ਪੰਜਾਬੀ ਸਾਹਿਤ ਵਿੱਚ ਮਾਨ, ਸਨਮਾਨ, ਅਤੇ ਪੁਰਸਕਾਰ!

             

 
                                  
            

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਗੁਰਦੇਵ ਸਿੰਘ ਘਣਗਸ, ਬਰਜਿੰਦਰ ਕੌਰ ਢਿੱਲੋਂ

       

 
                                  
            
 

  ਸਤੰਬਰ 1, 2008 

        

ਪੰਜਾਬੀ ਸਾਹਿਤ ਵਿੱਚ ਮਾਨ, ਸਨਮਾਨ, ਅਤੇ ਪੁਰਸਕਾਰ

                                                                                                      -ਪ੍ਰੇਮ ਮਾਨ

ਹੁਣੇ ਹੁਣੇ ਕੁਝ ਪੰਜਾਬੀ ਸਾਹਿਤਕਾਰਾਂ ਅਤੇ ਪੱਤਰਕਾਰਾਂ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰ ਦਿੱਤੇ ਗਏ ਸਨ ਜਿਨ੍ਹਾਂ ਕਾਰਨ ਕਾਫੀ ਵਾਦ-ਵਿਵਾਦ ਛਿੜਿਆ ਹੈ। ਕੁਝ ਇਕ ਨੇ ਚੰਗਾ ਕਿਹਾ ਅਤੇ ਬਹੁਤਿਆਂ ਨੇ ਮੰਦਾ ਕਿਹਾ। ਕੁਝ ਇਕ ਨੇ ਸਲਾਹਿਆ ਅਤੇ ਬਹੁਤਿਆਂ ਨੇ ਭੰਡਿਆ। ਜਿਨ੍ਹਾਂ ਨੇ ਭੰਡਿਆ ਹੈ ਉਨ੍ਹਾਂ ਨੇ ਆਮ ਤੌਰ ਤੇ ਅਸੂਲਾਂ ਨੂੰ ਤੋੜਨ-ਮਰੋੜਨ, ਗ਼ਲਤ ਤਰੀਕੇ ਨਾਲ ਪੁਰਸਕਾਰ ਵੰਡਣ, ਅਤੇ ਕੁਝ ਇਕ ਪੁਰਸਕਾਰ ਲੈਣ ਵਾਲਿਆਂ ਦਾ ਕਮੇਟੀ ਦੇ ਮੈਂਬਰ ਹੋਣ ਨੂੰ ਹੀ ਭੰਡਿਆ ਹੈ।

             

              ਪੰਜਾਬੀ ਸਾਹਿਤ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਇਨਾਮ ਸਨਮਾਨ ਇਸ ਤਰ੍ਹਾਂ ਦਿੱਤੇ ਗਏ ਹਨ, ਅਤੇ ਨਾ ਹੀ ਇਹ ਆਖਰੀ ਵਾਰੀ ਹੈ। ਪੰਜਾਬੀ ਸਾਹਿਤ ਵਿੱਚ ਜਿਸ ਤਰ੍ਹਾਂ ਇਨਾਮ ਸਨਮਾਨ ਦਿੱਤੇ ਜਾਂਦੇ ਹਨ, ਇਸ ਬਾਰੇ ਸਾਨੂੰ ਸਭ ਨੂੰ ਹੀ ਪਤਾ ਹੈ, ਅਤੇ ਇਹ ਉਤਨਾ ਚਿਰ ਇਸ ਤਰ੍ਹਾਂ ਹੀ ਦਿੱਤੇ ਜਾਂਦੇ ਰਹਿਣਗੇ ਜਦੋਂ ਤੱਕ ਲੋਕ ਅਵਾਜ਼ ਨਹੀਂ ਉਠਾਉਣਗੇ ਅਤੇ ਗ਼ਲਤ ਨੂੰ ਗ਼ਲਤ ਨਹੀਂ ਕਹਿਣਗੇ।

             

              ਵੈਸੇ ਤਾਂ ਜਿਨ੍ਹਾਂ ਸਾਹਿਤਕਾਰਾਂ ਅਤੇ ਪੱਤਰਕਾਰਾਂ ਨੂੰ ਇਹ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰ ਮਿਲੇ ਹਨ ਉਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਚੰਗੇ ਸਾਹਿਤਕਾਰ ਅਤੇ ਪੱਤਰਕਾਰ ਹਨ ਅਤੇ ਉਨ੍ਹਾਂ ਨੂੰ ਇਸ ਸਾਲ ਨਹੀਂ ਤਾਂ ਥੋੜੇ ਹੋਰ ਸਾਲਾਂ ਵਿੱਚ ਇਹ ਇਨਾਮ ਸਨਮਾਨ ਮਿਲ ਹੀ ਜਾਣੇ ਸਨ ਜੇ ਇਹ ਇਮਾਨਦਾਰੀ ਨਾਲ ਦਿੱਤੇ ਜਾਣ। ਪਰ ਜਿਸ ਗੱਲ ਤੇ ਇਤਰਾਜ਼ ਹੈ ਉਹ ਹੈ ਇਨ੍ਹਾਂ ਪੁਰਸਕਾਰਾਂ ਦੇ ਚੋਣ ਢੰਗ ਤੇ। ਜੇ ਕੋਈ ਵੀ ਸਾਹਿਤਕਾਰ ਜਾਂ ਪੱਤਰਕਾਰ ਕਿਸੇ ਮਾਨ-ਸਨਮਾਨ ਜਾਂ ਪੁਰਸਕਾਰ ਲਈ ਉਮੀਦਵਾਰ ਹੋਵੇ ਤਾਂ ਉਹ ਇਨਸਾਨ ਜਾਂ ਉਸਦਾ ਕੋਈ ਵੀ ਰਿਸ਼ਤੇਦਾਰ ਵਗੈਰਾ ਫੈਸਲਾ ਕਰਨ ਵਾਲੀ ਕਮੇਟੀ ਦਾ ਮੈਂਬਰ ਬਿਲਕੁਲ ਨਹੀਂ ਹੋਣਾ ਚਾਹੀਦਾ। ਪੰਜਾਬੀ ਵਿੱਚ (ਅਤੇ ਸ਼ਾਇਦ ਹਿੰਦੁਸਤਾਨ ਵਿੱਚ ਹੀ) ਇਹੋ ਜਿਹੀਆਂ ਗੱਲਾਂ ਆਮ ਵਾਪਰਦੀਆਂ ਹਨ। ਆਪਣੇ ਆਪ ਨੂੰ ਹੀ ਇਨਾਮ ਅਤੇ ਮਾਨ-ਸਨਮਾਨ ਦੇ ਲੈਣਾ ਜਾਂ ਦਿਵਾ ਲੈਣਾ, ਇਨਾਮਾਂ ਲਈ ਅਸਲ-ਰਸੂਖ਼ ਵਰਤਣੇ, ਸੌਦੇ-ਵਾਜੀਆਂ ਕਰਨੀਆਂ, ਸਿਫਾਰਸ਼ਾਂ ਪਾਉਣੀਆਂ ਅਤੇ ਪਵਾਉਣੀਆਂ, ਗੰਢਾਂ-ਤੁੱਪਾਂ ਕਰਨੀਆਂ, ਸ਼ਾਇਦ ਰਿਸ਼ਵਤਾਂ ਵੀ ਦੇ ਦਿਵਾ ਲੈਣੀਆਂ ਪੰਜਾਬੀ ਸਾਹਿਤ ਵਿੱਚ ਆਮ ਹੀ ਚਲਦਾ ਹੈ। ਆਪਣੇ ਰਿਸ਼ਤੇਦਾਰਾਂ ਨੂੰ ਇਨਾਮ ਸਨਮਾਨ ਦੇਣੇ ਦਿਵਾਉਣੇ, ਆਪਣੇ ਗੂੜ੍ਹੇ ਦੋਸਤਾਂ ਨੂੰ ਇਨਾਮਾਂ ਸਨਮਾਨਾਂ ਨਾਲ ਖੁਸ਼ ਕਰਨਾ ਕਰਾਉਣਾ, ਆਪਣੇ ਆਸ਼ਕਾਂ-ਮਾਸ਼ੂਕਾਂ ਨੂੰ ਇਨਾਮ ਦੇਣ ਦਿਵਾਉਣ ਲਈ ਹਰ ਤਰ੍ਹਾਂ ਦੇ ਤਰੀਕੇ ਵਰਤਣੇ ਅਤੇ ਵਾਹ ਲਾਉਣੀ ਆਦਿ ਸਭ ਪੰਜਾਬੀ ਸਾਹਿਤਕ ਖੇਤਰ ਦੀ ਬਹੁਤ ਪੱਕੀ ਤਰ੍ਹਾਂ ਸਥਾਪਤ ਹੋ ਚੁੱਕੀ ਰਵਾਇਤ ਹੈ। ਜੇ ਪੁੱਛਣਾ ਹੈ ਤਾਂ ਇਹ ਪੁੱਛੋ ਕਿ ਪੰਜਾਬੀ ਸਾਹਿਤਕ ਇਨਾਮਾਂ ਸਨਮਾਨਾਂ ਨੂੰ ਲੈਣ ਲਈ ਕੀ ਨਹੀਂ ਕੀਤਾ ਜਾਂਦਾ ਜਾਂ ਵਰਤਿਆ ਜਾਂਦਾ। ਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਸਾਹਿਤਕਾਰਾਂ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ ਅਕੈਡਮੀ ਪੁਰਸਕਾਰ, ਅਤੇ ਹੋਰ ਬਹੁਤ ਸਾਰੇ ਇਨਾਮ-ਸਨਮਾਨ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਇਨ੍ਹਾਂ ਇਨਾਮਾਂ ਦੀ ਪ੍ਰਤਿਭਾ ਦੇ ਨੇੜੇ ਤੇੜੇ ਵੀ ਨਹੀਂ। ਦੂਜੇ ਪਾਸੇ ਇਹੋ ਜਿਹੇ ਪੰਜਾਬੀ ਸਾਹਿਤਕਾਰ ਵੀ ਹਨ ਜਿਨ੍ਹਾਂ ਨੂੰ ਇਹ ਇਨਾਮ ਸਨਮਾਨ ਮਿਲਨੇ ਚਾਹੀਦੇ ਹਨ ਪਰ ਉਨ੍ਹਾਂ ਨੂੰ ਨਹੀਂ ਮਿਲੇ ਜਾਂ ਦਿੱਤੇ ਗਏ ਕਿਉਂਕਿ ਉਹ ਉਨ੍ਹਾਂ ਜੁੱਟ ਬੰਦੀਆਂ ਅਤੇ ਦਾਇਰਿਆਂ ਦੇ ਵਿੱਚ ਨਹੀਂ ਆਉਂਦੇ ਜੋ ਇਨ੍ਹਾਂ ਇਨਾਮਾਂ ਦੇ ਫੈਸਲੇ ਕਰਦੇ ਹਨ। ਇਸ ਸਾਲ ਵੀ ਕਈ ਅਜਿਹੇ ਸਾਹਿਤਕਾਰਾਂ ਨੂੰ ਸ਼੍ਰੋਮਣੀ ਪੁਰਸਕਾਰ ਮਿਲੇ ਹਨ ਜਿਨ੍ਹਾਂ ਤੋਂ ਵਧੀਆ ਕਈ ਹੋਰ ਲੇਖਕ ਬੈਠੇ ਹਨ ਜੋ ਇਨ੍ਹਾਂ ਪੁਰਸਕਾਰਾਂ ਦੇ ਜ਼ਿਆਦਾ ਹੱਕਦਾਰ ਹਨ ਪਰ ਸ਼ਾਇਦ ਇਨਾਮ ਦੇਣ ਵਾਲਿਆਂ ਵਿੱਚ ਉਨ੍ਹਾਂ ਦਾ ਕੋਈ ਵੀ ਰਿਸ਼ਤੇਦਾਰ, ਦੋਸਤ, ਪਤੀ, ਪਤਨੀ, ਆਸ਼ਕ, ਜਾਂ ਮਾਸ਼ੂਕ ਨਹੀਂ ਸੀ ਬੈਠਾ ਜੋ ਉਨ੍ਹਾਂ ਲਈ ਅਵਾਜ਼ ਉਠਾ ਸਕਦਾ।

             

             ਅਸਲ ਵਿੱਚ ਇਹ ਕਹਿਣਾ ਅੱਤਕਥਨੀ ਨਹੀਂ ਕਿ ਸਾਡੇ ਪੰਜਾਬੀਆਂ ਵਿੱਚੋਂ ਈਮਾਨਦਾਰੀ ਨਾਲ ਫੈਸਲੇ ਕਰਨ ਦੀ ਆਦਤ ਬਹੁਤ ਹੱਦ ਤੱਕ ਖ਼ਤਮ ਹੋ ਗਈ ਹੈ ਅਤੇ ਰਹਿੰਦੀ ਖੂੰਹਦੀ ਖ਼ਤਮ ਹੋ ਰਹੀ ਹੈ। ਇਹ ਗੱਲ ਸਿਰਫ਼ ਪੰਜਾਬੀ ਸਾਹਿਤਕ ਪੁਰਸਕਾਰ ਦੇਣ-ਲੈਣ ਤੇ ਹੀ ਲਾਗੂ ਨਹੀਂ ਹੁੰਦੀ ਸਗੋਂ ਹਰ ਤਰ੍ਹਾਂ ਦੇ ਹੁੰਦੇ ਫੈਸਲਿਆਂ ਤੇ ਲਾਗੂ ਹੁੰਦੀ ਹੈ। ਇੱਥੇ ਤਾਂ ਜਿਸਦੀ ਲਾਠੀ ਉਸਦੀ ਭੈਂਸ ਵਾਲੀ ਗੱਲ ਹੈ। ਜਾਂ ਫਿਰ ਤਕੜੇ ਦਾ ਸੱਤੀਂ ਵੀਹੀਂ ਸੌ। ਮਾੜੇ ਤੇ ਨਿਤਾਣੇ ਇਨਸਾਨ ਨੂੰ ਕੌਣ ਪੁੱਛਦਾ ਹੈ? ਜਿਸ ਇਨਸਾਨ ਦੀ ਕੋਈ ਪਹੁੰਚ ਨਹੀਂ, ਜਾਂ ਜਿਹੜਾ ਇਨਸਾਨ ਬੇਈਮਾਨੀ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦਾ, ਜਾਂ ਜਿਹੜਾ ਤਕੜੇ ਅਤੇ ਪਹੁੰਚ ਵਾਲੇ ਇਨਸਾਨਾਂ ਦੀ ਚਾਪਲੂਸੀ ਕਰਕੇ ਉਨ੍ਹਾਂ ਨਾਲ ਦੋਸਤੀਆਂ ਨਹੀਂ ਗੰਢਦਾ, ਜਾਂ ਜਿਹੜਾ ਪੈਸੇ ਖਰਚ ਕੇ ਨਾਮਵਰ ਇਨਸਾਨਾਂ ਨੂੰ ਨਹੀਂ ਖਰੀਦਦਾ ਉਹ ਇਨਸਾਨ ਅੱਜ ਕੱਲ ਆਮ ਤੌਰ ਤੇ ਕੁਝ ਪ੍ਰਾਪਤ ਨਹੀਂ ਕਰ ਸਕਦਾ। ਬਹੁਤੇ ਫੈਸਲੇ ਦੋਸਤੀਆਂ, ਰਿਸ਼ਤਿਆਂ, ਅਤੇ ਸੰਬੰਧਾਂ ਦੇ ਅਧਾਰ ਤੇ ਹੀ ਹੁੰਦੇ ਹਨ। ਇਹ ਇਕ ਦਲਦਲ ਹੈ ਜਿਸ ਵਿੱਚ ਅਸੀਂ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹਾਂ। ਕੀ ਅਸੀਂ ਇਸ ਦਲਦਲ 'ਚੋਂ ਕਦੇ ਨਿਕਲ ਸਕਾਂਗੇ? ਕੀ ਅਸੀਂ ਇਸ ਸਾਲ ਦੇ ਪੁਰਸਕਾਰਾਂ ਕਾਰਨ ਹੋਏ ਵਾਦ-ਵਿਵਾਦ ਕਾਰਨ ਕੋਈ ਸੁਧਾਰ ਲਿਆ ਸਕਾਂਗੇ? ਬਹੁਤੀ ਆਸ ਨਹੀਂ ਬੱਝਦੀ।

              

             ਜੋ ਵੀ ਢੰਗ ਅਸੀਂ ਪੁਰਸਕਾਰ ਲੈਣ ਲਈ ਵਰਤਦੇ ਹਾਂ, ਕੀ ਉਨ੍ਹਾਂ ਦਾ ਕਾਰਨ ਪੁਰਸਕਾਰਾਂ ਲਈ ਭੁੱਖ ਹੈ ਜਾਂ ਪੁਰਸਕਾਰਾਂ ਦੇ ਨਾਲ ਮਿਲਣ ਵਾਲੀ ਮਾਇਆ ਦਾ ਲਾਲਚ? ਅਸੀਂ ਕਿਸੇ ਦੇ ਵੀ ਦਿਲ ਦੀ ਨਹੀਂ ਜਾਣ ਸਕਦੇ। ਇਹ ਤਾਂ ਉਹੀ ਜਾਣਨ ਜਿਨ੍ਹਾਂ ਨੇ ਇਹ ਪੁਰਸਕਾਰ ਨੈਤਿਕਤਾ ਦੇ ਅਸੂਲਾਂ ਦੀ ਹੱਤਿਆ ਕਰ ਕੇ ਲਏ ਹਨ।

              

              ਵੈਸੇ ਜੇ ਦੇਖਿਆ ਜਾਵੇ ਤਾਂ ਪੰਜਾਬੀ ਸਾਹਿਤ ਵਿੱਚ ਬਹੁਤ ਹੀ ਜ਼ਿਆਦਾ ਇਨਾਮ ਸਨਮਾਨ ਦਿੱਤੇ ਜਾਂਦੇ ਹਨ। ਅਸੀਂ ਅਨੇਕਾਂ ਹੀ ਇਨਾਮ ਸਨਮਾਨ ਸ਼ੁਰੂ ਕਰ ਕੇ ਇਨ੍ਹਾਂ ਦੀ ਕਦਰ ਅਤੇ ਕੀਮਤ ਘਟਾ ਰੱਖੀ ਹੈ। ਕੀ ਲੋੜ ਹੈ ਇੰਨੇ ਪੁਰਸਕਾਰਾਂ ਦੀ? ਕਿਤਨਾ ਕੁ ਵੱਡਾ ਹੈ ਪੰਜਾਬ ਅਤੇ ਪੰਜਾਬੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਦਾ ਖੇਤਰ?

              

              ਇਸ ਸਾਲ ਦੇ ਦਿੱਤੇ ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਕਹਾਣੀ ਸੁਣ ਕੇ ਅਮਰੀਕਾ ਦੀ ਇਕ ਵਾਰਦਾਤ ਯਾਦ ਆ ਗਈ। ਸੰਨ 2000 ਵਿੱਚ ਜਦੋਂ ਜਾਰਜ ਬੁਸ਼ ਨੇ ਰਿਪਬਲੀਕਨ ਪਾਰਟੀ ਵਜੋਂ ਪ੍ਰਧਾਨ ਦੀ ਚੋਣ ਲੜਨੀ ਸੀ ਤਾਂ ਉਸਨੇ ਇਕ ਕਮੇਟੀ ਬਣਾਈ ਜਿਸਦੀ ਜਿੰਮੇਵਾਰੀ ਉੱਪ-ਪ੍ਰਧਾਨ ਵਾਸਤੇ ਯੋਗ ਬੰਦਾ ਲੱਭਣ ਦੀ ਸੀ। ਇਸ ਕਮੇਟੀ ਦਾ ਚੇਅਰਮੈਨ ਰਿਚਰਡ ਚੇਨੀ (Richard Cheney) ਨੂੰ ਬਣਾਇਆ ਗਿਆ ਸੀ। ਕੁਝ ਮਹੀਨਿਆਂ ਵਿੱਚ ਕਈ ਯੋਗ ਉਮੀਦਵਾਰਾਂ ਨੂੰ ਇੰਟਰਵੀਊ ਕਰਨ ਤੋਂ ਬਾਅਦ ਰਿਚਰਡ ਚੇਨੀ ਨੇ ਇਸ ਪਦਵੀ ਲਈ ਆਪਣੇ ਆਪ ਨੂੰ ਹੀ ਨਾਮਜ਼ਦ ਕਰਨ ਦੀ ਸਲਾਹ ਦੇ ਦਿੱਤੀ ਕਿਉਂਕਿ ਉਸ ਤੋਂ ਵਧੀਆ ਕੋਈ ਹੋਰ ਉਮੀਦਵਾਰ ਨਹੀਂ ਸੀ। ਇਸ ਸਾਲ ਦੇ ਸ਼੍ਰੋਮਣੀ ਪੁਰਸਕਾਰਾਂ ਲਈ ਵੀ ਕਮੇਟੀ ਦੇ ਕੁਝ ਮੈਂਬਰਾਂ ਨੇ ਇਸ ਤਰ੍ਹਾਂ ਹੀ ਕੀਤੀ। ਗੱਲ ਵੀ ਠੀਕ ਹੈ। ਜੇ ਅਮਰੀਕਾ ਦੇ ਉੱਪ-ਪ੍ਰਧਾਨ ਦੀ ਪਦਵੀ ਲਈ ਇਹ ਕੀਤਾ ਜਾ ਸਕਦਾ ਹੈ ਤਾਂ ਪੰਜਾਬੀ ਸਾਹਿਤ ਦੇ ਪੁਰਸਕਾਰਾਂ ਲਈ ਕਿਉਂ ਨਹੀਂ ਕੀਤਾ ਜਾ ਸਕਦਾ?

              

              ਇਕ ਹੋਰ ਕਹਾਣੀ ਯਾਦ ਆ ਗਈ ਜੋ ਕੈਨੇਡਾ ਵਸਦੇ ਮੇਰੇ ਕਾਲਜ ਵੇਲੇ ਦੇ ਇਕ ਦੋਸਤ ਦੀ ਹੈ। ਬਹੁਤ ਸਾਲ ਪਹਿਲਾਂ ਉਹ ਵਿਆਹ ਕਰਾਉਣ ਬਾਰੇ ਸੋਚ ਰਿਹਾ ਸੀ। ਉਦੋਂ ਵੀ ਉਹ ਕੈਨੇਡਾ ਹੀ ਰਹਿੰਦਾ ਸੀ। ਕਿਸੇ ਰਿਸ਼ਤੇਦਾਰਾਂ ਵਿੱਚੋਂ ਰਿਸ਼ਤੇ ਬਾਰੇ ਗੱਲ ਚਲੀ। ਇਕ ਔਰਤ ਮੇਰੇ ਦੋਸਤ ਨੂੰ ਆਪਣੀ ਇਕ ਰਿਸ਼ਤੇਦਾਰ ਲੜਕੀ ਲਈ ਦੇਖਣ ਆਈ। ਇਹ ਔਰਤ ਵੀ ਅਣਵਿਆਹੀ ਹੀ ਸੀ। ਪਰ ਦੇਖਣ ਆਈ ਔਰਤ ਨੂੰ ਮੇਰਾ ਦੋਸਤ ਆਪਣੇ ਲਈ ਪਸੰਦ ਆ ਗਿਆ ਅਤੇ ਉਸਨੇ ਆਪ ਹੀ ਉਸ ਨਾਲ ਵਿਆਹ ਕਰਾ ਲਿਆ। ਕੁਝ ਇਹੋ ਜਿਹੀ ਗੱਲ ਹੀ ਇਨ੍ਹਾਂ ਸ਼੍ਰੋਮਣੀ ਪੁਰਸਕਾਰਾਂ ਦੀ ਹੋਈ। 

              

              ਜ਼ਿੰਦਗੀ ਵਿੱਚ ਮਾਨਾਂ-ਸਨਮਾਨਾਂ ਅਤੇ ਪੁਰਸਕਾਰਾਂ ਦੀ ਕੋਈ ਕੀਮਤ ਨਹੀਂ। ਲੋਕ ਤੁਹਾਨੂੰ ਇਸ ਗੱਲ ਲਈ ਯਾਦ ਨਹੀਂ ਕਰਦੇ ਕਿ ਤੁਹਾਨੂੰ ਕਿੰਨੇ ਮਾਨ-ਸਨਮਾਨ ਅਤੇ ਪੁਰਸਕਾਰ ਮਿਲੇ ਹਨ ਸਗੋਂ ਇਸ ਗੱਲ ਲਈ ਯਾਦ ਕਰਦੇ ਹਨ ਕਿ ਤੁਸੀਂ ਕੰਮ ਕੀ ਕੀਤੇ ਹਨ ਅਤੇ ਲੋਕਤਾ ਨੂੰ ਤੁਹਾਡੀ ਕੀ ਦੇਣ ਹੈ। ਕੀ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਪ੍ਰੋ. ਮੋਹਣ ਸਿੰਘ, ਸ਼ਿਵ ਕੁਮਾਰ, ਅਤੇ ਅੰਮ੍ਰਿਤਾ ਪ੍ਰੀਤਮ ਨੂੰ ਪੁਰਸਕਾਰਾਂ ਕਰਕੇ ਯਾਦ ਕੀਤਾ ਜਾਂਦਾ ਹੈ? ਬਹੁਤ ਸਾਲ ਪਹਿਲਾਂ ਸੁਖਪਾਲਵੀਰ ਹਸਰਤ ਨੂੰ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ ਸੀ ਜਿਸ ਉੱਤੇ ਕਾਫੀ ਵਾਦ-ਵਿਵਾਦ ਹੋਇਆ ਸੀ। ਕਿੰਨੇ ਕੁ ਸਾਹਿਤ ਪ੍ਰੇਮੀਆਂ ਨੂੰ ਹਸਰਤ ਦੀਆਂ ਲਿਖਤਾਂ ਬਾਰੇ ਜਾਂ ਉਸਦੀ ਜੀਵਨੀ ਬਾਰੇ ਪਤਾ ਹੈ? ਜੇ ਜਸਵੰਤ ਸਿੰਘ ਕੰਵਲ ਦਾ ਨਾਂ ਰਹਿਣਾ ਹੈ ਤਾਂ ਉਸਦੀਆਂ 'ਪੂਰਨਮਾਸ਼ੀ' ਜਿਹੀਆਂ ਲਿਖਤਾਂ ਕਾਰਨ ਨਾ ਕਿ ਸਨਮਾਨਾਂ ਅਤੇ ਪੁਰਸਕਾਰਾਂ ਕਾਰਨ। ਜੇ ਦਲੀਪ ਕੌਰ ਟਿਵਾਣਾ ਨੂੰ ਲੋਕਾਂ ਨੇ ਯਾਦ ਰੱਖਣਾ ਹੈ ਅਤੇ ਉਸਦੀ ਕਦਰ ਕਰਨੀ ਹੈ ਤਾਂ ਉਸਦੀਆਂ 'ਏਹੁ ਹਮਾਰਾ ਜੀਵਣਾ' ਵਰਗੀਆਂ ਲਿਖਤਾਂ ਕਾਰਨ। ਮੈਨੂੰ ਨਹੀਂ ਪਤਾ ਕਿ ਗੁਰਦਿਆਲ ਸਿੰਘ ਨੂੰ  ਕਿੰਨੇ ਕੁ ਸਨਮਾਨ ਅਤੇ ਪੁਰਸਕਾਰ ਹੁਣ ਤੱਕ ਮਿਲ ਚੁੱਕੇ ਹਨ ਪਰ ਉਹ ਸਭ ਦੀਆਂ ਨਜ਼ਰਾਂ ਵਿੱਚ 'ਮੜ੍ਹੀ ਦਾ ਦੀਵਾ' ਅਤੇ 'ਅਣਹੋਏ' ਵਰਗੀਆਂ ਰਚਨਾਵਾਂ ਕਾਰਨ ਇਕ ਸ਼੍ਰੋਮਣੀ ਲੇਖਕ ਹੈ। ਡਾ. ਜਗਤਾਰ ਨੂੰ ਕਿੰਨੇ ਕੁ ਸਨਮਾਨ ਅਤੇ ਪੁਰਸਕਾਰ ਦਿੱਤੇ ਗਏ ਹਨ? ਪਰ ਇਹ ਸਾਰੇ ਜਾਣਦੇ ਹਨ (ਭਾਵੇਂ ਉਹ ਮੰਨਣ ਜਾਂ ਨਾ ਮੰਨਣ) ਕਿ ਉਹ ਇਸ ਵੇਲੇ ਜੀਉਂਦੇ ਪੰਜਾਬੀ ਕਵੀਆਂ ਵਿੱਚੋਂ ਸਭ ਤੋਂ ਸ਼੍ਰੋਮਣੀ ਅਤੇ ਵਧੀਆ ਕਵੀ ਹੈ। ਮੁੱਕਦੀ ਗੱਲ ਇਹ ਹੈ ਕਿ ਸਨਮਾਨਾਂ, ਪੁਰਸਕਾਰਾਂ, ਅਤੇ ਪ੍ਰਧਾਨਗੀਆਂ ਨਾਲ ਕੋਈ ਵੀ ਉੱਚਾ ਨਹੀਂ ਬਣਦਾ। ਸਿਰਫ਼ ਇਨਸਾਨ ਦੇ ਕੰਮ ਹੀ ਉਸਨੂੰ ਉੱਚਾ ਬਣਾ ਸਕਦੇ ਹਨ। ਸਨਮਾਨਾਂ, ਪੁਰਸਕਾਰਾਂ, ਅਤੇ ਪ੍ਰਧਾਨਗੀਆਂ ਪਿੱਛੇ ਲੱਗੀ ਦੌੜ ਸਿਰਫ਼ ਫੋਕੇ ਦਿਖਾਵੇ ਲਈ ਹੈ, ਅਤੇ ਕਈ ਵਾਰੀ ਇਹ ਦੌੜ ਇਨਸਾਨਾਂ ਦੇ ਦੋਗਲੇਪਣ ਅਤੇ ਪਾਖੰਡਵਾਦ ਨੂੰ ਨੰਗਾ ਕਰਦੀ ਹੈ। ਬਹੁਤੀ ਵਾਰੀ ਇਹ ਦੌੜ ਜਾਂ ਭੁੱਖ ਪੁਰਸਕਾਰਾਂ ਨਾਲੋਂ ਪੁਰਸਕਾਰਾਂ ਦੇ ਨਾਲ ਮਿਲਦੀ ਮਾਇਆ ਲਈ ਜ਼ਿਆਦਾ ਹੁੰਦੀ ਹੈ। ਅਸਲੀਅਤ ਤਾਂ ਇਹ ਹੈ ਕਿ ਦੋ-ਤਿੰਨਾਂ ਸਾਲਾਂ ਬਾਦ ਕਿਸੇ ਨੂੰ ਯਾਦ ਨਹੀਂ ਰਹਿਣਾ ਕਿ ਕਿਹੜੇ ਪੁਰਸਕਾਰ ਕਿਸ ਕਿਸ ਨੂੰ ਮਿਲੇ ਸਨ।

              

              ਸਾਡਾ ਹਿੰਦੁਸਤਾਨੀਆਂ ਦਾ ਇਖਲਾਕ ਦਿਨ-ਬ-ਦਿਨ ਗਿਰਦਾ ਹੀ ਜਾ ਰਿਹਾ ਹੈ। ਮੈਂ ਇੱਥੇ ਸਿਰਫ਼ ਪੁਰਸਕਾਰਾਂ ਦੀ ਗੱਲ ਹੀ ਨਹੀਂ ਕਰ ਰਿਹਾ ਪਰ ਜ਼ਿੰਦਗੀ ਦੇ ਹਰ ਪਹਿਲੂ ਦੀ ਗੱਲ ਕਰ ਰਿਹਾਂ। ਅਸੀਂ ਦੂਜਿਆਂ ਦਾ ਹੱਕ ਹਰ ਤਰ੍ਹਾਂ ਹੜੱਪਣ ਦੀ ਝਾਕ ਵਿੱਚ ਰਹਿੰਦੇ ਹਾਂ। ਜਦੋਂ ਵੀ ਕੁਝ ਲੱਭਣ ਦਾ ਮੌਕਾ ਮਿਲੇ, ਚਾਹੇ ਸਿੱਧੀ ਉਂਗਲੀ ਨਾਲ ਅਤੇ ਚਾਹੇ ਟੇਢੀ ਉਂਗਲੀ ਨਾਲ, ਅਸੀਂ ਉਹ ਮੌਕਾ ਨਹੀਂ ਗੁਆਉਣਾ ਚਾਹੁੰਦੇ ਭਾਵੇਂ ਅਸੀਂ ਪ੍ਰਾਪਤ ਹੋਣ ਵਾਲੀ ਚੀਜ਼ ਦੇ ਹੱਕਦਾਰ ਹੋਈਏ ਜਾਂ ਨਾ। ਇਸੇ ਤਰ੍ਹਾਂ ਹੀ ਇਨ੍ਹਾਂ ਸਾਹਿਤਕਾਰਾਂ ਨੂੰ ਕਮੇਟੀ ਦੇ ਮੈਂਬਰ ਬਣ ਕੇ ਆਪਣੇ ਆਪ ਨੂੰ ਅਤੇ ਆਪਣੇ ਜਾਣੇ ਪਛਾਣੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਮੌਕਾ ਮਿਲਿਆ ਸੀ ਜਿਹੜਾ ਇਨ੍ਹਾਂ ਨੇ ਕਿਸੇ ਕੀਮਤ ਤੇ ਵੀ ਹੱਥੋਂ ਗਵਾਉਣਾ ਨਹੀਂ ਸੀ ਚਾਹਿਆ। ਚੰਗਾ ਤਾਂ ਇਹੋ ਹੋਵੇਗਾ ਕਿ ਜਿਨ੍ਹਾਂ ਸਾਹਿਤਕਾਰਾਂ ਉੱਤੇ ਗ਼ਲਤ ਢੰਗ ਨਾਲ ਪੁਰਸਕਾਰ ਲੈਣ ਦਾ ਇਲਜ਼ਾਮ ਲੱਗਾ ਹੈ ਉਹ ਇਨ੍ਹਾਂ ਪੁਰਸਕਾਰਾਂ ਅਤੇ ਮਾਇਆ ਨੂੰ ਵਾਪਸ ਕਰ ਦੇਣ। ਪਰ ਜੇ ਇਹ ਨਹੀਂ ਕਰਨਾ ਤਾਂ ਘੱਟੋ ਘੱਟ ਪੁਰਸਕਾਰਾਂ ਨਾਲ ਹੱਥ ਲੱਗੀ ਮਾਇਆ ਜ਼ਰੂਰ ਗਰੀਬਾਂ ਨੂੰ ਵੰਡ ਦੇਣ।

              

              ਲੇਖਕ ਤਾਂ ਬਹੁਤ ਹੀ ਉੱਚੇ ਇਖਲਾਕ ਵਾਲੇ ਇਨਸਾਨ ਹੋਣੇ ਚਾਹੀਦੇ ਹਨ ਜੋ ਸੱਚ ਨੂੰ ਸੱਚ, ਝੂਠ ਨੂੰ ਝੂਠ, ਗ਼ਲਤ ਨੂੰ ਗ਼ਲਤ, ਅਤੇ ਸਹੀ ਨੂੰ ਸਹੀ ਕਹਿ ਸਕਣ ਬਗੈਰ ਕਿਸੇ ਝਿਜਕ ਦੇ, ਬਗੈਰ ਕਿਸੇ ਈਰਖਾ ਦੇ, ਬਗੈਰ ਕਿਸੇ ਰੰਜਸ਼ ਦੇ, ਅਤੇ ਬਗੈਰ ਕਿਸੇ ਵੈਰ-ਵਿਰੋਧ ਦੇ। ਜੇ ਲੇਖਕ ਹੀ ਜੋ ਲਿਖਦੇ ਹਨ ਉਸ ਤੇ ਪੂਰੇ ਨਾ ਉੱਤਰਨ ਤਾਂ ਬਾਕੀ ਜਨਤਾ ਦਾ ਕੀ ਬਣੂ? ਜੇ ਲੇਖਕ ਸੱਚ ਦਾ ਹੋਕਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪ ਵੀ ਸੱਚ ਹੀ ਅਪਨਾਉਣਾ ਚਾਹੀਦਾ ਹੈ। ਜੇ ਲੇਖਕ ਇਨਸਾਫ਼ ਬਾਰੇ ਲਿਖਦੇ ਹਨ ਤਾਂ ਉਨ੍ਹਾਂ ਨੂੰ ਇਨਸਾਫ਼ ਪਸੰਦ ਹੀ ਹੋਣਾ ਚਾਹੀਦਾ ਹੈ। ਜਿਸ ਲੇਖਕ ਦੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈ, ਉਹ ਕੀ ਅਗਵਾਈ ਕਰ ਸਕਦਾ ਹੈ? ਜੇ ਸਾਹਿਤਕਾਰ ਹੀ ਇਹੋ ਜਿਹੇ ਕੰਮ ਕਰਨ ਲੱਗ ਪਏ ਤਾਂ ਸਾਹਿਤਕਾਰਾਂ ਅਤੇ ਸਿਆਸਤਦਾਨਾਂ ਵਿੱਚ ਕੀ ਫ਼ਰਕ ਹੋਇਆ ਜਿਨ੍ਹਾਂ ਨੂੰ ਅਸੀਂ ਭੱਦੇ ਭੱਦੇ ਨਾਵਾਂ ਨਾਲ ਸਤਿਕਾਰਦੇ ਹਾਂ?

              

              ਜਿਹੜੇ ਸਾਹਿਤਕਾਰਾਂ ਆਦਿ ਨੇ ਇਸ ਵਾਰੀ ਅਸੂਲਾਂ ਨੂੰ ਭੰਗ ਕਰ ਕੇ ਪੁਰਸਕਾਰ ਲਏ ਜਾਂ ਦਿੱਤੇ ਹਨ, ਉਨ੍ਹਾਂ ਨੂੰ ਅਗਾਂਹ ਵਾਸਤੇ ਫੈਸਲਾ ਕਰਨ ਵਾਲੀ ਕਿਸੇ ਵੀ ਕਮੇਟੀ ਦਾ ਮੈਂਬਰ  ਨਹੀਂ ਬਣਾਇਆ ਜਾਣਾ ਚਾਹੀਦਾ। ਜਿਹੜੇ ਸਾਹਿਤਕਾਰ ਪੱਖਪਾਤ ਕਰਨ ਅਤੇ ਰਿਸ਼ਤਿਆਂ ਜਾਂ ਜਾਤਾਂ ਜਾਂ ਦੋਸਤੀਆਂ ਦੇ ਅਧਾਰ ਤੇ ਫੈਸਲੇ ਕਰਨ ਲਈ ਜਾਣੇ ਜਾਂਦੇ ਹੋਣ, ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਜਿੰਮੇਵਾਰ ਕਮੇਟੀ ਦਾ ਮੈਂਬਰ ਨਹੀਂ ਬਣਾਇਆ ਜਾਣਾ ਚਾਹੀਦਾ।

            

 
                                  
            
 

  ਸਤੰਬਰ 6, 2008 

        

ਜੇ ਵੱਸ ਹੋਵੇ ਮੇਰੇ

(ਪੰਜਾਬੀ ਪੁਰਸਕਾਰਾਂ ਬਾਰੇ)

                                           -ਗੁਰਦੇਵ ਸਿੰਘ ਘਣਗਸ

ਭਾਸ਼ਾ ਵਿਭਾਗ ਪੰਜਾਬ ਵਲੋਂ ਦਿੱਤੇ ਗਏ ਪੁਰਸਕਾਰਾਂ ਬਾਰੇ  ਜੋ ਵਾਦ-ਵਿਵਾਦ (ਚਰਚਾ) ਛਿੜਿਆ ਹੈ, ਇਹ ਪੁਰਸਕਾਰਾਂ ਦੀ ਵੰਡ ਸਮੇਂ ਕੁਝ ਮੰਦੀਆਂ ਗੱਲਾਂ ਦੇ  ਹੁੰਦੇ ਰਹਿਣ ਕਾਰਨ ਛਿੜਿਆ ਹੈ।  ਪਹਿਲਾਂ ਇਹ ਘੁਸਰ-ਮੁਸਰ ਦੀ ਸ਼ਕਲ ਵਿਚ ਹੁੰਦਾ ਰਿਹਾ ਹੈ, ਹੁਣ ਇਹ ਚਰਚਾ ਬੁੱਕਲ ‘ਚੋਂ ਬਾਹਰ ਆ ਗਈ ਹੈ। ਕੁਝ ਕੁਰੀਤੀਆਂ  ਵਧ ਵਧਕੇ ਇਸ ਹੱਦ ਤੱਕ ਪਹੁੰਚ ਗਈਆਂ  ਹਨ  ਕਿ ਆਮ ਬੰਦਾ, ਜੋ  ਪੰਜਾਬੀ ਸਾਹਿਤ ਨਾਲ ਭਾਵੇਂ ਜੁੜਿਆ ਹੋਇਆ ਵੀ ਨਾ ਹੋਵੇ ਉਹ ਵੀ ਇਸਨੂੰ ਸਮਝ ਸਕਦਾ ਹੈ ।  ਇਸ ਵਾਦ-ਵਿਵਾਦ  ਦਾ ਛਿੜਨਾ ਚੰਗੀ ਗੱਲ ਹੈ, ਮਾੜੀ ਨਹੀਂ।  ਜਿਨ੍ਹਾਂ ਮੁਲਕਾਂ ਵਿਚ ਲੋਕਾਂ ਨੂੰ ਆਪਣੇ ਵਿਚਾਰ ਪਰਗਟ ਕਰਨ ਦੀ ਖੁੱਲ ਨਹੀਂ ਹੁੰਦੀ, ਉਹ ਅਸਲ ਵਿਚ ਆਜ਼ਾਦ ਨਹੀਂ ਹੁੰਦੇ।  ਵੱਖੋ ਵੱਖ ਵਿਚਾਰਾਂ ਨੂੰ ਸੁਣਨਾ, ਸਮਝਣਾ ਅਤੇ ਵਿਚਾਰ  ਕਰਕੇ ਸੁਹਿਰਦ ਫੈਸਲੇ ਕਰਨਾ  ਵਡਭਾਗੀ ਲੋਕਾਂ ਦੇ ਹਿੱਸੇ ਆਉਂਦੇ ਹਨ।  ਇਸ ਪੱਖੋਂ ਅਸੀਂ ਲੋਕ ਜਿਨ੍ਹਾਂ ਦੀ ਮਾਂ-ਬੋਲੀ ਪੰਜਾਬੀ ਹੈ ਅਜੇ ਇਸ ਸ਼੍ਰੇਣੀ (Category) ਵਿਚ ਨਹੀਂ ਆਉਂਦੇ, ਭਾਵੇਂ ਅਸੀਂ ਹੁਣ ਆਜ਼ਾਦ ਮੁਲਕਾਂ ਦੇ ਵਸਨੀਕ ਹਾਂ। ਇਸ ਤਰ੍ਹਾਂ ਦੇ ਮਸਲਿਆਂ ਨੂੰ ਜੇ ਸਕੂਲਾਂ, ਕਾਲਜਾਂ  ਤੇ ਹੋਰ ਮਹਾਂ-ਵਿਦਿਆਲਿਆਂ ਵਿਚ ਸ਼ਾਂਤਮਈ ਢੰਗ ਨਾਲ ਵਿਚਾਰਨਾ ਸਿਖਾਇਆ ਜਾਵੇ ਤਾਂ ਹੋਰ ਵੀ ਚੰਗੀ ਗੱਲ ਹੈ।

           

            ਚੰਗੇ ਜਾਂ ਮੰਦੇ ਫੈਸਲਿਆਂ ਦਾ ਅਸਰ ਨੂੰਹਾਂ-ਸੱਸਾਂ ਦੇ ਰਿਸ਼ਤਿਆਂ ਤੋਂ ਚੱਲਕੇ ਇਰਾਕ ਵਰਗੀ ਜੰਗ ਦੀ ਸ਼ੁਰੂਆਤ ਤੱਕ ਦੇਖਿਆ ਜਾ ਸਕਦਾ ਹੈ। ਇਸ ਲਈ ਪੰਜਾਬੀ ਪੁਰਸਕਾਰਾਂ ਦੀ ਛਿੜੀ ਚਰਚਾ ਕੋਈ ਅਣੋਖੀ ਗੱਲ ਵੀ ਨਹੀਂ। ਇਸ ਤਰ੍ਹਾਂ ਦੇ ਕੁਝ ਨਮੂਨੇ ਹੋਰਾਂ ਖੇਤਰਾਂ ਅਤੇ ਓਲਿੰਪਕ ਦੀਆਂ ਖੇਡਾਂ ਵਿਚ ਵੀ ਦੇਖੇ ਜਾਂਦੇ ਹਨ, ਅਤੇ ਲੋਕ ਇਨ੍ਹਾਂ ਮੁਸ਼ਕਲਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ।  ਅੱਗੇ ਚੱਲਣ ਲਈ ਕੋਈ ਸੇਧ ਕੱਢਦੇ ਰਹਿੰਦੇ ਹਨ। ਇਸੇ ਤਰ੍ਹਾਂ ਪੰਜਾਬੀ ਪੁਰਸਕਾਰਾਂ ਦੀ ਸਹੀ ਵੰਡ ਲਈ ਵੀ ਸੇਧ ਕੱਢੀ ਜਾ ਸਕਦੀ ਹੈ; ਸ਼ਾਇਦ ਇਸਦਾ ਚੰਗਾ ਅਸਰ ਪੰਜਾਬੀ ਦੇ ਹੋਰ ਖੇਤਰਾਂ ਵਿਚ ਵੀ ਪਹੁੰਚ ਜਾਵੇ ਭਾਵੇਂ ਤਿਲ-ਫੁਲ ਦੀ ਮਾਤਰਾ ਵਿਚ ਹੀ ਕਿਉਂ ਨਾ ਹੋਵੇ।

           

            ਪੰਜਾਬੀ ਪੁਰਸਕਾਰਾਂ ਬਾਰੇ ‘ਪ੍ਰੇਮ ਮਾਨ’ ਜੀ ਦੇ ਉਪਰੋਕਤ ਲੇਖ ਤੋਂ ਬਿਨਾਂ ਕੁਝ ਹੋਰ ਲੇਖ ਵੀ ਮਿਲਦੇ ਹਨ ਜਿਨ੍ਹਾਂ ਵਿਚ ਵੀ ਅਸੂਲਾਂ ਨੂੰ ਤੋੜਨ-ਮਰੋੜਨ ਅਤੇ  ਗ਼ਲਤ ਤਰੀਕੇ ਨਾਲ ਪੁਰਸਕਾਰ ਵੰਡਣ ਦੀ ਵਿਧੀ ਨੂੰ ਭੰਡਿਆ ਗਿਆ ਹੈ। ‘ਮਾਨ’ ਜੀ ਨੇ  ਆਪਣੇ  ਲੇਖ ਵਿਚ ਦੋ ਅਹਿਮ ਸਵਾਲ ਵੀ ਉਠਾਏ ਹਨ , “ਕੀ ਅਸੀਂ ਇਸ ਦਲਦਲ 'ਚੋਂ ਕਦੇ ਨਿਕਲ ਸਕਾਂਗੇ? ਕੀ ਅਸੀਂ ਇਸ ਸਾਲ ਦੇ ਪੁਰਸਕਾਰਾਂ ਕਾਰਨ ਹੋਏ ਵਾਦ-ਵਿਵਾਦ ਕਾਰਨ ਕੋਈ ਸੁਧਾਰ ਲਿਆ ਸਕਾਂਗੇ?” ਉਨ੍ਹਾਂ ਨੇ ਅਪਣੇ ਲੇਖ ਵਿਚ ਕੁਝ ਸੁਝਾਅ ਵੀ ਦਰਜ ਕੀਤੇ ਹਨ।  ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਸੁਝਾਵਾਂ ਨੂੰ ਅਮਲੀ ਰੂਪ ਦੇਣ ਲਈ ਕੀ ਕੀਤਾ ਜਾਵੇ। ਆਖਰੀ ਅਮਲੀ ਰੂਪ ਵਿਚ ਢਾਲਣ ਲਈ  ਅਮਲ ਕਰਨ ਵਾਲਿਆਂ ‘ਤੇ ਨਿਰਭਰ ਹੈ ।  ਤੁਸੀਂ ਇਸ ਵਾਰੇ ਕੀ ਕਰ ਸਕਦੇ ਹੋ, ਮੈਂ ਆਪਣੇ ਵੱਲੋਂ ਕੀ ਕਰ ਸਕਦਾ ਹਾਂ? ਇਸ ਲੇਖ ਵਿਚ ਕੁਝ ਸ਼ਬਦਾਂ ਰਾਹੀਂ ਮੈਂ ਕਹਿਣ ਦਾ ਯਤਨ ਕੀਤਾ ਹੈ।   

                                                

            ਪੁਰਸਕਾਰਾਂ ਦੇ ਇਸ ਸਾਲ ਦੀ ਚਰਚਾ ਦਾ ਸਿਹਰਾ ਡਾ. ਉਪਿੰਦਰਜੀਤ ਕੌਰ ਜੀ ਦੇ ਸਿਰ ਹੈ  ਜਿਸਦੀ ਨਿਗਰਾਨੀ/ਜੁੰਮੇਵਾਰੀ ਹੇਠ ਇਸ ਸਾਲ ਦੇ ਪੁਰਸਕਾਰਾਂ ਦੀ ਚਰਚਾ ਸ਼ੁਰੂ ਹੋਈ ।  ਇਸ ਵਿਚ ਕੀਹਦੀ-ਕੀਹਦੀ ਅਣਗਹਿਲੀ ਜਾਂ ਬੇ-ਵਫਾਈ ਛੁਪੀ ਹੋਈ ਹੈ ਇਸ ਵਾਰੇ ਹੋਰ ਪੁੱਛ-ਪੜਤਾਲ ਬਿਨਾ ਬਹੁਤਾ ਕਿਹਾ ਨਹੀਂ ਜਾ ਸਕਦਾ। ਪਰ ਪੁਰਸਕਾਰ ਚੋਣ ਕਮੇਟੀ ਦੇ ਸਾਰੇ ਬੰਦਿਆਂ ਨੂੰ ‘ਬੀਬੇ-ਰਾਣੇ’ ਵੀ ਕਰਾਰ ਨਹੀਂ ਕੀਤਾ ਜਾ ਸਕਦਾ।  ਇਹਨਾਂ ਵਿੱਚੋਂ ਕੁਝ ਨੇ ਤਾਂ ਇਸ ਕਮੇਟੀ ਨੂੰ ਆਪਣੀ ਘਰੋਗੀ ਵਸੀਅਤ ਵਾਂਗ ਬਣਾਇਆ ਹੋਇਆ ਲਗਦਾ ਹੈ । ਪਹਾੜੀ ਚੂਹਿਆਂ ਦੀਆਂ ਖੁੱਡਾਂ ਜਾਂ ਅਫਗਾਨਿਸਤਾਨ ਦੀਆਂ ਸੁਰੰਗਾਂ ਵਾਂਗ  ਇਹਨਾਂ ਦਾ ਭ੍ਰਿਸ਼ਟਾਚਾਰ ਦੂਰ ਦੂਰ ਤੱਕ ਫੈਲਿਆ ਹੋਇਆ ਹੈ।  ਇਹ ਭ੍ਰਿਸ਼ਟਾਚਾਰ ਦੀਆਂ ਖੁੱਡਾਂ ਬੰਦ ਕਰਨੀਆਂ ਚਾਹੀਦੀਆਂ ਹਨ। ਇਹਨਾਂ ਖੁੱਡਾਂ ਨੂੰ ਸਹੀ ਢੰਗ ਨਾਲ ਕਿਵੇਂ  ਬੰਦ ਕੀਤਾ ਜਾਵੇ?  

            

            1- ‘ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ।’ ਚੰਗਾ ਤਾਂ ਇਹੀ ਸੀ ਕਿ ਜੇਕਰ ਚੋਣ ਕਮੇਟੀ ਆਪਣਾ ਸੁਧਾਰ ਆਪ ਕਰ ਸਕਦੀ। ਪਰ ਇਹ ਤਾਂ ਸਮੇਂ ਸਿਰ ਕੀਤਾ ਨਹੀਂ ਗਿਆ। ਹੁਣ ਚੰਗਾ ਹੋਵੇ ਜੇਕਰ  ਚੋਣ ਕਮੇਟੀ ਦੇ ਮੈਂਬਰ ਇਕੱਠੇ ਬੈਠਕੇ ਆਪਣੀਆਂ ਭੁੱਲਾਂ-ਚੁੱਕਾਂ ਬਖਸ਼ਾਉਣ ਲਈ ਇਨ੍ਹਾਂ ਭੁੱਲਾਂ-ਚੁੱਕਾਂ ਉੱਤੇ ਚਾਨਣਾ ਪਾਉਣ ਤਾਂ ਕਿ ਅੱਗੇ ਆਉਣ ਵਾਲੀ ਕਮੇਟੀ ਉਨ੍ਹਾਂ ਤੋਂ ਕੋਈ ਸੇਧ ਲੈ ਸਕੇ ਅਤੇ ਧੰਨਵਾਦੀ ਕਹਿਣ ਦੀ ਹੱਕਦਾਰ ਹੋ ਸਕੇ। ਮੇਰੇ ਵਰਗੇ ਪਾਠਕਾਂ ਦਾ ਧੰਨਵਾਦ ਲੈਣ ਲਈ ਕਿਸੇ ਨੂੰ ਘੱਟੋ-ਘੱਟ ਆਪਣੀ ਵੋਟ ਦੇ ਫੈਸਲੇ ਦਾ ਕਾਰਨ ਜਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਪਾਠਕਾਂ ਦੀ ਜਾਣਕਾਰੀ ਕੁਝ ਤਾਂ ਜਰੂਰ ਵਧੇ। ਉਸਤੋਂ ਬਾਅਦ ਉਹਨਾਂ ਨੂੰ ਇਸ ਚੋਣ ਕਮੇਟੀ ਤੋਂ ਸਦਾ ਲਈ ਅਸਤੀਫੇ ਦੇ ਦੇਣੇ ਚਾਹੀਦੇ ਹਨ।

           

            2- ਇਸ ਕਮੇਟੀ ਦੀ ਹੁਣ ਲੋੜ ਨਹੀਂ ਰਹੀ ਲਗਦੀ, ਇਸ ਲਈ ਡਾ. ਉਪਿੰਦਰਜੀਤ ਕੌਰ ਜੀ ਨੂੰ ਇਹ ਕਮੇਟੀ ਖੋਰ ਦੇਣੀ ਚਾਹੀਦੀ ਹੈ ਤਾਂ ਕਿ ਜਿਸ ਮਾਈ-ਭਾਈ ਨੂੰ ਅਸਤੀਫਾ ਲਿਖਣ ਵਿਚ ਡਿੱਕਤ ਆ ਰਹੀ ਹੋਵੇ , ਉਸ ਦਾ ਕੰਮ ਕੁਝ ਸੌਖਾ ਹੋ ਜਾਵੇ।

           

            3- ਅਗਲੇ ਇਨਾਮਾਂ ਦਾ ਲੈਣਾ-ਦੇਣਾ ਵੱਖਰਾ ਮਸਲਾ ਹੈ ਜਿਸ ਉੱਤੇ ਛੇਤੀ ਵਿਚਾਰ ਕੀਤੀ ਜਾਵੇ। ਭ੍ਰਿਸ਼ਟਾਚਾਰ ਤੋਂ ਬਿਨਾ ਕੁਝ ਹੋਰ ਵੀ ਗੁੰਝਲਾਂ ਦਰਜ ਹਨ, ਪਰ ਭ੍ਰਿਸ਼ਟਾਚਾਰ ਸਾਂਝਾ ਮਸਲਾ ਹੈ। ਭ੍ਰਿਸ਼ਟਾਚਾਰ ਉਦੋਂ ਵਧਦਾ ਹੈ ਜਦੋਂ ਪ੍ਰਬੰਧਕ ਉਹਲੇ ਉਹਲੇ ਗੱਲਾਂ ਕਰਦੇ ਰਹਿਣ ਅਤੇ ਕੋਈ ਹਿਸਾਬ ਨਾ ਦੇਣ। ਪ੍ਰਬੰਧਕਾਂ ਤੋਂ ਸਵਾਲ ਪੁੱਛਣ ਜਾਂ ਹਿਸਾਬ ਮੰਗਣ ਸਮੇਂ ਕਈ ਵਾਰ ਨੱਕ ਵੀ ਭਨਾਉਣੇ ਪੈਂਦੇ ਹਨ। ਚੰਗੇ ਪ੍ਰਬੰਧਕ ਲੋਕਾਂ ਨੂੰ ਨਾਲ ਲੈਕੇ ਤੁਰਦੇ ਹਨ, ਹਿਸਾਬ-ਕਿਤਾਬ ਵਿਚ ਪਾਰਦਰਸ਼ੀ ਰਖਦੇ ਹਨ।

           

            ਆਸ ਰੱਖੋ ਕਿ ਡਾ. ਉਪਿੰਦਰਜੀਤ ਕੌਰ ਜੀ  ਇਸ ਮਸਲੇ ਨੂੰ ਕੋਈ ਚੰਗੀ ਸੇਧ ਦਿਖਾਉਣ। ਪੰਜਾਬੀ ਦੇ ਇਸ ਮਸਲੇ ਦਾ ਸੁਧਾਰ ਵੀ ਪੰਜਾਬੀ ਦੀ ਤਰੱਕੀ ਲਈ ਜ਼ਰੂਰੀ ਹੈ।  ਤੁਸੀਂ ਕੀ ਚਾਹੁੰਦੇ ਹੋ ? ਜੇ ਇਹੀ ਮਸਲਾ ਤੁਹਾਡੇ ਵੱਸ ਦੀ ਗੱਲ ਹੋਵੇ, ਤਾਂ ਤੁਸੀਂ ਕੀ ਕਰੋਗੇ?

            

 
                                  
            
 

  ਸਤੰਬਰ 6, 2008 

        

ਪੰਜਾਬੀ ਸਾਹਿਤ ਵਿੱਚ ਮਾਨ, ਸਨਮਾਨ ਅਤੇ ਪੁਰਸਕਾਰ

                                                -ਬਰਜਿੰਦਰ ਕੌਰ ਢਿੱਲੋਂ

ਜਦੋਂ ਮੈਂ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਟੀਚਰ ਨੇ ਮੈਨੂੰ ਜਮਾਤ ਦਾ ਮਨੀਟਰ ਬਣਾ ਦਿੱਤਾ। ਇਕ ਲੜਕੀ ਜਿਹੜੀ ਕਿ ਪੜ੍ਹਾਈ ਵਿੱਚ ਹੁਸ਼ਿਆਰ ਸੀ ਮੈਨੂੰ ਕਹਿਣ ਲੱਗੀ, ''ਲਗਦਾ ਏ ਟੀਚਰ ਜ਼ਰੂਰ ਤੇਰੀ ਰਿਸ਼ਤੇਦਾਰ ਏ?" ''ਕਿਉਂ? ਤੈਨੂੰ ਇੰਜ ਕਿਉਂ ਲਗਦਾ ਏ?" ਮੈਂ ਉਸਨੂੰ ਹੈਰਾਨੀ ਨਾਲ ਪੁੱਛਿਆ। ਉਹ ਨੱਕ ਜਿਹਾ ਮਰੋੜ ਕੇ ਕਹਿਣ ਲੱਗੀ, ''ਉਸਨੇ ਤੈਨੂੰ ਮਨੀਟਰ ਜੁ ਬਣਾ ਦਿੱਤਾ ਏ।" ਇਹ ਗੱਲ ਮੈਨੂੰ ਅੱਜ ਤੱਕ ਵੀ ਯਾਦ ਏ। ਉਹ ਟੀਚਰ ਮੇਰੀ ਸਿਰਫ਼ ਟੀਚਰ ਹੀ ਸੀ, ਕੋਈ ਰਿਸ਼ਤੇਦਾਰ ਨਹੀਂ ਸੀ। ਉਸਨੇ ਮੈਨੂੰ ਇਸ ਲਈ ਮਨੀਟਰ ਬਣਾਇਆ ਸੀ ਕਿਉਂਕਿ ਮੈ ਪੜ੍ਹਾਈ ਵਿੱਚ ਸਭ ਤੋਂ ਅੱਵਲ ਨੰਬਰ ਤੇ ਸੀ। ਹਮੇਸ਼ਾ ਆਪਣੇ ਚੰਗੇ ਕੰਮ ਦੀ ਸ਼ਲਾਘਾ ਸੁਣ ਕੇ ਇਨਸਾਨ ਹੋਰ ਚੰਗਾ ਕੰਮ ਕਰਦਾ ਹੈ ਤੇ ਨਾਲ ਹੀ ਮਾਨ ਸਨਮਾਨ ਵੀ ਮਿਲਦਾ ਹੈ। ਪਰ ਅੱਜ ਕੱਲ ਹਰ ਲਿਖਾਰੀ ਸਿਰਫ਼ ਮਾਨ ਸਨਮਾਨ ਲੈਣ ਵਾਸਤੇ ਹੀ ਭੱਜਾ ਫਿਰਦਾ ਹੈ, ਕੰਮ ਭਾਵੇਂ ਉਸਦਾ ਸ਼ਲਾਘਾਯੋਗ ਹੋਵੇ ਜਾਂ ਨਾ ਹੋਵੇ।

              

             ਕੈਨੇਡਾ ਵਿੱਚ ਮੇਰੀ ਜਾਣ ਪਹਿਚਾਣ ਦੀ ਇਕ ਲੇਖਕਾ ਹੈ ਜੋ ਕਿ ਕਵਿਤਾਵਾਂ ਲਿਖਦੀ ਹੈ। ਉਸਦੀਆਂ ਕਵਿਤਾਵਾਂ ਕਾਫੀ ਸਧਾਰਨ ਜਿਹੀਆਂ ਹੀ ਹੁੰਦੀਆਂ ਹਨ। ਬਹੁਤ ਘੱਟ ਲੋਕ ਉਸਨੂੰ ਲੇਖਕਾ ਦੇ ਤੌਰ ਤੇ ਜਾਣਦੇ ਹਨ। ਉਹ ਕਿਸੇ ਵੀ ਲੇਖਕ ਮੰਚ ਵਿੱਚ ਨਹੀਂ ਜਾਂਦੀ। ਪਿੱਛੇ ਜਿਹੇ ਉਹ ਹਿੰਦੁਸਤਾਨ ਗਈ ਅਤੇ ਆਪਣੀਆਂ ਕਵਿਤਾਵਾਂ ਦੀ ਕਿਤਾਬ ਛਪਵਾ ਕੇ ਲੈ ਆਈ। ਹਿੰਦੁਸਤਾਨ ਵਿੱਚ ਉਸਦੀ ਕਿਤਾਬ ਜਦੋਂ ਰਿਲੀਜ਼ ਕੀਤੀ ਗਈ ਤਾਂ ਉਸਨੂੰ ਆਨਰੇਰੀ ਡਾਕਟਰ ਦਾ ਖ਼ਿਤਾਬ ਦਿੱਤਾ ਗਿਆ। ਉਹ ਖ਼ਿਤਾਬ ਇਸ ਲਈ ਨਹੀਂ ਸੀ ਕਿ ਉਹ ਇਕ ਉੱਚ ਕੋਟੀ ਦੀ ਲੇਖਕਾ ਸੀ, ਬਲਕਿ ਇਸ ਲਈ ਕਿ ਉਸਦੇ ਪਤੀ ਨੇ ਇਕ ਚੋਖੀ ਰਕਮ ਦਾਨ ਵਲੋਂ ਦਿੱਤੀ ਸੀ, ਜਾਂ ਕਹਿ ਲਓ ਕਿ ਉਹ ਡਿਗਰੀ ਖਰੀਦਣ ਲਈ ਦਿੱਤੀ ਸੀ।

              

             ਚੰਗੇ ਲੇਖਕ ਲਿਖਦੇ ਹਨ, ਇਨਾਮ ਉਨ੍ਹਾਂ ਦੇ ਚੰਗੇ ਲੇਖਕ ਹੋਣ ਦੀ ਪ੍ਰਸ਼ੰਸਾ ਹੈ। ਕ੍ਰਿਸ਼ਨ ਭਗਵਾਨ ਨੇ ਭਗਵਤ ਗੀਤਾ ਵਿੱਚ ਕਿਹਾ ਸੀ, ''ਹੇ ਅਰਜਨ, ਤੂੰ ਕਰਮ ਕਰ, ਫਲ ਦੀ ਇੱਛਾ ਨਾ ਕਰ।" ਅੱਜ ਕੱਲ ਲੋਕਾਂ ਪਾਸ ਬਹੁਤ ਜ਼ਿਆਦਾ ਪੈਸਾ ਹੋ ਗਿਆ ਹੈ, ਖਾਸ ਕਰਕੇ ਹਿੰਦੁਸਤਾਨ ਵਿੱਚ। ਪੈਸੇ ਦੀ ਪਹੁੰਚ ਨਾਲ ਉਹ ਆਪਣੀਆਂ ਲਿਖਤਾਂ ਠੀਕ ਟਿਕਾਣੇ ਤੇ ਪਹੁੰਚਾ ਸਕਦੇ ਹਨ। ਮੈ ਕਈਆਂ ਤੋਂ ਸੁਣਿਆ ਹੈ ਕਿ ਉਨ੍ਹਾਂ ਦੀਆਂ ਸਧਾਰਨ ਲਿਖੀਆਂ ਹੋਈਆਂ ਕਿਤਾਬਾਂ ਯੂਨੀਵਰਸਿਟੀਆਂ ਦੇ ਕੋਰਸਾਂ ਵਿੱਚ ਲੱਗੀਆਂ ਹੋਈਆਂ ਹਨ। ਹਾਂ ਚੰਗਾ ਸਾਹਿਤ ਜ਼ਰੂਰ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਪ੍ਰਸ਼ੰਸਾ ਅਤੇ ਸਨਮਾਨ ਦਾ ਹੱਕਦਾਰ ਹੋਣਾ ਅਤਿ ਜ਼ਰੂਰੀ ਹੈ। ਹਿੰਦੁਸਤਾਨ ਵਿੱਚ ਪੈਸੇ ਦੇ ਬਲ ਨਾਲ ਜੋ ਮਰਜ਼ੀ ਕਰਵਾ ਲਓ, ਪਰ ਦਲੀਪ ਕੌਰ ਟਿਵਾਣਾ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਨੂੰ ਲੱਭਣਾ ਬਹੁਤ ਮੁਸ਼ਕਿਲ ਹੈ। ਇਹੋ ਜਿਹੇ ਨਾਮੀ ਲੇਖਕ ਸਿਰਫ਼ ਆਪਣੀ ਹੀ ਮਿਹਨਤ ਅਤੇ ਤਨ ਮਨ ਨਾਲ ਕੀਤੇ ਕੰਮਾਂ ਲਈ ਸਦੀਆਂ ਤੱਕ ਜਾਣੇ ਜਾਣਗੇ।

              

            ਰਿਸ਼ਵਤ ਅਤੇ ਚਾਪਲੂਸੀ ਤਾਂ ਲੋਕਾਂ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਇਕ ਦਿਨ ਮੇਰਾ ਭਤੀਜਾ ਕਹਿਣ ਲੱਗਾ, ''ਭੂਆ ਜੀ, ਹਿੰਦੁਸਤਾਨ ਵਿੱਚ ਪੈਸੇ ਨਾਲ ਜੋ ਚਾਹੋ ਕਰਵਾ ਸਕਦੇ ਹੋ।" ਉਹ ਠੀਕ ਕਹਿੰਦਾ ਸੀ। ਇਸੇ ਕਰਕੇ ਤਾਂ ਪਰਵਾਸੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਆਪਣੇ ਹੀ ਰਿਸ਼ਤੇਦਾਰ ਸਾਂਭੀ ਬੈਠੇ ਹਨ। ਜੇ ਕੋਈ ਹਿੰਦੁਸਤਾਨ ਜਾ ਕੇ ਪੁੱਛੇ ਤਾਂ ਅੱਗਿਓਂ ਜਾਂ ਤਾਂ ਬੰਦਾ ਗਾਇਬ ਹੋ ਜਾਂਦਾ ਹੈ ਜਾਂ ਉਸਦੀ ਲਾਸ਼ ਮਿਲਦੀ ਹੈ। ਜਿਨ੍ਹਾਂ ਲੇਖਕਾਂ ਨੂੰ ਪੁਰਸਕਾਰ ਰਿਸ਼ਵਤ ਜਾਂ ਚਾਪਲੂਸੀ ਜਾਂ ਰਿਸ਼ਤੇਦਾਰੀ ਨਾਲ ਮਿਲੇ ਹੋਣ, ਉਹ ਉੱਚ ਕੋਟੀ ਦੇ ਲਿਖਾਰੀਆਂ ਵਿੱਚੋਂ ਕਦੀ ਵੀ ਨਹੀਂ ਜਾਣੇ ਜਾ ਸਕਣਗੇ।

              

             ਪਰਵਾਸੀ ਲੇਖਕ ਤਾਂ ਹਿੰਦੁਸਤਾਨ ਵਿੱਚ ਕਿਸੇ ਗਿਣਤੀ ਵਿੱਚ ਘੱਟ ਹੀ ਆਉਂਦੇ ਹਨ। ਇਨ੍ਹਾਂ ਵਿਚਾਰਿਆਂ ਦੀ ਤਾਂ ਪ੍ਰਕਾਸ਼ਕ ਹੀ ਬਥੇਰੀ ਛਿੱਲ ਲਾਹ ਲੈਂਦੇ ਹਨ, ਪੁਰਸਕਾਰਾਂ ਦਾ ਤਾਂ ਕਹਿਣਾ ਹੀ ਕੀ ਹੈ। ਕਿੰਨੇ ਕੁ ਲੋਕ ਹਨ ਜੋ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਨਹੀਂ ਜਾਣਦੇ। ਕੀ ਭਾਈ ਵੀਰ ਸਿੰਘ ਜੀ ਆਪਣੀਆਂ ਕਵਿਤਾਵਾਂ ਰਾਹੀਂ ਜਾਣੇ ਜਾਂਦੇ ਹਨ ਜਾਂ ਪੁਰਸਕਾਰਾਂ ਕਰਕੇ? ਕਹਿੰਦੇ ਹਨ ਕਿ ਭਾਈ ਸਾਹਿਬ ਕਦੀ ਪੁਰਸਕਾਰ ਲੈਣ ਹੀ ਨਹੀਂ ਸੀ ਜਾਂਦੇ। ਬਚਪਨ ਵਿੱਚ ਮੇਰੀ ਮਾਂ ਭਾਈ ਵੀਰ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਇਹ ਸਤਰਾਂ ਅਕਸਰ ਸਾਨੂੰ ਸੁਣਾਉਂਦੀ ਹੁੰਦੀ ਸੀ:

              

                          ਸੁਪਨੇ ਦੇ ਵਿੱਚ ਤੁਸੀਂ ਮਿਲੇ ਅਸਾਨੂੰ

                          ਅਸਾਂ ਧਾ ਗਲਵਕੜੀ ਪਾਈ।

                          ਨਿਰਾ ਨੂਰ ਤੁਸੀਂ ਹੱਥ ਨਾ ਆਏ

                          ਸਾਡੀ ਕੰਬਦੀ ਰਹੀ ਕਲਾਈ।

              

             ਕੀ ਭਾਈ ਵੀਰ ਸਿੰਘ ਜੀ ਦੀਆਂ ਇਹ ਸਤਰਾਂ ਕਿਸੇ ਪੁਰਸਕਾਰ ਦੀਆਂ ਮੁਥਾਜ ਹਨ? ਲੇਖਕ ਚੰਗੀ ਰਚਨਾ ਪੈਦਾ ਕਰਨ। ਪੁਰਸਕਾਰ ਦੇਣ ਵਾਲਿਆਂ ਦੇ ਮਗਰ ਭੱਜਣ ਦਾ ਕੋਈ ਫ਼ਾਇਦਾ ਨਹੀਂ। ਪੁਰਸਕਾਰ ਵਿੱਚ ਮਿਲੀ ਦੌਲਤ ਅਤੇ ਸ਼ੁਹਰਤ ਕੁਝ ਹੀ ਦਿਨਾਂ ਦੀ ਮਹਿਮਾਨ ਹੁੰਦੀ ਹੈ ਪਰ ਚੰਗੀ ਲਿਖਤ ਲੇਖਕ ਨੂੰ ਅਮਰ ਕਰ ਦਿੰਦੀ ਹੈ। ਸ਼ੈਕਸਪੀਅਰ ਨੂੰ ਕੌਣ ਨਹੀਂ ਜਾਣਦਾ? ਉਸਦੀ ਲਿਖੀ ਹੋਈ ਇਕ ਇਕ ਰਚਨਾ ਦੁਨੀਆਂ ਅੱਜ ਤੱਕ ਜਾਣਦੀ ਹੈ। ਕਿੰਨੀ ਸਚਾਈ ਹੈ ਹੇਠ ਲਿਖੀਆਂ ਸਤਰਾਂ ਵਿੱਚ!

             

                          The quality of mercy is not strained.

                          It dropeth from Heaven as gentle rain.

                                             (Merchant of Venice)

              

             ਇਕ ਲੇਖਕ ਨੇ ਕੋਈ 25-30 ਕਿਤਾਬਾਂ ਲਿਖੀਆਂ ਹਨ। ਮੈਨੂੰ ਥੋੜ੍ਹੀ ਉਸ ਨਾਲ ਈਰਖਾ ਜਿਹੀ ਹੋਣ ਲੱਗੀ। ਮੈ ਕਿਸੇ ਹੋਰ ਲੇਖਕ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ, ''ਦੇਖ ਬੀਬੀ, ਉਸਨੇ 25-30 ਕਿਤਾਬਾਂ ਲਿਖੀਆਂ ਹੋਣ ਜਾਂ ਸੌ ਲਿਖੀ ਹੋਵੇ, ਉਸਨੂੰ ਹਿੰਦੁਸਤਾਨ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ। ਪਰ ਤੇਰੀ ਇਕ ਲਿਖੀ ਹੋਈ ਕਿਤਾਬ ਦੀ ਜਗ੍ਹਾ ਜਗ੍ਹਾ ਚਰਚਾ ਹੋ ਰਹੀ ਹੈ।" ਉਸ ਲੇਖਕ ਦਾ ਮੈਨੂੰ ਇੰਜ ਕਹਿਣਾ ਹੀ ਮੇਰੇ ਲਈ ਇਕ ਬਹੁਤ ਵੱਡਾ ਸਨਮਾਨ ਅਤੇ ਪੁਰਸਕਾਰ ਸੀ।

              

            ਚਾਪਲੂਸੀ, ਰਿਸ਼ਤੇਦਾਰੀ ਜਾਂ ਰਿਸ਼ਵਤ ਨਾਲ ਲਏ ਹੋਏ ਪੁਰਸਕਾਰ ਕਿਸੇ ਕੰਮ ਦੇ ਨਹੀਂ, ਉਹ ਸਿਰਫ਼ ਲੋਕਾਂ ਵਿੱਚ ਦੋ ਚਾਰ ਦਿਨ ਦੀ ਵਾਹ ਵਾਹ ਤੋਂ ਬਿਨ੍ਹਾਂ ਹੋਰ ਕੁਝ ਨਹੀਂ।

             

             ਮੈਨੂੰ ਇਕ ਲਤੀਫ਼ਾ ਯਾਦ ਆ ਗਿਆ ਹੈ। ਇਕ ਪ੍ਰਕਾਸ਼ਕ ਆਪਣੀਆਂ ਕਿਤਾਬਾਂ ਦੀ ਨੁਮਾਇਸ਼ ਇਕ ਸਾਹਿਤਕ ਮੇਲੇ ਵਿੱਚ ਲਗਾਈ ਬੈਠਾ ਸੀ। ਇਕ ਲੇਖਕ ਜੋ ਕਿ ਇਕ ਵੱਡੇ ਸਿਆਸਤਦਾਨ ਦਾ ਜਵਾਈ ਸੀ, ਅਤੇ ਆਪਣੀਆਂ ਲਿਖਤਾਂ ਤੇ ਰਿਸ਼ਤੇਦਾਰੀ ਕਰਕੇ ਕੁਝ ਪੁਰਸਕਾਰ ਵੀ ਹਾਸਲ ਕਰ ਚੁੱਕਿਆ ਸੀ, ਉਹ ਵੀ ਮੇਲੇ ਵਿੱਚ ਪਹੁੰਚਿਆ। ਆਪਣੇ ਪ੍ਰਕਾਸ਼ਕ ਨੂੰ ਮੇਲੇ ਵਿੱਚ ਦੇਖ ਕੇ ਉਹ ਜਲਦੀ ਜਲਦੀ ਉਸਦੀ ਨੁਮਾਇਸ਼ ਵਾਲੀਆਂ ਮੇਜ਼ਾਂ ਕੋਲ ਪਹੁੰਚ ਕੇ ਕੀ ਦੇਖਦਾ ਹੈ ਕਿ ਮੇਜ਼ਾਂ ਉੱਤੇ ਸਿਰਫ਼ ਉਸਦੀਆਂ ਹੀ ਕਿਤਾਬਾਂ ਰੱਖੀਆਂ ਹੋਈਆਂ ਸਨ। ਉਸਨੇ ਖੁਸ਼ੀ ਖੁਸ਼ੀ ਪ੍ਰਕਾਸ਼ਕ ਕੋਲੋਂ ਪੁਛਿਆ,

''ਦੇਖਿਆ ਪ੍ਰਕਾਸ਼ਕ ਸਾਹਿਬ, ਮੇਰੀਆਂ ਕਿਤਾਬਾਂ ਦੀ ਕਿੰਨੀ ਮੰਗ ਹੈ ਕਿ ਹੋਰ ਕਿਸੇ ਲੇਖਕ ਦੀ ਇੱਥੇ ਕਿਤਾਬ ਹੀ ਨਹੀਂ।"

ਅੱਗੋਂ ਪ੍ਰਕਾਸ਼ਕ ਕਹਿਣ ਲੱਗਾ, ''ਨਹੀਂ ਲੇਖਕ ਸਾਹਿਬ, ਅਸਲ ਵਿੱਚ ਬਾਕੀ ਲੇਖਕਾਂ ਦੀਆਂ ਕਿਤਾਬਾਂ ਧੜਾ ਧੜ ਵਿਕ ਗਈਆਂ ਹਨ। ਸਿਰਫ਼ ਤੁਹਾਡੀਆਂ ਹੀ ਰਹਿ ਗਈਆਂ ਹਨ।"