ਸਤੰਬਰ 1, 2007
ਹਮ ਹੈਂ ਹਿੰਦੁਸਤਾਨੀ! ਕਿੰਨੇ ਕੁ?
-ਪ੍ਰੇਮ ਮਾਨ
ਬੜੇ ਸਾਲਾਂ ਦੀ ਗੱਲ ਹੈ। ਮੈਂ ਸਿੱਖ ਨੈਸ਼ਨਲ ਕਾਲਗ ਬੰਗਾ ਵਿੱਚ ਪੜ੍ਹਦਾ ਸੀ। ਕਾਲਜ ਦਾ ਡੀ[ਪੀ[ਈ[ ਮਹਿੰਗਾ ਸਿੰਘ ਮਾਨ ਸੀ। ਸਾਰੇ ਉਸਨੂੰ ਪੀ.ਟੀ. ਸਾਹਿਬ ਹੀ ਕਹਿੰਦੇ ਸਨ। ਬਹੁਤ ਹੀ ਅੜਬ ਸੁਭਾ ਦਾ ਪਰ ਸੱਚ ਬੋਲਣ ਵਾਲਾ। ਮੈਂ ਜਦੋਂ ਬੀ.ਏ. ਦੇ ਆਖਰੀ ਸਾਲ ਵਿੱਚ ਪੜ੍ਹਦਾ ਸੀ ਤਾਂ ਇਕ ਦਿਨ ਪੀ[ਟੀ[ ਹੁਰੀਂ ਮਿਲ ਗਏ। ਕਹਿਣ ਲੱਗੇ, ''ਮਸੰਦਾ ਬੀ[ਏ[ ਤੋਂ ਬਾਦ ਕੀ ਕਰਨ ਦੀ ਸਲਾਹ ਹੈ?" ਉਹ ਮੈਨੂੰ ਹਮੇਸ਼ਾ ''ਮਸੰਦ" ਕਹਿ ਕੇ ਹੀ ਬੁਲਾਉਂਦੇ ਸੀ। ਕਾਰਨ ਇਹ ਸੀ ਕਿ ਮੈਂ ਬੰਗਿਆਂ ਦੀ ਮਸੰਦਾਂ ਦੀ ਪੱਟੀ ਦਾ ਰਹਿਣ ਵਾਲਾ ਸੀ। ਪੀ[ਟੀ[ ਹੁਰੀਂ ਆਪ ਬੰਗਿਆਂ ਦੀ ਹੀ ਦੂਜੀ ਪੱਟੀ ਦੇ ਰਹਿਣ ਵਾਲੇ ਸਨ। ''ਪੀ[ਟੀ[ ਸਾਹਿਬ ਐਮ[ਏ[ ਕਰਕੇ ਕਾਲਜ ਵਿੱਚ ਪੜ੍ਹਾਉਣ ਦਾ ਇਰਾਦਾ," ਮੈਂ ਉਨ੍ਹਾਂ ਨੂੰ ਜਵਾਬ ਦਿੱਤਾ। ''ਫੇਰ ਤੂੰ ਕੇਸ ਦਾਹੜੀ ਰੱਖ ਲੈ। ਹੈਦਾਂ ਤੈਨੂੰ ਕਿਸੇ ਨੇ ਨੌਕਰੀ ਨਹੀਂ ਦੇਣੀ। ਹਿੰਦੂ ਕਾਲਜਾਂ ਵਾਲਿਆਂ ਨੇ ਤੈਨੂੰ ਤਾਂ ਨੀ ਰੱਖਣਾ ਕਿ ਤੂੰ ਸਿੱਖ ਐਂ। ਸਿੱਖ ਕਾਲਜਾਂ ਨੇ ਤੈਨੂੰ ਤਾਂ ਨੀ ਰੱਖਣਾ ਕਿ ਤੂੰ ਕੇਸ ਕੱਟੇ ਹੋਏ ਆ।" ਪੀ[ਟੀ[ ਸਾਹਿਬ ਨੇ ਸੱਚੀ ਅਤੇ ਖਰੀ ਖਰੀ ਗੱਲ ਆਖ ਦਿੱਤੀ ਸੀ। ਪਤਾ ਨਹੀਂ ਜ਼ਿੰਦਗੀ ਵਿੱਚ ਮੈਂ ਉਨ੍ਹਾਂ ਦੀ ਇਸ ਗੱਲ ਨੂੰ ਕਿੰਨੀ ਬਾਰ ਯਾਦ ਕੀਤਾ ਹੈ, ਵਿਚਾਰਿਆ ਹੈ, ਅਤੇ ਇਹੋ ਜਿਹੇ ਹਿੰਦੁਸਤਾਨੀ ਵਾਤਾਵਰਣ ਬਾਰੇ ਸੋਚਿਆ ਹੈ। ਇਸ ਗੱਲ ਵਿੱਚੋਂ ਪੂਰੀ ਸਚਾਈ ਝਲਕਦੀ ਨਜ਼ਰ ਆਉਂਦੀ ਹੈ। ਜੇ ਅਸੀਂ ਪੰਜਾਬ ਦੇ ਕਾਲਜਾਂ ਤੇ ਨਜ਼ਰ ਮਾਰੀਏ ਤਾਂ ਸਾਨੂੰ ਸਪਸ਼ਟ ਨਜ਼ਰ ਆ ਜਾਵੇਗਾ ਕਿ ਹਿੰਦੂ ਕਾਲਜਾਂ ਵਿੱਚ ਸਿਰਫ ਉਂਗਲੀਆਂ ਤੇ ਗਿਣੇ ਜਾਣ ਜੋਗੇ ਸਿੱਖ ਪ੍ਰੋਫੈਸਰ ਹਨ ਅਤੇ ਸਿੱਖ ਕਾਲਜਾਂ ਵਿੱਚ ਸਿਰਫ ਗਿਣਤੀ ਦੇ ਹੀ ਹਿੰਦੂ ਪ੍ਰੋਫੈਸਰ ਹਨ। ਇਹ ਗੱਲ ਹੋਰ ਕੰਮਾਂ ਵਿੱਚ ਵੀ ਦੇਖਣ ਵਿੱਚ ਆਉਂਦੀ ਹੈ। ਬਹੁਤ ਬਾਰ ਸਿੱਖ ਕੰਮਾਂ ਉੱਤੇ ਸਿੱਖਾਂ ਨੂੰ ਹੀ ਰੱਖ ਕੇ ਰਾਜ਼ੀ ਹਨ ਅਤੇ ਹਿੰਦੂ ਹਿੰਦੂਆਂ ਨੂੰ।
ਕਦੇ ਜ਼ਮਾਨਾ ਸੀ ਕਿ ਹਿੰਦੂ, ਸਿੱਖ, ਮੁਸਲਮਾਨ, ਅਤੇ ਹੋਰ ਧਰਮਾਂ ਦੇ ਲੋਕ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਹਿੰਦੁਸਤਾਨ ਵਿੱਚ ਰਲ ਮਿਲ ਕੇ ਰਹਿੰਦੇ ਸਨ। ਪਰ ਹੁਣ। ਦੱਸਣ ਦੀ ਲੋੜ ਹੀ ਨਹੀਂ। ਬਹੁਤੇ ਹਿੰਦੂ, ਬਹੁਤੇ ਸਿੱਖ, ਅਤੇ ਬਹੁਤੇ ਮੁਸਲਮਾਨ ਤਾਂ ਹੁਣ ਵੀ ਇਕ ਦੂਜੇ ਨਾਲ ਪਿਆਰ ਵਾਲਾ ਵਰਤਾਰਾ ਕਰਦੇ ਹਨ ਅਤੇ ''ਏਕ ਪਿਤਾ ਏਕਸ ਕੇ ਹਮ ਬਾਰਕ" ਵਿੱਚ ਵਿਸ਼ਵਾਸ਼ ਰੱਖਦੇ ਹਨ। ਪਰ ਪਿਛਲੇ ਚਾਲੀ-ਪੰਜਾਹ ਸਾਲਾਂ ਵਿੱਚ ਇਨ੍ਹਾਂ ਸਾਰੇ ਧਰਮਾਂ ਵਿੱਚ ਕੱਟੜਤਾ ਦਾ ਅੰਸ਼ ਬਹੁਤ ਹੀ ਵਧਿਆ ਹੈ। ''ਅਸੀਂ ਸਭ ਹਿੰਦੁਸਤਾਨੀ ਹਾਂ" ਵਿੱਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਦੀ ਪ੍ਰਤੀਸ਼ਤ ਗਿਣਤੀ ਘਟਦੀ ਜਾ ਰਹੀ ਹੈ, ਅਤੇ ''ਅਸੀਂ ਪੰਜਾਬੀ ਹਾਂ," ''ਅਸੀਂ ਬਿਹਾਰੀ ਹਾ," ''ਅਸੀਂ ਬੰਗਾਲੀ ਹਾਂ," ''ਅਸੀਂ ਮਹਾਂਰਾਸ਼ਟਰੀ ਹਾਂ," ਕਹਿਣ ਵਾਲੇ ਲੋਕਾਂ ਦੀ ਪ੍ਰਤੀਸ਼ਤ ਗਿਣਤੀ ਵਧਦੀ ਜਾ ਰਹੀ ਹੈ। ਇਹ ਕਹਿਣ ਦੀ ਵਜਾਏ ਕਿ ''ਅਸੀਂ ਹਿੰਦੁਸਤਾਨੀ ਪਹਿਲਾਂ ਅਤੇ ਬੰਗਾਲੀ, ਪੰਜਾਬੀ, ਮਹਾਂਰਾਸ਼ਟਰੀ ਆਦਿ ਬਾਦ ਵਿੱਚ," ਅਸੀਂ ਇਸਦੇ ਉਲਟ ਚਲਦੇ ਹਾਂ। ਅਸੀਂ ਬੰਗਾਲੀ, ਪੰਜਾਬੀ, ਜਾਂ ਮਹਾਂਰਾਸ਼ਟਰੀ ਪਹਿਲਾਂ ਅਤੇ ਹਿੰਦੁਸਤਾਨੀ ਬਾਦ ਵਿੱਚ ਹਾਂ।
ਮੈਂ ਜਦੋਂ ਵੀ ਹਿੰਦੁਸਤਾਨ ਵਾਪਸ ਜਾਂਦਾ ਹਾਂ ਤਾਂ ਬਹੁਤਾ ਸਮਾਂ ਪੰਜਾਬ ਵਿੱਚ ਹੀ ਬਿਤਾਉਂਦਾ ਹਾਂ। ਪੰਜਾਬ ਵਿੱਚ ਵੀ ਅਤੇ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਪੰਜਾਬੀ ਵੀ ਹਮੇਸ਼ਾ ਇਹੋ ਕਹਿਣਗੇ, ''ਐਹ ਜਿਹੜੇ ਭਈਏ ਪੰਜਾਬ ਵਿੱਚ ਆ ਗਏ, ਇਨ੍ਹਾਂ ਨੇ ਤਾਂ ਪੰਜਾਬ ਵਿੱਚ ਬਹੁਤ ਗੰਦ ਪਾ ਦਿੱਤੈ।" ਉਨ੍ਹਾਂ ਅਨੁਸਾਰ ਪੰਜਾਬ ਉੱਤੇ ਬਿਹਾਰ, ਉੱਤਰ ਪ੍ਰਦੇਸ਼ ਬਗੈਰਾ ਤੋਂ ਆਉਣ ਵਾਲੇ ਲੋਕਾਂ ਦਾ ਕੋਈ ਅਧਿਕਾਰ ਨਹੀਂ। ਇਹ ਲੋਕ ਇਹ ਸਮਝਣ ਤੋਂ ਇਨਕਾਰ ਕਰਦੇ ਹਨ ਕਿ ਪੰਜਾਬ ਉੱਤੇ ਸਾਰੇ ਹਿੰਦੁਸਤਾਨੀਆਂ ਦਾ ਉਤਨਾ ਹੀ ਅਧਿਕਾਰ ਹੈ ਜਿਤਨਾ ਕਿਸੇ ਦਾ ਬਾਕੀ ਸੂਬਿਆਂ ਤੇ। ਪੰਜਾਬ ਵਿੱਚੋਂ ਜਾ ਕੇ ਕਰੋੜਾਂ ਹਿੰਦੂ ਸਿੱਖ ਹਿੰਦੁਸਤਾਨ ਦੇ ਦੂਜੇ ਸੂਬਿਆਂ ਵਿੱਚ ਵਸੇ ਹੋਏ ਹਨ। ਇਸੇ ਤਰ੍ਹਾਂ ਦੂਜੇ ਸੂਬਿਆਂ ਤੋਂ ਵੀ ਲੋਕਾਂ ਨੂੰ ਪੰਜਾਬ ਵਿੱਚ ਵਸਣ ਦਾ ਉਤਨਾ ਹੀ ਅਧਿਕਾਰ ਹੈ। ਹੁਣੇ ਹੁਣੇ ਪੰਜਾਬੀ ਦੇ ਇਕ ਤ੍ਰੈਮਾਸਿਕ ਪਰਚੇ ਵਿੱਚ ਇਕ ਕਵਿਤਾ ਛਪੀ ਹੈ ਜੋ ਪੰਜਾਬ ਵਿੱਚ ਬਿਹਾਰ, ਰਾਜਸਥਾਨ, ਅਤੇ ਨੇਪਾਲ ਤੋਂ ਆਏ ਲੋਕਾਂ ਦਾ ਬਿਆਨ ਕਰਦੀ ਹੈ। ਕਵੀ ਕਹਿੰਦਾ ਹੈ ਕਿ ਉਹ ਕਈ ਦਹਾਕਿਆਂ ਬਾਦ ਪੰਜਾਬ ਜਾ ਰਿਹਾ ਹੈ। ਪਰ ਪੰਜਾਬ ਪਹੁੰਚ ਕੇ ਉਹ ਸੋਚਦਾ ਹੈ ਕਿ ਪਤਾ ਨਹੀਂ ਉਹ ਪੰਜਾਬ ਆਇਆ ਹੈ ਜਾਂ ਪੰਜਾਬ ਤੋਂ ਗਿਆ ਹੈ ਕਿਉਂਕਿ ਉਸਨੂੰ ਪੰਜਾਬ ਵਿੱਚ ਕਰਨ ਵਾਲੇ ਸਾਰੇ ਹੀ ਬਿਹਾਰੀ, ਰਾਜਸਥਾਨੀ, ਨੇਪਾਲੀ, ਵਗੈਰਾ ਹੀ ਨਜ਼ਰ ਆਉਂਦੇ ਹਨ। ਇਸ ਕਵਿਤਾ ਦੀਆਂ ਕੁਝ ਲਾਈਨਾਂ ਹਾਜ਼ਰ ਹਨ:
ਕਈ ਦਹਾਕਿਆਂ ਬਾਦ
ਮੈਂ ਪੰਜਾਬ ਜਾ ਰਿਹਾਂ
………………
ਭਈਏ ਭਾਰ ਉਠਾ ਰਹੇ ਹਨ
ਰਿਕਸ਼ੇ ਚਲਾ ਰਹੇ ਹਨ
………………
ਨੇਪਾਲੀ ਰਸੋਈਆ
………………
ਬਿਹਾਰੀ ਟਰੈਕਟਰ ਦੁੜਾ ਰਿਹਾ
………………
ਗੁੜ ਦੀ ਖੁਸ਼ਬੂ
ਯੂ[ ਪੀ[ ਮੈਨ ਦੇ ਵੇਲਣੇ ਤੋਂ ਆ ਰਹੀ
………………
ਮੈਂ ਖੜ੍ਹਾ ਸੋਚ ਰਿਹਾਂ
ਮੈਂ ਪੰਜਾਬ ਆਇਆਂ
ਕਿ ਪੰਜਾਬ ਤੋਂ ਗਿਆਂ
ਮੈਂ ਇਸ ਪਰਚੇ ਦੇ ਸੰਪਾਦਕ ਨੂੰ ਜਾਣਦਾ ਹਾਂ। ਉਹ ਇਕ ਬਹੁਤ ਹੀ ਵਧੀਆ ਇਨਸਾਨ ਹੈ ਅਤੇ ਕਿਸੇ ਤਰ੍ਹਾਂ ਵੀ ਨਸਲੀ-ਵਿਤਕਰੇ ਵਿੱਚ ਵਿਸ਼ਵਾਸ਼ ਰੱਖਣ ਵਾਲਾ ਇਨਸਾਨ ਨਹੀਂ। ਇਸ ਕਵਿਤਾ ਨੂੰ ਆਪਣੇ ਪਰਚੇ ਵਿੱਚ ਛਾਪਣ ਵੇਲੇ ਸ਼ਾਇਦ ਉਸਨੁੰ ਇਸ ਕਵਿਤਾ ਦੇ ਇਸ ਪੱਖ ਦਾ ਖਿਆਲ ਨਹੀਂ ਆਇਆ ਹੋਵੇਗਾ। ਕਵੀ ਨੂੰ ਮੈਂ ਨਹੀਂ ਜਾਣਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਕਵੀ ਨੇ ਇਹ ਜਾਣ ਬੁੱਝ ਕੇ ਲਿਖਿਆ ਹੈ ਅਤੇ ਕਵੀ ਨਸਲੀ ਵਿਤਕਰੇ ਵਿੱਚ ਵਿਸ਼ਵਾਸ਼ ਰੱਖਣ ਵਾਲਾ ਇਨਸਾਨ ਹੈ। ਇਹ ਕਵਿਤਾ ਸਿਰਫ ਸਹਿਜ-ਸੁਭਾ ਹੀ ਲਿਖੀ ਅਤੇ ਛਾਪੀ ਗਈ ਲਗਦੀ ਹੈ ਪਰ ਇਸਦੇ ਜੋ ਅਰਥ ਨਿਕਲਦੇ ਹਨ ਉਹ ਸਹੀ ਨਹੀਂ। ਇਹ ਕਵਿਤਾ ਇਹੋ ਦਰਸਾਉਂਦੀ ਹੈ ਕਿ ਅਸੀਂ ਪੰਜਾਬ ਵਿੱਚ ਸਿਰਫ਼ ਪੰਜਾਬੀਆਂ ਨੂੰ ਹੀ ਦੇਖਣਾ ਚਾਹੁੰਦੇ ਹਾਂ। ਇੱਥੇ ਪੰਜਾਬੀਆਂ ਤੋਂ ਕੀ ਭਾਵ ਹੈ, ਆਪਾਂ ਸਾਰੇ ਸਮਝਦੇ ਹੀ ਹਾਂ। ਵੈਸੇ ਤਾਂ ਜੇ ਸਮਝਿਆ ਜਾਵੇ ਤਾਂ ਜੋ ਵੀ ਇਨਸਾਨ ਪੰਜਾਬ ਵਿੱਚ ਰਹਿੰਦਾ ਹੈ ਉਹ ਪੰਜਾਬੀ ਹੈ ਭਾਵੇਂ ਉਹ ਕਿਤਿਓਂ ਵੀ ਆ ਕੇ ਵਸਿਆ ਹੋਵੇ। ਸਾਡੇ ਵਰਗੇ ਜੋ ਹੁਣ ਪੰਜਾਬ ਵਿੱਚ ਨਹੀਂ ਰਹਿੰਦੇ ਉਹ ਪੰਜਾਬੀ ਕਾਹਦੇ ਰਹਿ ਗਏ? ਅਸੀਂ ਤਾਂ ਹੁਣ ਐਵੇਂ ਅਖੌਤੀ ਪੰਜਾਬੀ ਹੀ ਹਾਂ। ਅਸਲੀ ਪੰਜਾਬੀ ਤਾਂ ਓਹੀ ਹਨ ਜੋ ਪੰਜਾਬ ਵਿੱਚ ਰਹਿ ਰਹੇ ਹਨ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਣ ਅਤੇ ਭਾਵੇਂ ਉਹ ਬਿਹਾਰ, ਰਾਜਸਥਾਨ, ਯੂ[ ਪੀ[, ਜਾਂ ਕਿਸੇ ਹੋਰ ਸੂਬੇ ਤੋਂ ਆ ਕੇ ਵਸੇ ਹੋਣ।
ਸੋ ਗੱਲ ਚਲ ਰਹੀ ਸੀ ਨਸਲੀ ਵਿਤਕਰੇ ਦੀ। ਅਸੀਂ (ਸਾਰੇ ਨਹੀਂ ਪਰ ਕਾਫੀ) ਹਿੰਦੁਸਤਾਨੀ, ਹਿੰਦੁਸਤਾਨ ਵਿੱਚ ਰਹਿਣ ਵਾਲੇ, ਕਈ ਗੱਲਾਂ ਦੇ ਅਧਾਰ ਤੇ ਇਕ ਦੂਜੇ ਨੂੰ ਨਫ਼ਰਤ ਕਿਉਂ ਕਰਦੇ ਹਾਂ? ਅਸੀਂ ਸੂਬਿਆਂ ਦੇ ਅਧਾਰ ਤੇ, ਧਰਮ ਦੇ ਨਾਂ ਤੇ, ਅਤੇ ਜ਼ਾਤਾਂ ਦੇ ਅਧਾਰ ਤੇ ਇਕ ਦੂਜੇ ਨੂੰ ਬੇਹੱਦ ਨਫ਼ਰਤ ਕਰਦੇ ਹਾਂ। ਆਪਾਂ ਸਾਰੇ ਜਾਣਦੇ ਹੀ ਹਾਂ ਕਿ ਹਰ ਸਾਲ ਹੀ ਧਰਮ ਦੇ ਅਧਾਰ ਤੇ ਦੰਗੇ ਫਸਾਦ ਕਿਧਰੇ ਨਾ ਕਿਧਰੇ ਹੁੰਦੇ ਹੀ ਰਹਿੰਦੇ ਹਨ। ਕਦੇ ਦਿੱਲੀ, ਕਦੇ ਮੁੰਬਈ, ਕਦੇ ਹੈਦਰਾਬਾਦ, ਕਦੇ ਬਿਹਾਰ, ਕਦੇ ਉੱਤਰ ਪ੍ਰਦੇਸ਼, ਅਤੇ ਕਦੇ ਗੁਜਰਾਤ ਵਿੱਚ। ਕਿਧਰੇ ਨਾ ਕਿਧਰੇ ਧਰਮਾਂ ਜਾਂ ਜ਼ਾਤਾਂ ਦੇ ਨਾਂ ਤੇ ਕਤਲੇਆਮ ਹੁੰਦਾ ਹੀ ਰਹਿੰਦਾ ਹੈ। ਕਦੇ ਮਸੀਤਾਂ ਢਾਈਆਂ ਜਾਂਦੀਆਂ ਹਨ ਅਤੇ ਕਦੇ ਮੰਦਰ। ਕਦੇ ਝੁੱਗੀਆਂ ਨੂੰ ਅੱਗਾਂ ਲਾਈਆਂ ਜਾਂਦੀਆਂ ਹਨ ਅਤੇ ਕਦੇ ਦਲਿਤਾਂ ਨਾਲ ਦੁਰਵਿਓਹਾਰ ਕੀਤਾ ਜਾਂਦਾ ਹੈ। ਅਨੇਕਾਂ ਮਾਸੂਮ ਲੋਕਾਂ ਨੂੰ ਮਾਰਿਆ ਸਾੜਿਆ ਜਾਂਦਾ ਹੈ ਅਤੇ ਪਿੱਛੇ ਉਨ੍ਹਾਂ ਦੇ ਪਰਵਾਰ ਇਨ੍ਹਾਂ ਜੀਆਂ ਦੇ ਵਿਛੋੜੇ ਦੇ ਨਾਲ ਨਾਲ ਆਰਥਿਕ ਤੰਗੀਆਂ ਦਾ ਸਾਹਮਣਾ ਕਰਨ ਲਈ ਰਹਿ ਜਾਂਦੇ ਹਨ।
ਅਸੀਂ ਬਦੇਸ਼ਾਂ ਵਿੱਚ ਰਹਿਣ ਵਾਲੇ ਕਈ ਬਾਰ ਸ਼ਿਕਵਾ ਕਰਦੇ ਹਾਂ ਕਿ ਸਾਡੇ ਨਾਲ ਇਨ੍ਹਾਂ ਮੁਲਕਾਂ ਵਿੱਚ ਰੰਗ ਅਤੇ ਨਸਲ ਦੇ ਅਧਾਰ ਤੇ ਵਿਤਕਰਾ ਹੁੰਦਾ ਹੈ। ਅਸਲ ਵਿੱਚ ਮੈਂ ਅਮਰੀਕਾ ਵਿੱਚ ਹਿੰਦੁਸਤਾਨ ਨਾਲੋਂ ਆਪਣੇ ਨਾਲ ਘੱਟ ਵਿਤਕਰਾ ਹੁੰਦਾ ਦੇਖਿਆ ਹੈ। ਪਤਾ ਨਹੀਂ ਕਿਉਂ ਅਸੀਂ ਹਿੰਦੁਸਤਾਨੀ ਬਹੁਤ ਹੀ ਤੰਗ ਵਿਚਾਰਾਂ ਅਤੇ ਦਿਮਾਗਾਂ ਦੇ ਮਾਲਕ ਹਾਂ। ਪਿੱਛੇ ਜਿਹੇ ਇਕ ਆਦਮੀ ਦਾ ਮੈਨੂੰ ਫੋਨ ਆਇਆ ਜੋ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਕੋਈ ਵੈਬ ਸਾਈਟ ਵੀ ਚਲਾ ਰਿਹਾ ਹੈ। ਉਸਨੇ ਆਖਿਆ ਕਿ ਉਹ ਚਾਹੁੰਦਾ ਹੈ ਕਿ ਮੈਂ ਉਸਦੇ ਵੈਬ ਸਾਈਟ ਲਈ ਆਰਥਿਕ ਪੱਖ ਤੇ ਲੇਖ ਲਿਖਿਆ ਕਰਾਂ। ਮੈਂ ਕਿਹਾ ਕਿ ਮੈਂ ਸੋਚ ਲਵਾਂਗਾ। ਫਿਰ ਉਸਨੇ ਪੁੱਛਿਆ ਕਿ ਕੀ ਮੈਂ ਪੱਗ ਬੰਨਦਾ ਹਾਂ। ਜਦੋਂ ਮੈਂ ਨਾਂਹ ਵਿੱਚ ਜਵਾਬ ਦਿੱਤਾ ਤਾਂ ਉਸਨੇ ਆਖਿਆ ਕਿ ਉਸਨੂੰ ਕਿਸੇ ਪੱਗ ਵਾਲੇ ਲੇਖਕ ਦੀ ਭਾਲ ਹੈ। ਜੇ ਅਸੀਂ ਇੰਨੇ ਤੰਗ ਖਿਆਲੀ ਹੋ ਜਾਈਏ ਤਾਂ ਇਸ ਦੁਨੀਆਂ ਦਾ ਕੀ ਬਣੇਗਾ? ਮੈਂ ਉਨ੍ਹਾਂ ਇਨਸਾਨਾਂ ਦੀ ਬਹੁਤ ਕਦਰ ਕਰਦਾ ਹਾਂ ਜੋ ਸਿੱਖ ਹੋ ਕੇ ਕੇਸ ਦਾੜ੍ਹੀ ਰੱਖ ਕੇ ਪੱਗ ਸਜਾਉਂਦੇ ਹਨ। ਪਰ ਸਾਨੂੰ ਆਪਣੇ ਵਿਚਾਰ ਦੂਜਿਆਂ ਉੱਤੇ ਨਹੀਂ ਠੋਸਣੇ ਚਾਹੀਦੇ। ਜੇ ਸਾਡੇ ਆਪਣੇ ਮੁਲਕ ਵਿੱਚ ਹੀ (ਅਤੇ ਬਾਹਰਲੇ ਮੁਲਕਾਂ ਵਿੱਚ ਵੀ) ਅਸੀਂ ਇਕ ਦੂਜੇ ਨਾਲ ਇੰਨਾਂ ਵਿਤਕਰਾ ਕਰਦੇ ਹਾਂ ਤਾਂ ਅਸੀਂ ਬਦੇਸ਼ਾਂ ਵਿੱਚ ਵਸਣ ਵਾਲੇ ਲੋਕ ਇੱਥੇ ਬਦੇਸ਼ੀਆਂ ਤੋਂ ਕਿਵੇਂ ਬਰਾਬਰਤਾ ਦੀ ਮੰਗ ਕਰ ਸਕਦੇ ਹਾਂ। ਜੇ ਸਾਨੂੰ ਆਪਣੇ ਮੁਲਕ ਵਿੱਚ ਹੀ ਕਿਸੇ ਨੂੰ ਇਨਸਾਫ਼ ਨਹੀਂ ਦੇ ਸਕਦੇ, ਤਾਂ ਅਸੀਂ ਬਦੇਸ਼ਾਂ ਵਿੱਚ ਕਿਵੇਂ ਇਨਸਾਫ਼ ਮੰਗ ਸਕਦੇ ਹਾਂ?
ਗੱਲ ਸਿਰਫ਼ ਧਰਮ ਤੱਕ ਹੀ ਸੀਮਤ ਨਹੀਂ। ਅਸੀਂ ਜ਼ਾਤਾਂ ਦੇ ਅਧਾਰ ਤੇ ਵੀ ਸਿਰਫ ਇਕ ਦੂਜੇ ਨਾਲ ਵਿਤਕਰਾ ਹੀ ਨਹੀਂ ਕਰਦੇ ਸਗੋਂ ਨਫ਼ਰਤ ਕਰਨ ਤੱਕ ਜਾਂਦੇ ਹਾਂ। ਇਹ ਜਾਣਦਿਆਂ ਹੋਇਆਂ ਵੀ ਕਿ ਸਿੱਖ ਧਰਮ ਜ਼ਾਤਾਂ ਦੀ ਨਿੰਦਿਆ ਕਰਦਾ ਹੈ, ਅਸੀਂ ਜ਼ਾਤਾਂ ਦੇ ਜਾਲ ਵਿੱਚ ਪੂਰੀ ਤਰ੍ਹਾਂ ਗਰਕੇ ਹੋਏ ਹਾਂ। ਅਸੀਂ ਉਸਤਾਦ ਨੁਸਰਤ ਜੀ ਦੇ ਗਾਣੇ ਵਰਗੇ ਖਿਆਲਾਂ ਨੂੰ ਬਿਲਕੁੱਲ ਭੁੱਲ ਜਾਂਦੇ ਹਾਂ:
ਉੱਥੇ ਅਮਲਾਂ ਤੇ ਹੋਣੇ ਨੇ ਨਬੇੜੇ
ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ।
ਝੂਠੇ ਮਾਣ ਤੇਰੇ ਝੁਠੇ ਸਭ ਝੇੜੇ
ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ।
ਪਿੱਛੇ ਜਿਹੇ ਪੰਜਾਬੀ ਕਵੀ ਲਾਲ ਸਿੰਘ ਦਿਲ ਦਾ ਦਿਹਾਂਤ ਹੋ ਗਿਆ। ਮੇਰੇ ਇਕ ਦੋਸਤ ਨੇ ਕਿਹਾ, ''ਲਾਲ ਸਿੰਘ ਦਿਲ ਵੀ ਪਾਸ਼ ਦੇ ਬਰਾਬਰ ਦਾ ਕਵੀ ਸੀ, ਪਰ ਦਲਿਤ ਹੋਣ ਕਰਕੇ ਉਸਨੂੰ ਪਾਸ਼ ਵਰਗੀ ਮਾਨਤਾ ਨਹੀਂ ਮਿਲ ਸਕੀ।" ਮੈਂ ਪਾਸ਼ ਅਤੇ ਦਿਲ ਨੂੰ ਬਿਲਕੁੱਲ ਨਹੀਂ ਪੜ੍ਹਿਆ। ਇਸ ਲਈ ਮੈਂ ਇਸ ਬਾਰੇ ਆਪਣੀ ਰਾਏ ਨਹੀਂ ਪਰਗਟ ਕਰ ਸਕਦਾ ਪਰ ਇਹ ਕਥਨ ਸੱਚਾ ਲਗਦਾ ਹੈ।
ਅਸੀਂ ਕਿਸ ਜ਼ਾਤ ਵਿੱਚ ਜੰਮੇ ਹਾਂ, ਇਸਦੀ ਕੋਈ ਮਹੱਤਤਾ ਨਹੀਂ ਅਤੇ ਨਾ ਹੀ ਹੋਣੀ ਚਾਹੀਦੀ ਹੈ। ਅਸੀਂ ਜਿੰਦਗੀ ਵਿੱਚ ਕਿਹੋ ਜਿਹੇ ਕੰਮ ਕਰਦੇ ਹਾਂ, ਇਹ ਜ਼ਿਆਦਾ ਮਹੱਤਵਪੂਰਨ ਗੱਲ ਹੈ। ਸਾਨੂੰ ਸਿੱਖ, ਹਿੰਦੂ, ਮੁਲਮਾਨ, ਈਸਾਈ ਵਗੈਰਾ ਬਣਨ ਤੋਂ ਪਹਿਲਾਂ ਇਕ ਚੰਗਾ ਇਨਸਾਨ ਬਣਨ ਦੀ ਲੋੜ ਹੈ। ਜੇ ਅਸੀਂ ਚੰਗੇ ਇਨਸਾਨ ਹੀ ਨਹੀਂ ਤਾਂ ਅਸੀਂ ਅੱਛੇ ਸਿੱਖ, ਹਿੰਦੂ, ਮੁਸਲਮਾਨ, ਈਸਾਈ ਵਗੈਰਾ ਹੋ ਹੀ ਨਹੀਂ ਸਕਦੇ। ਕੀ ਅਸੀਂ ਓਸਾਮਾ ਬਿਨ-ਲਾਦਨ ਵਰਗੇ ਬੰਦਿਆਂ ਨੂੰ ਇਨਸਾਨ ਜਾਂ ਧਾਰਮਿਕ ਕਹਿ ਸਕਦੇ ਹਾਂ? ਬਿਲਕੁੱਲ ਨਹੀਂ। ਇਹੋ ਜਿਹੇ ਲੋਕ ਧਰਮ ਦੀ ਆੜ ਲੈ ਕੇ ਕੁਧਰਮੀ ਵਾਲੇ ਕੰਮ ਕਰ ਰਹੇ ਹਨ।
ਅਸੀਂ ਜੇ ਹਿੰਦੁਸਤਾਨ ਨੂੰ ਅੱਗੇ ਵਧਦਾ ਦੇਖਣਾ ਹੈ ਤਾਂ ਇਸ ਨਸਲੀ ਵਿਤਕਰੇ ਅਤੇ ਨਫ਼ਰਤ ਨੂੰ ਠੱਲ ਪਾਉਣੀ ਪਵੇਗੀ, ਨਵੇਂ ਅਤੇ ਸਖਤ ਕਨੂੰਨ ਬਣਾ ਕੇ ਅਤੇ ਇਸ ਬਾਰੇ ਸਕੂਲਾਂ ਕਾਲਜਾਂ ਵਿੱਚ ਸਿੱਖਿਆ ਦੇ ਕੇ। |