇ ਇੰਜ ਲਗਦਾ ਹੈ ਜਿਵੇਂ ਮੈਂ ਕਿਸੇ ਇਲਾਹੀ ਅਵਾਜ਼ ਨੂੰ ਸੁਣ ਰਿਹਾ ਹੋਵਾਂ। ਉਸਨੂੰ ਟੋਕਣ ਲਈ ਮੇਰਾ ਹੌਸਲਾ ਹੀ ਨਹੀਂ ਪੈਂਦਾ। ਮੈਂ ਉਦੋਂ ਹੀ ਬੋਲਦਾ ਹਾਂ ਜਦੋਂ ਸਾਰੀਆਂ ਅਸੀਸਾਂ ਦੇਣ ਤੋਂ ਬਾਦ ਮਾਂ ਪੁੱਛਦੀ ਹੈ, ''ਅੱਛਾ ਫੇਰ ਕਾਕਾ ਤੇਰਾ ਕੀ ਹਾਲ ਹੈ?" ਉਸਦੀਆਂ ਅਸੀਸਾਂ ਸੁਣ ਕੇ ਲਗਦਾ ਹੈ ਕਿ ਮੈਨੂੰ ਰੱਬ ਦੀ ਆਸ਼ੀਰਵਾਦ ਮਿਲ ਗਈ ਹੈ ਅਤੇ ਮੈਨੂੰ ਹੁਣ ਜ਼ਿੰਦਗੀ ਵਿੱਚ ਕੋਈ ਵੀ ਹਰਾਉਣ ਵਾਲਾ ਨਹੀਂ।

              

              ਹਿੰਦੁਸਤਾਨੀ, ਅਤੇ ਖ਼ਾਸ ਕਰ ਕੇ ਪੰਜਾਬੀ, ਸਭਿਆਚਾਰ ਵਿੱਚ ਮਾਂ ਚਿੰਤਾ ਦਾ ਭੰਡਾਰ ਹੈ। ਉਹ ਹਰ ਵੇਲੇ ਆਪਣੇ ਬੱਚਿਆਂ ਦੇ ਫਿਕਰ ਵਿੱਚ ਸਮਾਂ ਗੁਜ਼ਾਰਦੀ ਹੈ ਭਾਵੇਂ ਉਨ੍ਹਾਂ ਦੀ ਉਮਰ ਕੁਝ ਮਹੀਨੇ ਹੋਵੇ, ਭਾਵੇਂ ਕੁਝ ਸਾਲ, ਭਾਵੇਂ ਪੰਜਾਹ ਸਾਲ, ਅਤੇ ਭਾਵੇਂ ਇਸ ਤੋਂ ਵੀ ਵੱਧ। ਹਰ ਵੇਲੇ ਉਸਦਾ ਦਿਲ ਆਪਣੇ ਬੱਚਿਆਂ ਵਿੱਚ ਧੜਕਦਾ ਰਹਿੰਦਾ ਹੈ ਬੱਚੇ ਭਾਵੇਂ ਕਿਤੇ ਵੀ ਹੋਣ। ਬੱਚੇ ਘਰ ਪਰਤਣ ਲਈ ਥੋੜਾ ਜਿਹਾ ਵੀ ਲੇਟ ਹੋ ਜਾਣ ਤਾਂ ਮਾਂ ਨੂੰ ਚੈਨ ਨਹੀਂ ਆਉਂਦਾ। ਉਹ ਘਰ ਦੇ ਬੂਹੇ ਵਿੱਚ ਖੜ੍ਹ ਕੇ ਜਾਂ ਘਰ ਦੀਆਂ ਦਹਿਲੀਜ਼ਾਂ ਤੇ ਬੈਠ ਕੇ ਬੜੀ ਚਿੰਤਾ ਨਾਲ ਉਨ੍ਹਾਂ ਦਾ ਇੰਤਜ਼ਾਰ ਕਰਦੀ ਹੈ। ਬੇਟਾ ਭਾਵੇਂ ਦਸ ਨੰਬਰ ਦਾ ਮੁਜਰਮ ਅਤੇ ਬਦਮਾਸ਼ ਹੋਵੇ, ਧੀ ਭਾਵੇਂ ਜਿੰਨੀ ਮਰਜ਼ੀ ਮਾੜੀ ਹੋਵੇ, ਮਾਂ ਨੂੰ ਉਹ ਨਿਰੇ ਅਸਲੀ ਸੋਨੇ ਵਰਗੇ ਲਗਦੇ ਹਨ। ਮਾਂ ਜੇ ਕਦੇ ਘੜੀ-ਪਲ ਲਈ ਕਿਸੇ ਬੱਚੇ ਨੂੰ ਮਾੜਾ ਕਹਿ ਵੀ ਲਵੇ ਤਾਂ ਦੂਜੇ ਪਲ ਹੀ ਉਹ ਉਸਨੂੰ ਘੁੱਟ ਕੇ ਸੀਨੇ ਨਾਲ ਲਾ ਕੇ ਪਸ਼ਚਾਤਾਪ ਕਰੇਗੀ। ਮਾਂ ਕਿਸੇ ਵੀ ਬੱਚੇ ਨਾਲ ਬੇਇਨਸਾਫ਼ੀ ਨਹੀਂ ਕਰ ਸਕਦੀ ਅਤੇ ਨਾ ਹੀ ਕਿਸੇ ਬੱਚੇ ਨਾਲ ਬੇਇਨਸਾਫ਼ੀ ਹੁੰਦੀ ਸਹਾਰ ਸਕਦੀ ਹੈ। ਮਾਂ ਹੀ ਹੈ ਜਿਹੜੀ ਹਮੇਸ਼ਾ ਆਪਣੇ ਬੱਚੇ ਨੂੰ ਕਹਿੰਦੀ ਹੈ, ''ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।" ਕੋਈ ਵਿਰਲੀ ਮਾਂ ਹੀ ਚੰਡਾਲ ਹੁੰਦੀ ਹੈ। ਮਾਂ ਹੀ ਹੈ ਜਿਹੜੀ ਆਮ ਤੌਰ ਤੇ ਬੱਚੇ ਨੂੰ ਪਾਲਦੀ ਹੈ, ਉਸਦਾ ਚਾਲ-ਚਲਨ ਢਾਲਦੀ ਹੈ, ਉਸਨੂੰ ਚੰਗੀਆਂ ਆਦਤਾਂ ਸਿਖਾਉਂਦੀ ਹੈ, ਅਤੇ ਉਸਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਦੀ ਹੈ।

              

              ਹਿੰਦੁਸਤਾਨੀ, ਅਤੇ ਖ਼ਾਸ ਕਰ ਕੇ ਪੰਜਾਬੀ, ਬਾਪ ਸਦੀਆਂ ਤੋਂ ਡਰ ਦਾ ਵਸੀਲਾ ਚਲਿਆ ਆ ਰਿਹਾ ਹੈ। ਭਾਵੇਂ ਇਹ ਸੰਕਲਪ ਹੁਣ ਥੋੜਾ ਬਹੁਤ ਬਦਲ ਰਿਹਾ ਹੈ ਪਰ ਹਾਲੇ ਵੀ ਪਿਓ ਬਹੁਤੀ ਵਾਰੀ ਚੰਡਾਲ ਹੀ ਮੰਨਿਆ ਜਾਂਦਾ ਹੈ ਜੋ ਬੱਚਿਆਂ ਨੂੰ ਡਰਾ ਧਮਕਾ ਕੇ ਰੱਖਦਾ ਹੈ। ਪਿੰਡਾਂ ਵਿੱਚ ਤਾਂ ਹਾਲੇ ਵੀ ਪਿਓ ਦੇ ਘਰ ਵੜਨ ਤੇ ਹੀ ਸਾਰੇ ਘਰ ਵਿੱਚ ਸਨਾਟਾ ਛਾ ਜਾਦਾ ਹੈ, ਸੁੰਨ-ਮਸਾਨ ਹੋ ਜਾਂਦੀ ਹੈ। ਕਿਸੇ ਦੇ ਕੁਸਕਣ ਦੀ ਹਿੰਮਤ ਨਹੀਂ ਪੈਂਦੀ। ਪਿਓ ਦੇ ਅੱਗੇ ਬੋਲਣ ਦਾ ਕੋਈ ਵੀ ਬੱਚਾ ਹੌਸਲਾ ਨਹੀਂ ਕਰ ਸਕਦਾ। ਪਿਓ ਆਪਣੇ ਬੱਚਿਆਂ ਨਾਲ ਬੇਇਨਸਾਫ਼ੀ ਵੀ ਕਰ ਸਕਦਾ ਹੈ ਅਤੇ ਸਖ਼ਤੀ ਵੀ ਵਰਤ ਸਕਦਾ ਹੈ। ਪਰ ਮਾਂ? ਉਹ ਤਾਂ ਬਹੁਤ ਹੀ ਘੱਟ ਇਹੋ ਜਿਹਾ ਕਰ ਸਕੇਗੀ।

              

              ਮਾਂ ਬਾਰੇ ਬਹੁਤ ਸਾਰੇ ਗੀਤ ਵੀ ਲਿਖੇ ਗਏ ਹਨ। ਜਿਵੇਂ ਹਰਭਜਨ ਮਾਨ ਨੂੰ ਮਸ਼ਹੂਰ ਕਰਨ ਵਾਲਾ ਗੀਤ ਸ਼ਾਇਦ ਮਾਂ ਦੀ ਚਿੱਠੀ ਬਾਰੇ ਹੀ ਸੀ:

 

                            ਚਿੱਠੀਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ

                            ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ।

                            ਆਖੀਂ ਮੇਰੇ ਸੋਹਣੇ ਪੁੱਤ ਨੂੰ

                            ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ।

              

              ਪਤਾ ਨਹੀਂ ਵਿਦੇਸ਼ਾਂ ਵਿੱਚ ਰਹਿੰਦੇ ਕਿੰਨੇ ਕੁ ਪੰਜਾਬੀ ਬੱਚੇ ਇਸ ਗੀਤ ਨੂੰ ਸੁਣ ਕੇ ਕਿੰਨੀ ਕੁ ਵਾਰੀ ਰੋਏ ਹੋਣਗੇ। ਪਤਾ ਨਹੀਂ ਬੱਚਿਆਂ ਤੋਂ ਦੁਰ ਰਹਿੰਦੀਆਂ ਕਿੰਨੀਆਂ ਕੁ ਮਾਵਾਂ ਇਸ ਗੀਤ ਨੂੰ ਸੁਣ ਕੇ ਕਿੰਨੀ ਕੁ ਵਾਰੀ ਰੋਈਆਂ ਹੋਣਗੀਆਂ। ਇਹ ਗੀਤ ਪੁੱਤਾਂ ਲਈ ਹੀ ਨਹੀਂ, ਧੀਆਂ ਬਾਰੇ ਵੀ ਹੈ।

              

              ਮੈਂ ਸਿਰਫ਼ 13 ਕੁ ਸਾਲਾਂ ਦਾ ਸੀ ਜਦੋਂ ਮੇਰੇ ਦਾਦੀ ਜੀ ਸਵਰਗਵਾਸ ਹੋ ਗਏ। ਦਾਦੀ ਜੀ ਇਕ ਬਹੁਤ ਹੀ ਨੇਕ ਅਤੇ

ਪਿਆਰੇ ਇਨਸਾਨ ਸਨ। ਉਨ੍ਹਾਂ ਦੀ ਮੌਤ ਤੇ ਮੈਂ ਪਹਿਲੀ ਵਾਰੀ ਆਪਣੇ ਪਿਤਾ ਨੂੰ ਧਾਹਾਂ ਮਾਰ ਮਾਰ ਕੇ ਰੋਂਦੇ ਦੇਖਿਆ ਸੀ। ਸ਼ਾਇਦ ਉਦੋਂ ਹੀ ਪਹਿਲੀ ਵਾਰੀ ਮੈਨੂੰ ਅਹਿਸਾਸ ਹੋਇਆ ਹੋਵੇ ਕਿ ਮਾਂ ਦੇ ਤੁਰ ਜਾਣ ਦਾ ਕਿੰਨਾ ਕੁ ਦੁੱਖ ਹੁੰਦਾ ਹੈ। ਜਦੋਂ ਮੇਰਾ ਚਾਚਾ ਵਿਆਹਿਆ ਗਿਆ ਤਾਂ ਚਾਚੀ ਨੇ ਆਉਂਦੀ ਨੇ ਹੀ ਬਾਬੇ ਨੂੰ ਹੱਥਾਂ ਵਿੱਚ ਲੈ ਲਿਆ ਅਤੇ ਜੁਦੇ ਹੋਣ ਦਾ ਬਿਗਲ ਵਜਾ ਦਿੱਤਾ। ਮੈਂ ਉਦੋਂ ਅੱਠ-ਨੌਂ ਸਾਲਾਂ ਦਾ ਸੀ। ਮੇਰੇ ਬਾਬੇ ਨੇ ਮੇਰੇ ਪਿਓ ਨੂੰ ਬਗੈਰ ਕੁਝ ਦਿੱਤਿਆਂ ਜੁਦਾ ਕਰ ਦਿੱਤਾ। ਪਰ ਇਹ ਮੇਰੀ ਦਾਦੀ ਹੀ ਸੀ ਜਿਸਨੇ ਆਪਣੇ ਵੱਡੇ ਪੁੱਤ ਨਾਲ ਇਹ ਬੇਇਨਸਾਫ਼ੀ ਨਾ ਹੋਣ ਦਿੱਤੀ ਅਤੇ ਉਹ ਇਸ ਗੱਲ ਤੇ ਅੜ ਗਈ ਕਿ ਉਸਦੇ ਵੱਡੇ ਪੁੱਤ ਨੂੰ ਉਸਦਾ ਹਿੱਸਾ ਮਿਲਣਾ ਹੀ ਚਾਹੀਦਾ ਹੈ। ਬਾਬੇ ਨੂੰ ਭਾਵੇਂ ਮੰਨਣਾ ਤਾਂ ਪਿਆ ਪਰ ਉਸਨੇ ਫਿਰ ਵੀ ਮਸਾਂ ਚੌਥੇ ਕੁ ਹਿੱਸੇ ਦੀ ਜ਼ਮੀਨ ਹੀ ਮੇਰੇ ਪਿਓ ਨੂੰ ਦਿੱਤੀ। ਮੇਰੀ ਦਾਦੀ ਹਮੇਸ਼ਾ ਮੇਰੇ ਪਿਓ ਨੂੰ ਉਸੇ ਤਰ੍ਹਾਂ ਪਿਆਰ ਕਰਦੀ ਰਹੀ, ਉਸਨੂੰ ਲਾਡ ਕਰਦੀ ਰਹੀ, ਉਸਨੂੰ ਦਿਲ ਨਾਲ ਲਾਉਂਦੀ ਰਹੀ। ਪਰ ਮੇਰੇ ਬਾਬੇ ਨੇ ਮੇਰੇ ਪਿਓ ਨੂੰ ਬਹੁਤ ਲੰਬਾ ਸਮਾਂ ਬੁਲਾਇਆ ਤੱਕ ਨਾ ਹਾਲਾਂ ਕਿ ਮੇਰਾ ਪਿਓ ਮੇਰੇ ਦਾਦੇ ਅੱਗੇ ਕਦੇ ਵੀ ਨਹੀਂ ਸੀ ਬੋਲਿਆ। ਮੇਰਾ ਪਿਓ ਨਿਰਾ ਦਰਵੇਸ਼ ਸੀ ਪਰ ਮੇਰਾ ਬਾਬਾ ਚੰਡਾਲ ਸੀ। ਬਾਬੇ ਦੀਆਂ ਬਹੁਤ ਸਾਰੀਆਂ ਬੇਇਨਸਾਫ਼ੀਆਂ ਦੇ ਬਾਵਜੂਦ ਵੀ ਮੇਰੇ ਪਿਓ ਨੇ ਉਸਦੇ ਵਿਰੁੱਧ ਕਦੇ ਇਕ ਸ਼ਬਦ ਵੀ ਨਹੀਂ ਸੀ ਕਿਹਾ।

              

              ਮਾਂ ਦੀ ਜੋ ਬੱਚਿਆਂ ਨੂੰ ਦੇਣ ਹੈ ਉਸ ਲਈ ਮਾਂ ਨੂੰ ਸਹੀ ਅਰਥਾਂ ਵਿੱਚ ਸ਼ਰਧਾਂਜਲੀ ਦੇਣ ਲਈ ਸ਼ਬਦ ਹੀ ਨਹੀਂ ਹਨ। ਜਿੰਨਾ ਵੀ ਕਿਹਾ ਜਾ ਸਕੇ ਥੋੜਾ ਹੈ। ਅਖੀਰ ਵਿੱਚ ਮੈਂ ਆਪਣੀ ਮਾਂ ਅਤੇ ਸਭ ਮਾਵਾਂ ਨੂੰ ਬੜੇ ਅਦਬ ਨਾਲ ਪ੍ਰਣਾਮ ਕਰਦਾ ਹਾਂ ਅਤੇ ਇਹ ਲੇਖ ਦੋ ਕਵਿਤਾਵਾਂ ਨਾਲ ਮਾਵਾਂ ਨੂੰ ਸ਼ਰਧਾਂਜਲੀ ਦੇ ਕੇ ਬੰਦ ਕਰਦਾ ਹਾਂ। ਪਹਿਲੀ ਗ਼ਜ਼ਲ ਰਾਜਿੰਦਰ ਜਿੰਦ ਦੀ ਲਿਖੀ ਹੋਈ ਹੈ ਜੋ ਉਸਨੇ ਆਪਣੀ ਮਾਤਾ ਜੀ ਦੇ ਤੁਰ ਜਾਣ ਤੋਂ ਕੁਝ ਦਿਨ ਬਾਦ ਲਿਖੀ ਸੀ। ਦੂਜੀ ਕਵਿਤਾ ਸ਼ਿਵ ਕੁਮਾਰ ਦੀ ਹੈ।

 

      ਗ਼ਜ਼ਲ

     -ਰਾਜਿੰਦਰ ਜਿੰਦ

 

ਕੱਲਿਆਂ ਛੱਡ ਕੇ ਮਾਂ ਤੁਰ ਗਈ ਏ।

ਏਦਾਂ ਲਗਦਾ ਛਾਂ ਤੁਰ ਗਈ ਏ।

 

ਸ਼ਾਇਦ ਹੀ ਹੁਣ ਨੀਂਦਰ ਆਵੇ

ਸਿਰ ਦੇ ਹੇਠੋਂ ਬਾਂਹ ਤੁਰ ਗਈ ਏ।

 

ਬਾਪੂ ਦੀ ਝਿੜਕੀ ਤੋਂ ਡਰ ਕੇ

ਲੁਕਣੇ ਵਾਲੀ ਥਾਂ ਤੁਰ ਗਈ ਏ।

 

ਹੋਰ ਕਿਸੇ ਜਾਮੇ ਵਿੱਚ ਆਊ

ਏਸੇ ਲਈ ਹੀ ਤਾਂ ਤੁਰ ਗਈ ਏ।

 

ਉਂਗਲੀ ਫੜ ਕੇ ਸਾਂਭਦਿਆਂ ਨੂੰ

ਝੱਟ ਹੀ ਕਰਕੇ ਨਾਂਹ ਤੁਰ ਗਈ ਏ।

 

ਸਾਰੀ ਉਮਰ ਲਕੋਈ ਰੱਖਿਆ

ਉੱਚਾ ਕਰ ਕੇ ਨਾਂ ਤੁਰ ਗਈ ਏ।

 

 

      ਮਾਂ

        -ਸ਼ਿਵ ਕੁਮਾਰ

  

ਮਾਂ,

ਹੇ ਮੇਰੀ ਮਾਂ

ਤੇਰੇ ਆਪਣੇ ਦੁੱਧ ਵਰਗਾ

ਹੀ ਤੇਰਾ ਸੁੱਚਾ ਨਾਂ

ਜੀਭ ਹੋ ਜਾਏ ਮਾਖਿਓਂ

ਹਾਏ ਨੀ ਤੇਰਾ ਨਾਂ ਲਿਆਂ

ਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂ

ਮਾਘੀ ਦੀ ਹਾਏ ਸੁੱਚੜੀ,

ਸੰਗਰਾਂਦ ਵਰਗਾ ਤੇਰਾ ਨਾਂ

ਮਾਂ ਤਾਂ ਹੁੰਦੀ ਹੈ ਛਾਂ

ਛਾਂ ਕਦੇ ਘਸਦੀ ਤੇ ਨਾ

ਮਾਂ,

ਹੇ ਮੇਰੀ ਮਾਂ!

ਤੂੰ ਮੇਰੀ ਜਨਨੀ ਨਹੀਂ

ਮੈਂ ਇਹ ਹਕੀਕਤ ਜਾਣਦਾਂ

ਤੇਰਾ ਮੇਰਾ ਕੀ ਹੈ ਰਿਸ਼ਤਾ

ਏਸ ਬਾਰੇ ਕੀ ਕਹਾਂ?

ਗ਼ਮ ਦੇ ਸਹਿਰਾਵਾਂ 'ਚ ਭੁੱਜਿਆ

ਮੈਂ ਹਾਂ ਪੰਛੀ ਬੇ-ਜ਼ੁਬਾਂ

ਦੋ ਕੁ ਪਲ ਜੇ ਦਏਂ ਇਜਾਜ਼ਤ

ਤੇਰੀ ਛਾਵੇਂ ਬੈਠ ਲਾਂ

ਮਾਂ ਤਾਂ ਹੁੰਦੀ ਹੈ ਛਾਂ

ਛਾਂ ਕਦੇ ਘਸਦੀ ਤੇ ਨਾ

ਮਾਂ,

ਹੇ ਮੇਰੀ ਮਾਂ!

ਮਾਂ,

ਹੇ ਮੇਰੀ ਮਾਂ

ਜਾਣਦਾਂ, ਮੈਂ ਜਾਣਦਾਂ

ਅਜੇ ਤੇਰੇ ਦਿਲ 'ਚ ਹੈ ૶

ਖੁਸ਼ਬੋ ਦਾ ਹੜ੍ਹ

ਉਮਰ ਮੇਰੀ ਦੇ ਵਰ੍ਹੇ

ਹਾਲੇ ਜਵਾਂ

ਠੀਕ ਹੀ ਕਹਿੰਦੀ ਹੈਂ ਤੂੰ ਇਹ ਅੰਮੜੀਏ

ਰੱਤ ਤੱਤੀ

ਕਾਮ ਦੀ ਹੁੰਦੀ ਹੈ ਮਾਂ

ਪਰ ਮੈਂ ਅੰਮੀਏ ਇਹ ਕਹਾਂ

ਰੱਤ ਠੰਡੀ ਹੋਣ ਵਿੱਚ

ਲੱਗੇਗਾ ਅੰਤਾਂ ਦਾ ਸਮਾਂ

ਕਰਨ ਲਈ ਕੀੜੀ ਨੂੰ ਜਿੰਨਾ

ਸ਼ਾਇਦ ਭੂ-ਪਰਦੱਖਣਾ

ਕੀਹ ਭਲਾ ਏਨੇ ਸਮੇਂ-

ਪਿੱਛੋਂ ਇਕ ਜੰਮਦੀ ਹੈ ਮਾਂ?

ਝੂਠ ਬਕਦਾ ਹੈ ਜਹਾਂ

ਮਾਂ ਤਾਂ ਹੁੰਦੀ ਹੈ ਛਾਂ

ਛਾਂ ਕਦੇ ਘਸਦੀ ਤੇ ਨਾ

ਮਾਂ,

ਹੇ ਮੇਰੀ ਮਾਂ!

ਮਾਂ,

ਹੇ ਮੇਰੀ ਮਾਂ

ਤੋਤੇ ਦੀ ਅੱਖ ਵਾਂਗ ਟੀਰਾ

ਹੈ ਅਜੇ ਸਾਡਾ ਜਹਾਂ

ਭੇਡ ਦੇ ਪੀਲੇ ਨੇ ਦੰਦ

ਕੁੱਤੇ ਦੀ ਇਹਦੀ ਜ਼ੁਬਾਂ

ਕਰਦਾ ਫਿਰਦਾ ਹੈ ਜੁਗਾਲੀ

ਕਾਮ ਦੀ ਇਹ ਥਾਂ ਕੁਥਾਂ

ਬਹੁਤ ਬਕਵਾਸੀ ਸੀ ਇਹਦੇ

ਪਿਉ ਦਾ ਪਿਉ

ਬਹੁਤ ਬਕਵਾਸਣ ਸੀ ਇਹਦੀ

ਮਾਂ ਦੀ ਮਾਂ

ਏਥੇ ਥੋਹਰਾਂ ਵਾਂਗ

ਉੱਗਦਾ ਹੈ ਸ਼ੈਤਾਂ

ਮਾਂ ਤਾਂ ਹੁੰਦੀ ਹੈ ਛਾਂ

ਛਾਂ ਕਦੇ ਘਸਦੀ ਤੇ ਨਾ

ਮਾਂ,

ਹੇ ਮੇਰੀ ਮਾਂ!

ਮਾਂ,

ਹੇ ਮੇਰੀ ਮਾਂ

ਮਿਰਗਾਂ ਦੀ ਇਕ ਨਸਲ ਦਾ

ਕਸਤੂਰੀਆਂ ਹੁੰਦਾ ਹੈ ਨਾਂ

ਕਸਤੂਰੀਆਂ ਨੂੰ ਜਨਮ ਦੇਂਦੀ

ਹੈ ਜਦੋਂ ਉਹਨਾਂ ਦੀ ਮਾਂ

ਪਾਲਦੀ ਹੈ ਰੱਖ ਕੇ

ਇਕ ਹੋਰ ਥਾਂ, ਇਕ ਹੋਰ ਥਾਂ

ਫੇਰ ਆਉਂਦਾ ਹੈ ਸਮਾਂ

ਖਰਮ-ਹੀਣੇ ਬੱਚਿਆਂ ਨੂੰ

ਭੁੱਲ ਜਾਂਦੀ ਹੈ ਉਹ ਮਾਂ

ਮਾਂ-ਵਿਹੂਣੇ ਪਹੁੰਚ ਜਾਂਦੇ

ਨੇ ਕਿਸੇ ਐਸੀ ਉਹ ਥਾਂ

ਜਿੱਥੇ ਕਿਧਰੇ ਚੁਗਣ ਪਈਆਂ

ਹੋਣ ਰਲ ਕੇ ਬਕਰੀਆਂ

ਬਕਰੀਆਂ ਵੀ ਕਰਦੀਆਂ ਨਾ,

ਚੁੰਘਣੋ ਉਹਨਾਂ ਨੂੰ ਨਾਂਹ

ਮਾਂ ਤਾਂ ਹੁੰਦੀ ਹੈ ਮਾਂ

ਪਸ਼ੂ ਤੋਂ ਮਾੜੀ ਨਹੀਂ

ਅੰਮੜੀਏ ਆਦਮ ਦੀ ਮਾਂ

ਤੇਰਾ ਮੇਰਾ ਕੀ ਹੈ ਰਿਸ਼ਤਾ

ਏਸ ਬਾਰੇ ਕੀ ਕਹਾਂ?

ਮਾਂ ਤਾਂ ਹੁੰਦੀ ਹੈ ਛਾਂ

ਛਾਂ ਕਦੇ ਘਸਦੀ ਤੇ ਨਾ

ਤੇਰੇ ਸੁੱਚੇ ਦੁੱਧ ਵਰਗਾ

ਹੀ ਤੇਰਾ ਸੁੱਚਾ ਹੈ ਨਾਂ

ਮਾਂ,

ਹੇ ਮੇਰੀ ਮਾਂ!

 

         

 
                            
            
 

    ਅਕਤੂਬਰ 24, 2008 

ਪਾਕਿਸਤਾਨੀ ਪੰਜਾਬੀ ਕਵਿਤਾ ਵਿਚ ਮਾਂ

                                                                                - ਗੁਰਦੇਵ ਸਿੰਘ ਘਣਗਸ

 

ਬੱਚੇ ਦਾ ਸਭ ਤੋਂ ਪਹਿਲਾ ਅਤੇ ਡੂੰਘਾ ਰਿਸ਼ਤਾ ਮਾਂ ਦੇ ਨਾਲ ਹੁੰਦਾ ਹੈ। ਜਿੰਨੇ ਧਿਆਨ ਨਾਲ ਮਾਂ ਪਾਲਣ-ਪੋਸਣ ਦਾ ਕੰਮ ਨਿਭਾਉਂਦੀ ਹੈ ਉੱਨਾ ਹੀ ਵਧੀਆ ਅਸਰ ਬੱਚੇ-ਬੱਚੀਆਂ ਉੱਪਰ ਸਾਰੀ ਉਮਰ ਚਲਦਾ ਰਹਿੰਦਾ ਹੈ। ਇਸੇ ਤਰ੍ਹਾਂ ਪਾਲਣ-ਪੋਸਣ ਵਿਚ ਜਦੋਂ ਬਾਪ ਹੱਥ ਵੰਡਾਉਣ ਲੱਗ ਪਵੇ ਤਾਂ ਉਸਦਾ ਰਿਸ਼ਤਾ ਵੀ ਡੂੰਘਾ ਹੁੰਦਾ ਜਾਂਦਾ ਹੈ; ਫਿਰ ਵੀ ਮਾਂਵਾਂ ਦੇ ਰਿਸ਼ਤੇ ਅਮੂਮਨ ਵਧੇਰੇ ਨਿੱਘੇ ਦੇਖੇ ਜਾਂਦੇ ਹਨ। ਮਾਂ ਦੀ ਬੋਲੀ ਅਤੇ ਭਾਸ਼ਾ ਨਾਲ ਬੱਚੇ ਦੀ ਸੋਚਣ ਸ਼ਕਤੀ ਦਾ ਵਿਕਾਸ ਹੁੰਦਾ ਹੈ। ਇਸ ਲਈ ਮਾਂ-ਬੋਲੀ ਵਿਚ ਸਮਝਾਈ ਗੱਲ ਸੌਖੀ ਅਤੇ ਸਹੀ ਅਰਥਾਂ ਵਿਚ ਸਮਝੀ ਜਾ ਸਕਦੀ ਹੈ। ਜਿਨ੍ਹਾਂ ਲੋਕਾਂ ਦੀ ਮਾਂ-ਬੋਲੀ ਇੱਕੋ ਹੋਵੇ ਉਹਨਾਂ ਨੂੰ ਸਮਝਣਾ ਵੀ ਸੌਖਾ ਹੁੰਦਾ ਹੈ।

             

              ਗੁਰਮੁਖੀ ਵਿਚ ਲਿਖਣ ਵਾਲੇ ਪੰਜਾਬੀ ਕਵੀਆਂ ਵੱਲੋਂ ਮਾਂ ਦੇ ਰਿਸ਼ਤੇ ਬਾਰੇ ਲਿਖੀਆਂ ਕਵਿਤਾਵਾਂ ਆਮ ਮਿਲਦੀਆਂ ਰਹਿੰਦੀਆਂ ਹਨ। ਜਿਸ ਤਰ੍ਹਾਂ ਲਹਿੰਦੇ-ਪੰਜਾਬ (ਪਾਕਿਸਤਾਨੀ-ਪੰਜਾਬ) ਦੇ ਲੋਕਾਂ ਨੇ ਗੁਰਮੁਖੀ ਵਿਚ ਲਿਖੀਆਂ ਕਵਿਤਾਵਾਂ ਘੱਟ ਪੜ੍ਹੀਆਂ ਹੋਣਗੀਆਂ, ਇਸੇ  ਤਰ੍ਹਾਂ ਭਾਰਤੀ-ਪੰਜਾਬ ਦੇ ਲੋਕਾਂ ਨੇ ਵੀ ਮੇਰੇ ਵਾਂਗੂੰ ਸ਼ਾਹਮੁਖੀ ਵਿਚ ਲਿਖੀਆਂ ਕਵਿਤਾਵਾਂ ਘੱਟ ਪੜ੍ਹੀਆਂ ਹੋਣਗੀਆਂ। ਦੋਵਾਂ ਲਿੱਪੀਆਂ ਨੂੰ ਜਾਨਣ ਵਾਲੇ ਲੋਕ ਇਨ੍ਹਾਂ  ਕਵਿਤਾਵਾਂ ਨੂੰ ਸੌਖਿਆਂ ਘੋਖ ਸਕਦੇ ਹਨ। ਕੁਝ ਸਟੇਜ ਕਵੀਆਂ ਦੇ ਬੋਲ ਸਾਂਭੇ ਹੋਏ ਵੀ ਮਿਲਦੇ ਹਨ, ਜਿਨ੍ਹਾਂ ਵਿਚ ਪਾਕਿਸਤਾਨ ਦੀ ਇਕ ਪੰਜਾਬੀ ਕਵਿਤਾ ਨੂੰ ਬੜੇ ਉਤਸ਼ਾਹ ਨਾਲ ਪੜ੍ਹਿਆ ਜਾਂਦਾ ਰਿਹਾ ਹੈ। ਹੇਠਾਂ ਮੈਂ ਇਸ ਕਵਿਤਾ ਦੀਆਂ ਚੋਣਵੀਆਂ ਸਤਰਾਂ ਜੋ ਮੇਰੀ  ਸਮਝ ਅਨੁਸਾਰ ਇਸ ਮਜਮੂਨ ਲਈ ਢੁਕਦੀਆਂ ਹਨ, ਦੇ ਰਿਹਾਂ ਹਾਂ:

              

              ਸਿਫਤਾਂ ਕੀ ਕੀ ਸੁਣਾਵਾਂ ਮਾਂ ਦੀਆਂ

              ਅਜਮਤਾਂ ਕੀ ਕੀ ਸੁਣਾਵਾਂ ਮਾਂ ਦੀਆਂ

              ਤਾਰ ਦੇਂਦੀਆਂ ਨੇ ਦੁਆਵਾਂ ਮਾਂ ਦੀਆਂ

              -  -  -  -  -

              ਲਾਲ ਪਿਆਰਾ ਜਦ ਤੱਕ ਘਰ ਨਹੀਂ ਆਂਵਦਾ

              ਇਹ ਰਹਿਣ ਬੂਹੇ ਤੇ ਨਿਗਾਹਵਾਂ ਮਾਂ ਦੀਆਂ

 

              ਲਹਿੰਦੇ ਚੜ੍ਹਦੇ ਹਰ ਥਾਂ ਧੁੰਮਾਂ ਧੁੰਮੀਆਂ

              ਗੂੜ੍ਹੀਆਂ ਠੰਢੀਆਂ ਨੇ ਛਾਵਾਂ ਮਾਂ ਦੀਆਂ

 

              -  -  -  -  -

              ਰੱਬ ਕਾਦਰ ਕਰੀਮ ਰਹੀਮ ਐਸਾ, ਕੋਈ ਰਹੀਮ ਨਹੀਂ ਅੱਲਾ ਪਾਕ ਵਰਗਾ

              ਦੁਨੀਆਦਾਰੀ ਦੇ ਸਾਰੇ ਰਿਸ਼ਤਿਆਂ ਵਿਚ, ਕੋਈ ਸਾਕ ਨੀ ਮਾਂ ਦੇ ਸਾਕ ਵਰਗਾ

              ਪੁੱਤਰ ਭਾਵੇਂ ਜਮਾਨੇ ਦਾ ‘ਬੌਸ’ ਹੋਵੇ, ਨਹੀਂ ਉਹ ਮਾਂ ਦੇ ਪੈਰਾਂ ਦੀ ਖਾਕ ਵਰਗਾ

              -  -  -  -  -

              ਜਿਸ ਹਾਲ ਦੇ ਵਿਚ ਹੋਵੇ ਮਾਂ ਰਾਜੀ ਓਸੇ ਹਾਲ  ਦੇ ਵਿਚ ਤੂੰ ਜੀ ਲਿਆ ਕਰ

              ਉੱਚਾ ਬੋਲ ਨਾ ਮਾਂ ਤੋਂ ਬੋਲ ਬੈਠੀਂ, ਮਾਂ ਸਾਹਮਣੇ ਲਬਾਂ ਨੂੰ ਸੀ ਲਿਆ ਕਰ

              ਜਦੋਂ ਤੈਨੂੰ ਸਕੂਨ ਦੀ ਲੋੜ ਹੋਵੇ, ਪੈਰ ਮਾਂ ਦੇ ਧੋਕੇ ਪੀ ਲਿਆ ਕਰ

              -  -  -  -  -

              ਅਜਮਤ ਓਸ ਇਨਸਾਨ ਦੀ ਬੜੀ ਹੁੰਦੀ, ਰਾਜੀ ਜਿਸਤੇ ਸੱਜਣੋ ਮਾਂ ਹੋਵੇ 

              ਜਿਹੜਾ ਝੁਕਦਾ ਮਾਂ ਦੇ ਵਿਚ ਕਦਮਾਂ, ਉਹ ਬੰਦਾ ਜ਼ਮਾਨੇ ਤੇ ਤਾਂ ਹੋਵੇ

              -  -  -  -  -

              ਰੁਤਬਾ ਮਾਂ ਦਾ ਰੱਬ ਬੁਲੰਦ ਕੀਤਾ ਸਾਨੀ ਮਾਂ ਦਾ ਵਿਚ ਸੰਸਾਰ ਕੋਈ ਨੀ

              ਦਰਦੀ ਕੋਈ ਨਹੀਂ ਮਾਂ ਦੇ ਦਿਲ ਵਰਗਾ, ਮਾਂ ਵਾਂਗੂੰ ਕਰਦਾ ਪਿਆਰ ਕੋਈ ਨੀ

              ਜੀਹਦੀ ਕੰਡ ਤੇ ਮਾਂ ਦਾ ਹੱਥ ਹੋਵੇ, ਉਹਨੂੰ ਦੋਵਾਂ ਜਹਾਨਾਂ ’ਚ ਹਾਰ ਕੋਈ ਨੀ

              -  -  -  -  -

              ਮਾਂ ਦੀ ਮਾਮਤਾ ਸੱਚਾ ਏ ਪਿਆਰ ਐਸਾ, ਜੀਹਦੇ ਵਿਚ ਦਿਖਾਵੇ ਦੀ ਬਾਤ ਕੋਈ ਨੀ

              ਬਾਅਦ ਰੱਬ ਰਸੂਲ ਦੀ ਜਾਤ ਨਾਲੋਂ, ਵੱਧ ਮਾਂ ਦੀ ਜਾਤ ਤੋਂ ਜਾਤ ਕੋਈ ਨੀ

              ਜਿਹੜੀ ਲੰਘੇ ਮਾਂ ਦੀ ਵਿਚ ਖਿਦਮਤ,  ਇਹੋ ਜਿਹੀ ਇਬਾਦਤ ਦੀ ਰਾਤ ਕੋਈ ਨੀ

              -  -  -  -  -

              ਪੁੱਤਰ ਭਾਵੇਂ ਜ਼ਮਾਨੇ ਦਾ ਹੋਵੇ ਐਬੀ, ਮਾਂ ਫੇਰ ਵੀ ਪਰਦੇ ਕੱਜਦੀ ਏ

              ਨਾ ਫੁਰਮਾਨ ਤੇ ਭਾਵੇਂ ਮੁਸਤਾਖ ਹੋਵੇ, ਸਿਫਤਾਂ ਕਰ ਕਰ ਮਾਂ ਨਾ ਰੱਜਦੀ ਏ

              ਛੇਆਂ ਕੋਹਾਂ ਤੇ ਪੁੱਤਰ ਨੂੰ ਲੱਗੇ ਠੇਡਾ, ਸੱਟ ਮਾਂ ਦੇ ਸੀਨੇ ’ਚ ਵੱਜਦੀ ਏ

              ਤਾਂ ਹੀ ਮਾਂ ਦਾ ਅਜਬ ਮੈਂ ਪਿਆਰ ਡਿੱਠਾ, ਖਾਂਦਾ ਪੁੱਤਰ ਤੇ ਮਾਂ ਪਈ ਰੱਜਦੀ ਏ

              ----

              ਜਾਵਾਂ ਸਦਕੇ ਮਾਂ ਦੇ ਨਾਂ ਉੱਤੋਂ, ਮਾਂ ਆਖਿਆਂ ਸੀਨੇ ’ਚ ਠੰਢ ਪੈਂਦੀ

              ਨਾਲ ਪਿਆਰ ਦੇ ਜਦੋਂ ਵੀ ਮਾਂ ਕਹੀਏ, ਇੰਜ ਲਗਦਾ ਮੂੰਹ ’ਚ ਖੰਡ ਪੈਂਦੀ

              ਜਿਹੜਾ ਮਾਂ ਨੂੰ ਦਏ ਨਾ ਕੰਡ ਯਾਰੋ, ਉਹਦੀ ਕਦੇ ਵੀ ਭੁੰਜੇ ਨੀ ਕੰਡ ਪੈਂਦੀ

              -  -  -  -  -

              ਨਿਹਮਤ ਬਦਲ ਕੋਈ ਜੱਗ ਤੇ ਮਾਂ ਦਾ ਨਹੀਂ, ਕਰੇ ਲੱਖ ਜਮਾਨਾ ਪਿਆਰ ਭਾਵੇਂ

              ਦੇਣ ਮਾਂ ਦਾ ਕੋਈ ਨਹੀਂ ਦੇ ਸਕਦਾ, ਪੁੱਤਰ ਜਾਨ ਵੀ ਦੇਵੇ ਵਾਰ ਭਾਵੇਂ

              ਕੋਈ ਸਾਥ ਨੀ ਮਾਂ ਦੇ ਸਾਥ ਵਰਗਾ, ਸਾਗਰ ਵੇਖ ਲੈ ਫੋਲ ਸੰਸਾਰ ਭਾਵੇਂ

 

              ਦੋ ਕੁ ਸਾਲ ਪਹਿਲਾਂ ਮੈਂਨੂੰ ਪਹਿਲੀ ਵਾਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਨਨਕਾਣਾ ਸਾਹਿਬ ਦੀ ਸੜਕ ਤੇ ਜਾਂਦੀ ਲਾਗਲੇ ਪਿੰਡ ਦੀ ਇੱਕ ਬੀਬੀ ਤੋਂ ਮੈਂ ਕਿਸੇ ਗੁਰਦਵਾਰੇ ਦਾ ਰਸਤਾ ਪੁੱਛਿਆ ਤਾਂ ਉਸਨੇ ਮੈਂਨੂੰ ਰਸਤਾ ਵੀ ਦੱਸਿਆ ’ਤੇ ਮੇਰੇ ਨਾਲ ਦਸ ਪੰਦਰਾਂ ਮਿੰਟ ਮੋਹ ਭਰੀਆਂ ਗੱਲਾਂ ਵੀ ਕੀਤੀਆਂ ਜਿਸ ਤੋਂ ਮੈਂਨੂੰ ਇੱਦਾਂ ਲੱਗਿਆ ਜਿਵੇਂ ਮੈਂ ਆਪਣੇ ਪਿੰਡ ਦੀ ਕਿਸੇ ਭੈਣ ਜਾਂ ਭੂਆ ਨਾਲ ਗੱਲਾਂ ਕਰ ਰਿਹਾ ਹੋਵਾਂ। ਇਸ ਨਜ਼ਮ ਨੂੰ ਪੜ੍ਹ-ਸੁਣਕੇ ਵੀ ਮੈਂਨੂੰ ਹਰ ਵਾਰ ਏਦਾਂ ਹੀ ਲਗਦਾ ਹੈ ਜਿਵੇਂ ਇਹ ਮੇਰੇ ਸਮਿਆਂ ਵਿਚ ਮੇਰੇ ਪਿੰਡ ਦੀਆਂ ਮਾਵਾਂ ਬਾਰੇ ਲਿਖੀ ਕਵਿਤਾ ਦੀਆਂ ਸਤਰਾਂ ਹਨ। ਲਹਿੰਦੇ ਪੰਜਾਬ ਵਿਚ ਵੀ ਗਰਮੀ ਪੈਂਦੀ ਹੈ ਤੇ ਮਾਂ ਦੇ ਪਿਆਰ ਨੂੰ ਕਵਿਤਾ ਵਿਚ ਵੀ ਬਿਰਖ ਦੀ ਠੰਢੀ ਛਾਂ ਵਰਗਾ ਸੁਖਦਾਇਕ ਦਰਸਾਇਆ ਗਿਆ ਹੈ।  

         

 
                            
            
 

    ਅਕਤੂਬਰ 24, 2008 

ਮਾਂ ਵਰਗਾ ਘਣ-ਛਾਵਾਂ ਬੂਟਾ!

                                                                                -ਬਰਜਿੰਦਰ ਕੌਰ ਢਿੱਲੋਂ

 

              ਮਾਂ ਵਰਗਾ ਕੋਈ ਨਹੀਂ,

              ਪੁੱਛ ਦੇਖਿਆ ਕਈ ਹਜ਼ਾਰਾਂ।

              ਮਾਰ ਉਡਾਰੀ ਉਡ ਜਾਵਣ ਤੇ

              ਹੱਥ ਨਹੀਂ ਆਉਂਦੀਆਂ ਡਾਰਾਂ।

              

              ਮਾਵਾਂ ਠੰਢੀਆਂ ਛਾਂਵਾਂ,

              ਹਰ ਵੇਲੇ ਦੇਣ ਦੁਆਵਾਂ,

              ਪਰਦੇਸੀ ਗਏ ਬੱਚਿਆਂ ਦਾ,

              ਤੱਕਦੀਆਂ ਰਹਿੰਦੀਆਂ ਰਾਹਵਾਂ।

              

              ਜਦੋਂ ਵੀ ਮੈਂ ਦੇਸ ਜਾਣਾ ਤਾਂ ਮਾਂ ਨੇ ਘੁੱਟ ਕੇ ਜੱਫੀ ਪਾਉਣੀ, ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਤੇ ਨਾਲੇ ਕਹਿਣਾ "ਨੀ ਮੇਰਾ ਪੁੱਤ ਆਇਆ, ਨੀ ਮੈਂ ਸਦਕੇ ਜਾਵਾਂ, ਮੈਂ ਵਾਰੀ ਜਾਵਾਂ।" ਥੋੜੀ੍ਹ ਦੇਰ ਪਿੱਛੋਂ ਮੈਨੂੰ ਦੇਖ ਕੇ ਕਹਿਣਾ, "ਮੇਰਾ ਪੁੱਤ ਕਿੰਨਾ ਕਮਜ਼ੋਰ ਹੋ ਗਿਆ ਏ। ਪਰਦੇਸਾਂ ਵਿੱਚ ਕਿੱਥੇ ਲੱਭਦੇ ਨੇ ਮਾਂ ਦੇ ਹੱਥ ਦੇ ਬਣੇ ਖਾਣੇ। ਮੈਂ ਨਹੀਂ ਤੈਨੂੰ ਜਾਣ ਦੇਣਾ ਵਾਪਸ ਕਨੇਡੇ ਨੂੰ। ਆਪਣੇ ਘਰ ਬਹੁਤ ਕੁਝ ਹੈ।" ਮਾਂ ਦੇ ਅੰਦਰ ਦੀ ਪੀੜ ਸਮਝਣਾ ਬੱਚਿਆਂ ਲਈ ਬਹੁਤ ਮੁਸ਼ਕਲ ਹੁੰਦਾ ਹੈ। ਥੋੜ੍ਹੇ ਦਿਨ ਮਾਂ ਕੋਲ ਰਹਿ ਕੇ ਅਸੀਂ ਫਿਰ ਵਾਪਸ ਕਨੇਡਾ ਆਉਣ ਦੀ ਤਿਆਰੀ ਕਰ ਲੈਂਦੇ ਸੀ ਤਾਂ ਮਾਂ ਨੇ ਕਹਿਣਾ, ''ਮੇਰੇ ਪੁੱਤ ਨੇ ਮੈਨੂੰ ਫਿਰ ਨਹੀਂ ਮਿਲਣਾ।" ਮਾਂ ਨੇ ਗੱਡੀ ਚੜ੍ਹਾ ਕੇ ਤੁਰਦੀ ਗੱਡੀ ਦੇ ਨਾਲ ਨਾਲ ਤੁਰੀ ਆਉਣਾ ਤੇ ਕਹਿਣਾ, ''ਪਤਾ ਨਹੀਂ ਮੇਰਾ ਪੁੱਤ ਫਿਰ ਮੈਨੂੰ ਮਿਲੇਗਾ ਵੀ ਕਿ ਨਹੀਂ।" ਅੱਜ ਮਾਂ ਨਹੀਂ ਹੈ, ਤੇ ਸਾਨੂੰ ਕੋਈ ਦੇਸ ਆਉਣ ਲਈ ਕਹਿੰਦਾ ਵੀ ਨਹੀਂ। ਮਾਂ ਦੀ ਗੱਲ ਯਾਦ ਆਉਂਦੀ ਹੈ, ''ਪੇਕੇ ਮਾਵਾਂ ਨਾਲ ਹੁੰਦੇ ਹਨ। ਮੈਂ ਤੁਰ ਗਈ ਤਾਂ ਇੱਥੇ ਤੁਹਾਨੂੰ ਕਿਸੇ ਨਹੀਂ ਪੁੱਛਣਾ।" ਮਾਂ ਦੀ ਗੱਲ ਸੱਚੀ ਨਿਕਲੀ। ਭਰਾਵਾਂ ਨੂੰ ਡਰ ਹੈ ਕਿ  ਕਿਤੇ ਆ ਕੇ ਭੈਣ ਜ਼ਮੀਨ ਦਾ ਹਿੱਸਾ ਨਾ ਲੈ ਲਵੇ।

             

              ਮਾਂ ਵਰਗਾ ਇਸ ਦੁਨੀਆ ਤੇ ਕੋਈ ਹੋ ਹੀ ਨਹੀਂ ਸਕਦਾ। ਮਾਂ ਭੁੱਖੀ ਰਹਿ ਕੇ ਵੀ ਬੱਚੇ ਦਾ ਪੇਟ ਪਾਲੇਗੀ। ਵਕਤ ਆਉਣ ਤੇ ਤਾਂ ਆਪਣੇ ਬੱਚੇ ਵਾਸਤੇ ਆਪਣੀ ਜਾਨ ਵੀ ਦੇ ਦੇਵੇਗੀ। ਮਾਂ ਨਾ ਹੁੰਦੀ ਤਾਂ ਕੋਈ ਨਾ ਹੁੰਦਾ - ਨਾ ਇਹ ਦੁਨੀਆ ਹੁੰਦੀ, ਨਾ ਪਸ਼ੂ ਨਾ ਪੰਖੇਰੂ ਹੁੰਦੇ ਅਤੇ ਨਾ ਹੀ ਕੋਈ ਹੋਰ ਜੀਵ ਜੰਤੂ ਹੁੰਦਾ।

              

              ਮੇਰੀ ਮਾਂ ਨੇ ਮੈਨੂੰ ਅਤੇ ਮੇਰੇ ਭੈਣ ਭਰਾਵਾਂ ਨੂੰ ਇਕ ਵਾਰੀ ਨਹੀਂ ਸਗੋਂ ਦੋ ਵਾਰੀ ਜਨਮ ਦਿੱਤਾ। ਜਾਂ ਇੰਜ ਕਹਿ ਲਓ ਕਿ ਮਾਂ ਨੇ ਸਾਨੂੰ ਮੌਤ ਦੇ ਫਰਿਸ਼ਤੇ ਤੋਂ ਖੋਹ ਕੇ ਲਿਆਂਦਾ ਸੀ। ਪਾਕਿਸਤਾਨ ਬਣ ਗਿਆ, ਮੇਰੇ ਬਾਪ ਨੂੰ ਮਾਰ ਦਿੱਤਾ ਗਿਆ, ਅਤੇ ਮੇਰੇ ਸਾਰੇ ਪਰਵਾਰ ਨੂੰ ਵੀ ਮੌਤ ਦੇ ਘਾਟ ਉਤਾਰਨ ਵਾਲੇ ਹੀ ਸਨ ਕਿ ਮੇਰੀ ਮਾਂ ਨੇ ਆਪਣੀ ਦੂਰ-ਅੰਦੇਸ਼ੀ ਨਾਲ ਸਾਨੂੰ ਬਚਾ ਲਿਆ। ਉਸਨੇ ਆਪਣੀ ਪਰਵਾਹ ਨਹੀਂ ਕੀਤੀ। ਘਰੋਂ ਭੱਜੇ ਅਤੇ ਜ਼ਾਲਮਾਂ ਤੋਂ ਜਾਨ ਬਚਾਉਂਦੇ ਹੋਏ ਮਾਂ ਨੇ ਆਪਣੇ ਬੱਚਿਆਂ ਨੂੰ ਕਿਸੇ ਤਰ੍ਹਾਂ ਬਚਾ ਹੀ ਲਿਆ। ਮੇਰੀ ਮਾਂ ਮੇਰਾ ਬਾਪ ਵੀ ਸੀ ਤੇ ਮੇਰੀ ਮਾਂ ਵੀ ਸੀ। ਜਿੰਨੀ ਕੁਰਬਾਨੀ ਮੇਰੀ ਮਾਂ ਨੇ ਆਪਣੇ ਬੱਚਿਆਂ ਲਈ ਕੀਤੀ ਸੀ ਉਸਦਾ ਹਿਸਾਬ ਕਰਨਾ ਵੀ ਮੁਸ਼ਕਲ ਹੈ।

              

              ਇਕ ਛੋਟੀ ਜਿਹੀ ਕਹਾਣੀ ਯਾਦ ਆ ਗਈ ਹੈ। ਇਕ ਵਾਰੀ ਦੀ ਗੱਲ ਹੈ ਕਿ ਇਕ ਔਰਤ ਨੇ ਕਿਸੇ ਦੂਜੀ ਔਰਤ ਦਾ ਬੱਚਾ ਚੁਰਾ ਲਿਆ। ਬੱਚੇ ਦੀ ਮਾਂ ਇਕ ਧਰਮੀ ਰਾਜੇ ਕੋਲ ਫ਼ਰਿਆਦ ਲੈ ਕੇ ਗਈ। ਦੋਵੇਂ ਔਰਤਾਂ ਬੱਚੇ ਤੇ ਆਪਣਾ ਹੱਕ ਜਮਾ ਰਹੀਆਂ ਸਨ। ਰਾਜੇ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ। ਆਖਿਰ ਸੋਚ ਸੋਚ ਕੇ ਰਾਜੇ ਨੂੰ ਇਕ ਸੋਚ ਫੁਰੀ। ਉਸਨੇ ਆਪਣੇ ਕਰਮਚਾਰੀ ਨੂੰ ਹੁਕਮ ਦਿੱਤਾ ਕਿ ਬੱਚੇ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਕੱਟਿਆ ਜਾਵੇ ਤੇ ਇਕ ਇਕ ਟੁਕੜਾ ਦੋਹਾਂ ਮਾਵਾਂ ਨੂੰ ਦੇ ਦਿੱਤਾ ਜਾਵੇ। ਇਹ ਸੁਣਦਿਆਂ ਹੀ ਅਸਲੀ ਮਾਂ ਜ਼ੋਰ ਜ਼ੋਰ ਦੀ ਰੋਣ ਲੱਗੀ ਤੇ ਰਾਜੇ ਨੂੰ ਰੋ ਰੋ ਕੇ ਕਹਿਣ ਲੱਗੀ,

              ''ਨਹੀਂ ਸਰਕਾਰ, ਬੱਚਾ ਉਸ ਔਰਤ ਨੂੰ ਹੀ ਦੇ ਦਿਓ ਪਰ ਇਸਦੇ ਟੁਕੜੇ ਨਾ ਕਰੋ।"

ਦੂਜੀ ਔਰਤ ਜ਼ਿਦ ਕਰਨ ਲੱਗੀ ਕਿ ਬੱਚੇ ਦੇ ਟੁਕੜੇ ਜ਼ਰੂਰ ਕਰੋ। ਆਖਿਰ ਰਾਜੇ ਨੂੰ ਸਮਝ ਆ ਗਈ ਕਿ ਅਸਲੀ ਮਾਂ ਕੌਣ ਹੈ। ਬੱਚਾ ਅਸਲੀ ਮਾਂ ਨੂੰ ਦੇ ਦਿੱਤਾ ਗਿਆ ਅਤੇ ਚੋਰ ਨੂੰ ਸਖ਼ਤ ਸਜ਼ਾ ਮਿਲੀ।

ਛੋਟੇ ਹੁੰਦਿਆਂ ਮੈਨੂੰ ਗਾਜਰਾਂ ਨਹੀਂ ਸੀ ਚੰਗੀਆਂ ਲਗਦੀਆਂ। ਮਾਂ ਨੇ ਕਹਿਣਾ, ''ਖਾ ਲੈ ਬੱਚੇ, ਗਾਜਰਾਂ ਨਾਲ ਅੱਖਾਂ ਠੀਕ ਰਹਿੰਦੀਆਂ ਹਨ।" ਜੇ ਕਿਤੇ ਪੇਟ ਵਿੱਚ ਦਰਦ ਹੋਣਾ ਤਾਂ ਮਾਂ ਨੇ ਝੱਟ ਕਰ ਕੇ ਜਵੈਣ ਵਿੱਚ ਲੂਣ ਪਾ ਕੇ ਮੈਨੂੰ ਪਾਣੀ ਨਾਲ ਦੇ ਦੇਣੀ। ਮੇਰੀ ਦਰਦ ਠੀਕ ਹੋ ਜਾਂਦੀ ਸੀ। ਜੇ ਕਿਤੇ ਨਵਾਂ ਕੱਪੜਾ ਜਾਂ ਗਹਿਣਾ ਮਿਲਣਾ ਤਾਂ ਅਸੀਂ ਉਸੇ ਵੇਲੇ ਪਾਉਣ ਲੱਗਣਾ ਤਾਂ ਮਾਂ ਨੇ ਕਹਿਣਾ, ''ਬੁੱਧ ਸਨਿੱਚਰ ਕੱਪੜਾ ਗਹਿਣਾ ਐਤਵਾਰ।" ਅੱਜ ਮੈਂ ਆਪਣੇ ਬੱਚਿਆਂ ਨੂੰ ਮਾਂ ਦੇ ਨੁਸਖ਼ੇ ਦੱਸਦੀ ਹਾਂ।

             

              ਅੱਜ ਕੱਲ ਕਲਜੁਗ ਦਾ ਜ਼ਮਾਨਾ ਹੈ। ਜ਼ਮਾਨੇ ਦੇ ਨਾਲ ਕਈ ਮਾਵਾਂ ਵੀ ਬਦਲ ਗਈਆਂ ਹਨ। ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਮਾਰ ਕੇ ਐਸ਼ ਕਰਨਾ ਚਾਹੁੰਦੀਆਂ ਹਨ। ਬੱਚਿਆਂ ਨੂੰ ਪਾਣੀ ਵਿੱਚ ਡਬੋ ਕੇ ਮਾਰਨਾ ਜਾਂ ਕਾਰ ਵਿੱਚ ਛੱਡ ਕੇ ਚਲੇ ਜਾਣਾ ਅਕਸਰ ਸੁਣਨ ਵਿੱਚ ਆਇਆ ਹੈ। ਗਰਭਪਾਤ ਨਾਲ ਲੜਕੀਆਂ ਨੂੰ ਮਾਰਨਾ ਵੀ ਤਾਂ ਕਤਲ ਤੋਂ ਘੱਟ ਨਹੀਂ। ਹਰ ਰੋਜ਼ ਦੁਨੀਆ ਵਿੱਚ ਕਿੰਨੇ ਗਰਭਪਾਤ ਹੁੰਦੇ ਹਨ, ਇਸਦਾ ਹਿਸਾਬ ਕਰਨਾ ਵੀ ਮੁਸ਼ਕਲ ਹੈ। ਹੋ ਸਕਦਾ ਹੈ ਆਪਣੀ ਕਿਸੇ ਮਜਬੂਰੀ ਦੇ ਕਾਰਨ ਜਾਂ ਆਪਣੀ ਮਾੜੀ ਬੁੱਧੀ ਦੇ ਕਾਰਨ ਇਨ੍ਹਾਂ ਮਾਵਾਂ ਨੂੰ ਇਹ ਬੁਰਾ ਕੰਮ ਕਰਨਾ ਪੈ ਜਾਂਦਾ ਹੈ ਪਰ ਮਾਵਾਂ ਮਾਵਾਂ ਹੀ ਹੁੰਦੀਆਂ ਹਨ।

             

              ਹੇਠ ਲਿਖੀ ਅੰਗ੍ਰੇਜ਼ੀ ਦੀ ਕਵਿਤਾ ਮਾਂ ਦੀ ਪੂਰੀ ਮਹੱਤਤਾ ਦੱਸਦੀ ਹੈ।

                            Super Mom  By Joanna Fuchs

 

                            Mom, you're a wonderful mother,
                            So gentle, yet so strong.
                            The many ways you show you care
                            Always make me feel I belong.

                            You're patient when I'm foolish;
                            You give guidance when I ask;
                            It seems you can do most anything;
                            You're the master of every task.

                            You're a dependable source of comfort;
                            You're my cushion when I fall.
                            You help in times of trouble;
                            You support me whenever I call.

                            I love you more than I can express;
                            You have my total respect.
                            If I had my choice of mothers,
                            You'd be the one I'd select!

         

 
                            
            
 

    ਅਕਤੂਬਰ 24, 2008 

ਅਹਿਸਾਸ

                                                                                - ਰੋਜ਼ੀ ਸਿੰਘ

 

ਮੈਂ ਕਦੇ ਨਹੀਂ ਸੀ ਚਾਹੁੰਦਾ ਕਿ ਆਪਣੀ ਮਾਂ ਨੂੰ ਦੁੱਖ ਦੇਵਾਂ। ਕੋਈ ਵੀ ਪੁੱਤਰ ਕਦੇ ਇਹ ਨਹੀਂ ਚਾਹੇਗਾ ਕਿ ਉਸ ਦੀ ਮਾਂ ਦੁਖੀ ਹੋਵੇ । ਇਸ ਤਰ੍ਹਾਂ ਦਾ ਮੇਰਾ ਵੀ ਹਿਰਦਾ ਹੈ। ਪਰ ਮੈਂ ਜਦੋਂ ਵੀ ਤੱਕਿਆ, ਮੇਰੀ ਮਾਂ ਦੇ ਚਿਹਰੇ 'ਤੇ ਇਕ ਉਦਾਸੀ ਦੀ ਲਕੀਰ ਜਿਹੀ ਨਜ਼ਰ ਆਈ ਹੈ। ਸ਼ਾਇਦ ਮੈਂ ਕਦੀ ਉਸ ਦੀਆਂ ਨਜ਼ਰਾਂ ਦੇ ਪਾਰ ਨਹੀਂ ਦੇਖ ਸਕਿਆ ਕਿ ਉਸ ਦੇ ਧੁਰ ਅੰਦਰੋਂ ਫੁੱਟਦੀ ਕੋਈ ਤਰੰਗ ਮੈਨੂੰ ਕੀ ਕਹਿ ਰਹੀ ਹੈ। ਪੰਜ ਪੁੱਤਰਾਂ ਦੇ ਹੁੰਦਿਆਂ ਵੀ ਖੁਸ਼ੀ ਦੇ ਇਕ ਖਟੋਲੇ ਲਈ ਤਰਸਦੀਆਂ ਨੇ ਉਸ ਦੀਆਂ ਅੱਖਾਂ। ਕਈ ਵਾਰੀ ਮਾਂ ਨੇ ਮੈਨੂੰ ਕੋਲ ਬਿਠਾ ਕੇ ਕਿਹਾ ਹੈ:

''ਸਾਰਿਆਂ ਲਈ ਤੇਰੇ ਕੋਲ ਵਕਤ ਹੁੰਦੈ, ਪਰ ਕਦੀ ਤੂੰ ਮੈਨੂੰ ਪੁਛਿਐ ਕਿ ਕੀ ਹਾਲ ਏ ਤੇਰਾ ਮਾਂ? ਬੱਸ ਆਪਣੇ ਦੋਸਤਾਂ ਸਾਹਮਣੇ ਮੈਨੂੰ ਜੱਫੀ ਵਿੱਚ ਲੈ ਕੇ ਸੱਚਾ ਹੋ ਜਾਨੈ।''

             

              ਉਸ ਦੀ ਗੱਲ ਬਿਲਕੁਲ ਠੀਕ ਸੀ, ਮੈਂ ਵੀ ਤੇ ਕਦੀ ਆਪਣੇ ਫਰਜ਼ ਨੂੰ ਨਹੀਂ ਸੀ ਪਹਿਚਾਣਿਆ। ਮੈਂ ਤਾਂ ਕੀ ਮਾਂ ਦੇ ਕਿਸੇ ਵੀ ਪੁੱਤਰ ਨੇ ਸ਼ਾਮ ਵੇਲੇ ਘਰ ਆ ਕੇ ਉਸ ਨੂੰ ਜੱਫੀ ਵਿੱਚ ਲੈ ਕੇ ਇਹ ਨਹੀਂ ਸੀ ਪੁੱਛਿਆ ਕਿ ਮਾਂ ਤੇਰਾ ਕੀ ਹਾਲ ਹੈ। ਬੱਸ ਉਹ ਸਾਰਾ ਦਿਨ ਘਰ ਵਿੱਚ ਇਕੱਲੀ ਕਿਸੇ ਰੁੱਖ ਵਾਂਗ ਬੈਠੀ ਰਹਿੰਦੀ। ਅਕਸਰ ਉਸ ਨੂੰ ਸ਼ਿਕਾਇਤ ਰਹਿੰਦੀ ਏ, ''ਪੰਜ ਪੰਜ ਪੁੱਤਰਾਂ ਦੇ ਹੁੰਦੇ ਹੋਏ ਵੀ ਮੈਂ ਇਕੱਲੀ, ਕੋਈ ਮੈਨੂੰ ਪੁੱਛਣ ਵਾਲਾ ਨਹੀਂ।

              

              ਸਮਾਂ ਹੀ ਕੁਝ ਐਸਾ ਆ ਗਿਆ ਹੈ ਕਿ ਹਰ ਇਕ ਨੂੰ ਆਪੋ ਆਪਣੀ ਪਈ ਹੋਈ ਏ। ਕਿਸੇ ਕੋਲ ਕਿਸੇ ਲਈ ਵਕਤ ਹੀ ਨਹੀਂ ਰਿਹਾ। ਸਾਰੇ ਸਵੇਰੇ ਤੜਕੇ ਘਰ ਤੋਂ ਤਿਆਰ ਹੋ ਕੇ ਆਪੋ ਆਪਣੇ ਕੰਮਾਂ 'ਤੇ ਚਲੇ ਜਾਂਦੇ ਹਨ, ਤੇ ਮਾਂ ਬੱਸ ਉਹੋ ਜਿਹੀ ਬਣ ਜਾਂਦੀ ਏ ਜਿਸ ਤਰ੍ਹਾਂ ਦੀ ਉਹ ਆਪਣੇ ਆਪ ਨੂੰ ਮਹਿਸੂਸ ਕਰਦੀ ਹੈ। ਉਸ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਜਨਮਦੇ ਰਹਿੰਦੇ। ਬੇਸ਼ੱਕ ਉਹ ਖਿਆਲ ਸਹੀ ਨੇ ਪਰ ਕਿਸੇ ਦੇ ਅਹਿਸਾਸ ਨੂੰ ਮਹਿਸੂਸ ਕਰਨਾ ਹਰ ਇਕ ਦੇ ਵੱਸ ਨਹੀਂ ਹੁੰਦਾ । ਇਸ ਤਰਾਂ ਰਹਿਣ ਕਰ ਕੇ ਕੁਝ ਚਿੜ-ਚਿੜਾ ਸੁਭਾਅ ਹੋਣਾ ਕੁਦਰਤੀ ਗੱਲ ਹੈ। ਕੁਝ ਇਸ ਤਰਾਂ ਦਾ ਸੁਭਾਅ ਮੇਰੀ ਮਾਂ ਦਾ ਵੀ ਹੋ ਗਿਆ ਏ ।

             

              ਦੁੱਖ ਵੇਲੇ ਮਾਂ ਨੂੰ ਕਦੀ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਮਾਂ ਕੀ ਗੱਲ ਏ? ਕਿਸੇ ਦੀ ਕੀ ਗੱਲ ਕਰਨੀ ਏ, ਮੈਂ ਖ਼ੁਦ ਕਦੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅੱਜ ਮਾਂ ਨੂੰ ਇਸ ਗੱਲ ਦੀ ਕਮੀ ਹੈ। ਇਹ ਦਵਾਈ ਲਿਆ ਕੇ ਦੇਣੀ ਹੈ। ਹਾਂ ਅਗਰ ਕੋਈ ਬਾਹਰੋਂ ਮੇਰਾ ਦੋਸਤ ਜਾਂ ਕੋਈ ਹੋਰ ਜਾਣਨ ਵਾਲਾ ਅੱਧੀ ਰਾਤ ਨੂੰ ਮੈਨੂੰ ਜਗਾ ਕੇ ਲੈ ਜਾਂਦਾ ਤਾਂ ਮਾਂ ਉਤਨਾ ਚਿਰ ਨਾ ਸੌਂਦੀਂ ਜਿਤਨਾ ਚਿਰ ਮੈਂ ਵਾਪਿਸ ਨਾ ਆ ਜਾਂਦਾ ।

              

              ਸਾਰੇ ਆਪੋ ਆਪਣੀ ਥਾਂ ਖੁਸ਼ ਨੇ। ਆਪੋ ਆਪਣੇ ਦੋਸਤਾਂ ਮਿੱਤਰਾਂ ਦੀਆਂ ਪਾਰਟੀਆਂ 'ਤੇ ਖੁਸ਼ੀ ਮਨਾਉਂਦੇ ਨੇ। ਬੱਸ ਮਾਂ ਇਸ ਤਰ੍ਹਾਂ ਹੀ ਖੁਸ਼ ਹੋ ਜਾਂਦੀ ਕਿ ਸ਼ਾਮ ਤੱਕ ਸਾਰੇ ਘਰ ਆ ਗਏ ਨੇ, ਪਰ ਕਿਸੇ ਨੇ ਮਾਂ ਨੂੰ ਇਹ ਨਹੀਂ ਪੁੱਛਿਆ ਕਿ ਉਸ ਦਾ ਸਾਰਾ ਦਿਨ ਕਿਸ ਤਰ੍ਹਾਂ ਗੁਜ਼ਰਿਆ। ਕੁਝ ਦਿਨਾਂ ਤੋਂ ਮਾਂ ਮੇਰੇ ਨਾਲ ਨਰਾਜ਼ ਏ। ਮੇਰੇ ਨਾਲ ਚੰਗੀ ਤਰਾਂ ਬੋਲਦੀ ਵੀ ਨਹੀਂ। ਉਸ ਦੀ ਹਰ ਇਕ ਗੱਲ ਵਿੱਚੋਂ ਮੇਰੇ ਪ੍ਰਤੀ ਗੁੱਸਾ ਝਲਕਦਾ ਏ। ਮਾਂ ਦਾ ਮੂੰਹ ਗੁੱਸੇ ਨਾਲ ਲਾਲ ਜਿਹਾ ਹੋਇਆ ਲਗਦਾ। ਪਰ ਮਾਂ ਠੰਢੀ ਛਾਂ ਹੁੰਦੀ ਏ, ਮੈਂ ਸੋਚਦਾਂ। ਮਾਂ ਨੂੰ ਗੁੱਸਾ ਨਹੀਂ ਆ ਸਕਦਾ। ਬੱਸ ਮੇਰੇ ਵਿੱਚ ਹਿੰਮਤ ਨਹੀਂ ਕਿ ਮੈਂ ਮਾਂ ਦੀਆਂ ਨਜ਼ਰਾਂ ਵਿੱਚ ਘੁਲ ਕੇ ਉਸ ਨੂੰ ਮਨਾ ਸਕਾਂ। ਉਹ ਮੇਰੇ ਲਈ ਬਹੁਤ ਦੁਆਵਾਂ ਮੰਗਦੀ। ਜਦੋਂ ਮੈਂ ਘਰੋਂ ਚਲਾ ਜਾਂਦਾ ਤਾਂ ਉਸ ਨੂੰ ਚੈਨ ਨਹੀਂ ਆਉਂਦਾ। ਮੈਂ ਜਾਣਦਾਂ ਕਿ ਮੇਰੀਆਂ ਕੁਝ ਮਿਠੀਆਂ ਗੱਲਾਂ ਸੁਣ ਕੇ ਮਾਂ ਕੁਝ ਚਿਰ ਲਈ ਅੱਖਾਂ ਨਮ ਕਰ ਕੇ, ਹੰਝੂਆਂ ਨਾਲ ਭਰੀ ਹੋਈ ਅਵਾਜ਼ ਨਾਲ ਮੈਨੂੰ ਗੁੱਸੇ ਹੋਵੇਗੀ, ਤੇ ਫਿਰ ਉਹ ਮੇਰਾ ਮੱਥਾ ਚੁੰਮ ਮੈਨੂੰ ਢੇਰ ਸਾਰੀਆਂ ਅਸੀਸਾਂ ਦੇਵੇਗੀ । ਪਰ ਮੈਂ ਕਦੀ ਇਹ ਕੋਸ਼ਿਸ਼ ਕਰਨ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਕੀਤੀ । ਬੱਸ ਜਿਸ ਤਰ੍ਹਾਂ ਚਲ ਰਿਹਾ ਹੈ, ਉਸ ਤਰ੍ਹਾਂ ਹੀ ਹੈ, ਕਦੀ ਉਸ ਨੂੰ ਬਦਲਣ ਦੀ ਚਾਹਤ ਨਹੀਂ ਕਰ ਰਿਹਾ ।

             

              ਹਰ ਕੋਈ ਮਾਂ ਨੂੰ ਓਪਰਾ ਜਿਹਾ ਸਮਝਦਾ ਹੈ। ਉਸ ਦੇ ਪੁੱਤਰ ਉਸ ਦੀਆਂ ਨੂੰਹਾਂ ਪੋਤਰੇ-ਪੋਤਰੀਆਂ ਸਾਰੇ। ਮਾਂ ਨੂੰ ਸਾਰੇ ਇਕ ਬੇ-ਜਾਨ ਵਸਤੂ ਸਮਝਦੇ। ਕਦੇ ਕਿਸੇ ਕੰਮ ਵਿੱਚ ਉਸ ਦੀ ਸਲਾਹ ਲੈਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਜਾਂਦੀ। ਕਿਸੇ ਦੀ ਕੀ ਗੱਲ ਕਰਨੀ ਹੈ, ਮੈਂ ਖੁਦ ਮਾਂ ਨਾਲ ਸਲਾਹ ਕਰਕੇ ਕਦੇ ਕੋਈ ਕੰਮ ਨਹੀਂ ਕੀਤਾ। ਅਜਿਹਾ ਵਾਤਾਵਰਨ ਹੋਣ ਨਾਲ ਮਾਂ ਵੀ ਆਪਣੇ ਆਪ ਨੂੰ ਇਕ ਬੁੱਤ ਵਾਂਗ ਮਹਿਸੂਸ ਕਰਨ ਲੱਗ ਪਈ। ਜਿਸ ਨੂੰ ਆਪਣੀ ਮਰਜ਼ੀ ਨਾਲ ਕੋਈ ਜਿਥੇ ਚਾਹੇ ਰੱਖ ਦੇਵੇ ।

ਕਈ ਵਾਰੀ ਤਾਂ ਮਾਂ ਦੀਆਂ ਗੱਲਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ। ਐਸਾ ਮਾਹੌਲ ਹੋਣ ਨਾਲ ਉਹ ਵੀ ਕਈ ਵਾਰ ਗੱਲ ਗੱਲ 'ਤੇ ਕੁਝ ਨਾ ਕੁਝ ਅਜਿਹਾ ਕਹਿਣ ਲੱਗ ਪਈ ਜਿਸ ਨਾਲ ਉਸ ਦੇ ਪੁੱਤਰਾਂ ਨੂੰ ਤਾਂ ਸ਼ਾਇਦ ਘੱਟ ਪਰ ਨੂੰਹਾਂ ਨੂੰ ਬੁਰਾ ਲਗਦਾ।

             

              ਸ਼ਾਇਦ ਇਹ ਸਾਰੀਆਂ ਮਾਵਾਂ ਨਾਲ ਨਾ ਹੁੰਦਾ ਹੋਵੇ, ਪਰ ਬਹੁਤੀਆਂ ਮਾਵਾਂ ਨਾਲ ਇਸ ਤਰ੍ਹਾਂ ਹੀ ਹੁੰਦਾ। ਮਾਵਾਂ ਅਕਸਰ ਇਹ ਮਹਿਸੂਸ ਕਰਦੀਆਂ ਹਨ ਕਿ ਪੁੱਤਰ ਉਹਨਾਂ ਦੀ ਸੇਵਾ ਕਰਨ। ਸੇਵਾ ਤਾਂ ਵੱਖਰੀ ਗੱਲ ਹੈ, ਪੁੱਤਰ ਕੁਝ ਚਿਰ ਲਈ ਮਾਵਾਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਣ ਤਾਂ ਮਾਵਾਂ ਦਾ ਦਿਲ ਹੋਰ ਹੋ ਜਾਂਦਾ ਹੈ। ਖ਼ਾਸ ਤੌਰ ਤੇ ਅਨਪੜ੍ਹ ਮਾਵਾਂ ਨਾਲ ਤਾਂ ਅਜਿਹਾ ਵਿਤਕਰਾ ਅਕਸਰ ਹੀ ਹੁੰਦਾ ਹੈ। ਪੁੱਤ ਪੋਤਰੇ ਪੜ੍ਹੇ ਲਿਖੇ ਹੁੰਦੇ ਹਨ ਅਤੇ ਆਪਣੀ ਮਰਜ਼ੀ ਨਾਲ ਆਪਣੇ ਢੰਗ ਨਾਲ ਜਿਉਣਾ ਸਿੱਖ ਜਾਂਦੇ ਹਨ, ਤੇ ਮਾਂ ਵਿਚਾਰੀ ਗਿੱਲੀਆਂ ਪਾਥੀਆਂ ਵਾਂਗ ਅੰਦਰੋ ਅੰਦਰ ਧੁਖਦੀ ਰਹਿੰਦੀ ਹੈ। ਅਜਿਹਾ ਹੀ ਕੁਝ ਮੇਰੀ ਮਾਂ ਨਾਲ ਵੀ ਹੋ ਰਿਹਾ ਹੈ। ਏਨਾ ਪਰਿਵਾਰ ਹੁੰਦਿਆਂ ਵੀ ਉਸ ਨੂੰ ਅੰਦਰੋ ਅੰਦਰੀ ਜਿਹੜਾ ਦੁੱਖ ਖਾ ਰਿਹਾ ਹੈ ਉਸ ਨੂੰ ਮੈਂ ਵੀ, ਤੇ ਸ਼ਾਇਦ ਬਾਕੀ ਸਾਰੇ ਵੀ ਜਾਣਦੇ ਹਨ। ਪਰ ਕਦੀ ਕਿਸੇ ਨੇ ਉਸ ਦੁੱਖ ਦੀ ਦਵਾਈ ਜਿਹੜੀ ਕਿ ਸਿਰਫ਼ ਉਸ ਕੋਲ 10-15 ਮਿੰਟ ਬੈਠ ਕੇ ਦੁੱਖ ਸੁੱਖ ਫੋਲਣ ਨਾਲ ਹੀ ਹੋ ਸਕਦੀ ਹੈ ਨਹੀਂ ਕੀਤੀ ।

             

              ਸਵੇਰ ਤੋਂ ਘਰੋਂ ਨਿਕਲੇ ਬੱਸ ਸ਼ਾਮ ਨੂੰ  ਆਪੋ ਆਪਣੇ ਕਮਰਿਆਂ ਵਿੱਚ ਸਾਰੇ ਚਲੇ ਜਾਂਦੇ ਹਨ। ਮੈਂ ਕਈ ਵਾਰੀ ਇਹ ਸੋਚਦਾਂ ਕਿ ਮਾਂ ਨਾਲ ਰੋਜ਼ ਕੁਝ ਚਿਰ ਗੱਲਾਂ ਕੀਤੀਆਂ ਜਾਣ, ਪਰ ਅਜਿਹਾ ਹੁੰਦਾ ਨਹੀਂ। ਪਤਾ ਨਹੀਂ ਕਿਹੜੀ ਘੜੀ ਰੁਕਾਵਟ ਬਣ ਜਾਂਦੀ ਏ, ਤੇ ਉਸ ਦੇ ਹਿੱਸੇ ਦੇ ਕੁਝ ਪਲ ਕਿਸੇ ਹੋਰ ਨਾਲ ਸਾਂਝੇ ਹੋ ਜਾਂਦੇ ਹਨ।

             

              ਕੁਝ ਦਿਨ ਪਹਿਲਾਂ ਹੀ ਮੇਰੀ ਨਜ਼ਰ ਮਾਂ ਵਿਹੂਣੇ ਇਕ ਵਿਹੜੇ ਜਾ ਪਈ। ਛੋਟੇ ਛੋਟੇ ਦੋ ਬੱਚੇ ਕੜਾਕੇ ਦੀ ਠੰਡ ਵਿੱਚ ਘਰ ਦਾ ਅਹੁੜ ਪਹੁੜ ਕਰਨ ਵਿੱਚ ਰੁੱਝੇ ਪਏ ਸੀ। ਪਿਓ ਕਿਸੇ ਦੀ ਬੱਸ 'ਤੇ ਡਰਾਈਵਰ ਏ। ਸਵੇਰੇ ਚਲਾ ਜਾਂਦਾ ਤੇ ਸ਼ਾਮ ਨੂੰ ਹਨੇਰੇ ਪਏ ਘਰ ਆਉਂਦਾ। ਸਾਰਾ ਦਿਨ ਉਹ ਬੱਚੇ ਕਿਸ ਤਰ੍ਹਾਂ ਗੁਜ਼ਾਰਦੇ, ਕੀ ਖਾਂਦੇ, ਇਹ ਤਾਂ ਸ਼ਾਇਦ ਉਹ ਖੁਦ ਵੀ ਨਾ ਜਾਣਦੇ ਹੋਣ । ਕੁਝ ਚਿਰ ਪਹਿਲਾਂ ਹੀ ਉਨ੍ਹਾਂ ਦੀ ਮਾਂ ਮਰ ਗਈ ਸੀ । ਉਦੋਂ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਮਾਂ ਕਿੱਥੇ ਗਈ ਹੈ। ਕੁਝ ਚਿਰ ਉਹ ਡੌਰ ਭੌਰ ਹੋਏ ਫਿਰਦੇ ਰਹੇ, ਪਰ ਮਾਂ ਦੀ ਅਣਹੋਂਦ ਦਾ ਅਹਿਸਾਸ ਉਨ੍ਹਾਂ ਨੂੰ ਜ਼ਰੂਰ ਹੀ ਹੁੰਦਾ ਹੋਵੇਗਾ। ਦੋ ਕਮਰਿਆਂ ਵਿੱਚੋਂ ਇਕ ਦੀ ਛੱਤ ਡਿੱਗੀ ਪਈ ਏ। ਸਾਰੇ ਵਿਹੜੇ ਵਿੱਚ ਗੰਦ ਪਿਆ ਹੋਇਆ ਏ। ਮੁਹੱਲੇ ਦੇ ਬਾਕੀ ਬੱਚੇ ਜਦੋਂ ਉਨ੍ਹਾਂ ਨਾਲ ਖੇਡ ਰਹੇ ਹੁੰਦੇ ਤਾਂ ਉਨ੍ਹਾਂ ਵਿੱਚੋਂ ਕਿਸੇ ਇਕ ਬੱਚੇ ਦੀ ਮਾਂ ਜਦੋਂ ਬੱਚੇ ਨੂੰ ਬੜੇ ਪਿਆਰ ਨਾਲ ਕਹਿੰਦੀ, ''ਬੇਟਾ ਰੋਟੀ ਖਾਓ ਆਣ ਕੇ'' ਤਾਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਕਿ ਉਨ੍ਹਾਂ ਦੀ ਮਾਂ ਵੀ ਉਨ੍ਹਾਂ ਨੂੰ ਏਸੇ ਤਰਾਂ ਰੋਟੀ ਖੁਆਉਂਦੀ ਜੇ ਉਹ ਜਿਉਂਦੀ ਹੁੰਦੀ। ਪਰ ਕਿਸਮਤ ਮਾਰਿਆਂ ਨੂੰ ਆਪ ਹੀ ਹੱਥ ਸਾੜਨੇ ਪੈਂਦੇ। ਕਈ ਕਈ ਦਿਨ ਉਹ ਕੱਪੜੇ ਨਾ ਬਦਲਦੇ, ਦੂਜੇ ਬੱਚਿਆਂ ਦੇ ਮੂੰਹਾਂ ਵੱਲ ਦੇਖਦੇ ਰਹਿੰਦੇ। ਉਨ੍ਹਾਂ ਦੀ ਹਾਲਤ 'ਤੇ ਮੈਨੂੰ ਕਈ ਵਾਰ ਬੜਾ ਤਰਸ ਆਉਂਦਾ ਪਰ ਉਸ ਤੋਂ ਵੀ ਜ਼ਿਆਦਾ ਤਰਸ ਮੈਨੂੰ ਆਪਣੇ ਆਪ 'ਤੇ ਆਉਣ ਲੱਗ ਪਿਆ ਸੀ ਕਿਉਂਕਿ ਮੈਨੂੰ ਮਾਂ ਦੀ ਹੋਂਦ ਦਾ ਅਹਿਸਾਸ ਹੁੰਦੇ ਹੋਏ ਵੀ ਮੈਂ ਆਪਣੀ ਮਾਂ ਲਈ ਕੁਝ ਪਲ ਦੁੱਖ ਸੁੱਖ ਫੋਲਣ ਲਈ ਇਕੱਠੇ ਨਹੀਂ ਕਰ ਸਕਦਾ। ਮੇਰੇ ਅੰਦਰ ਕਿਤਨਾ ਕੁਝ ਟੁੱਟ ਗਿਆ ਸੀ। ਸ਼ਾਮ ਨੂੰ ਜਦ ਮੈਂ ਘਰ ਆਇਆ ਤਾਂ ਮਾਂ ਦੇ ਗਲ ਲੱਗ ਕੇ ਬਹੁਤ ਰੋਇਆ, ਤੇ ਉਸ ਤੋਂ ਬਹੁਤ ਵਾਰੀ ਮੁਆਫ਼ੀਆਂ ਮੰਗੀਆਂ। ਪਰ ਮਾਂ ਨੇ ਤਾਂ ਮੈਨੂੰ ਕਦੋਂ ਦਾ ਮੁਆਫ਼ ਕਰ ਛੱਡਿਆ ਸੀ। ਉਸਨੇ ਮੈਨੂੰ ਆਪਣੀ ਛਾਤੀ ਨਾਲ ਲਾ ਕੇ ਸਿਰ ਪਲੋਸਿਆ। ਮੈਨੂੰ ਲੱਗਾ ਜਿਵੇਂ ਮੈਂ ਰੱਬ ਨੂੰ ਮਨਾ ਲਿਆ ਹੋਵੇ।

             

              ਮੈਨੂੰ ਇਹ ਅਹਿਸਾਸ ਜ਼ਰੂਰ ਹੋਇਆ ਕਿ ਮਾਂ ਦੇ ਪੈਰਾਂ ਤੋਂ ਵੱਡਾ ਕੋਈ ਸਵਰਗ ਨਹੀਂ। ਇਨ੍ਹਾਂ ਚਰਨਾਂ ਨੂੰ ਤਾਂ ਪ੍ਰਮਾਤਮਾ ਵੀ ਪ੍ਰਨਾਮ ਕਰਦਾ ਹੈ।